ਗ਼ਜ਼ਲ -ਡਾ. ਨਿਸ਼ਾਨ ਸਿੰਘ ਰਾਠੌਰ
Posted on:- 24-07-2018
ਹਰ ਇਕ ਥਾਂ ਤੇ, ਕਬਜ਼ਾ ਹੋਇਆ ਗ਼ੈਰਾਂ ਦਾ
ਅਖ਼ਬਾਰਾਂ ਵਿਚ, ਜ਼ਿਕਰ ਰਹਿ ਗਿਆ ਵੈਰਾਂ ਦਾ।
ਬੰਦੇ ਵਿਚੋਂ ਬੰਦਾ, ਲੱਭਿਆਂ ਮਿਲਦਾ ਨਹੀਂ
ਧਰਤੀ ਉੱਤੇ ਵਿਛਿਆ, ਜਾਲ਼ ਹੈ ਸ਼ਹਿਰਾਂ ਦਾ।
ਜਜ਼ਬਾਤਾਂ ਦੀ, ਕੋਈ ਪੁੱਛ- ਪੜਤਾਲ ਨਹੀਂ
ਰੱਖਦੇ ਖ਼ਾਸ ਖ਼ਿਆਲ, ਗ਼ਜ਼ਲ ਦੀਆਂ ਬਹਿਰਾਂ ਦਾ।
ਪੁੱਤ ਅਸਾਡੇ ਮਰਦੇ, ਗੱਲ ਹੈ ਆਮ ਜਿਹੀ
ਤੇਰਾ ਨਜ਼ਲਾ, ਕੰਮ ਹੋ ਗਿਆ ਕਹਿਰਾਂ ਦਾ।
ਮੁੱਲਾਂ, ਪੰਡਤ, ਬਾਬੇ, ਲੱਗਦੈ ਜਾਗ ਪਏ !
ਰੂਪ ਬਦਲ ਕੇ ਰੱਖ 'ਤਾ, ਅੰਮ੍ਰਿਤ ਪਹਿਰਾਂ ਦਾ।
ਦਰਿਆਵਾਂ ਨੇ, ਧਰਤੀ ਨੂੰ ਮੱਲ ਮਾਰ ਲਿਆ
ਝੂਠਾ ਨਾਉਂ ਲੱਗਦੈ, ਉੱਠਦੀਆਂ ਲਹਿਰਾਂ ਦਾ।
ਸ਼ਹਿਦ ਵਰਗੀਆਂ, ਲਿੱਖਤਾਂ ਰੁਲ਼ੀਆਂ ਸੜਕਾਂ ਤੇ
ਮੁੱਲ ਰਹਿ ਗਿਆ 'ਸ਼ਾਨਾ', ਵਿੱਕਦੇ ਜ਼ਹਿਰਾਂ ਦਾ।
ਰਾਬਤਾ : +91 75892 33437