ਅਲੋਚਕ ਝਗੜ ਸਿਓਂ - ਇੰਦਰਜੀਤ ਸਿੰਘ ਕਾਲਾ ਸੰਘਿਆਂ
Posted on:- 25-02-2012
ਥੜ੍ਹੇ ’ਤੇ ਬੈਠਾ ਬਾਬਾ ਸੰਪੂਰਨ ਸਿੰਘ ਅਖਬਾਰ ਪੜ੍ਹ ਰਿਹਾ ਸੀ
ਝਗੜ ਸਿਓ ਨੇ ਆ ਕੇ ਉੱਚੀ ਦੇਣੀ ਅਵਾਜ਼ ਦਿੱਤੀ:-
"ਹਾਂ ਜੀ ਬਾਬਾ ਜੀ ਸਾਨੂੰ ਵੀ ਸੁਣਾ ਦਿਆ ਕਰੋ ਕੋਈ ਖਬਰ ਖੁਬਰ"
ਬਾਬਾ ਸੰਪੂਰਨ ਸਿੰਘ ਨੇ ਝੱਟ ਜਵਾਬ ਦਿੱਤਾ " ਉ ਆਜਾ ਬਈ ਝਗੜ ਸਿਆ ਕਿਵੇ ਹੈ? ਖਬਰ ਨਹੀ ਮੈਂ ਤਾ ਇਕ ਲੇਖ ਪੜ੍ਹ ਰਿਹਾ ਸੀ,ਕਿਸੇ ਬੀਬੀ ਨੇ ਲਿਖਿਆ ਹੈ... ਇਕ "ਚੱਕੀਰਾਹੇ ਨਾਵਲਕਾਰ" ਦੀ ਅਲੋਚਨਾ ਕੀਤੀ ਹੈ"
ਝਗੜ ਸਿਓਂ ਨੇ ਹੈਰਾਨ ਹੁੰਦਿਆ ਹੋਰ ਸਵਾਲ ਕਰ ਦਿੱਤੇ "ਲਉ ਜੀ ਬਾਬਾ ਜੀ ਤੁਸੀਂ ਵੀ ਰੋਜ਼ ਨਵੀ ਗੱਲ ਕੱਢ ਮਾਰਦੇ ਹੋ ਇਹ ਅਲੋਚਨਾ ਕੀ ਹੁੰਦੀ ਹੈ ਅਤੇ ਕੌਣ ਕਰਦਾ ਹੈ? ਨਾਲੇ ਬਾਬਾ ਜੀ ਚੱਕੀਰਾਹਾ ਨਾਵਲ ਕਿਵੇ ਲਿਖ ਸਕਦਾ ਹੈ ਭਲਾ?"
"ਓਹ ਕਮਲਿਆ ਅਲੋਚਨਾ ਹੁੰਦੀ ਹੈ ਕਿਸੇ ਨੂੰ ਓਸ ਦੀਆ ਗ਼ਲਤੀਆ ਬਾਰੇ ਦੱਸਣਾ ਤੇ ਇਹ ਕੰਮ ਜੋ ਕਰਦੇ ਹਨ,ਉਨ੍ਹਾ ਨੂੰ ਅਲੋਚਕ ਕਹਿੰਦੇ ਹਨ,ਚੱਕੀਰਾਹਾ ਇਸ ਕਰਕੇ ਕਿਹਾ ਭਾਈ ਕਿਉਕਿ ਇਹ ਨਾਵਲਕਾਰ ਕਦੇ ਕਿਸੇ ਦਰਖਤ ਤੇ ਜਾ ਕੇ ਖੁੱਡ ਬਣਉਣ ਲੱਗ ਜਾਂਦਾ ਕਦੇ ਕਿਤੇ ਅੱਜਕਲ ਵਜੀਰਾਂ ਨੂੰ ਮੱਤਾ ਦੇਂਦਾ ਫਿਰਦਾ" ਬਾਬਾ ਸੰਪੂਰਨ ਸਿੰਘ ਖਿਝਦਾ ਹੋਇਆ ਬੋਲਿਆ
"ਆਹੋ ਬਾਬਾ ਜੀ ਮੈਂ ਵੀ ਸੁਣਿਆ ਪਿਛੇ ਜਿਹੇ ਇਸ ਨੂੰ ਸ਼ਰੋਮਣੀ ਕ੍ਰਾਂਤੀਕਾਰੀ ਅਵਾਰਡ ਵੀ ਮਿਲਿਆ" ਬਾਬੇ ਕੋਲ ਬੈਠਾ ਅਮਲੀ ਬੋਲਿਆ
"ਓਹ ਅਮਲੀਆ ਸ਼ਰੋਮਣੀ ਕ੍ਰਾਂਤੀਕਾਰੀ ਨਹੀਂ ਸ਼ਰੋਮਣੀ ਸਾਹਿਤਕਾਰ ਐਵਾਰਡ ਮਿਲਿਆ, ਕ੍ਰਾਂਤੀਕਾਰੀ ਤਾ ਹੁਣ ਓਹ ਰਿਹਾ ਹੀ ਨਹੀਂ,ਅੱਜਕਲ ਇਸ ਦੀ ਕਿਸੇ ਵਜੀਰ ਦੇ ਰੁੱਸੇ ਹੋਏ ਭਤੀਜੇ ਨਾਲ ਯਾਰੀ ਹੈ"
ਓਹ ਬਾਬਾ ਜੀ ਇਹ ਅਲੋਚਕ ਕੀ ਹੁੰਦਾ ਇਹ ਦੱਸੋ ਝਗੜ ਸਿਓਂ ਕੋਲੋ ਸਬਰ ਨਹੀਂ ਹੁੰਦਾ ਹੈ ।
"ਓਹ ਬਈ ਅਲੋਚਕ ਹੁੰਦਾ ਹੈ ਜੋ ਕਿਸੇ ਨੂੰ ਓਸ ਦੀਆਂ ਕਮੀਆਂ ਦੱਸੇ ਚੰਗਾ ਸਾਹਿਤ ਸਿਰਜਨ ਵਿਚ ਓਸ ਦੀ ਮਦਦ ਕਰੇ, ਗ਼ਲਤੀਆਂ ਬਾਰੇ ਜਾਣਕਾਰੀ ਦੇਵੇ ਅਤੇ ਇਹ ਦੱਸੇ ਕਿ ਉਨ੍ਹਾਂ ਨੂੰ ਕਿਵੇਂ ਠੀਕ ਕਰਨਾ ਹੈ। "
ਓਹ ਹੋ ਬਾਬਾ ਜੀ ਸਿੱਧਾ ਕਹੋ ਨਾ ਮਾਸਟਰ ਹੁੰਦਾ ਹੈ ਅਲੋਚਕ... ਝਗੜਾ ਵਿਚੇ ਬੋਲ ਪਿਆ
ਬਾਬਾ ਸੰਪੂਰਨ ਸਿੰਘ ਰੁਕਦਾ ਹੋਇਆ ਬੋਲਿਆ "ਚੱਲ ਇੰਝ ਹੀ ਸਮਝ ਲੈ....ਝਗੜ ਸਿਆ ਤੂੰ ਰੋਜ਼ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਪੰਗੇ ਲੈਦਾ ਰਹਿਦਾ ਹੈ ਵਿਹਲਾ...
ਤੂੰ ਆਲੋਚਕ ਕਿਉ ਨਹੀ ਬਣ ਜਾਂਦਾ" ਬਾਬੇ ਸੰਪੂਰਨ ਸਿੰਘ ਗੱਲ ਕਰ ਰਿਹਾ ਸੀ ।
ਅਮਲੀ ਵਿਚ ਹੀ ਬੋਲ ਪਿਆ"ਬਾਬਾ ਜੀ ਇਹ ਕਿਵੇ ਬਣ ਜਾਊ ਅਲੋਚਕ ਇਹਨੂੰ ਕੀ ਪਤਾ ਅਖਬਾਰਾ ਬਾਰੇ ਪੰਜਾਬੀ ਤਾ ਇਹ ਮਸਾ ਪੜਦਾ।"
"ਓਹ ਅਮਲੀਆ ਤੂੰ ਵੀ ਕਮਲਾ ਹੀ ਹੈ ਅੱਜਕਲ ਅਲੋਚਕ ਤਾ ਕੋਈ ਵਿਰਲਾ ਹੀ ਹੈ ਬਾਕੀ ਤਾ ਸਬ ਝਗੜੇ ਵਰਗੇ ਘੰੜਮ ਚੋਧਰੀ ਹਨ" ਬਾਬਾ ਹੱਸਦਾ ਹੋਇਆ ਬੋਲਿਆ
"ਹੈ ਓਹ ਕਿਵੇ ਬਾਬਾ ਜੀ ਇਹ ਹੋਰ ਨਵੀ ਗੱਲ ਕੱਢ ਮਾਰੀ ਤੁਸੀਂ" ਝਗੜ ਸਿਓ ਹੈਰਾਨੀ ਨਾਲ ਬੋਲਿਆ
ਬਾਬੇ ਨੇ ਖੰਗੂਰਾ ਮਾਰਦੇ ਕਿਹਾ "ਲਓ ਇਕ ਕਹਾਣੀ ਸੁਣੋ ਪਤਾ ਲੱਗ ਜਾਉ ਕਿ ਪੰਜਾਬੀ ਵਿਚ ਅਲੋਚਕ ਕਹੋ ਜਿਹੇ ਹਨ"
"ਇਕ ਵਾਰੀ ਕਿਸੇ ਨੇ ਇਕ ਮੂਰਤੀ ਬਣਾਈ ਤੇ ਬਾਹਰ ਰੱਖ ਦਿਤੀ ....ਲੋਕਾਂ ਨੂੰ ਕਿਹਾ ਕਿ ਇਹ ਜਿਥੋ ਜਿਥੋ ਗਲਤ ਹੈ ਓਥੇ ਕੋਲੇ ਨਾਲ ਨਿਸ਼ਾਨ ਲਾ ਦੇਵੋ ਸ਼ਾਮ ਤਕ ਲੋਕਾਂ ਨੇ ਸਾਰੀ ਮੂਰਤੀ ਕਾਲੀ ਕਰ ਦਿੱਤੀ .ਦੂਜੇ ਦਿਨ ਫਿਰ ਰਖੀ ਕੇ ਜਿਥੋ ਜਿਥੋ ਗਲਤ ਹੈ ਠੀਕ ਕਰ ਦੇਵੋ ਤਾ ਲੋਕਾ ਨੇ ਠੀਕ ਕਰਦੇ ਕਰਦੇ ਬੁਰਾ ਹਾਲ ਕਰ ਦਿਤਾ ਓਸ ਦਾ ਸਾਰੀ ਮੂਰਤੀ ਤੋੜ ਕੇ ਮਿੱਟੀ ਦੀ ਢੇਰੀ ਬਣਾ ਦਿਤੀ.
ਸਮਝ ਗਿਆ ਬਾਬਾ ਜੀ ਮਤਲਬ ਹਰ ਕਿਸੇ ਨਾਲ ਪੰਗੇ ਹੀ ਲੈਣੇ ਹਨ ...ਨਾ ਆਪ ਕੁਝ ਕਰਨਾ ਨਾ ਕਿਸੇ ਨੂੰ ਕੁਝ ਕਰਨ ਦੇਣਾ .....ਝਗੜ ਸਿਓ ਬੋਲਿਆ
ਹੁਣ ਮੈਨੂੰ ਦੱਸੋ ਅਲੋਚਨਾ ਕਰਨੀ ਕਿਸ ਕਿਸ ਦੀ ਹੈ ਤੇ ਕਿਵੇ ਕਰਨੀ ਹੈ ਥੋੜਾ ਬਹੁਤਾ ਕੁਝ ਪੱਲੇ ਪਾ ਦਿਉ
ਲੈ ਸੁਣ ਫਿਰ ਮੋਟੇ ਮੋਟੇ ਨੁਕਤੇ ਨੋਟ ਕਰ ਲੈ ਝਗੜਿਆ
"ਪਹਿਲਾ ਗੱਲ ਕਰਦੇ ਹਾ ਕਵਿਤਾ ਗੀਤ ਤੇ ਗ਼ਜ਼ਲ ਦੀ ਇਹਨਾ ਬਾਰੇ ਨੋਟ ਕਰ ਲੈ
ਇਕ ਮਿੰਟ ਬਾਬਾ ਜੀ ਝਗੜ ਸਿਉ ਨੇ ਗੱਲ ਕੱਟਦੇ ਹੋਏ ਕਿਹਾ " ਇਹ ਕਵਿਤਾ ਦੀ ਅਲੋਚਨਾ ਮੈਂ ਨਹੀ ਕਰਨੀ ਜੀ ਇਕ ਵਾਰ ਓਸ ਨੂੰ ਛੇੜ ਕਿਸੇ ਨੇ ਦਿਤਾ ਤੇ ਲੋਕਾ ਨੇ ਛਿੱਤਰ ਮੇਰੇ ਵਰਾਏ ਹੁਣ ਓਸ ਨੂੰ ਭੁੱਲ ਕੇ ਵੀ ਕੁਝ ਨਹੀ ਕਹਿੰਦਾ."
ਹਾ ਹਾ ਹਾ ਓਹ ਕਮਲਿਆ ਕਿਸ ਕਵਿਤਾ ਦੀ ਗੱਲ ਕਰਦਾ ਹੈ ? ਬਾਬਾ ਸੰਪੂਰਨ ਸਿੰਘ ਨੇ ਹੱਸਦੇ ਹੋਇਆ ਪੁਛਿਆ
"ਬਾਬਾ ਜੀ ਓਹ ਪੰਡਤਾਂ ਦੀ ਕੁੜੀ ਕਵਿਤਾ ਦੀ" ਝਗੜੇ ਨੇ ਝੂਠੇ ਜਿਹੇ ਹੋ ਕੇ ਕਿਹਾ
"ਓਹ ਨਹੀ ਮੈਂ ਸਾਹਿਤ ਦੀ ਵਿਧਾ ਕਵਿਤਾ ਦੀ ਗੱਲ ਕਰ ਰਿਹਾ ਹਾ ਕਮਲਿਆ" ਬਾਬੇ ਦਾ ਹਾਸਾ ਬੰਦ ਨਹੀ ਹੋ ਰਿਹਾ ਸੀ.
"ਫਿਰ ਠੀਕ ਹੈ ਬਾਬਾ ਜੀ ਵੈਸੇ ਤਾ ਮੈਨੂੰ ਕਵਿਤਾ ਨਾਮ ਹੀ ਕਾਫੀ ਖਤਰਨਾਕ ਲਗਦਾ ਜੀ"...ਝਗੜੇ ਨੇ ਅਮਲੀ ਵੱਲ ਪਾਸਾ ਵੱਟਦੇ ਕਿਹਾ
ਬਾਬੇ ਨੇ ਹਾਸਾ ਬੰਦ ਕਰਕੇ ਗੰਭੀਰ ਹੁੰਦੇ ਕਿਹਾ "ਲੈ ਸੁਣ ਇਸ ਬਾਰੇ ਇਹ ਕਹਿਣਾ ਹੈ ਕਿ ਜਾ ਇਹ ਨੁਕਸ ਕੱਢਣੇ ਹਨ, ਇਸ ਦੀ ਲੈ ਠੀਕ ਨਹੀਂ ,ਸੁਰ ਵਿਚ ਪੂਰੀ ਨਹੀ ,ਕਾਫੀਆਂ ਠੀਕ ਤਰ੍ਹਾਂ ਨਹੀਂ ਰਲਦਾ,ਵਿਚਾਰ ਕੋਈ ਬਹੁਤਾ ਵਧੀਆ ਨਹੀਂ, ਬਿੰਬ ਚੰਗੇ ਨਹੀ ਵਰਤੇ, ਹੋਰ ਵੀ ਜੋ ਕਮਲ ਮਾਰ ਸਕਦਾ ਹੈ ਮਾਰੀ"
ਠੀਕ ਹੈ ਬਾਬਾ ਜੀ ਜੇ ਫਿਰ ਵੀ ਕੋਈ ਗ਼ਜ਼ਲਕਾਰ ਨਾ ਮੰਨੇ?
ਲੈ ਫਿਰ ਓਹਦੇ ਲਈ ਤੇਨੂੰ ਬਹ੍ਰਮ ਅਸਤਰ ਦੇਂਦੇ ਹਾ
ਬਹ੍ਰਮ ਅਸਤਰ ਓਹ ਕੀ ਹੈ ਬਾਬਾ ਜੀ?
"ਇਸ ਨੂੰ ਬਹਿਰਾਂ ਆਖਦੇ ਨੇ ਇਹ ਕਿਸੇ ਦੇ ਘੱਟ ਹੀ ਸਮਝ ਆਉਂਦੀ ਹਨ ਕਹਿ ਦਿਓ ਜੀ ਕਿ ਗੱਲ ਬਹਿਰ ਵਿਚ ਨਹੀ ਹੈ ਕੰਮ ਖਤਮ"...ਬਾਬੇ ਨੇ ਝਗੜੇ ਦੇ ਮੋਢੇ `ਤੇ ਹੱਥ ਮਾਰਦੇ ਕਿਹਾ
ਝਗੜ ਸਿਉ ਨੇ ਖੁਸ਼ ਹੁੰਦਿਆ ਕਿਹਾ "ਲੋ ਜੀ ਬਾਬਾ ਜੀ ਕਵਿਤਾ ਤੇ ਗ਼ਜ਼ਲ ਵਾਲੇ ਤਾ ਵੱਟ ਕੱਢ ਦੇਵਾਂਗਾ।ਹੁਣ ਇਹ ਦੱਸੋ ਤੁਸੀਂ ਵਾਰਤਿਕ ਵਾਲਿਆਂ ਦੀ ਲਾਹ ਪਾਹ ਕਿਵੇ ਕਰਨੀ ਹੈ"
"ਇਸ ਵਿਚ ਵੀ ਓਹੀ ਗੱਲ ਵਿਚਾਰ ਕਮਜੋਰ ਹੈ.,ਬਹੁਤ ਲੰਬੀ ਹੈ ਪਠਾਕ ਪੜਦਾ ਪੜਦਾ ਅੱਕ ਜਾਂਦਾ ਹੈ,ਬਾਕੀ ਹੋਰ ਜੋ ਵੀ ਜਬਲੀਆਂ ਮਾਰ ਸਕਦਾ ਹੈ ਮਾਰੀ ਜਾ"
"ਇਸ ਦਾ ਵੀ ਕੋਈ ਬਹ੍ਰਮ ਅਸਤਰ ਹੈ ਤਾਂ ਦੱਸੋ ?"...ਝਗੜੇ ਨੇ ਵਿਚ ਟੋਕ ਕੇ ਕਿਹਾ
ਇਸ ਦਾ ਬਹ੍ਰਮ ਅਸਤਰ ਹੈ ਵਿਆਕਰਣ ਕਿਹਾ ਦੇਵੋ ਇਹ ਪੱਖ ਕਮਜੋਰ ਹੈ ਇਸ ਦੀ ਵੀ ਕਿਸੇ ਨੂੰ ਬਹੁਤੀ ਸਮਝ ਨਹੀ ਹੈ.....ਬਾਬੇ ਨੇ ਗੱਲ ਪੂਰੀ ਕਰਦੇ ਕਿਹਾ
"ਆਹ ਤਾਂ ਤੁਸੀਂ ਕਮਾਲ ਹੀ ਕਰ ਦਿਤੀ ਬਾਬਾ ਜੀ"......ਝਗੜ ਪੂਰਾ ਖੁਸ਼ ਸੀ
"ਲੈ ਐਵੇ ਤਾਂ ਨਹੀਂ ਇਹਨਾਂ ਨੂੰ ਬਾਬਾ ਸੰਪੂਰਨ ਸਿੰਘ ਕਹਿੰਦੇ" ਅਮਲੀ ਬੋਲਿਆ
ਬਾਬਾ ਜੀ ਕੋਈ ਹੋਰ ਗੱਲ ਵੀ ਦੱਸ ਦਿਓ ਜਿਸ ਦਾ ਖਿਆਲ ਰਖਣਾ ਹੈ?
"ਸੁਣ ਫਿਰ ਝਗੜਾ ਸਿਆ ਬਾਹਰਲੇ ਲੇਖਕਾ ਦੀਆ ਚਾਰ ਪੰਜ ਗੱਲਾਂ ਨੂੰ ਰਟਾ ਮਾਰ ਲੈ, ਹਰ ਥਾ ਕਹ ਦੀਆ ਕਰ ਤੇਰੀ ਚੰਗੀ ਟੋਹਰ ਬਣ ਜਾਉ,ਜੇ ਨਹੀ ਹੁੰਦੀਆ ਤਾ ਆਪਣੇ ਕੋਲੋ ਬਣਾ ਲੈ ਤੇ ਕਿਸੇ ਵੀ ਦਾ ਵੀ ਬਾਹਰਲੇ ਲੇਖਕ ਦਾ ਨਾਮ ਲੈ ਕੇ ਕਹਿ ਦੀਆ ਕਰ".
"ਬਾਬਾ ਜੀ ਜੇ ਆਪਣੀਆ ਗੱਲਾਂ ਕਿਸੇ ਦਾ ਨਾਮ ਲੈ ਕੇ ਕਰਾ ,ਇਸ ਤਰ੍ਹਾ ਚਲ ਜਾਉ ਕੀ?"...ਝਗੜੇ ਨੇ ਹੈਰਾਨ ਹੁੰਦੇ ਪੁਛਿਆ
"ਲੈ ਇਸ ਤਰੀਕੇ ਨਾਲ ਰਜਨੀਸ਼ ਨੇ ਆਪਣੀਆ ਫੋਟੋ ਲੋਕਾ ਦੇ ਗਲ ਪਵਾ ਦਿਤੀਆਂ ਤੇਨੂੰ ਇਕ ਅੱਧਾ ਐਵਾਰਡ ਵੀ ਨਾ ਮਿਲੂ"...ਬਾਬੇ ਨੇ ਵੀ ਸਿਰੇ ਲਾਉਂਦੇ ਜਵਾਬ ਦਿੱਤਾ
ਹਾ ਹਾ ਹਾ ਕਮਾਲ ਹੈ ਬਾਬਾ ਜੀ ਇਹ ਵੀ .
"ਪਰ ਜੇ ਕੋਈ ਸਲਾਹ ਮੰਗ ਲਾਵੇ ਫਿਰ? ਬਾਬਾ ਸੰਪੂਰਨ ਸਿੰਘ ਜੀ ਆਹ ਵੀ ਦੱਸ ਦਿਉ ਝਗੜੇ ਨੂੰ" ਅਮਲੀ ਬੋਲਿਆ .
ਫਿਰ ਇਕੋ ਸਲਾਹ ਜਿਵੇ ਗੁਰਦਵਾਰੇ ਦੇ ਭਾਈ ਕਹਿੰਦੇ ਹਨ ਭਾਈ ਨਾਮ ਜਪੋ ਗੁਰਬਾਣੀ ਪੜੋ ਇਸ ਤੋ ਜਿਆਦਾ ਕੁਝ ਨਹੀ ਦੱਸਦੇ ਇਸੇ ਤਰ੍ਹਾਂ ਤੂੰ ਕਹਿ ਦੇਣਾ ਹੈ ਕਿ ਭਾਈ ਸਾਹਿਤ ਪੜਿਆ ਕਰੋ ਆਪੇ ਹੋਲੀ ਹੋਲੀ ਚੰਗਾ ਲਿਖ ਲੱਗ ਜਾਵੋਗੇ
"ਬਾਬਾ ਜੀ ਹੁਣ ਤਾਂ ਮੈਂ ਆਲੋਚਕ ਬਣ ਕੇ ਹੀ ਰਹੂ ਮੈਂ ਚਲਦਾ ਤੇ ਚਾਰ ਪੰਜ ਕਿਤਾਬਾ ਲਿਆ ਕੇ ਹੁਣੇ ਹੀ ਆਲੋਚਨਾ ਕਰਨੀ ਸ਼ੁਰੂ ਕਰਦਾ" ...ਝਗੜੇ ਨੇ ਤੁਰਨ ਦੇ ਕਾਹਲੀ ਕਰਦੇ ਹੋਏ ਕਿਹਾ.
ਰੁਕ ਜ਼ਰਾ ਇਕ ਸਲਾਹ ਹੋਰ ਲੈਂਦਾ ਜਾ ..ਬਾਬੇ ਨੇ ਰੋਕ ਲਿਆ
"ਕਦੇ ਪੱਤਰਕਾਰਾਂ,ਕੱਟੜ ਧਾਰਮਿਕ ਲੋਕਾ ਤੇ ਕਾਮਰੇਡਾਂ ਨਾਲ ਬਹੁਤਾ ਪੰਗਾ ਨਹੀ ਲੈਣਾ ਇਹ ਜਲਦੀ ਗੁੱਸਾ ਕਰ ਜਾਂਦੇ ਨਾਲੇ ਪੜੇ ਲਿਖੇ ਹੁੰਦੇ ਹਨ.ਬਾਕੀ ਝਗੜਨ ਨੂੰ ਤਾ ਤੂੰ ਪਹਿਲਾ ਹੀ ਕਾਫੀ ਖ਼ਰਾ ਹੈ"
ਚੰਗਾ ਫਿਰ ਬਾਬਾ ਜੀ ਹੁਣ ਮਿਲਾਗੇ ਪੰਜ ਸੱਤਾਂ ਦੀ ਅਲੋਚਨਾ ਕਰਕੇ ਹੀ...ਤੁਰਦਾ ਹੋਇਆ ਝਗੜ ਸਿਓ ਬੋਲਿਆ
"ਬਾਬਾ ਜੀ ਇਹ ਤਾ ਬਣਾ ਦਿਤਾ ਤੁਸੀਂ ਪੂਰਾ ਅਲੋਚਕ,ਚਲੋ ਹੁਣ ਆਪਾ ਵੀ ਚਲੀਏ" ਅਮਲੀ ਬੋਲਿਆ
ਬਾਬਾ ਸੰਪੂਰਨ ਸਿੰਘ ਅਖਬਾਰ ਇੱਕਠੀ ਕਰਦਾ ਹਸਦਾ ਹੋਇਆ ਘਰ ਵੱਲ ਤੁਰ ਪਿਆ
ਸੰਪਰਕ: 98881-28634
raman sharma
dor fite muhe tera.....sallya ah likhya ki ha ton