ਤੇਰੇ ਨਾਲ ਤੁਰਦੇ ਹੀ ਤਾਂ ਮੈਂ ਆਪਣੀ ਜ਼ਿੰਦਗੀ ਦੇ ਪਹਿਲੇ ਪਾਠ ਸਿਖੇ ਸਨ । ਤੇਰੇ ਨਾਲ ਗੱਲ ਕਰਦੇ ਹੋਏ ਬਾਪੂ ਦੀ ਉੱਚੀ ਆਵਾਜ਼ ਚ ਮੈਂ ਆਪਣੇ ਸਭ ਤੋਂ ਬੁਰੇ ਸੁਪਣੇ ਦੇਖੇ ਸਨ । ਵਿਆਹ ਤੋ ਬਾਅਦ ਤੇਰੀ ਪੜ੍ਹਾਈ ਜਾਂ ਨੌਕਰੀ ਛੁੱਟ ਜਾਣ ਦਾ ਕਿੱਸਾ ਮੈਂ ਮੂੰਹ ਜਬਾਨੀ ਯਾਦ ਕੀਤਾ ਹੈ । ਘਰ ਪਰਿਵਾਰ ਅੰਦਰ ਤੇਰੇ ਨਾਲ ਹੁੰਦੀ ਹਿੰਸਾ ਨੂੰ ਵੇਖ ਹੀ ਤਾਂ ਮੈਂ ਸਤਰਕ ਰਹਿਣਾ ਸਿੱਖਿਆ ਹੈ । ਜਦੋਂ ਸਾਰਾ ਦਿਨ ਕਮਰ ਤੋੜ ਮਿਹਨਤ ਕਰਕੇ ਤੂੰ ਕਹਿੰਦੀ ਸੀ “ਮੈਂ ਕੰਮ ਨਹੀਂ ਕਰਦੀ, ਬਸ ਘਰੇ ਹੀ ਰਹਿੰਦੀ ਹਾਂ,” ਮੈਂ ਵਾਰ –ਵਾਰ ਆਪਣੇ ਆਪ ਨੂੰ ਕਿਹਾ ਹੈ ਕਿ ਕਿਸੇ ਦੀ ਗੁਲਾਮੀ ਨਹੀਂ ਕਰੂਗੀਂ , ਕਦੇ ਚੁੱਪ-ਚਾਪ ਗ਼ਲਤ ਨਹੀਂ ਸਹਾਂਗੀ । ਤੇਰੇ ਜੀਵਨ ਤੇ ਸੰਘਰਸ਼ਾਂ ਦੀ ਨੀਂਹ ਤੇ ਮੈਂ ਖੜ੍ਹੀ ਹਾਂ ਮਾਂ, ਜਿੱਥੋਂ ਮੈਂ ਤਾਰਿਆਂ ਨੂੰ ਛੂਹਣ ਦੇ ਸੁਪਣੇ ਦੇਖਦੀ ਹਾਂ । ਕੀ ਤੂੰ ਵੀ ਮੇਰੇ ਉਮਰੇ ਇੰਝ ਹੀ ਕਰਿਆ ਕਰਦੀ ਸੀ ?ਪਰ ਅੱਜ ਉਹ ਮੈਨੂੰ ਕਹਿੰਦੇ ਹਨ ਕਿ ਇਹ ਮੇਰਾ ਲੜਕਪਣ ਹੈ ਕਿ ਮੈਂ ਤਾਰੇ ਛੂਹ ਸਕਦੀ ਹਾਂ । ਸ਼ਾਇਦ ਤੂੰ ਵੀ ਹਸਦੀ ਹੋਵੇ ਤੇ ਇਹੀ ਸੋਚਦੀ ਹੋਵੇ, ਪਰ ਕੀ ਤੈਨੂੰ ਸੱਚੀਓ ਇੰਝ ਲੱਗਦਾ ਹੈ ? ਮੈਂ ਹੁਣ ਬੱਚੀ ਨਹੀਂ । ਤੇਰੇ ਹੀ ਵਰਗੀ ਇੱਕ ਔਰਤ ਹਾਂ । ਸ਼ਾਇਦ ਦੁਨੀਆਂ ਤੇਰੇ ਨਾਲੋਂ ਘੱਟ ਦੇਖੀ ਤੇ ਸਮਝੀ ਹੈ, ਪਰ ਮਾਂ ਮੈਂ ਸਾਰੀ ਦੁਨੀਆਂ ਦੇਖਣਾ ਚਾਹੁੰਦੀ ਹਾਂ । ਅਫਸੋਸ, ਉਹ ਮੈਨੂੰ ਦੁਨੀਆਂ ਨਹੀਂ, ਦੁਨੀਆਂ ਚ ਮੇਰੀ ਥਾਂ ਦਿਖਾਉਂਦੇ ਨੇ ਤੇ ਕਹਿੰਦੇ ਨੇ, “ਆਪਣੀਆਂ ਹੱਦਾਂ ‘ਚ ਰਹਿ ।” ਹੋਸਟਲ ਦੀ ਖਿੜਕੀ ਤੋਂ ਬਾਹਰ ਮੈਂ ਦੁਨੀਆਂ ਨੂੰ ਗੁਜਰਦੇ ਦੇਖਦੀ ਹਾਂ । ਲਾਇਬ੍ਰੇਰੀ ਤੋਂ ਆਉਂਦੇ ਜਾਂਦੇ ਲੋਕ, ਕਦੇ ਕੋਈ ਨਾਟਕ, ਕਦੇ ਕਾਨਫਰੰਸ, ਕਦੇ ਨੌਕਰੀ-ਕੋਚਿੰਗ ਤੋਂ ਵਾਪਸ ਆਉਂਦੇ ਲੋਕ, ਦਰਅਸਲ ਲੋਕ ਨਹੀਂ, ਲੜਕੇ, ਮਰਦ । ਉਹ ਕਹਿੰਦੇ ਹਨ, ‘ਤਾਂ ਕੀ ਹੋਇਆ? ਉਹ ਮੁੰਡੇ ਨੇ, ਤੂੰ ਕੁੜੀ ਏ’ ‘ਇਹਨੀ ਰਾਤ ਨੂੰ ਬਾਹਰ ਗਈ ਜੇ ਕੁੱਝ ਹੋ ਗਿਆ ਤਾਂ ਕੋਣ ਜ਼ਿੰਮੇਵਾਰੀ ਲਵੇਗਾ’ ‘ਬਾਹਰ ਦੀ ਦੁਨੀਆਂ ਚ ਬਹੁਤ ਖ਼ਤਰਾ ਹੈ।’ ਇਹ ਸਭ ਕਹਿੰਦੇ ਹੋਏ ਉਹ ਚਾਹੁੰਦੇ ਨੇ ਕਿ ਜੋ ਕੁੱਝ ਮੈਂ ਆਪਣੇ ਸਕੂਲ-ਕਾਲਜ ਚ ਮਰਦ-ਔਰਤ ਬਰਾਬਰੀ ਬਾਰੇ ਪੜ੍ਹਿਆ ਹੈ, ਜੋ ਕੁੱਝ ਤੇਰੇ ਸੰਘਰਸ਼ਾਂ ਤੋਂ ਸਿੱਖਿਆ ਹੈ- ਸਭ ਭੁੱਲ ਜਾਂਵਾ । ਮੈਂ ਯੂਨੀਵਰਸਿਟੀ ਤਾਂ ਆ ਗਈ ਹਾਂ ਪਰ ਅਜੇ ਵੀ ਦੂਜੇ ਦਰਜੇ ਦੀ ਇਨਸਾਨ ਹਾਂ । ਖੇਡ ਦਾ ਮੈਦਾਨ ਹੋਵੇ ਜਾਂ ਲਾਇਬ੍ਰੇਰੀਮ ਉਹ ਮੈਨੂੰ ਕਹਿੰਦੇ ਨੇ, “ਧਿਆਨ ਨਾਲ ਰਹੀ , ਛੇਤੀ ਵਾਪਸ ਆਈ ।” ਮੇਰਾ ਸੂਰਜ ਜਲਦੀ ਛਿਪਦਾ ਹੈ, ਮੇਰੇ ਚ ਤਾਕਤ ਘੱਟ ਹੈ, ਮੈਂ ਕਦੇ ਸਮਝਦਾਰ ਨਹੀਂ ਹੋ ਸਕਦੀ, ਮੈਂ ਬਹੁਤ ਭੋਲੀ ਹਾਂ, ਮੈਨੂੰ ਸਹੀ ਗੱਲਾਂ ਦੀ ਪਛਾਣ ਨਹੀਂ, ਮੈਂ ਆਪਣੇ ਫੈਸਲੇ ਆਪ ਨਹੀਂ ਲੈ ਸਕਦੀ, ਮੈਂ ਆਪਣੇ ਰਸਤਿਆਂ ਤੇ ਇਕੱਲੀ ਨਹੀਂ ਤੁਰ ਸਕਦੀ – ਇਹ ਸਭ ਉਹ ਮੈਨੂੰ ‘ਸਮਝਾਉਂਦੇ’ ਹਨ । ਜਦੋਂ ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ,ਉਹ ਕਹਿੰਦੇ ਨੇ “ਤੇਰੇ ਬਾਹਰ ਜਾਣ ਨਾਲ ਤੇਰੀ ਮਾਂ ਨੂੰ ਚਿੰਤਾ ਹੋਵੇਗੀ ।” ਪਰ ਮਾਂ ਤੂੰ ਤਾਂ ਮੇਰੇ ਤੋਂ ਬਿਹਤਰ ਜਾਣਦੀ ਹੈ, ਚਾਰ ਦੀਵਾਰੀ ਦੇ ਅੰਦਰ ਹੋਣ ਵਾਲੀ ਹਿੰਸਾ ਨੂੰ, ਫਿਰ ਕੀ ਮੇਰੀ ਬੇਵਸੀ ਦੇਖ ਕੇ ਤੈਨੂੰ ਚਿੰਤਾ ਨਹੀਂ ਹੋਵੇਗੀ । ਜਦੋਂ ਮੈਂ ਉਨ੍ਹਾਂ ਨਾਲ ਬਹਿਸ ਕਰਦੀ ਹਾਂ, ਉਹ ਕਹਿੰਦੇ ਨੇ ਕਿ ਤੇਰੇ ਮਾਂ-ਬਾਪ ਨੂੰ ਦੱਸ ਦੇਵਾਂਗੇ ਤੇ ਤੇਰੇ ਦੁੱਖ ਤੇ ਡਾਂਟ ਬਾਰੇ ਸੋਚਕੇ ਮੈਂ ਚੁੱਪ ਹੋ ਜਾਂਦੀ ਹਾਂ । ਪਰ ਮਾਂ, ਤੂੰ ਤਾਂ ਮੇਰੀ ਪ੍ਰੇਰਨਾ ਸੀ, ਫਿਰ ਅੱਜ ਉਨ੍ਹਾਂ ਦੇ ਮੂੰਹ ਤੇ ਮੇਰੇ ਲਈ ਧਮਕੀ ਕਿਵੇਂ ਬਣ ਗਈ?ਤਦ ਮਾਂ ਜਦੋਂ ਇੱਕ ਪਾਸੇ ਮੈਨੂੰ ਤੇਰੇ ਸੰਘਰਸ਼ਾਂ ਤੋਂ ਹੌਸਲਾ ਮਿਲਦਾ ਹੈ ਤਾਂ ਦੂਜੇ ਪਾਸੇ ਤੇਰੀ ਚੁੱਪ ਕਾਰਨ ਮੇਰੇ ਪੈਰ ਜਕੜੇ ਜਾਂਦੇ ਹਨ ਤੇ ਸਾਰੇ ਪਿਆਰ ਦੇ ਬਾਵਜੂਦ ਮੈਨੂੰ ਤੇਰੇ ਤੋਂ ਸ਼ਿਕਾਇਤ ਹੁੰਦੀ ਹੈ । ਕੁੱਝ ਬਣ ਕੇ ਦਿਖਾਉਣ ਦੀਆਂ ਗੱਲਾਂ ਹੇਠਾਂ ਮੈਂ ਦੱਬਿਆ ਮਹਿਸੂਸ ਕਰਦੀ ਹਾਂ । ਮਾਂ ਕੀ ਮੁੰਡੇ-ਕੁੜੀਆਂ ਚ ਸੱਚ-ਮੁੱਚ ਹੀ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ? ਜਿਸ ਵਿੱਚ ਕੁੜੀਆਂ ਹਿੱਸੇ ਜ਼ਮੀਨ ਤੇ ਮੁੰਡਿਆਂ ਹਿੱਸੇ ਅਨੰਤ ਅਸਮਾਨ ਹੁੰਦਾ ਹੈ । ਮੈਂ ਤੇਰੇ ਨਾਲ ਅਤੇ ਆਪਣੇ ਨਾਲ ਵਾਅਦਾ ਕੀਤਾ ਸੀ ਕਿ ਇਹ ਗੱਲ ਕਦੇ ਨਹੀਂ ਮੰਨਾਗੀ ਪਰ ਅੱਜ ਉਹ ਮੈਨੂੰ ਮਨਵਾਉਣ ਤੇ ਉੱਤਰ ਆਏ ਹਨ । ਦਸ, ਮੈਂ ਕੀ ਕਰਾ? ਉਹਨਾਂ ਦੀ ਗੱਲ ਮੰਨਣ ਦਾ ਮਤਲਬ ਹੈ ਕਿ ਕੱਲ੍ਹ ਵਿਆਹ ਤੋਂ ਬਾਅਦ ਮੈਂ ਵੀ ਪੜ੍ਹਾਈ ਛੱਡ ਦੇਵਾ, ਨੌਕਰੀ ਨਾ ਕਰਾ; ਕਿ ਜੋ ਸੰਘਰਸ਼ ਤੂੰ ਮੇਰੇ ਲਈ ਲੜੇ ਸੀ, ਸਭ ਨੂੰ ਬੇਕਾਰ ਕਰ ਦੇਵਾ। ਜੇਕਰ ਕੱਲ ਮੇਰੀ ਬੇਟੀ ਮੈਨੂੰ ਪੁੱਛੇ ਕਿ “ਮਾਂ, ਸੱਚੀ ਆਦਮੀ ਤੇ ਔਰਤ ਵਿੱਚ ਜ਼ਮੀਨ –ਅਸਮਾਨ ਦਾ ਫ਼ਰਕ ਹੈ?” ਤਾਂ ਮੈਂ ਕੁੱਝ ਨਾ ਕਹਿ ਸਕਾ। ਮਾਂ, ਮੈਂ ਤੈਨੂੰ ਪਿੰਜਰਿਆਂ ‘ਚ ਫੜ ਫੜਾਉਂਦੇ ਦੇਖਿਆ ਹੈ ਤੇ ਮੈਂ ਵੀ ਅੱਜ ਉਸੇ ਤਰ੍ਹਾਂ ਦੇ ਪਿੰਜਰਿਆਂ ‘ਚ ਕੈਦ ਹਾਂ । ਸ਼ਾਇਦ ਮੇਰਾ ਪਿੰਜਰਾ ਤੇਰੇ ਪਿੰਜਰੇ ਨਾਲੋ ਥੋੜਾ ਵੱਡਾ ਹੈ ਪਰ ਸੁਪਨੇ ਤਾਂ ਤੂੰ ਵੀ ਖੁੱਲ੍ਹੇ ਅਸਮਾਨ ਦੇ ਦੇਖੇ ਸੀ, ਪਿੰਜਰਿਆਂ ਦੇ ਨਹੀਂ । ਮੈਂ ਵੀ ਖੁਲ੍ਹੇ ਅਸਮਾਨ ਦੇ ਸੁਪਨੇ ਦੇਖਦੀ ਹਾਂ ਅਤੇ ਇਨ੍ਹਾਂ ਨੂੰ ਸਾਕਾਰ ਕਰਨਾ ਚਾਹੁੰਦੀ ਹਾਂ । ਉਮੀਦ ਕਰਦੀ ਹਾਂ ਕਿ ਅਸੀਂ ਦੋਵੇਂ ਨਾਲ ਉਡਾਂਗੇ, ਸਾਰੇ ਪਿੰਜਰਿਆਂ ਦੇ ਪਾਰ! ਮਾਂ, ਤੂੰ ਮੇਰੇ ਨਾਲ ਤੁਰੇਂਗੀ ਨਾ?ਤੇਰੇ ਤੋਂ ਹਿੰਮਤ ਤੇ ਸਿੱਖਿਆ ਲੈਂਦੀ,
ਬਹੁਤ ਸਾਰੇ ਪਿਆਰ ਦੇ ਨਾਲ,
ਤੇਰੀ ਧੀ ।