Thu, 21 November 2024
Your Visitor Number :-   7252701
SuhisaverSuhisaver Suhisaver

ਸ. ਇਕਬਾਲ ਸਿੰਘ, ਗਵਰਨਰ-ਪੁੱਡੂਚੇਰੀ ਨਾਲ ਖੁੱਲ੍ਹੀਆਂ ਗੱਲਾਂ-ਮੁਖਤਿਆਰ ਸਿੰਘ

Posted on:- 03-12-2012

ਉਸ ਦਿਨ ਸ਼ਾਮ ਦੇ ਚਾਰ ਵਜੇ ,ਪੁੱਡੂਚੇਰੀ ਦੇ ਲੈਫਟੀਨੈਂਟ ਗਵਰਨਰ ਸ. ਇਕਬਾਲ ਸਿੰਘ ਨੇ ਇਕੱਤੀਵੀਂ ਨੈਸ਼ਨਲ ਵੈਟਰਨਜ਼ ਅਥਲੈਟਿਕਸ ਚੈਂਪੀਅਨਜ਼ ਦਾ ਉਦਘਾਟਨ  ਕਰਨਾ ਸੀ। ਉਸ ਵੇਲੇ ਤਕ ਅਸੀਂ ਵਿਹਲੇ ਸੀ।ਅਸੀਂ ਕਮਰੇ ਵਿਚ ਆ ਕੇ ਸਲਾਹ ਕੀਤੀ ਕਿ ਕਿਉਂ ਨਾ ਗਵਰਨਰ ਸਾਹਿਬ ਨੂੰ ਹੀ ਮਿਲਿਆ ਜਾਵੇ। ਅਸੀਂ ਤਿਆਰ ਹੋ ਕੇ ਰਸਤੇ ‘ਚ ਨਾਸ਼ਤਾ ਕਰਕੇ ਗਵਰਨਰ ਸਾਹਿਬ ਨੂੰ ਮਿਲਣ ਲਈ ਟੈਂਪੂ ਕਰ ਲਏ। ਗੁਰਦੇਵ ਸਿੰਘ ਕਈ ਵਾਰ ਬਲੱਡ ਦਾਨ ਕਰ ਚੁੱਕਿਆ ਸੀ। ਉਸ ਨੂੰ ਬਲੱਡ ਬੈਂਕ ਵਲੋਂ ਸਰਟੀਫੀਕੇਟ ਮਿਲਿਆ ਹੋਇਆ ਸੀ। ਉਸ ਨੇ ਸ਼ੀਸ਼ੇ ਵਿੱਚ ਮੜ੍ਹਾ ਕੇ ਗਵਰਨਰ ਜੀ ਨੂੰ ਭੇਂਟ ਕਰਨ ਦੀ ਸਕੀਮ ਬਣਾਈ ਹੋਈ ਸੀ। ਉਹ ਖੰਨੇ ਤੋਂ ਸਾਂਭ ਕੇ ਐਡੀ ਦੂਰ ਲੈ ਕੇ ਆਇਆ ਸੀ। ਉਸ ਨੇ ਸਾਡੇ ਨਾਲ ਸਲਾਹ ਕੀਤੀ।ਅਸੀਂ ਵਿਚਾਰਿਆ ਕਿ ਇਸ ਸਰਟੀਫੀਕੇਟ ਵਿਚ ਗੁਰਦੇਵ ਸਿੰਘ ਦਾ ਨਾਂ ਤਾਂ ਹੈ ਨਹੀਂ,ਫਿਰ ਗਵਰਨਰ ਜੀ ਨੂੰ ਦੇਣ ਦੀ ਕੀ ਤੁਕ ਰਹਿ ਜਾਂਦੀ ਹੈ।ਉਹ ਮੰਨ ਗਿਆ।ਅਸੀਂ ਉਹ ਸਰਟੀਫੀਕੇਟ ਹੋਸਟਲ ਦੇ ਫਾਦਰ ਜੀ ਨੂੰ ਦੇ ਕੇ ਉਸ ਨਾਲ ਫੋਟੋਆਂ ਖਿਚਵਾ ਲਈਆਂ। 
                     

ਮੈਂ ਆਪਣੇ ਨਾਲ ਆਪਣੀ ਨਵੀਂ ਪੁਸਤਕ ‘ਕੜ੍ਹਦਾ ਦੁੱਧ’ ਲੈ ਗਿਆ ਸੀ। ਮੈਂ ਇਕ ਕਾਪੀ ਨਾਲ ਲੈ ਲਈ,ਪਰ ਕਿਸੇ ਨੂੰ ਦੱਸਿਆ ਨਹੀਂ ਸੀ।ਅਸੀਂ ਗਵਰਨਰ ਹਾਊਸ ਜਾ ਕੇ ਗੇਟ ਬੰਦ ਕਰੀ ਖੜੇ ਦੋ ਸਿਪਾਹੀਆਂ ਨੂੰ ਮਿਲਣ ਲਈ ਆਪਣੇ ਨਾਂ ਲਿਖ ਕੇ ਸਲਿਪ ਅੰਦਰ ਭੇਜ ਦਿੱਤੀ।ਕੁਝ ਚਿਰ ਬਾਅਦ ਸਾਨੂੰ ਸੱਤ ਜਾਣਿਆਂ ਨੂੰ ਅੰਦਰ ਬੁਲਾ ਕੇ ਉਡੀਕ ਕਮਰੇ ਵਿਚ ਬਿਠਾ ਦਿੱਤਾ।ਠੰਢਾ ਪਿਆਇਆ।ਕੁਝ ਚਿਰ ਉਡੀਕ ਕਰਨ ਲਈ ਕਿਹਾ ਗਿਆ, ਕਿਉਂਕਿ ਗਵਰਨਰ ਦਫਤਰ ਵਿਚ ਜ਼ਰੂਰੀ ਮੀਟਿੰਗ ਹੋ ਰਹੀ ਸੀ।ਅਸੀਂ ਆਰਾਮ ਨਾਲ ਠੰਢੇ ਕਮਰੇ ਵਿਚ ਬੈਠ ਗਏ। 
                     
ਗਰਦੇਵ ਸਿੰਘ ਮਿਲਣ ਲਈ ਕਾਹਲਾ ਸੀ।ਉਹ ਆਪਣੇ ਕਿਸੇ ਜਾਣਕਾਰ ਨੂੰ ਵਾਰ ਵਾਰ ਫੋਨ ਕਰ ਰਿਹਾ ਸੀ।ਜਿਸ ਨੇ ਗਵਰਨਰ ਦਫਤਰ ਵਿਚ ਫੋਨ ਕਰਕੇ ਮਿਲਾਉਣ ਲਈ ਕਹਿਣਾ ਸੀ,ਪਰ ਉਥੋਂ ਦੇ ਦਫਤਰ ਵਾਲਿਆਂ ਨੇ ਵਾਰੀ ਵਾਰੀ ਆ ਕੇ ਦੱਸਿਆ ਕਿ ਜ਼ਰੂਰੀ ਮੀਟਿੰਗ ਚਲ ਰਹੀ ਹੈ,ਬਾਅਦ ‘ਚ ਛੇਤੀ ਮਿਲਾ ਦੇਣਗੇ।ਅਸੀਂ ਨਿਕੀਆਂ ਨਿਕੀਆਂ ਗੱਲਾਂ ਕਰਦੇ ਉਡੀਕ ਕਰਦੇ ਰਹੇ।  

ਇਹ ਗਵਰਨਰ ਹਾਊਸ ਪਹਿਲੇ ਫਰੈਂਚ ਗਵਰਨਰ ਦਾ ਮਹਿਲ, “ਲੀ ਪੈਲਿਸ ਦਾ ਗਵਰਨਰ” ਅਜੇ ਵੀ ਰਾਜ ਨਿਵਾਸ ਪਾਰਕ ਦੇ ਲਾਗੇ ਹੈ।ਇਹ ਪੁਰਾਣੀ ਪਰ ਅਧੁਨਿਕ ਸਜਾਵਟ ਵਾਲੀ ਬਿਲਡਿੰਗ ਹਵਾਦਾਰ ਅਤੇ ਸਫਾਈ ਵਾਲੀ ਹੈ।ਸਾਡੇ ਕਮਰੇ ਦੇ ਨਾਲ ਲੱਗਦਾ ਕਮਰਾ ਗੈਸਟਾਂ ਦੇ ਆਰਾਮ ਕਰਨ ਲਈ ਬੈਡ ਵਾਲਾ ਹੈ।ਜਿਸ ਦੇ ਨਾਲ ਬਾਥਰੂਮ ਅਤੇ ਟੈਲੀਫੂਨ ਵਰਗੀਆਂ ਸਹੂਲਤਾਂ ਹਨ।ਬਾਹਰਲੀ ਗਰਮੀ ਤੋਂ ਅਸੀਂ ਆਰਾਮ ਮਹਿਸੂਸ ਕਰ ਰਹੇ ਸੀ।ਤਕਰੀਬਨ ਦੋ ਘੰਟੇ ਉਦੀਕ ਕਰਨ ਤੋਂ ਬਾਅਦ ਸਾਨੂੰ ਗਵਰਨਰ ਸਾਹਿਬ ਦਾ ਸੱਦਾ ਆ ਹੀ ਗਿਆ।   
                     
ਅਸੀਂ ਇਕ ਵੱਡੇ ਉਚੇ ਖੁੱਲੇ੍ਹ ਡੁੱਲੇ ਕਮਰੇ (ਹਾਲ)ਵਿਚ ਦਾਖਲ ਹੋਏ,ਤਾਂ ਮਹਿਸੂਸ ਹੋਇਆ ਜਿਵੇਂ ਵਹਿਸ਼ਤ ਵਿਚ ਆ ਗਏ ਹੋਈਏ।ਸ.ਇਕਬਾਲ ਸਿੰਘ ਜੀ ਨੇ ਖਿੜੇ ਮੱਥੇ ਮੁਸਕਰਾਉਂਦਿਆਂ ਕੁਰਸੀ ਤੋਂ ਖੜੇ ਹੋ ਕੇ ਕਿਹਾ, “ ਬੱਲੇ ਬੱਲੇ ,ਆਓ ਬਈ ਆਓ ।”  
                      
ਅਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਇਕੱਲੇ ਇਕੱਲੇ ਨੇ ਉਹਨਾਂ ਨਾਲ ਹੱਥ ਮਿਲਾਇਆ ਤੇ ਵੱਡੇ ਮੇਜ਼ ਦੁਆਲੇ ਕੁਰਸੀਆਂ ਉਤੇ ਬੈਠ ਗਏ।ਗਵਰਨਰ ਜੀ ਵੀ ਹੱਸਦੇ ਹੋਏ ਬੈਠ ਗਏ।ਉਸੇ ਵੇਲੇ ਪਾਣੀ ਆ ਗਿਆ ਤੇ ਚਾਹ ਦੇ ਨਾਲ ਨਮਕੀਨ ਅਤੇ ਤਾਮਿਲ ਬਿਸਕੁਟ ਆ ਗਏ।ਸ.ਇਕਬਾਲ ਸਿੰਘ ਜੀ ਨੇ ਇਕੱਲੇ ਇਕੱਲੇ ਵਾਰੇ ਜਾਣਕਾਰੀ ਲਈ ਕਿ ਪੰਜਾਬ ਵਿਚੋਂ ਕਿਥੋਂ ਕਿਥੋਂ ਅਸੀਂ ਆਏ ਹਾਂ।ਉਹ ਸੁਣ ਕੇ ਹੈਰਾਨ ਹੋਏ ਕਿ ਅਸੀਂ ਸੱਤ ਜਣੇ ਖੰਨੇ ਤੋਂ ਹੀ ਆਏ ਸੀ।ਸਾਡਾ ਉਡੀਕ ਕਰਨ ਦਾ ਸਾਰਾ ਥਕੇਵਾਂ ਲਹਿ ਗਿਆ। ਇਹੋ ਜਿਹਾ ਖੁੱਲ-ਦਿਲਾ ਇਨਸਾਨ ਤਾਂ ਕੋਈ ਉਚੇ ਅਹੁਦੇ ਵਾਲਾ ਨਹੀਂ ਸੀ ਵੇਖਿਆ। ਮੈਂ ਆਪਣੀ ਕਿਤਾਬ ਉਹਨਾਂ ਨੂੰ ਭੇਂਟ ਕਰਨ ਦੀ ਇਛਾ ਪ੍ਰਗਟਾਈ ਤਾਂ ਉਹ ਕੁਰਸੀ ਛੱਡਕੇ ਉਠ ਕੇ ਫੁਰਤੀ ਨਾਲ ਖੜੇ ਹੋ ਗਏ।ਮੈਂ ਵੀ ਕੋਲ ਚਲਾ ਗਿਆ। ਜਦੋਂ ਅਮਰਜੀਤ ਸਿੰਘ ਨੇ ਕੈਮਰਾ ਸਿਧਾ ਕੀਤਾ ਤਾਂ ਗਵਰਨਰ ਜੀ ਕਹਿੰਦੇ , “ਠਹਿਰੋ ਬਈ ਠਹਿਰੋ,ਜ਼ਰਾ ਪੱਗ ਪੁਗ ਸਿਧੀ ਕਰ ਲੈਣ ਦਿਓ।”ਨਾਲ ਹੀ ਉਹਨਾਂ ਨੇ ਛੇਤੀ ਛੇਤੀ ਤੇ ਵਾਰੀ ਵਾਰੀ ਪੱਗੜੀ ਦੇ ਦੋਵੇਂ ਪਾਸੇ ਦੀਆਂ ਕੰਨੀਆਂ ਫੜ ਕੇ ਅੱਖਾਂ ਕੋਲ ਨੂੰ ਖਿਚ ਲਈਆਂ ਤੇ ਸਿਧੇ ਹੋ ਕੇ ਖੜ ਗਏ।ਮੈਂ ਉਹਨਾਂ ਦੇ ਬਰਾਬਰ ਹੋ ਕੇ ਕਿਤਾਬ ਫੜਾਉਂਦਿਆਂ ਫੋਟੋ ਖਿਚਵਾ ਲਈ।  
                       
ਉਹ ਉਚੇ ਲੰਮੇ ਪੈਂਹਟ ਸਾਲੇ ਨੌਜੁਆਨ,ਚਿੱਟੀ ਅਚਕਨ ਤੇ ਚਿੱਟੀ ਹੀ ਪੱਗੜੀ ਨਾਲ ਫਬਦੇ ਸਨ।ਮੈਂ ਉਹਨਾਂ ਦੇ ਮੋਢੇ ਤਕ ਮਸਾਂ ਆਉਂਦਾ ਸੀ।ਫਿਰ ਅਸੀਂ ਸਾਰਿਆਂ ਨਾਲ ਫੋਟੋ ਖਿਚਵਾਉਣ ਲਈ ਖਾਹਿਸ਼ ਦੱਸੀ। ਉਹ ਝੱਟ ਮੇਜ ਕੁਰਸੀ ਤੋਂ ਉਠ ਕੇ ਖੁੱਲੀ ਥਾਂ ਆ ਕੇ ਖੜ੍ਹ ਗਏ, ‘ਲਓ ਬਈ ਏਥੇ ਠੀਕ ਐ।’ ਮੈਂ ਫਿਰ ਉਹਨਾਂ ਨੂੰ ਕਿਤਾਬ ਫੜਾਉਂਦਿਆਂ ਸਾਰਿਆਂ ਨਾਲ ਫੋਟੋ ਖਿਚਵਾਈ। ਦੋ ਤਿੰਨ ਫੋਟੋਆਂ ਖਿਚਣ ਤੋਂ ਬਾਅਦ,ਉਹ ਆਪਣੀ ਕੁਰਸੀ ਉਤੇ ਆ ਕੇ ਬੈਠ ਗਏ।ਅਸੀਂ ਮੇਜ ਦੁਆਲੇ ਵਾਲੀਆਂ ਕੁਰਸੀਆਂ ‘ਤੇ ਬੈਠ ਗਏ।ਮੇਰੀ ਕਿਤਾਬ ਉਹਨਾਂ ਨੇ ਸਾਹਮਣੇ ਰੱਖ ਲਈ ਤੇ ਬੋਲੇ, “ਬੱਲੇ ਬੱਲੇ ਕੜ੍ਹਦਾ ਦੁੱਧ।ਏਥੇ ਕਿਥੇ ਕੜ੍ਹਦਾ ਦੁੱਧ ਤੇ ਮੱਖਣ-ਮਲਾਈ ਐ ਹਾਹਾ ਹਾਹਾ ਹਾ ...।”    
                        
ਉਹਨਾਂ ਨੇ ਸਾਨੂੰ ਕੋਈ ਦੁੱਖ ਤਕਲੀਫ ਪੁੱਛੀ।ਹੋਰ ਕੋਈ ਕੰਮ,ਉਹਨਾਂ ਦੇ ਕਰਨ ਵਾਲਾ ਪਰ ਅਸੀਂ ਤਾਂ ਉਹਨਾਂ ਦੇ ਦਰਸ਼ਨ ਕਰਨ ਗਏ ਸੀ।ਉਹ ਬਹੁਤ ਖੁਸ਼ ਹੋਏ ਕਿ ਪੰਜਾਬ ਤੋਂ ਕੋਈ ਸਿਰਫ ਮਿਲਣ ਹੀ ਆਇਆ ਹੈ।ਉਹਨਾਂ ਨੇ ਦੱਸਿਆ ਕਿ ਏਥੇ ਹਰ ਬੱਚਾ ਪੜ੍ਹਦਾ ਹੈ।ਵਿਦਿਆ ਮੁਫਤ, ਖਾਣਾ ਮੁਫਤ ਤੇ ਕਿਤਾਬਾਂ ਅਤੇ ਸਾਈਕਲ ਹਰੇਕ ਬੱਚੇ ਨੂੰ ਦਿੱਤਾ ਹੋਇਆ ਹੈ।ਜੇਕਰ ਪਤਾ ਲੱਗ ਜਾਵੇ ਕਿ ਕਿਸੇ ਦੇ ਬੱਚੇ ਸਕੂਲ ਨਹੀਂ ਜਾ ਰਹੇ ਤਾਂ ਪੁਲੀਸ ਉਸ ਬੱਚੇ ਦੇ ਮਾਂ ਬਾਪ ਨੂੰ ਚੁੱਕ ਕੇ ਸਿਧਾ ਹੀ ਜੇਲ੍ਹ ਵਿਚ ਡੱਕ ਦਿੰਦੀ ਹੈ।
                        
ਇਸ ਗੱਲ ਦੀ ਪੁਸ਼ਟੀ ਤਾਂ ਸਾਨੂੰ ਉਥੇ ਰਹਿੰਦਿਆਂ ਹੀ ਵੇਖਣ ਵਿਚ ਹੋ ਗਈ ਸੀ ਕਿ ਕਿਸੇ ਵੀ ਢਾਬੇ,ਚਾਹ ਦੀਆਂ ਦੁਕਾਨਾਂ ਜਾਂ ਰੇਹੜੀਆਂ ,ਵੱਡੀਆਂ ਛੋਟੀਆਂ ਦੁਕਾਨਾਂ ‘ਤੇ ਕੋਈ ਵੀ ਬੱਚਾ 14 ਸਾਲ ਤੋਂ ਘੱਟ ਉਮਰ ਦਾ ਕੰਮ ਕਰਦਾ ਨਹੀਂ ਸੀ ਦਿਸਿਆ।ਦੁਕਾਨਾਂ ਤੇ ਢਾਬਿਆਂ ‘ਤੇ ਬੰਦੇ ਅਤੇ ਜਨਾਨੀਆਂ ਹੀ ਕੰਮ ਕਰਦੇ ਹਨ।ਇਸ ਦਾ ਮਤਲਬ ਬੱਚੇ,ਸਕੂਲ ਜਾਂ ਖੇਡਣ ਵਾਲੇ ਪਾਸੇ ਹਨ।ਗਵਰਨਰ ਜੀ ਨੇ ਦੱਸਿਆ ਕਿ ਪੁੱਡੂਚੇਰੀ ਵਿਚ ਹੀ ਨੌਂ ਮੈਡੀਕਲ ਕਾਲਜ ਅਤੇ ਪੰਦਰਾਂ ਇੰਜਨੀਆਰਿੰਗ ਕਾਲਜ ਹਨ।ਬਹੁਤ ਸਾਰੇ ਹਾਇਰ ਸਕੰਡਰੀ ਸਕੂਲ ਹਨ।   
(2)                         
ਸ. ਇਕਬਾਲ ਸਿੰਘ ਜੀ ਨੇ ਇਕ ਮਹੱਤਵਪੂਰਨ ਗੱਲ ਦੱਸੀ ਕਿ ਏਥੇ ਚੋਰੀ ਨਹੀਂ।ਜਿਥੇ ਕੋਈ ਚੀਜ਼ ਪਈ ਹੈ ਉਥੇ ਹੀ ਪਈ ਰਹੇਗੀ।ਉਹਨਾਂ ਨੇ ਦੱਸਿਆ ਕਿ ਤੁਹਾਡੇ ਵਾਂਗ ਹੀ ਇਕ ਜੋੜਾ ਪੰਜਾਬ ਤੋਂ ਮਿਲਣ ਆਇਆ ਸੀ।ਜਦੋਂ ਉਹ ਵਾਪਸ ਗਏ ਤਾਂ ਉਹਨਾਂ ਨੇ ਟੈਂਪੂ ਬਦਲ ਲਿਆ।ਕੁਝ ਘੰਟਿਆਂ ਬਾਅਦ ਉਹ ਵਾਪਸ ਗਵਰਨਰ ਹਾਊਸ ਆ ਗਏ ਕਿ ਉਹਨਾਂ ਦਾ ਬੈਗ ਏਥੇ ਕਿਤੇ ਰਹਿ ਗਿਆ ਹੈ ਪਰ ਗਵਰਨਰ ਹਾਊਸ ਵਿਚ ਉਹ ਬੈਗ ਛੱਡ ਕੇ ਗਏ ਹੀ ਨਹੀਂ ਸੀ।ਉਹਨਾਂ ਨੂੰ ਏਥੇ ਹੀ ਬਿਠਾਇਆ ਤੇ ਗਵਰਨਰ ਦਫਤਰ ਤੋਂ ਪੁਲੀਸ ਥਾਣੇ ਫੋਨ ਕੀਤਾ।ਥਾਣੇ ਵਾਲੇ ਝੱਟ ਉਹ ਬੈਗ ਲੈ ਕੇ ਆ ਗਏ।ਪੁਲੀਸ ਵਾਲਿਆਂ ਨੇ ਦੱਸਿਆ ਕਿ ਜਿਸ ਟੈਂਪੂ ਵਿਚ ਬੈਗ ਰਹਿ ਗਿਆ ਸੀ,ਉਸ ਨੇ ਪੰਜਾਬੀਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਤਾਂ ਗਵਰਨਰ ਹਾਊਸ ਵਿਚ ਬੈਠੇ ਸਨ।ਟੈਂਪੂ ਵਾਲੇ ਬਗੈਰ ਬੈਗ ਖੋਲ੍ਹੇ,ਥਾਣੇ ਪਹੁੰਚਾ ਦਿੱਤਾ ਸੀ।ਥਾਣੇ ਵਿਚ ਵੀ ਉਸੇ ਤਰ੍ਹਾਂ ਪਿਆ ਰਿਹਾ।ਜਦੋਂ ਬੈਗ ਵਾਪਸ ਆ ਗਿਆ ਤਾਂ ਉਸ ਨੂੰ ਖੋਲ੍ਹ ਕੇ ਵੇਖਿਆ,ਉਸ ਵਿਚ ਸਾਰਾ ਸਾਮਾਨ, ਸੋਨੇ ਦੇ ਗਹਿਣੇ ਅਤੇ ਹੋਰ ਕਪੜੇ ਸਹੀ ਸਲਾਮਤ ਸਨ।ਏਸ ਤਰ੍ਹਾਂ ਦੀ ਇਮਾਨਦਾਰੀ ਦੀ ਮਿਸਾਲ ਮਿਲਦੀ ਹੈ ਟੈਂਪੂ ਅਤੇ ਪੁਲੀਸ ਵਾਲਿਆਂ ਦੀ।  
                         
ਮੇਰਾ ਧਿਆਨ ਉਸੇ ਵੇਲੇ ਪੰਜਾਬ ‘ਚ ਆ ਗਿਆ ਕਿ ਏਥੇ ਏਸ ਤਰ੍ਹਾਂ ਬੈਗ ਲੱਭਣਾ ਹੀ ਨਹੀਂ ਸੀ।ਗਵਰਨਰ ਜੀ ਨੇ ਅਗੇ ਹੋਰ ਦੱਸਿਆ ਕਿ ੳੇੁਸ ਟੈਂਪੂ ਵਾਲੇ ਨੂੰ ਸਰਕਾਰ ਵਲੋਂ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਤਾਂ ਕਿ ਹੋਰਨਾਂ ਲਈ ਵੀ ਮਿਸਾਲ ਬਣਦੀ ਰਹੇ।  
                         
ਅਸੀਂ ਆਪ ਵੀ ਉਥੇ ਵੇਖਿਆ ਕਿ ਹਰ ਇਕ ਜਨਾਨੀ ਦੇ ਦੋ ਦੋ ਸੋਨੇ ਦੀਆਂ ਚੇਨੀਆਂ ਅਤੇ ਕੰਨਾਂ ‘ਚ ਟਾਪਸ ਆਮ ਹੀ ਪਾਏ ਹੋਏ ਨੇ।ਕੋਈ ਝਪਟ ਨਹੀਂ ਮਾਰਦਾ,ਚਾਹੇ ਦਿਨ ਹੈ ਜਾਂ ਰਾਤ।ਅਸੀਂ ਫਿਰ ਪੰਜਾਬ,ਹਰਿਆਣਾ,ਦਿੱਲੀ,ਯੂ.ਪੀ.ਬਿਹਾਰ ਵਰਗੇ ਸੂਬਿਆਂ ਨਾਲ ਮੁਕਾਬਲਾ ਕਰ ਰਹੇ ਸੀ।ਇਹਨਾਂ ਵਿਚ ਨਾ ਤਾਂ ਬਾਲ ਮਜਦੂਰੀ ਖਤਮ ਹੋਈ ਹੈ ਨਾ ਹੀ ਸਾਰੇ ਬੱਚੇ ਵਿਦਿਆ ਲਈ ਸਕੂਲ ਜਾਂਦੇ ਹਨ।ਚਾਹੇ ਕਾਨੂੰਨ ਵੀ ਬਣਿਆ ਹੋਇਆ ਹੈ।ਫਿਰ ਵੀ ਸਖਤੀ ਨਹੀਂ ਹੈ।
                         
ਪੁੱਡੂਚੇਰੀ ਵਿਚ ਤਾਂ ਝੁੱਗੀਆਂ-ਝੌਂਪੜੀਆਂ ਵਾਲੇ ਵੀ ਕਿਤੇ ਨਜ਼ਰ ਨਹੀਂ ਆਏ ਕਿਉਂਕਿ ਉਥੇ ਬਿਹਾਰ ,ਯੂ.ਪੀ. ਰਾਜਿਸਥਾਨ ਤੋਂ ਮਜਦੂਰ ਨਹੀਂ ਗਏ,ਜਿਵੇਂ ਪੰਜਾਬ,ਹਰਿਆਣਾ ਤੇ ਦਿੱਲੀ ਵਿਚ ਹਨ।ਇਸ ਦਾ ਕਾਰਨ ਏਧਰ ਪੰਜਾਬ ਵਰਗੇ ਸੂਬਿਆਂ ਵਿਚ ਹਿੰਦੀ ਬੋਲਣ ਨਾਲ ਕੰਮ  ਚਲ ਜਾਂਦਾ ਹੈ।ਪਰ ਤਾਮਿਲਨਾਡੂ ਤੇ ਪੁੱਡੂਚੇਰੀ ਵਿਚ ਆਮ ਲੋਕ ਹਿੰਦੀ ਨਹੀਂ ਸਮਝਦੇ ਅਤੇ ਏਧਰਲਿਆਂ ਨੂੰ ਤਾਮਿਲ ਸਮਝ ਨਹੀਂ ਆਉਂਦੀ।ਉਥੇ ਕੋਈ ਨੌਕਰੀ ਪੇਸ਼ੇ ਵਾਲਾ ਹੀ ਭਾਵੇਂ ਗਿਆ ਹੋਵੇ।ਹੋਰ ਕੋਈ ਟਾਵਾਂ ਟੱਲਾ ਹੀ ਗਿਆ ਹੋਵੇਗਾ।ਏਸੇ ਕਰਕੇ ਸਾਂਤ ਇਲਾਕਾ ਤੇ ਅੰਗਰੇਜਾਂ ਵਾਲੀ ਇਮਾਨਦਾਰੀ ਸਾਂਭੀ ਬੈਠੇ ਹਨ।ਉਹ ਲੋਕ ਸਮੁੰਦਰ ਦੀਆਂ ਲਹਿਰਾਂ ਤੋਂ ਵੀ ਡਰਦੇ ਨੇ।ਉਸ ਨੂੰ ਪੂਜਦੇ ਨੇ।ਧਰਤੀ ਨੂੰ ਮਾਂ ਅਤੇ ਪਾਣੀ ਨੂੰ ਦੇਵਤਾ ਮੰਨਦੇ ਹਨ ਜਿਵੇਂ ਬਾਬਾ ਨਾਨਕ ਜੀ ਨੇ ਵੀ ਬਾਣੀ ਉਚਾਰੀ ਹੈ।    
                         
ਸ.ਇਕਬਾਲ ਸਿੰਘ ਜੀ ਨੇ ਸਾਨੂੰ ਅਗੇ ਦੱਸਿਆ ਕਿ ਉਹ ਹਰ ਰੋਜ਼ ਚਾਲੀ ਮਿੰਟ ਸੈਰ ਕਰਦੇ ਹਨ ਅਤੇ ਫਿਰ ਏਨਾ ਕੁ ਚਿਰ ਹੀ ਯੋਗਾ ਕਰਦੇ ਹਨ।ਉਹਨਾਂ ਨੂੰ ਕੋਈ ਵੀ ਐਬ ਨਹੀਂ।ਬਿਲਕੁਲ ਹੀ ਵੈਸ਼ਨੂੰ ਹਨ।ਅਜੇ ਤਕ ਕੋਈ ਵੀ ਦਵਾਈ ਵਗੈਰਾ ਨਹੀਂ ਲੈਂਦੇ।ਇਸੇ ਕਾਰਨ ਉਹ ਚੁਸਤ ਅਤੇ ਦਰੁਸਤ ਹਨ।ਨੌਜੁਆਨਾ ਵਾਲਾ ਸਰੂ ਦੇ ਬੂਟੇ ਵਰਗਾ ਸਰੀਰ ਫਬਦਾ ਹੈ।ਜਦੋਂ ਵੀ ਉਹ ਅੰਮ੍ਰਿਤਸਰ ਆਉਂਦੇ ਹਨ ਤਾਂ ਹਰਿਮੰਦਰ ਸਾਹਿਬ ਜਰੂਰ ਜਾਂਦੇ ਨੇ।ਹੋਰ ਵੀ ਜਿਥੇ ਕਿਤੇ ਕੋਈ ਧਾਰਮਿਕ ਸਥਾਨ ਹੋਵੇ ਉਥੇ ਜਾ ਕੇ ਮਨ ਨੂੰ ਸਕੂਨ ਮਿਲਦਾ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਪੁੱਡੂਚੇਰੀ ਤੋਂ ਪੰਦਰਾਂ ਕਿਲੋਮੀਟਰ ਦੂਰ ਰੁਹਾਨੀਅਤ ਦਾ ਪਹੁ-ਫੁਟਾਲਾ ਔਰਵਿਲ ਮਾਤਰੀ ਮੰਦਰ ਦੇ ਅੰਦਰ ਜਾਣ ਲਈ ਸਮਾਂ ਲੈਣਾ ਪੈਂਦਾ ਹੈ ਪਰ ਉਹ ਕਹਿ ਦੇਣਗੇ ,ਤਾਂ ਉਸੇ ਵੇਲੇ ਇਜ਼ਾਜਤ ਮਿਲ ਜਾਵੇਗੀ।  
                        
ਸ.ਇਕਬਾਲ ਸਿੰਘ ਜੀ ਦੇ ਮਹਿਲ-ਨੁਮਾ ਦਫਤਰ ਵਿਚੋਂ ਨਿਕਲਣ ਲਈ ਜੀਅ ਨਹੀਂ ਸੀ ਕਰਦਾ।ਉਹਨਾਂ ਦੇ ਪਿਆਰ ਦਾ ਨਿਘ ਹੀ ਏਨਾ ਸੀ,ਕਿ ਉਹ ਹੱਸਦਿਆਂ ਹੀ ਖੁਲ੍ਹੀਆਂ ਗੱਲਾਂ ਕਰ ਰਹੇ ਸੀ,ਜਿਵੇਂ ਪਹਿਲਾਂ ਦੇ ਹੀ ਵਾਕਿਫ ਹੋਈਏ।ਉਹਨਾਂ ਨੂੰ ਮਿਲ ਕੇ ਸਾਨੂੰ ਚਾਅ ਚੜ ਗਿਆ ਸੀ।  
                        
ਉਹਨਾਂ ਨੇ ਸਾਡੇ ਉਠਦਿਆਂ ਦੱਸਿਆ ਕਿ ਪੁੱਡੂਚੇਰੀ ਸ਼ਹਿਰ ਦੀ ਹੱਦ ਅੰਦਰ ,ਕੋਈ ਵੀ ਵਿਆਕਤੀ ਖੁੱਲੇ ਆਮ ਦਾਰੂ ਨਹੀਂ ਪੀ ਸਕਦਾ।ਨਾ ਹੀ ਦਾਰੂ ਦੇ ਠੇਕੇ,ਢਾਬੇ ਅਤੇ ਇਸ ਦੇ ਬਾਹਰ ਪੀ ਸਕਦਾ ਹੈ।ਜੇ ਕੋਈ ਵਿਆਕਤੀ ਅਜੇਹਾ ਕਰਦਾ ਵੇਖਿਆ ਗਿਆ ਤਾਂ ਉਸ ਦਾਰੂ ਦੇ ਠੇਕੇ ਜਾਂ ਢਾਬੇ ਅਤੇ ਦੁਕਾਨਦਾਰ ਦਾ ਲਾਈਸੈਂਸ ਕੈਂਸਲ ਕਰਕੇ ਬੂਹੇ ਬੰਦ ਕਰ ਦਿੱਤੇ ਜਾਂਦੇ ਨੇ।ਇਸ ਨੂੰ ਕਹਿੰਦੇ ਨੇ ਕਾਨੂੰਨ ਦੀ ਸਖਤੀ,ਜਿਵੇਂ ਚੋਰ ਨੂੰ ਨਾ ਮਾਰੋ ,ਚੋਰ ਦੀ  ਮਾਂ ਨੂੰ ਮਾਰੋ।ਪੰਜਾਬ ਵਾਂਗ ਉਥੇ ਠੇਕਿਆਂ ਦੇ ਨਾਲ ਲੱਗਦੇ ਹਾਤੇ ਨਹੀਂ ਹਨ।ਪਰ ਮੰਨਜੂਰ-ਸ਼ੁਦਾ ਹਾਤੇ ਕਿਤੇ ਦੂਰ ਹਨ।  
                        
ਉਹਨਾਂ ਨੇ ਹੋਰ ਦੱਸਿਆ ਕਿ ਇਸ ਸ਼ਹਿਰ ਵਿਚ ਹਰੇਕ ਡਰਾਈਵਰ ਨੂੰ ਖਾਕੀ ਵਰਦੀ ਪਾ ਕੇ ਡਰਾਈਵਰੀ ਕਰਨੀ ਪੈਂਦੀ ਹੈ, ਚਾਹੇ ਉਹ ਟੈਂਪੂ ਜਾਂ ਬੱਸ ਦਾ ਡਰਾਈਵਰ ਹੋਵੇ ਚਾਹੇ ਕਿਸੇ ਹੋਰ ਦਾ।ਫਿਰ ਏਥੇ ਕੰਨ ਪਾੜਵੇਂ ਹਾਰਨ ਨਹੀਂ ਬੱਜਦੇ।ਨਾ ਹੀ ਕਿਸੇ ਨੇ ਆਪਣੇ ਟੈਂਪੂ ,ਕਾਰ , ਬੱਸ ,ਟਰੱਕ ਆਦਿ ਨੂੰ ਲੁਆਏ ਹੋਏ ਨੇ।ਟੈਂਪੂਆਂ ਦੇ ਬਾਹਰਲੇ ਸੱਜੇ ਪਾਸੇ ਲੋਹੇ ਦੀ ਪੀਪਨੀ ਨੂੰ ਰੱਬੜ ਦੀ ਲੰਮੀ ਗੇਂਦ ਜਿਹੀ ਲੱਗੀ ਹੋਈ ਹੈ ,ਜਿਸ ਨੂੰ ਦਬਾਉਂਣ ਨਾਲ ਛੋਟੀ ਜਿਹੀ ਤਿਖੀ ‘ ਪੀਂ ਪੀਂ ’ ਦੀ ਆਵਾਜ਼ ਨਿਕਲਦੀ ਹੈ।ਕਾਰਾਂ ਨੂੰ ਇਸ ਤੋਂ ਵੱਡੀ ਪੀਪਨੀ ਹੈ।ਬੱਸਾਂ ਤੇ ਟਰੱਕਾਂ ਨੂੰ ਉਸ ਤੋਂ ਵੱਡਾ ਧੁਤੂ ਲੱਗਾ ਹੋਇਆ ਹੈ ,ਜਿਸ ਨੂੰ ਦੋ ਵਾਰ ਦਬਾਉਣ ਨਾਲ ‘ ਭਾਓਂ ਭਾਓਂ ’ ਦੀ ਆਵਾਜ਼ ਨਿਕਲਦੀ ਹੈ।ਅਸੀਂ ਏਨੇ ਸਖਤ ਕਾਨੂੰਨ ਨੂੰ ਸੁਣ ਕੇ ਹੈਰਾਨ ਰਹਿ ਗਏ ਕਿ ਕੋਈ ਉਲੰਘਣਾ ਹੀ ਨਹੀਂ ਕਰਦਾ।ਉਸ ਨੂੰ ਹੀ ਵਜਾਉਂਦੇ ਹਨ ਨਾ ਕਿ ਪਰੈਸ਼ਰ ਹਾਰਨ।ਸਭ ਦੇ ਇਕੋ ਜਿਹੇ ਹਾਰਨ ਹਨ,ਪੀਪਨੀਆਂ ਅਤੇ ਧੁਤੂ।ਉਥੇ ਲੋਗ ਪਰੇ ਵੀ ਹੋ ਜਾਂਦੇ ਨੇ।ਪੰਜਾਬ ਦੇ ਨਾਲਦੇ ਸੂਬਿਆਂ ਸਮੇਤ ਜਦੋਂ ਤਕ ਕੰਨ- ਪਾੜਨ ਵਾਲਾ ਹਾਰਨ ਨਾ ਵੱਜੇ , ਲੋਗ ਪਰੇ ਵੀ ਨਹੀਂ ਹੁੰਦੇ।ਹੈ ਨਾ ਸਾਡੇ ਭਾਰਤ ਮਹਾਨ ਵਿਚ ਹੀ ਪੁੱਡੂਚੇਰੀ ਸ਼ਹਿਰ ਦੇ ਵਿਦੇਸ਼ਾਂ ਵਰਗੇ ਅਸੂਲ ? ਇਹ ਸਾਰੀਆਂ ਗੱਲਾਂ ਅਸੀਂ ਅਪਣੀਆਂ ਅੱਖਾਂ ਨਾਲ ਸ਼ਹਿਰ ਵਿਚ ਵੇਖ ਲਈਆਂ ਸਨ।
                        
ਸ.ਇਕਬਾਲ ਸਿੰਘ ਜੀ ਆਪਣੀ ਕੁਰਸੀ ਤੋਂ ਉਠੇ ਤੇ ਵਾਰੀ ਵਾਰੀ ਸਾਰਿਆਂ ਨਾਲ ਹੱਥ ਮਿਲਾਇਆ।ਸ. ਆਤਮਾ ਸਿੰਘ ਜੀ ਨੇ ਕਹਿ ਹੀ ਦਿੱਤਾ , “ਤੁਸੀਂ ਜੀ ਪੰਜਾਬ ‘ਚ ਆ ਜਾਓ, ਉਥੇ ਤੁਹਾਡੇ ਵਰਗੇ ਸ਼ਖਸ਼ ਚਾਹੀਦੇ ਨੇ।” ਸ. ਇਕਬਾਲ ਸਿੰਘ ਜੀ ਖੁੱਲ੍ਹ ਕੇ ਹੱਸੇ ਤੇ ਬੋਲੇ , ‘ ਓ ਹੋ  

                                                           (3)

ਉਹ ਮੈਨੂੰ ਸੱਦਦੇ ਨੇ ,ਪਰ ਮੈਂ ਕਿਹਾ , ‘ਨਾ ਭਾਈ ਮੈਤੋਂ ਓਹੋ ਜਿਹਾ ਨਹੀਓ ਹੋਇਆ ਜਾਣਾ।ਮੈਂ ਏਥੇ ਹੀ ਠੀਕ ਹਾਂ।ਪੂਰੀ ਸ਼ਾਂਤੀ ਹੈ ਏਥੇ ...।”  
                         
ਅਸੀਂ ਵੀ ਹੱਸ ਪਏ ਅਤੇ ਖੁਸ਼ੀ ਨਾਲ ਭਰੇ ਹੋਏ ਗਵਰਨਰ ਹਾਊਸ ਵਿਚੋਂ ਨਿਕਲ ਆਏ।ਸਾਡੀ ਅੱਡੀ ਧਰਤੀ ਨਾਲ ਨਹੀਂ ਸੀ ਲੱਗਦੀ, ਕਿਉਂਕਿ ਸਾਡੇ ਆਪਣੇ ਸੂਬੇ ਵਿਚ ਅਜੇਹਾ ਖੁਸ਼ੀ ਭਰਿਆ ਮਹੌਲ ਕਿਸੇ ਵੀ ਉਚ-ਅਧਿਕਾਰੀ ਨਾਲ ਸਾਡੇ ਵਰਗੇ ਆਮ ਆਦਮੀ ਦਾ ਨਹੀਂ ਹੋ ਸਕਦਾ।ਉਥੇ ਗਵਰਨਰ ਹਾਊਸ ਦੇ ਅੰਦਰ ਅਤੇ ਬਾਹਰ ਕੋਈ ਕਮਾਂਡੋ ਜਾਂ ਸਟੇਨਗੰਨਾਂ ਨਹੀਂ ਦਿਸਦੀਆਂ।ਸਿਰਫ ਚਾਰ ਪੰਜ ਸਿਪਾਹੀ ਹੀ ਗੇਟ ਦੇ ਅੰਦਰ ਹਨ।ਸਾਡੀ ਤਲਾਸ਼ੀ ਵੀ ਨਹੀਂ ਹੋਈ।ਨਾ ਹੀ ਮੈਟਲਡੀਟੈਕਟਿਵ ਲੱਗਿਆ ਹੋਇਆ ਹੈ,ਜਿਵੇਂ ਅਸੀਂ ਬਾਹਰ ਸੀ ਉਸੇ ਤਰ੍ਹਾਂ ਅੰਦਰ ਚਲੇ ਗਏ।ਗਵਰਨਰ ਹਾਊਸ ਦੀ ਫੇਰੀ ,ਸਾਡੀ ਅਭੁੱਲ ਮਿੱਠੀ ਯਾਦਗਾਰ ਬਣ ਗਈ।
                                                               ਸੰਪਰਕ: 98728 23511  

Comments

ਸੇ ਕਰਕੇ ਸਾਂਤ ਇਲਾਕਾ ਤੇ ਅੰਗਰੇਜਾਂ ਵਾਲੀ ਇਮਾਨਦਾਰੀ ਸਾਂਭੀ ਬੈਠੇ ਹਨ।ਉਹ ਲੋਕ ਸਮੁੰਦਰ ਦੀਆਂ ਲਹਿਰਾਂ ਤੋਂ ਵੀ ਡਰਦੇ ਨੇ।ਉਸ ਨੂੰ ਪੂਜਦੇ ਨੇ।ਧਰਤੀ ਨੂੰ ਮਾਂ ਅਤੇ ਪਾਣੀ ਨੂੰ ਦੇਵਤਾ ਮੰਨਦੇ ਹਨ ਜਿਵੇਂ ਬਾਬਾ ਨਾਨਕ ਜੀ ਨੇ ਵੀ ਬਾਣੀ ਉਚਾਰੀ ਹੈ।

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ