ਨਸ਼ੇ ਦੇ ਖਿਲਾਫ਼ ਇੱਕ ਉਮੀਦ - ਗੋਬਿੰਦਰ ਸਿੰਘ ਢੀਂਡਸਾ
Posted on:- 10-10-2018
ਕੁਦਰਤੀ ਨਸ਼ਿਆਂ ਤੋਂ ਹੁੰਦੇ ਹੋਏ ਪੰਜਾਬੀ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੀ ਲਪੇਟ ਵਿੱਚ ਅਜਿਹੇ ਆਏ ਕਿ ਘਰ ਘਰ ਸੱਥਰ ਵਿਛਣ ਲੱਗ ਪਏ। ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨਾਲ ਅਜਿਹਾ ਕੱਫਣ ਦਾ ਸੌਦਾ ਮਾਰਿਆ ਕਿ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।
ਸਵੱਸਥ ਸਮਾਜ ਵਿੱਚ ਨਸ਼ੇ ਤੋਂ ਨਫ਼ਤਰ ਕਰਨੀ ਚਾਹੀਦੀ ਹੈ ਨਾ ਕਿ ਨਸ਼ੇੜੀ ਤੋਂ। ਕਿਸੇ ਵੀ ਕਾਰਨ ਕਰਕੇ ਨਸ਼ੇ ਦੀ ਚਪੇਟ ਚ ਆਏ ਪੀੜਤਾਂ ਨੂੰ ਨਸ਼ਾ ਛੱਡਣ ਵਿੱਚ ਸਵੈ ਇੱਛਾ ਦੇ ਨਾਲ ਨਾਲ ਪਰਿਵਾਰ ਅਤੇ ਸਮਾਜ ਦੀ ਪ੍ਰੇਰਨਾ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ, ਸਾਰਥਕ ਨਤੀਜਿਆਂ ਲਈ ਸੁਖਾਲਾ ਵਾਤਾਵਰਣ ਸਿਰਜਣਾ ਚਾਹੀਦਾ ਹੈ ਨਾ ਕਿ ਨਸ਼ੇ ਦੇ ਆਦੀਆਂ ਨਾਲ ਦੁਰਵਿਵਹਾਰ ਜਾਂ ਉਹਨਾਂ ਦਾ ਬਹਿਸ਼ਕਾਰ ਕਰਨਾ ਇਸਦਾ ਹੱਲ ਹੈ।
ਨਸ਼ੇ ਦੀ ਸਮੱਸਿਆ ਨੇ ਜਿੱਥੇ ਸੂਬੇ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਹਨ ਉੱਥੇ ਹੀ ਪੰਜਾਬ ਨੂੰ ਪੂਰੇ ਦੇਸ਼ ਭਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਰਮਿੰਦਾ ਕੀਤਾ ਹੈ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਹੰਭਲਾ ਮਾਰਿਆ ਹੈ ਅਤੇ ਨਸ਼ੇ ਦੇ ਖਿਲਾਫ਼ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਤਹਿਤ ਆਮ ਲੋਕਾਂ ਦੀ ਪਹੁੰਚ ਵਿੱਚ ਵੱਖੋ ਵੱਖਰੇ ਪੱਧਰ ਤੇ ਨਸ਼ੇ ਦੇ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਮੁਫ਼ਤ ਦਵਾਈ ਦੇਣ ਲਈ ਸੂਬੇ ਭਰ ਵਿੱਚ ਤਕਰੀਬਨ 145 ਓਟ ਭਾਵ ਆਊਟਪੇਸੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ (OOAT) ਸੈਂਟਰ ਖੋਲ੍ਹੇ ਗਏ ਹਨ। ਇਹਨਾਂ ਸੈਂਟਰਾਂ ਵਿੱਚ ਨਸ਼ੇ ਲੈਣ ਦੇ ਆਦੀ ਜਾਂ ਪੀੜਤ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਮੁਫ਼ਤ ਦਵਾਈ ਲੈ ਸਕਦੇ ਹਨ। ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਹਨਾਂ ਨੂੰ ਪੁਲਿਸ ਆਦਿ ਤਰਫ਼ੋਂ ਕਿਸੇ ਵੀ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਇਹਨਾਂ ਸੈਂਟਰਾਂ ਵਿੱਚ ਦਿੱਤੀ ਜਾਣ ਵਾਲੀ ਦਵਾਈ ਜਾਂ ਗੋਲੀ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਗੋਲੀ ਲੈਣ ਤੋਂ ਬਾਅਦ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ਾ ਲੈਣ ਦੀ ਹਾਲਤ ਵਿੱਚ ਸੰਬੰਧਤ ਨਸ਼ੇ ਦਾ ਪੀੜਤ ਤੇ ਕੋਈ ਅਸਰ ਨਹੀਂ ਹੁੰਦਾ। ਇਸ ਗੋਲੀ ਦਾ ਅਸਰ ਨਿਰਧਾਰਿਤ ਸਮੇਂ ਤੱਕ ਹੀ ਰਹਿੰਦਾ ਹੈ ਸੋ ਗੋਲੀ ਡਾਕਟਰ ਦੀ ਦੇਖ ਰੇਖ ਹੇਠ ਇਲਾਜ ਪੂਰਾ ਹੋਣ ਤੱਕ ਰੌਜ਼ਾਨਾ ਓਟ ਸੈਂਟਰ ਵਿੱਚ ਆ ਕੇ ਖਾਣੀ ਪੈਂਦੀ ਹੈ। ਡਾਕਟਰ ਪੀੜਤ ਦੇ ਨਸ਼ੇ ਦੀ ਕਿਸਮ ਅਤੇ ਨਸ਼ਾ ਲੈਣ ਦੀ ਮਿਕਦਾਰ ਆਦਿ ਨੂੰ ਵੇਖਦੇ ਹੋਏ ਪੀੜਤ ਨੂੰ ਗੋਲੀ ਦੀ ਮਿਕਦਾਰ (ਡੋਜ਼) ਅਤੇ ਇਲਾਜ ਲਈ ਅਗਲੇਰੀ ਕਾਰਵਾਈ ਨਿਰਧਾਰਿਤ ਕਰਦਾ ਹੈ।
ਸੂਬੇ ਭਰ ਵਿੱਚ ਸਰਕਾਰੀ ਪੱਧਰ ਤੇ ਤਕਰੀਬਨ 32 ਨਸ਼ਾ ਛੁਡਾਉ ਕੇਂਦਰ ਅਤੇ 22 ਮੁੜ ਵਸੇਵਾ ਕੇਂਦਰ ਵੀ ਕਾਰਜਸ਼ੀਲ ਹਨ ਜਿੱਥੇ ਨਸ਼ੇ ਦੇ ਪੀੜਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਵਸੂਲੀ ਜਾਂਦੀ, ਉਹਨਾਂ ਨੂੰ ਸੰਬੰਧਤ ਕੇਂਦਰਾਂ ਵਿੱਚੋਂ ਮਿਲਣ ਵਾਲੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਕੋਈ ਅੱਤਕੱਥਨੀ ਨਹੀਂ ਕਿ ਇਹ ਸਮਾਜ ਦੀ ਮੁੱਖ ਧਾਰਾ ਤੋਂ ਥਿੜਕੇ ਨਸ਼ੇ ਦੇ ਆਦੀ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਸਾਰਥਕ ਉਪਰਾਲਾ ਹੈ ਅਤੇ ਇਸ ਦਾ ਪੀੜਤਾਂ ਅਤੇ ਸੰਬੰਧਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਨਸ਼ੇ ਦੇ ਗ੍ਰਹਿਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦੀ ਅਤੇ ਖੁਸ਼ਹਾਲੀ ਨਾਲ ਮਾਣ ਸਕਣ।