ਰੂਸੀ ਗਾਂਵਾਂ ਦੇਸੀ ਢੱਠੇ –ਹਰਪਾਲ ਸਿੰਘ
Posted on:- 14-12-2012
ਕੋਈ ਅੱਧੀ ਕੁ ਸਦੀ ਪਹਿਲਾਂ ਬਾਹਰੋਂ ਤੁਰ ਫਿਰ ਕੇ ਗਏ ਕੁਝ 'ਸਾਥੀਆਂ' ਨੇ ਲੋਕਾਂ ਦੀ ਆਰਥਿਕਤਾ ਨੂੰ ਉੱਪਰ ਚੁੱਕਣ ਲਈ 'ਰੂਸੀ ਨਸਲ ਦੀਆਂ ਵਿਦੇਸ਼ੀ ਗਾਂਵਾਂ' ਪੰਜਾਬ ਵਿੱਚ ਆਯਾਤ (Import) ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹਨਾਂ ਗਾਂਵਾਂ ਦੀਆਂ 'ਪੂਛਾਂ' ਲਾਲ ਅਤੇ ਜਮਾਂਦਰੂ ‘ਵਿੰਗੀਆਂ’ ਸਨ। ਅੱਜ ਤੱਕ ਲੋਕਾਂ ਦੇ ਲੱਖ ਯਤਨ ਕਰਨ ‘ਤੇ ਵੀ ਇਹ ‘ਪੂਛਾਂ’ ਕਦੇ ਸਿੱਧੀਆਂ ਨਹੀਂ ਹੋਈਆਂ। ਪਹਿਲੀ ਵਾਰੀ ਲਾਲ ਰੰਗ ਦੀਆਂ ਪੂਛਾਂ ਵੇਖ ਕੇ ਪੰਜਾਬੀਆਂ ਨੂੰ ਬਹੁਤ ਹੈਰਾਨਗੀ ਹੋਈ ਕਿਉਂਕਿ ਉਹਨਾਂ ਦੇ ਡੰਗਰ ਤਾਂ ਦੂਰੋਂ ਹੀ ਲਾਲ ਰੰਗ ਵੇਖਕੇ ਛੜ ਚੁੱਕ ਜਾਂਦੇ ਸਨ। ‘ਸਾਥੀਆਂ’ ਨੇ ਲੋਕਾਂ ਨੂੰ ਸਮਝਾਇਆ ਕਿ ਵੇਖੋ ਭਾਈ ਇਹ ਰੰਗ ਬਹੁਤ ਹੀ ਪਵਿੱਤਰ ਹੈ, ਇਸਦਾ ਜਿਕਰ ਗੁਰਬਾਣੀ ਵਿੱਚ ਵੀ ਆਉਂਦਾ ਹੈ -"ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ", ਇਹ ‘ਗਾਂਵਾਂ’ ਤਾਂ ਵੱਡੇ ਭਾਗਾਂ ਨਾਲ ਮਿਲਦੀਆਂ ਹਨ।
ਇਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਇਹ ‘ਰੂਸੀ ਗਾਂਵਾਂ’ ਬਹੁਤ ਜ਼ਿਆਦਾ ‘ਦੁੱਧ’ ਦੇਣਗੀਆਂ ਜਿਸ ਨਾਲ ਲਹਿਰਾਂ ਬਹਿਰਾਂ ਹੋ ਜਾਣਗੀਆਂ ਅਤੇ ਇਹਨਾਂ ਤੋਂ ਇੱਕ ਬਹੁਤ ਹੀ ਵਲ਼ੀ ਕਿਸਮ ਦੀ ‘ਅਮਰ ਕੌਤਕੀ ਵੈੜ੍ਹ’ ਵੀ ਪੈਦਾ ਹੋਵੇਗੀ, ਜਿਹੜੀ ਸਾਰੀ ਆਰਥਿਕਤਾ ਦਾ ਭਾਰ ਆਪਣੇ ਸਿੰਗਾਂ ‘ਤੇ ਚੱਕ ਲਵੇਗੀ ਜਿਵੇਂ ਰੂਸ ਵਿੱਚ ‘ਪੈਦਾ’ ਹੋਈ, ਇੱਕ ਇਹੋ ਜਿਹੀ ‘ਵੈੜ੍ਹ’, ਸਾਰਾ ਭਾਰ ਆਪਣੇ ਸਿੰਗਾਂ ‘ਤੇ ਚੱਕੀ ਖੜ੍ਹੀ ਹੈ। ਪੰਜਾਬ ਦੇ ਲੋਕ ਆਪਣੇ ਸੁਭਾਅ ਮੁਤਾਬਕ ਇਹੋ ਜਿਹੀਆਂ ਗੱਲਾਂ 'ਤੇ ਹੱਸ ਛੱਡਿਆ ਕਰਨ ਤੇ ਇਹਨਾਂ ‘ਤੇ ਕੋਈ ਇਤਬਾਰ ਨਾ ਕਰਿਆ ਕਰੇ। ਫਿਰ ਇਹਨਾਂ ਨੇ ਗੁਰਬਾਣੀ ਦੇ ਹਵਾਲੇ ਦੇ ਕੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਜੋ ਕੁਝ ਅਸੀ ਕਹਿ ਰਹੇ ਹਾਂ ਇਹ ਸਭ ਕੁਝ ਗੁਰਬਾਣੀ ਵਿੱਚ ਵੀ ਆਉਂਦਾ ਹੈ। ਬਾਣੀ ਵਿੱਚ ਜਿਸ 'ਕਾਮਧੇਨ ਗਊ' ਦਾ ਜਿਕਰ ਹੈ, ਉਹ ਇਹੋ 'ਕੌਤਕੀ ਵੈੜ੍ਹ' ਹੀ ਹੈ । ਜੇ ਧੌਲਾ ਬਲਦ ਸਾਰੀ ਧਰਤੀ ਦਾ ਭਾਰ ਚੁੱਕ ਸਕਦਾ ਹੈ ਤਾਂ ਇੱਕ 'ਵੈੜ੍ਹ' ਇੱਕ ਦੇਸ ਦਾ ਭਾਰ ਕਿਵੇਂ ਨਹੀਂ ਚੁੱਕ ਸਕਦੀ ? ਪੰਜਾਬੀਆਂ ਦੀ ਫ਼ਿਤਰਤ ਹੈ ਕਿ ਜਦੋਂ ਗੱਲ ਧਰਮ ਜਾਂ ਵਿਸ਼ਵਾਸ਼ ਦੀ ਆ ਜਾਵੇ ਤਾਂ ਬਾਕੀ ਸਭ ਗੱਲਾਂ ਪਿੱਛੇ ਛੱਡ ਦਿੰਦੇ ਹਨ। ਏਦਾਂ ਲੋਕਾਂ ਵਿੱਚ ਇਹਨਾਂ ਨੇ ਹੌਲ਼ੀ ਹੌਲ਼ੀ ਆਪਣਾ ਅਧਾਰ ਅਤੇ ਵਿਸ਼ਵਾਸ਼ ਬਣਾਉਣਾ ਸ਼ੁਰੂ ਕਰ ਦਿੱਤਾ। ਮੁੱਕਦੀ ਗੱਲ ਕਿ ਇਹਨਾਂ ਨੇ ਸੱਤਰਵਿਆਂ ਦੇ ਅੰਦਰ-ਬਾਹਰ ਵੱਡੀ ਗਿਣਤੀ ਵਿੱਚ ਇਹ ‘ਰੂਸੀ ਗਾਂਵਾਂ’ ਪੰਜਾਬ ਵਿੱਚ ਆਯਾਤ ਕਰਾ ਦਿੱਤੀਆਂ।
ਇਹਨਾਂ ਦੇ ‘ਵੱਡੇ ਵੱਡੇ ਹਵਾਨੇ’ ਅਤੇ ‘ਲੁੱਸ ਲੁੱਸ ਕਰਦੇ ਸਰੀਰ’ ਵੇਖਕੇ ਇੱਕ ਵਾਰ ਤਾਂ ਪੰਜਾਬੀਆਂ ਦੀਆਂ ਅੱਖਾਂ ਚੁੰਧਿਆ ਗਈਆਂ। ਪਰ ਜਦੋਂ ਉਹ ‘ਧਾਰਾਂ’ ਕੱਢਣ ਲੱਗੇ ਤਾਂ ਦੁੱਧ ਨਿਕਲਣ ਦੀ ਥਾਂ ਖਾਲੀ ਫੁੱਸ-ਫੁੱਸ ਹੋਈ ਜਾਵੇ, ‘ਦੁੱਧ’ ਘੱਟ ਤੇ ‘ਹਵਾ’ ਜਿਆਦਾ। ਇਹਨਾਂ ਦਾ 'ਪਤਲਾ ਜਿਹਾ ਬੇਸੁਆਦਾ ਦੁੱਧ' ਪੰਜਾਬੀਆਂ ਦੇ ਸੰਘੋਂ ਕਦੇ ਵੀ ਸਵਾਦ ਨਾਲ ਨਾ ਲੰਘਿਆ। ਉਹ ਤਾਂ ਹੁਣ ਤੱਕ ਜੇ ਕੋਈ ਉਹਨਾਂ ਦੇ ‘ਸ਼ੁੱਧ ਰਵਾੲਤੀ ਦੁੱਧ’ ਵਿੱਚ ਇਹਨਾਂ ਦਾ ਦੁੱਧ ਰਲ਼ਾ ਕੇ ਵੇਚ ਦੇਵੇ ਤਾਂ ਉਸ ਨਾਲ ਲੜ ਪੈਂਦੇ ਹਨ।
ਇਹ ਗਾਂਵਾਂ ‘ਸਰਦ ਰੁੱਤ’ ਵਿੱਚ ਆਯਾਤ ਹੋਈਆਂ ਸਨ, ਇਸ ਕਰਕੇ ਇਹ ਉਦੋਂ ਤਾਂ ਠੀਕ-ਠਾਕ ਰਹੀਆਂ ਪਰ ਜਦੋਂ ਦਿੱਲੀ ਵੱਲੋਂ ਜੇਠ- ਹਾੜ ਦੀਆਂ ‘ਤੱਤੀਆਂ ਵਾਵਾਂ’ ਵਗੀਆਂ ਤਾਂ ਇਹਨਾਂ ਜੀਭਾਂ ਬਾਹਰ ਨੂੰ ਕੱਢ ਲਈਆਂ। ਬਹੁਤੀਆਂ ਨੇ ‘ਭਾਦੋਂ’ ਦਾ ਇੱਕ ‘ਚਮਾਸਾ’ ਵੀ ਨਾ ਕੱਟਿਆ ਤੇ ਫੁੜਕ ਗਈਆਂ। ਬਾਕੀ ਰਹਿੰਦੀਆਂ ਨੇ ਹੌਲੀ ਹੌਲੀ ‘ਦੁੱਧ ਸਕਾਉਣਾ’ ਸ਼ੁਰੂ ਕਰ ਦਿੱਤਾ ਅਤੇ ਵੱਡੇ ਵੱਡੇ ‘ਹਵਾਨੇ’ ਦਿਨਾਂ ਵਿੱਚ ਹੀ ਸੁੱਕ ਕੇ ਅੋਹ ਗਏ। ਪੰਜਾਬ ਦੇ ਬਸ਼ਿੰਦੇ, ਜਿਹੜੇ ਸਦੀਆਂ ਤੋਂ ‘ਪੂਰਬ ਤੇ ਪੱਛਮ’ ਵੱਲੋਂ ਝੁੱਲਦੀਆਂ ‘ਤੱਤੀਆਂ ਵਾਵਾਂ’ ਅਤੇ ਸਖ਼ਤ ‘ਚਮਾਸਿਆਂ’ ਦੇ ਆਦੀ ਸਨ, ਨੇ ‘ਸਾਥੀਆਂ’ ਨੂੰ ਪੁੱਛਿਆ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਇਹਨਾਂ ਗਾਵਾਂ ਦੇ ਆਉਣ ਨਾਲ ਲਹਿਰਾਂ ਬਹਿਰਾਂ ਹੋ ਜਾਣਗੀਆਂ ਪਰ ਲਹਿਰਾਂ ਬਹਿਰਾਂ ਤੇ ਤਾਂ ਹੋਣਗੀਆਂ ਜੇ ਇਹ ਜੀਉਂਦੀਆਂ ਰਹੀਆਂ। ਇਹ ਤਾਂ ਮਾੜੀ ਜਿਹੀ ਗਰਮੀ ਨਾਲ ਹੀ ਜੀਭਾਂ ਬਾਹਰ ਨੂੰ ਕੱਢ ਲੈਂਦੀਆਂ ਹਨ। ਅਸੀਂ ਹੁਣ ਇਹਨਾਂ ਦਾ ਕੀ ਕਰੀਏ ? ਇਹਨਾਂ ਨੇ ਲੋਕਾਂ ਨੂੰ ਹੌਂਸਲਾ ਦਿੱਤਾ ਕਿ ਉਹ ਫ਼ਿਕਰ ਨਾ ਕਰਨ ,ਉਹ ਇਹਨਾਂ ‘ਗਾਵਾਂ’ ਨੂੰ ‘ਠੰਡੀਆਂ ਥਾਂਵਾਂ’ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਗੱਲਬਾਤ ਚਲਾਉਣਗੇ।
ਪਹਿਲਾਂ ਤਾਂ ਸਰਕਾਰ ਕੋਈ ਲੱਤ ਨਾ ਲਾਵੇ ਕਿ ਤੁਸੀਂ ‘ਅਮੀਰ ਭਾਰਤੀ ਸੰਸਕ੍ਰਿਤੀ’ ਦੇ ਹੁੰਦਿਆਂ ਇਥੇ ਇਹ ਵਿਦੇਸੀ ‘ਮਾਲ’ ਲਿਆਂਦਾ ਹੀ ਕਿਉਂ ? ਫਿਰ ‘ਸਾਥੀਆਂ’ ਨੇ ‘ਗਊ ਮਾਤਾ’ ਦੇ ਵਾਸਤੇ ਪਾ ਕੇ ਕਿਹਾ ਕਿ ਸਰਕਾਰ ਇਹ ਵੀ ਤਾਂ ‘ਗਊ ਜਾਈਆਂ’ ਹੀ ਹਨ। ਇਹਨਾਂ ਦਾ ਇਸ ਤਰਾਂ ਫੁੜਕ ਫੁੜਕ ਕੇ ਮਰਨਾ ਰਾਸ਼ਟਰ ਦੇ ਹਿੱਤਾਂ ਵਿੱਚ ਨਹੀਂ, ਇਸ ਨਾਲ ‘ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ’। ਦੇਸ ਵਿੱਚ ‘ਅਮਨ ਸਾਂਤੀ’ ਬਣਾਈ ਰੱਖਣ ਲਈ ਇਹਨਾਂ ਨੂੰ ਬਚਾ ਕੇ ਰੱਖਣਾ ਬਹੁਤ ਜਰੂਰੀ ਹੈ। ਵੈਸੇ ਵੀ ਹਿੰਦੂ ਸੰਸਕ੍ਰਿਤੀ ਵਿੱਚ ‘ਗਊ ਹੱਤਿਆ’ ਮਹਾਂ ਪਾਪ ਹੈ ਅਤੇ ਇਹ ਗਾਂਵਾਂ ਹੁਣ ਹਿੰਦੂ ਰਾਸ਼ਟਰ ਦਾ ਹੀ ਸਰਮਾਇਆ ਹਨ।
ਸਰਕਾਰ ਨੇ ਡੂੰਘੀ ਵਿਚਾਰ ਚਰਚਾ ਤੋਂ ਬਾਅਦ ਹੇਠ ਲਿਖੀਆਂ ਸ਼ਰਤਾਂ ਦੇ ਅਧਾਰ ‘ਤੇ ਇਹਨਾਂ ਗਾਂਵਾਂ ਲਈ ‘ਸਰਕਾਰੀ ਪੇੜੇ’ ਅਤੇ ‘ਠੰਡੀਆਂ ਥਾਂਵਾਂ’ ਮੁਹੱਈਆ ਕਰਵਾਉਣ ਦੀ ਸਹਿਮਤੀ ਦੇ ਦਿੱਤੀ:
੧. ਇਹਨਾਂ ਸਾਰੀਆਂ ਗਾਂਵਾਂ ਦੇ ‘ਸਿੰਗ’ ਦਾਗ਼ੇ ਜਾਣਗੇ ਤਾਂ ਕਿ ਅੱਗੇ ਤੋਂ ਇਹ ਕਿਸੇ ਨੂੰ ‘ਸਿੰਗ’ ਨਾ ਮਾਰ ਸਕਣ।
੨. ਸਭ ਨੂੰ ‘ਸਰਕਾਰੀ ਨੱਥ’ ਪਾਈ ਜਾਏਗੀ ਤਾਂ ਕਿ ਲੋੜ ਪੈਣ ‘ਤੇ ਖਿੱਚੀ ਜਾ ਸਕੇ।
੩. ਇਹਨਾਂ ਸਾਰੀਆਂ ਗਾਂਵਾਂ ਦੀ ‘ਨਸਬੰਦੀ’ ਕਰ ਦਿੱਤੀ ਜਾਵੇਗੀ ਤਾਂ ਕਿ ਜੋ ‘ਕੌਤਕੀ ਵੈੜ੍ਹ’ ਦੇ ਜੰਮਣ ਦਾ ਰੌਲ਼ਾ ਪਾਇਆ ਹੈ, ਇਸਦਾ ਪੱਕਾ ਫ਼ਸਤਾ ਵੱਢਿਆ ਜਾ ਸਕੇ।
੪. ਪੰਜਾਬ ਵਿੱਚ ‘ਤੱਤੀਆਂ ਵਾਵਾਂ’ ਦੀ ਰੁੱਤੇ, ਜਦੋਂ ਸਰਕਾਰ ਨੂੰ ਲੋੜ ਪਵੇ, ‘ਠੰਡੀਆਂ ਥਾਂਵਾਂ’ ‘ਤੇ ਬੈਠੀਆਂ ਇਹ ਗਾਂਵਾਂ ਆਪਣਾ ਸਾਰਾ ‘ਦੁੱਧ’, ‘ਸਰਕਾਰੀ ਸੇਵਾ’ ਵਿੱਚ ਭੁਗਤਾਉਣਗੀਆਂ ।
੫. ‘ਸਰਕਾਰੀ ਪੇੜੇ’ ‘ਤੇ ਲੱਗੀਆਂ ਇਹ ਗਾਂਵਾਂ , ‘ਰਾਮ ਗਊਆਂ’ ਦੀ ਪੂਰਨ ਸਰਪ੍ਰਸਤੀ ਹੇਠ,ਸਿਰ ਸੁੱਟਕੇ ਉਹਨਾਂ ਦੇ ਪਿੱਛੇ ਪਿੱਛੇ ਚੱਲਣਗੀਆਂ।
‘ਸਾਥੀਆਂ’ ਨੇ ਆਮ ਲੋਕਾਂ ਨੂੰ ਦੱਸੇ ਬਗੈਰ, ਸਰਕਾਰ ਦੀਆਂ ਇਹ ਸਾਰੀਆਂ ਸ਼ਰਤਾਂ ਅੰਦਰ ਖਾਤੇ ਮੰਨ ਲਈਆਂ। ਜਿਸ ਨਾਲ ਕੁਝ ਖਾਸ ਖਾਸ ਗਾਵਾਂ ਨੂੰ ‘ਠੰਡੀਆਂ ਥਾਂਵਾਂ’ ਨਸੀਬ ਹੋ ਗਈਆਂ ਪਰ ਸਾਰੀਆਂ ਗਾਵਾਂ ਨੂੰ ਠੰਡੀਆਂ ਥਾਂਵਾਂ ਉਪਲਭਤ ਕਰਵਾਉਣੀਆਂ ਪੰਜਾਬ ਦੀ ਆਰਥਿਕਤਾ ਦੇ ਵੱਸ ਦਾ ਰੋਗ ਨਹੀਂ ਸੀ। ਸੋ ਲੋਕਾਂ ਨੇ ਅਪਣੇ ਪੱਧਰ ‘ਤੇ ‘ਪੱਖੇ-ਪੁੱਖੇ’ ਲਾ ਕੇ ਇਹਨਾਂ ਨੂੰ ਜੀਉਂਦਿਆਂ ਰੱਖਿਆ ਕਿ ਚਲੋ ਕਦੇ-ਕਦਾਂਈ ‘ਦੋ ਚਾਰ ਧਾਰਾਂ’ ਦੇ ਦਿੰਦੀਆਂ ਹਨ ਜਿਸ ਨਾਲ ਕਈਆਂ ਦਾ ‘ਚਾਹ ਪਾਣੀ’ ਚਲਦਾ ਰਹਿੰਦਾ ਹੈ । ਪਰ ਇਹਨਾਂ ਕਦੇ ਵੀ ‘ਟੀਕਾ’ ਲਾਉਣ ਤੋਂ ਬਿਨਾ ਦੁੱਧ ਨਾ ਉਤਾਰਿਆਂ।
ਇਹਨਾਂ ਗਾਂਵਾਂ ਨੂੰ ਇੱਕ ਖਾਸ ‘ਹੁਨਰ’ ਹਾਸਲ ਹੈ ਕਿ ਇਹ ‘ਸਾਫ਼ ਸੁਥਰੇ ਕੱਪੜਿਆਂ’ ਵਾਲੇ ਬੰਦੇ ਨੂੰ ਝੱਟ ਪੂਛ ਮਾਰਕੇ ‘ਲਿਬੇੜ’ ਦਿੰਦੀਆਂਹਨ ਅਤੇ ਆਪਣੇ ਇਸ ‘ਗੁਰੀਲਾ ਹਮਲੇ’ ਦੀ ਕਾਮਯਾਬੀ ‘ਤੇ ਆਪਣਾ ਉੱਪਰਲਾ ਬੁੱਲ ਉਤਾਂਹ ਚੱਕ ਕੇ ਦੰਦੀਆਂ ਕੱਢਦੀਆਂ ਹਨ।
ਇਹਨਾਂ ਗਾਂਵਾਂ ਦਾ ਇੱਕ ਵੱਡਾ ਮਸਲਾ ਇਹ ਹੈ ਕਿ ਇਹ ਹਮੇਸ਼ਾਂ ‘ਬੋਲਦੀਆਂ’ ਹੀ ਰਹਿੰਦੀਆਂ ਹਨ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ‘ਖੇਵੇ’ ‘ਤੇ ਆਈਆਂ ਹਨ ਕਿ ਓਦਾਂ ਹੀ ਆਪਣੀ ਆਦਤ ਮੁਤਾਬਕ ‘ਬੋਲਦੀਆਂ’ ਹਨ। ਲੋਕ ਹਰ ਵਾਰ ਇਹਨਾਂ ਨੂੰ ‘ਨਵੇਂ ਦੁੱਧ’ ਕਰਾਉਣ ਲੈ ਜਾਂਦੇ ਹਨ ਪਰ ਇਹ ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਫਿਰ ‘ਬੋਲਣਾ’ ਸ਼ੁਰੂ ਕਰ ਦਿੰਦੀਆਂ ਹਨ। ਲੋਕ ਇਹਨਾਂ ਨੂੰ ‘ਨਵੇਂ ਦੁੱਧ’ ਕਰਾ ਕਰਾ ਕਿ ਥੱਕ ਗਏ ਹਨ ਪਰ ਇਹ ‘ਗੱਭਣ’ ਹੋਣ ਦਾ ਨਾਂ ਨਹੀਂ ਲੈਂਦੀਆਂ। ਕਈ ਵਾਰੀ ਤਾਂ ਇਹ ਏਨਾ ‘ਵਧੀਆ’ ‘ਬੋਲਦੀਆਂ’ ਹਨ ਕਿ ਸਿਆਣੇ ਸਿਆਣੇ ਬੰਦਿਆਂ ਨੂੰ ਵੀ ਭੁਲੇਖਾ ਲੱਗ ਜਾਂਦਾ ਹੈ ਕਿ ਇਸ ਵਾਰ ਇਹ ‘ਓਂ’ ਨਹੀਂ, ‘ਓਂਕਣੇ’ ‘ਬੋਲ’ ਰਹੀਆਂ ਹਨ ਪਰ ਇਹ ਹਰ ਵਾਰ ‘ਖਾਲੀ’ ਹੀ ਨਿਕਲ ਆਉਂਦੀਆਂ ਹਨ । ਲੋਕਾਂ ਨੇ ਆਪਣੇ ਤੌਰ ‘ਤੇ ਬਥੇਰੇ ‘ਔੜ ਪੌੜ’ ਕੀਤੇ ,ਕਈ ਕਿਸਮ ਦੇ ‘ਕਾਹਵੇ’, ‘ਧੂੜੇ’ ਛਕਾਏ ਪਰ ਕੋਈ ਅਸਰ ਨਾ ਹੋਇਆ। ਪੰਜਾਬ ਦੇ ਲੋਕਾਂ ਨੂੰ ਬਹੁਤ ਚਿਰ ਇਹ ਅਹਿਸਾਸ ਹੀ ਨਾ ਹੋਇਆ ਕਿ ਇਹ ਗਾਂਵਾਂ ਤਾਂ ਹੁਣ ‘ਫੰਡਰ’ ਹੋ ਚੁੱਕੀਆਂ ਹਨ ਕਿਉਂਕਿ ਉਹਨਾਂ ਨੇ ਗਾਂਵਾਂ ਦੀ ਐਹੋ ਜਿਹੀ ‘ਨਸਬੰਦੀ’ ਪਹਿਲਾਂ ਕਦੇ ਵੇਖੀ ਹੀ ਨਹੀਂ ਸੀ ।
ਫਿਰ ਮਸਲਾ ਪੈਦਾ ਹੋਇਆ ਕਿ ਇਹਨਾਂ ‘ਫੰਡਰ ਗਾਂਵਾਂ’ ਦਾ ਕੀ ਕੀਤਾ ਜਾਵੇ ? ‘ਗਊ ਸ਼ਲਾਵਾਂ’ ਵੱਲੋਂ ਵੀ ਇਹਨਾਂ ਨੂੰ ‘ਵਿਦੇਸ਼ੀ ਨਸਲ’ ਦੀਆਂ ਹੋਣ ਕਰਕੇ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਗਈ। ਵਿਦੇਸਾਂ ਵਿੱਚ ਤਾਂ ਇਹਨਾਂ ਫੰਡਰ ਗਾਂਵਾਂ ਦਾ ਮੀਟ ਬਣਾ ਕੇ ਵੇਚ ਲਿਆ ਜਾਂਦਾ ਸੀ ਪਰ ਦੇਸ ਪੰਜਾਬ, ਹਿੰਦੂਤਵ ਦੇ ਕਬਜੇ ਵਿੱਚ ਹੋਣ ਕਰਕੇ ‘ਗਊ ਹੱਤਿਆ’ ਦੀ ਆਗਿਆ ਨਹੀਂ ਦਿੰਦਾ । ਸੋ ਲੋਕਾਂ ਨੇ ਇਹਨਾਂ ਫੰਡਰ ਗਾਂਵਾਂ ਨੂੰ ਰਾਤ ਬਰਾਤੇ ‘ਗੱਡੀ ਚਾੜ੍ਹਨ’ ਦੀ ਸਕੀਮ ਬਣਾਈ ਜੋ ਬਜਰੰਗ ਦਲ ਤੇ ਆਰ ਐਸ ਐਸ ਦੇ ਭਗਤਾਂ ਨੇ ਵੇਲੇ ਸਿਰ ਪਤਾ ਲੱਗਣ ‘ਤੇ ਨਾਕਾਮ ਕਰ ਦਿੱਤੀ ਅਤੇ ਰੱਸੇ ਖੋਲ੍ਹਕੇ ਇਹਨਾਂ ਨੂੰ ‘ਭਾਰਤ ਮਾਤਾ’ ਦੇ ਹਵਾਲੇ ਕਰ ਦਿੱਤਾ। ਫਿਰ ਇਹ ਲੱਗੀਆਂ ਪੰਜਾਬ ਦੀਆਂ ‘ਹਰੀਆਂ ਭਰੀਆਂ ਫਸਲਾਂ’ ਨੂੰ ਉਜਾੜਨ, ਕਦੇ ‘ਇਸ ਖੇਤ’ ਕਦੇ ‘ਉਸ ਖੇਤ’। ਇਹ ਤੁਰੀਆਂ ਤੁਰੀਆਂ ਜਾਂਦੀਆਂ ਆਪਣੀਆਂ ‘ਬੂਥੀਆਂ’ ਨਾਲ ਚੰਗੇ ਭਲੇ ਲੱਗੇ ‘ਖਿਲਵਾੜਿਆਂ’ ਨੂੰ ਖਿਲ੍ਹਾਰ ਦਿੰਦੀਆਂ ਹਨ । ਇਸ ਕੰਮ ਦੀਆਂ ਇਹ ਖਾਸ ‘ਮਾਹਰ’ ਹਨ । ‘ਗਾਹ ਖਿਲਾਰ੍ਹਕੇ’ ਇਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਿਵੇਂ ਕੋਈ ‘ਮਹਾਨ ਕਾਰਜ’ ਕੀਤਾ ਹੋਵੇ। ਇਹਨਾਂ ਦੀਆਂ ਇਹੋ ਜਿਹੀਆਂ ਉਜਾੜੂ ਹਰਕਤਾਂ ਕਰਕੇ ‘ਖੇਤ ਦੇ ਮਾਲਕ’ ਇਹਨਾਂ ਨੂੰ ਡੰਡਾ ਵਾਹ ਕੇ ਅੱਗੇ ਹਿੱਕ ਦਿੰਦੇ ਹਨ ਅਤੇ ਫਿਰ ਇਹ ਕਿਸੇ ਹੋਰ ਦੀ ਫ਼ਸਲ ਨੂੰ ਮੂੰਹ ਮਾਰਨ ਲੱਗ ਜਾਂਦੀਆਂ। ਉਥੋਂ ਡੰਡੇ ਪੈਂਦੇ ਤਾਂ ਹੋਰ ਅੱਗੇ ਤੁਰ ਪੈਂਦੀਆਂ। ਇਸ ਤਰਾਂ ਪਿੰਡਾਂ ‘ਚੋਂ ਡੰਡੇ ਮਾਰਕੇ ਕੱਢੀਆਂ, ਇਹ ਕਦੇ ਕਦੇ ਸ਼ਹਿਰ ਵਿੱਚ ਦਾਖਲ ਹੋ ਕੇ ‘ਚੱਕਾ ਜਾਮ’ ਵੀ ਲਾ ਦਿੰਦੀਆਂ ਹਨ ਜਾਂ ਕਦੇ ਕਦੇ ਰੇਲ ਦੇ ਕੰਢੇ ‘ਮੂੰਹ ਮਾਰਦੀਆਂ ਮਾਰਦੀਆਂ’ ਰੇਲ ਵੀ ਰੋਕ ਦਿੰਦੀਆਂ ਹਨ। ਆਮ ਲੋਕ ਬਿਨਾਂ ਵਜ੍ਹਾ ਖੱਜਲ ਹੋਣ ਕਰਕੇ, ਇਹਨਾਂ ਤੋਂ ਖਾਸੇ ਦੁਖੀ ਹਨ।
‘ਖੇਤਾਂ ਦੇ ਵਾਰਸਾਂ’ ਦੇ ਸੁਚੇਤ ਹੋਣ ਕਾਰਨ ਇਹਨਾਂ ਦੇ ਮੂੰਹ ਮਾਰਨ ਨੂੰ ਹੁਣ ਕੋਈ ਥਾਂ ਨਹੀਂ ਬਚੀ ਇਸ ਲਈ ਬਹੁਤੀਆਂ ਨੇ ਸਰਕਾਰੀ ਥਾਂਵਾਂ ਨੂੰ ਉਜਾੜਨ ਵੱਲ ਮੂੰਹ ਕੀਤਾ ਹੈ। ਅੱਜਕੱਲ ਇਹਨਾਂ ਦੇ ਵੱਗਾਂ ਦੇ ਵੱਗ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ‘ਹਰੇ ਭਰੇ ਮੈਦਾਨਾਂ’ ਵਿੱਚ ਮੂੰਹ ਮਾਰਦੇ ਤੁਹਾਨੂੰ ਆਮ ਹੀ ਮਿਲ ਜਾਣਗੇ।
ਇਹਨਾਂ ਗਾਂਵਾਂ ਨੂੰ ਪੰਜਾਬ ਦੀ ‘ਫੁਲਵਾੜੀ’ ਵਿੱਚ ਖਿੜ੍ਹੇ ‘ਨਵੇਂ ਫੁੱਲਾਂ’ ਅਤੇ ਇਸ ਧਰਤੀ ‘ਤੇ ਆਈ ‘ਨਵੀਂ ਬਹਾਰ’ ਤੋਂ ਬਹੁਤ ‘ਅਲਰਜੀ’ ਹੈ। ਬਹੁਤੀ ਵਾਰੀ ਇਹਨਾਂ ਦੀ ਇਹ ‘ਅਲਰਜੀ’ ਵਿਗੜਕੇ ‘ਮੂੰਹ-ਖੁਰ’ ਦੀ ਬਿਮਾਰੀ ਵਿੱਚ ਬਦਲ ਜਾਂਦੀ ਹੈ। ਜਿਸਦਾ ਕੋਈ ਇਲਾਜ ਨਹੀਂ। ਇਸ ਨਾਲ ‘ਲੰਮੇ ਲੰਮੇ ਕੀੜੇ’ ਇਹਨਾਂ ਦੇ ਮੂੰਹ ਵਿੱਚੋਂ ਡਿੱਗਣ ਲੱਗਦੇ ਹਨ। ਐਸੀ ਹਾਲਤ ਵਿੱਚ ਇਹ ‘ਰਾਹਤ’ ਮਹਿਸੂਸ ਕਰਨ ਲਈ ਆਪਣੇ ‘ਖੁਰਾਂ’ ਨਾਲ ਬਹੁਤ ‘ਮਿੱਟੀ ਪੱਟਦੀਆਂ’ ਹਨ।
ਇਹਨਾਂ ਦੀਆਂ ਇਹੋ ਜਿਹੀਆਂ ‘ਖਸਲਤਾਂ’ ਕਰਕੇ ਅਮਰੀਕਾ ਵਰਗੇ ਦੇਸਾਂ ਨੇ ਇਹਨਾਂ ਦੇ ਦਾਖਲੇ ‘ਤੇ ਪੂਰਨ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕਈ ਵਾਰੀ ‘ਸਾਥੀ ਲੋਕ’ ਇਹਨਾਂ ਦੀਆਂ ‘ਲਾਲ ਪੂੰਛਾਂ’ ਕੱਟ ਕੇ ਸ਼ਨਾਖ਼ਤ ਲੁਕਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ`। ਆਪਣੇ ‘ਅਸਲੇ’ ਤੋਂ ਉੱਲਟ, ਅਮਰੀਕਾ ਪਹੁੰਚਕੇ ਇਹ ਗਾਂਵਾਂ ਬਹੁਤ ‘ਸੀਲ’ ਹੋ ਜਾਂਦੀਆਂ ਹਨ।
ਵਿਦੇਸ਼ੀ ਮੂਲ ਦੀਆਂ ਹੋਣ ਕਰਕੇ, ਵਿਦੇਸ਼ੀ ਤਰਜ ‘ਤੇ ਉਸਰੇ ਚੰਡੀਗੜ੍ਹ ਸ਼ਹਿਰ ਦਾ ਮਟਕਾ ਚੌਂਕ, ਇਹਨਾਂ ਦੀ ਮਨਭਾਉਂਦੀ ਜਗ੍ਹਾ ਹੈ। ਜਿੱਥੇ ਕਈ ਵਾਰੀ ਇਹ ਇਕੱਠੀਆਂ ਹੋ ਕੇ ‘ਜੁਗਾਲੀ’ ਕਰਦੀਆਂ ਕਰਦੀਆਂ, ਖਰਮਸਤੀ ‘ਚ ਆ ਕੇ, ਅਪਣੀਆਂ ‘ਲਾਲ ਪੂੰਛਾਂ’ ਉੱਪਰ ਚੁੱਕ ਕੇ ਬਹੁਤ ਖੌਰੂ ਪਾਉਣ ਲੱਗ ਜਾਂਦੀਆਂ ਹਨ। ਪੁਲਿਸ ਵੱਲੋਂ ਡੰਡਾ ਵਾਹੁਣ ‘ਤੇ ਇਹ ਆਪਣੀਆਂ ਪੂੰਛਾਂ ਚੱਡਿਆਂ ਵਿੱਚ ਲੈ ਕੇ ਭੱਜ ਪੈਂਦੀਆਂ ਹਨ। ‘ਸਿੰਗ ਦਾਗੇ’ ਹੋਣ ਕਰਕੇ ਇਹ ਹੁਣ ‘ਮਾਰੂਖੰਡੀਆਂ’ ਤੇ ਰਹੀਆਂ ਨਹੀਂ, ਇਸ ਲਈ ਸਿਰਫ਼ ‘ਸਰਾਪ’ ਹੀ ਦਿੰਦੀਆਂ ਪਿਛਾਂਹ ਮੁੜ ਪੈਂਦੀਆਂ ਹਨ, ਪੰਜਾਬ ਦੇ ਖੇਤਾਂ ਵਿੱਚ ਉੱਗੀਆਂ ‘ਹਰੀਆਂ ਭਰੀਆਂ ਫ਼ਸਲਾਂ’ ਨੂੰ ਉਜਾੜਨ ਲਈ, ਜਿੱਥੇ ਕਦੇ ਬਾਬੇ ਨਾਨਕ ਨੇ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਦਾ ਉਪਦੇਸ਼ ਦਿੰਦਿਆਂ ਹੱਥੀਂ ਹਲ਼ ਵਾਹਿਆ ਸੀ ਅਤੇ ਜਿਸ ਦੇ ਚੱਪੇ ਚੱਪੇ ਨੂੰ ਉਸਦੇ ਵਾਰਸਾਂ ਨੇ ਆਪਣੇ ਖੂਨ ਨਾਲ ਸਿੰਝਿਆ ਹੈ।
ਅੰਤਿਕਾ:
ਪਾਠਕ ਸੋਚਦੇ ਹੋਣਗੇ ਕਿ ‘ਅਮਰ ਕੌਤਕੀ ਵੈੜ੍ਹ’ ਦਾ ਕੀ ਬਣਿਆ ? ਪਾਠਕ ਜਨੋਂ ਇਸਦੀ ਵੀ ਬੜੀ ਰੌਚਕ ਕਹਾਣੀ ਹੈ । ਰੂਸ ਵਿੱਚ ਇਸ ‘ਵੈੜ੍ਹ’ ਨੇ ਸਿਰਫ਼ ਨੱਬੇ ਕੁ ਸਾਲ ਕੱਢੇ ਤੇ ‘ਬਹਿਕ’(ਬੈਠ) ਗਈ। ਦੁਨੀਆਂ ਭਰ ਦੇ ‘ਸਾਥੀ’ ਇਸਨੂੰ ਪੂੰਛੋਂ ਫੜ ਫੜ ਉਠਾਉਂਦੇ ਰਹੇ ਪਰ ਇਹ ਉੱਠ ਨਾ ਸਕੀ ਅਤੇ ਅੰਤ ਇੱਕ ਦਿਨ ਮਰ ਗਈ। ਪੰਜਾਬ ਦੇ ‘ਸਾਥੀਆਂ’ ਨੇ ਦੱਸਿਆ ਕਿ ਅਮਰੀਕਾ ਨੇ ਉਸਨੂੰ ਧੋਖੇ ਨਾਲ ‘ਜ਼ਹਿਰੀਲੇ ਕੁਚਲੇ’ ਦੇ ਦਿੱਤੇ ਸਨ ਜਿਸ ਕਾਰਨ ਉਸਦੀ ਮੌਤ ਹੋ ਗਈ। ਲੋਕਾਂ ਨੇ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਉਹ ਬੜੀ ‘ਵਲੀ’ ਹੈ ਫਿਰ ਉਸਨੇ ਉਹ ‘ਕੁਚਲੇ’ ਖਾਦੇ ਹੀ ਕਿਉਂ ਅਤੇ ਜੇ ਖਾ ਹੀ ਲਏ ਸਨ ਤਾਂ ਉਹਨਾਂ ਦਾ ਅਸਰ ਹੀ ਕਿਉਂ ਕਬੂਲਿਆ ? ਅਸਲ ਵਿੱਚ ਗੱਲ ਇਹ ਹੋਈ ਸੀ ਕਿ ਇਹ ਵੈੜ੍ਹ ਮੁਫ਼ਤ ਦਾ ‘ਸਰਕਾਰੀ ਚਾਰਾ’ ਖਾ ਖਾ ਕੇ ਏਨੀ ‘ਭੂਸਰ’ ਗਈ ਸੀ ਕਿ ਇਸਨੇ ਆਪਣੇ ਹੀ ਮੁਲਖ਼ ਦੇ 12 ਤੋਂ 20 ਮਿਲੀਅਨ ਲੋਕ, ‘ਸਿੰਗ’ ਮਾਰ ਮਾਰ ਕੇ, ਮਾਰ ਦਿੱਤੇ ਸਨ। ਸੋ ਏਨੇ ਪਾਪਾਂ ਦਾ ਭਾਰ ਨਾ ਸਹਾਰਦੀ ਹੋਈ, ਇਹ ਆਪ ਹੀ ਇੱਕ ਦਿਨ ‘ਬਹਿਕ’ ਗਈ ਤੇ ਚਲਦੀ ਬਣੀ। ਹੁਣ ਉਥੋਂ ਦੇ ਲੋਕ ਇਸਦਾ ਨਾਂ ਲੈਣਾ ਵੀ ‘ਅਪਸ਼ਗਨ’ ਸਮਝਦੇ ਹਨ। ਪਰ ਪੰਜਾਬ ਦੇ ‘ਸਾਥੀ’, ਇਹ ‘ਸੱਚ’ ਜਾਣਬੁੱਝ ਕੇ ਲੁਕਾਉਂਦੇ ਰਹੇ ਅਤੇ ‘ਸੁਪਨਮਈ ਅਵਸਥਾ’ ਵਿੱਚ ਅਜੇ ਤੱਕ ਇਸ ‘ਮਰੀ ਹੋਈ ਵੈੜ੍ਹ’ ਦੀ ਲਾਸ਼ ਆਪਣੇ ਮੋਢਿਆਂ ‘ਤੇ ਚੱਕੀ ਫਿਰਦੇ ਹਨ । ਭਾਵੇਂ ਇਹ ‘ਸਾਥੀ ਲੋਕ’ ਆਪਣੇ ਆਪ ਨੂੰ ‘ਅਗਾਂਹ ਵਧੂ’ ਸਮਝਕੇ, ਨਾਸਤਿਕ ਅਖਵਾਉਣ ਵਿੱਚ ਫਖ਼ਰ ਮਹਿਸੂਸ ਕਰਦੇ ਹਨ ਪਰ ਅੰਦਰੋਂ ਇਹ ਆਮ ਲੋਕਾਂ ਨਾਲੋਂ ਵੀ ਰੱਬ ਵਿੱਚ ਜਿਆਦਾ ਵਿਸ਼ਵਾਸ਼ ਰੱਖਦੇ ਹਨ। ਜਿਵੇਂ ਮੁਸਲਮਾਨਾਂ ਦਾ ਵਿਸ਼ਵਾਸ਼ ਹੈ ਕਿ ਰੋਜ਼-ਏ-ਕਿਆਮਤ ਨੂੰ ਸਾਰੇ ਮੁਰਦੇ ਕਬਰਾਂ ਵਿੱਚੋਂ ਉੱਠ ਖੜ੍ਹੇ ਹੋਣਗੇ ਇਵੇਂ ਹੀ ਇਹਨਾਂ ਦਾ ਵਿਸ਼ਵਾਸ਼ ਹੈ ਕਿ ‘ਕੌਤਕੀ ਵੈੜ੍ਹ’ ਨੂੰ ਜਨਮ ਦੇਣ ਵਾਲੀ ‘ਮਹਾਨ ਗਾਂ’(ਜਿਸਦੀ ਲਾਸ਼ ਇਹਨਾਂ ਨੇ ਮਾਸਕੋ ਵਿੱਚ ਸਾਂਭ ਕੇ ਰੱਖੀ ਹੈ)ਕਿਆਮਤ ਦੇ ਦਿਨ ਉੱਠ ਖੜ੍ਹੀ ਹੋਵੇਗੀ ਤੇ ਕਿਸੇ ‘ਅਗਲੀ ਦੁਨੀਆਂ’ ਵਿੱਚ ਮੁੜ ਕਿਸੇ ‘ਕੌਤਕੀ ਵੈੜ੍ਹ’ ਨੂੰ ਜਨਮ ਦੇਵੇਗੀ ਕਿਉਂਕਿ ਇਸ ਦੁਨੀਆਂ ਵਿੱਚ ਤਾਂ ਹੁਣ ਇਹਨਾਂ ਨੂੰ ਵੀ ਕੋਈ ਆਸ ਨਹੀਂ ਰਹੀ। ਅਮੀਨ !
dhanwant bath
khair laikh sachai de kafi kreb hai bawe k.......