ਰੋਸ਼ਨੀ ਦੀ ਕਿਰਨ
Posted on:- 25-09-2016
25 ਸਤੰਬਰ, 2016 ਨੂੰ ਅੰਤਿਮ ਅਰਦਾਸ ਮੌਕੇ
‘ਰਹਨਾ ਨਹੀਂ ਦੇਸ਼ ਬੇਗਾਨਾ ਹੈ, ਆਜ ਨਹੀਂ ਕਲ ਜਾਨਾ ਹੈ’ ਮਗਰ ਕੁਝ ਰੂਹਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਚਲੇ ਜਾਣ ਨਾਲ ਮਹਿਫ਼ਲ ਦੀ ਰੌਣਕ ਵੀ ਚਲੀ ਜਾਂਦੀ ਹੈ। ਅਜਿਹੀ ਹੀ ਇੱਕ ਸ਼ਖ਼ਸੀਅਤ ਸੀ, ਜਿਸ ਦੇ ਚਲੇ ਜਾਣ ਨਾਲ ਸ਼ਿਵਹਰੇ ਘਰਾਨਾ ਰੌਣਕਾਂ ਤੋਂ ਸੱਖਣਾ ਹੋ ਗਿਆ। ਉਹ ਸੀ ਕਿਰਨ ਸ਼ਿਵਹਰੇ, ਨਾਮਵਰ ਉਰਦੂ ਅਤੇ ਪੰਜਾਬੀ ਦੇ ਸਾਹਿਤਕਾਰ ਕ੍ਰਿਸ਼ਨ ਬੇਤਾਬ ਦੀ ਧਰਮ ਪਤਨੀ ਅਤੇ ਪੁੱਤਰੀ ਰਾਇਜ਼ਾਦਾ ਤਰਲੋਕ ਨਾਥ ਡੀ.ਐੱਸ.ਪੀ. ਸਾਬਕਾ ਸਕਿਊਰਟੀ ਆਫੀਸਰ ਜਵਾਹਰ ਲਾਲ ਨਹਿਰੂ।ਨੇਕ ਸੀਰਤ, ਖ਼ੂਬਸੂਰਤ, ਹਦਦਿਲ ਅਜੀਜ਼ ਕਿਰਨ ਸ਼ਿਵਹਰੇ ਜੋ 13 ਸਤੰਬਰ 2016 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਈ, ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਉਹ ਸਾਰੀਆਂ ਖ਼ੂਬੀਆਂ ਮੌਜੂਦ ਸਨ ਜੋ ਇੱਕ ਇਨਸਾਨ ਵਿੱਚ ਹੋਣੀਆਂ ਚਾਹੀਦੀਆਂ ਹਨ।
“ਬਸ ਕੇ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਣਾ
ਆਦਮੀ ਕੋ ਭੀ ਮੁਅੱਸਰ ਨਹੀਂ ਹੈ ਇਨਸਾਂ ਹੋਣਾ”
ਇਸ ਲਿਹਾਜ਼ ਨਾਲ ਉਨ੍ਹਾਂ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਨੂੰ ਜਿੱਥੇ ਖ਼ੂਬ ਪਹਿਚਾਣਿਆ, ਉੱਥੇ ਉਨ੍ਹਾਂ ਨੂੰ ਖ਼ੂਬ ਨਿਭਾਇਆ ਵੀ। ਜਿਵੇਂ ਕਿ ਗ਼ਰੀਬ ਅਤੇ ਬੇਸਹਾਰਾ ਲੜਕੀਆਂ ਦਾ ਵਿਆਹ ਕਰਵਾਉਣ ਲਈ ਉਨ੍ਹਾਂ ਦੂਜੀਆਂ ਹਮ-ਖ਼ਿਆਲ ਸਾਥੀ ਔਰਤਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰਾਂ ਨੂੰ ਆਬਾਦ ਕੀਤਾ। ਉਨ੍ਹਾਂ ਦੇ ਬੱਚਿਆਂ ਨੂੰ ਸਹਾਰਾ ਦੇ ਕੇ ਸਕੂਲਾਂ ਵਿੱਚ ਦਾਖਲ ਕਰਵਾਉਣਾ ਉਨ੍ਹਾਂ ਦਾ ਦਸਤੂਰ ਸੀ ਅਤੇ ਸ਼ੌਕ ਵੀ। ਉਹ ਇੱਕ ਦਰਦਮੰਦ ਔਰਤ ਸੀ ਅਤੇ ਸੱਟ ਖਾਈ ਹੋਈ ਆਤਮਾ ਵੀ ਕਿਉਂਕਿ ਉਨ੍ਹਾਂ ਜ਼ਿੰਦਗੀ ਵਿੱਚ ਦਰਦ ਦੀ ਫ਼ਸਲ ਹੀ ਵੱਢੀ ਸੀ, ਜਦੋਂ ਉਨ੍ਹਾਂ ਦਾ ਨੌਂ ਸਾਲ ਦਾ ਪੁੱਤਰ ਬਲੱਡ ਕੈਂਸਰ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋਇਆ ਸੀ। ਬਸ ਉਸੀ ਦਿਨ ਤੋਂ ਹੀ ਉਨ੍ਹਾਂ ਦਾ ਦਿਲ ਕਿਸੇ ਦੁਖੀ ਦਿਲ ਨੂੰ ਦੇਖ ਕੇ ਰੋ ਪੈਂਦਾ ਸੀ। ਅਜਿਹੇ ਹੀ ਵਾਕਿਆਤ ਨੇ ਉਨ੍ਹਾਂ ਨੂੰ ਦਿਲ, ਦਿਮਾਗ ਅਤੇ ਜਿਸਮ ਤੋਂ ਦਰਦਮੰਦ ਬਣਾ ਦਿੱਤਾ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਨਾਕਾਰਾਤਮਕ ਸੋਚ ਨਹੀਂ ਰੱਖੀ।ਉਹ ਊਮੀਦ ਦਾ ਦਰਿਆ ਸੀ। ਹੌਂਸਲਾ ਉਨ੍ਹਾਂ ਦੀ ਰਗ-ਰਗ ਵਿੱਚ ਸੀ। ਬੀਮਾਰੀ ਨਾਲ ਉਹ ਹਿੱਲ ਨਹੀਂ ਸੀ ਸਕਦੇ ਅਤੇ ਜਦੋਂ ਕੋਈ ਹਾਲ ਪੁੱਛਣ ਆਉਂਦਾ ਤਾਂ ਉਨ੍ਹਾਂ ਦਾ ਹੌਂਸਲੇ ਨਾਲ ਭਰਿਆ ਬਸ ਇੱਕੋ ਜਵਾਬ ਹੁੰਦਾ, ਮੈਂ ਭਲੀ ਚੰਗੀ ਹਾਂ, ਬਿਲਕੁਲ ਰਾਜ਼ੀ ਤੇ ਤੰਦਰੁਸਤ ਹਾਂ, ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਇਨ੍ਹਾਂ ਦਾ ਕੀ ਹੈ।
ਉਫ਼, ਉੇਈ, ਹਾਏ ਕਦੀ ਉਨ੍ਹਾਂ ਦੇ ਮੂੰਹੋਂ ਨਿਕਲਿਆ ਹੀ ਨਹੀਂ ਸੀ। ਵਾਹਿਗੁਰੂ ’ਤੇ ਉਨ੍ਹਾਂ ਦਾ ਪੂਰਾ ਯਕੀਨ ਸੀ। ਇਸ ਚੱਟਾਨ ਜੇਹੀ ਹਸਤੀ ਨੇ ਕ੍ਰਿਸ਼ਨ ਬੇਤਾਬ ਨੂੰ ਨੈਸ਼ਨਲ ਐਵਾਰਡ ਅਧਿਆਪਕ, ਸਾਹਿਤਕਾਰ ਅਤੇ ਬੰਦਾ ਬਣਾ ਕੇ ਇਹ ਸਾਬਤ ਕਰ ਦਿੱਤਾ ਕਿ ਹਰ ਕੰਮ ਵਿੱਚ ਆਦਮੀ ਦੀ ਜ਼ਿੰਦਗੀ ਨੂੰ ਬਣਾਉਣ, ਸੰਵਾਰਨ ਅਤੇ ਨਿਖਾਰਨ ਵਿੱਚ ਇੱਕ ਔਰਤ ਦਾ ਹੀ ਹੱਥ ਹੁੰਦਾ ਹੈ।