ਵਾਹਾਕਾ ਦੀ ਇੱਕ ਯਾਦ - ਸੱਤਦੀਪ ਗਿੱਲ
Posted on:- 18-09-2016
ਇੱਕ ਕਾਨਫਰੰਸ ਲਈ ਆਇਆ ਸੀ, ਪਰ ਉਸ ਤੋਂ ਬਾਅਦ ਘੁੰਮਣ ਦਾ ਪਲੈਨ ਸੀ। ਮੈਕਸੀਕੋ ਵਿੱਚ 18 ਦਿਨ ਮੈਕਸੀਕੋ ਸ਼ਹਿਰ, ਪੂਏਬਲਾ, ਵਾਹਾਕਾ ਅਤੇ ਪੂਏਰਤੋ ਐਸਕੋਨਦੀਦੋ ਵਿੱਚੋਂ ਲੰਘਦਿਆਂ ਮਹਿਸੂਸ ਕੀਤਾ ਕਿ ਮੈਕਸੀਕੋ ਕਾਫੀ ਹੱਦ ਤੱਕ ਹਿੰਦੁਸਤਾਨ ਵਰਗਾ ਹੀ ਹੈ।
ਜਦ ਮੈਂ ਹੋਸਟਲ ਪਹੁੰਚਿਆ ਤਾਂ ਇੱਕ ਅੱਧਖੜ੍ਹ ਉਮਰ ਦਾ ਬੰਦਾ ਵੇਖਿਆ ਤੇ ਉਹਨੂੰ ਵੇਖਦੇ ਸਾਰ ਹੀ ਮੈਨੂੰ ਉਸ ਵੱਲ ਖਿੱਚ ਮਹਿਸੂਸ ਹੋਈ। ਮੈਂ ਉਸ ਕੋਲ ਗਿਆ ਤੇ ਉਸਨੂੰ ਪੁੱਛਿਆ ਕਿ ਉਹ ਕਿੱਥੋਂ ਹੈ।
“ਸੰਯੁਕਤ ਰਾਜ ਅਮਰੀਕਾ, ਤੇ ਤੂੰ ?”
“ਹਿੰਦੁਸਤਾਨ”
“ਮੈਂ ਹਿੰਦੁਸਤਾਨ ਗਿਆ ਹੋਇਆ ਹਾਂ”
ਇਹ ਸੁਣਕੇ ਮੈਂ ਉਸ ਦੇ ਕੋਲ ਪਈ ਕੁਰਸੀ ਉੱਤੇ ਜਾਕੇ ਬਹਿ ਗਿਆ।
“ਤੁਸੀਂ ਕੀ ਕਰਦੇ ਹੋ?”
“ਮੈਂ ਜ਼ਿੰਦਗੀ ਵਿੱਚ ਕਈ ਅਜੀਬੋ ਗਰੀਬ ਕੰਮ ਕਰ ਚੁੱਕਿਆ ਹਾਂ। ਇੱਕ ਵੇਲਾ ਸੀ ਜਦ ਮੈਂ ਗਿਰਜਾਘਰ ਦੇ ਬਾਹਰ ਸਿਰ ਪਰਨੇ ਖੜ੍ਹ ਜਾਂਦਾ ਸੀ ਤੇ ਇੱਕ ਦਿਨ ਵਿੱਚ ਅਗਲੇ ਕੁਝ ਦਿਨਾਂ ਜੋਗੇ ਪੈਸੇ ਕਮਾ ਲੈਂਦਾ ਸੀ। ਇੱਕ ਵਾਰ ਮੈਂ ਹਿੰਦੁਸਤਾਨ ਵਿੱਚ ਯੋਗਾ ਟੀਚਰ ਬਣਨ ਗਿਆ ਪਰ ਜਲਦੀ ਹੀ ਮੈਨੂੰ ਖ਼ੁਦ ਯੋਗਾ ਸਿਖਾਉਣ ਦਾ ਕੰਮ ਦੇ ਦਿੱਤਾ ਗਿਆ।
ਫਿਰ ਉਹ ਥੋੜ੍ਹੀ ਦੇਰ ਲਈ ਰੁੱਕ ਗਿਆ ਅਤੇ ਫਿਰ ਦੁਬਾਰਾ ਬੋਲਿਆ -“ਤੈਨੂੰ ਸੰਸਕ੍ਰਿਤ ਆਉਂਦੀ ਹੈ?”“ਨਹੀਂ” ਮੈਂ ਜਵਾਬ ਦਿੱਤਾ। ਸੰਸਕ੍ਰਿਤ ਤਾਂ ਮਰੀ ਹੋਈ ਜ਼ੁਬਾਨ ਹੈ ਮੈਂ ਮਨ ਹੀ ਮਨ ਵਿੱਚ ਕਿਹਾ।ਫਿਰ ਉਹ ਮੈਨੂੰ ਦੱਸਣ ਲੱਗਿਆ ਕਿ ਮੈਂ ਗੀਤਾ ਪੜ੍ਹੀ ਹੋਈ ਹੈ। ਇਸ ਤੋਂ ਬਾਅਦ ਉਹ ਸੰਸਕ੍ਰਿਤ ਵਿੱਚ ਕੁਝ ਉਚਾਰਨ ਲੱਗਿਆ। ਕੁਝ ਮਹੀਨੇ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਰਿਗਵੇਦ ਵਿੱਚ ਮੌਜੂਦ “ਮਹਾਂਮ੍ਰਤਿਉਂਜੈ ਮੰਤਰ” ਦਾ ਉਚਾਰਨ ਕਰ ਰਿਹਾ ਸੀ। “ਓਮ ਤਰਿਅੰਬਕੰ ਯਜਾਮਹੇ ਸੁਗੰਧਿੰਮ ਪੁਸ਼ਟਿਵਰਧਨੰ।ਉਰਵਾਰੁਕਮਿਵ ਬੰਧਨਾਂਨ੍ ਮ੍ਰਤਯੋਰਮੁਕਸ਼ੀਏ ਮਾਮ੍ਰਤਾਤ੍ ॥”ਮੰਨਿਆ ਜਾਂਦਾ ਹੈ ਕਿ ਇਸ ਮੰਤਰ ਦੇ ਉਚਾਰਨ ਨਾਲ ਬੇਵਕਤ ਮੌਤ ਟਲ ਜਾਂਦੀ ਹੈ।ਉਹ ਫਿਰ ਬੋਲਣ ਲੱਗਿਆ :“ਮੈਨੂੰ ਪਿੱਛੇ ਜਿਹੇ ਪਤਾ ਲੱਗਿਆ ਕਿ ਮੈਂ ਕਰੋੜਪਤੀ ਹਾਂ। ਤੂੰ ਯਕੀਨ ਨਹੀਂ ਕਰੇਂਗਾ ਪਰ ਮੈਨੂੰ ਪਤਾ ਲੱਗਿਆ ਕਿ ਮੈਂ ਕਿੰਗ ਲੀਓਪੋਲਡ ਦੇ ਪਰਿਵਾਰ ਵਿੱਚੋਂ ਹਾਂ ਅਤੇ ਮੈਂ ਉਸਦਾ ਗਰੇਟ ਗਰੇਟ ਗਰੇਟ ਗਰੇਟ (ਮੈਂ ਗਰੇਟ ਦੀ ਗਿਣਤੀ ਨਹੀਂ ਕਰ ਪਾਇਆ) ਗਰੈਂਡਸਨ (ਪੜ ਪੜ ਪੜ ਪੜਪੋਤਾ) ਹਾਂ।”“ਮੈਂ ਯਕੀਨ ਨਹੀਂ ਕਰਦਾ”“ਮੈਨੂੰ ਵੀ ਯਕੀਨ ਨਹੀਂ ਆਉਂਦਾ” ਫਿਰ ਉਸ ਮੈਨੂੰ ਦੱਸਣ ਲੱਗਿਆ ਕਿ ਕਿਵੇਂ ਉਸਨੇ ਆਪਣੇ ਪਿਛੋਕੜ ਅਤੇ ਜਾਇਦਾਦ ਬਾਰੇ ਨਹੀਂ ਪਤਾ ਸੀ।ਇਸ ਸਭ ਬਾਰੇ ਉਸਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਪਤਾ ਲੱਗਿਆ ਜਦੋਂ ਬੈਂਕ ਵੱਲੋਂ ਉਸਨੂੰ ਫੋਨ ਆਇਆ ਕਿ ਉਸ ਕੋਲ ਬਹੁਤ ਸਾਰੇ ਪੈਸੇ ਹਨ। ਫਿਰ ਉਹ ਮੈਨੂੰ ਦੱਸਣ ਲੱਗਿਆ:“ਮੇਰਾ ਬਾਕੀ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਮੈਨੂੰ ਇਸ ਬਾਰੇ ਪਤਾ ਲੱਗੇ ਅਤੇ ਉਹ ਮੇਰੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪਰ ਹੁਣ ਮੈਂ ਇਹਨਾਂ ਸਾਰੇ ਸਾਲਾਂ ਬਾਅਦ ਸਭ ਕੁਝ ਲੈਣ ਆਇਆ ਹਾਂ। ਮੈਂ ਅਰਜਣ ਦੇ ਵਾਂਗੂੰ ਹਾਂ ਪਰ ਇਸ ਵਾਰ ਮੈਨੂੰ ਕ੍ਰਿਸ਼ਨ ਭਗਵਾਨ ਦੀ ਜ਼ਰੂਰਤ ਨਹੀਂ ਕਿਉਂਕਿ ਮੈਨੂੰ ਪਤਾ ਹੈ ਇਹ ਜੰਗ ਮੈਂ ਕਿਸ ਤਰ੍ਹਾਂ ਜਿੱਤਣੀ ਹੈ.”ਜਿੱਥੇ ਸਾਰਾ ਵਾਹਾਕਾ ਵੱਖ-ਵੱਖ ਸੱਭਿਆਚਾਰਾਂ ਨਾਲ ਜੁੜਿਆ ਗੇਲਾਗੇਤਸਾ ਤਿਉਹਾਰ ਮਨਾ ਰਿਹਾ ਸੀ, ਮੈਂ ਆਪਣੇ ਹੋਸਟਲ ਵਿੱਚ ਬੈਠਾ ਭਾਰਤੀ ਮਿਥਿਹਾਸ ਬਾਰੇ ਸੋਚ ਰਿਹਾ ਸੀ। ਸੰਪਰਕ: +91-81306 97154