Thu, 21 November 2024
Your Visitor Number :-   7256316
SuhisaverSuhisaver Suhisaver

ਪਲੇਠੀ ਰਚਨਾ ਨੇ ਮੁਸੀਬਤਾਂ ਨਾਲ ਲੜਨਾ ਸਿਖਾਇਆ - ਪ੍ਰੋ. ਹਰਗੁਣਪ੍ਰੀਤ ਸਿੰਘ

Posted on:- 07-08-2016

suhisaver

ਨਰਸਰੀ ਜਮਾਤ ਤੋਂ ਨੌਵੀਂ ਜਮਾਤ ਤੱਕ ਪੜ੍ਹਾਈ ਵਿਚ ਹਮੇਸ਼ਾ ਹੀ ਮੂਹਰਲੀ ਕਤਾਰ ਦੇ ਵਿਦਿਆਰਥੀਆਂ ਵਿਚ ਰਹਿੰਦਿਆਂ ਜਿਉਂ ਹੀ ਮੈਂ ਅਪ੍ਰੈਲ 2003 ਨੂੰ ਦਸਵੀਂ ਜਮਾਤ ਵਿਚ ਕਦਮ ਰੱਖਿਆ ਤਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਮੇਰੇ ਸਕੂਲ ਵੱਲ ਜਾਂਦੇ ਹੋਏ ਕਦਮ ਆਪਣਾ ਮੂੰਹ ਪੀ. ਜੀ. ਆਈ. ਚੰਡੀਗੜ੍ਹ ਵੱਲ ਮੋੜਨ ਲਈ ਮਜਬੂਰ ਹੋ ਗਏ, ਕਿਉਂਕਿ ਡਾਕਟਰੀ ਜਾਂਚ ਅਨੁਸਾਰ ਮੇਰਾ ਸਰੀਰ ਪੂਰੀ ਤਰ੍ਹਾਂ ਬਲੱਡ ਕੈਂਸਰ ਜੈਸੀ ਭਿਅੰਕਰ ਬਿਮਾਰੀ ਦੀ ਲਪੇਟ ਵਿਚ ਆ ਚੁੱਕਾ ਸੀ।ਕੈਮੋਥਰੈਪੀ ਅਤੇ ਰੇਡੀਓਥਰੈਪੀ ਦੇ ਲਗਭਗ ਸਾਢੇ ਤਿੰਨ ਸਾਲ ਚੱਲੇ ਲੰਬੇ ਇਲਾਜ ਦੌਰਾਨ ਤੇਜ਼ ਦਵਾਈਆਂ ਦੇ ਪ੍ਰਭਾਵ ਕਾਰਨ ਜਿੱਥੇ ਮੇਰਾ ਪੜ੍ਹਾਈ ਦਾ ਇਕ ਸਾਲ ਖਰਾਬ ਹੋ ਗਿਆ ਸੀ ਉਥੇ ਮੈਂ ਬਾਕੀ ਦੇ ਤਿੰਨ ਸਾਲ ਵੀ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਿਆ।


ਉਸ ਸਮੇਂ ਦੌਰਾਨ ਮੈਂ ਜਿੱਥੇ ਆਪਣੀ ਘਰੇਲੂ-ਲਾਇਬਰੇਰੀ ਵਿਚੋਂ ਸਭ ਧਰਮਾਂ ਦੇ ਮਹਾਪੁਰਖਾਂ ਦੇ ਜੀਵਨ ਸਬੰਧੀ ਅਨੇਕਾਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ ਉਥੇ ਟੈਲੀਵੀਜ਼ਨ ਉਤੇ ਵੱਖ-ਵੱਖ ਚੈਨਲਾਂ ਤੋਂ ਧਾਰਮਿਕ, ਸਾਹਿਤਕ ਅਤੇ ਸਮਾਜਿਕ ਸ਼ਖਸੀਅਤਾਂ ਦੇ ਪ੍ਰੇਰਨਾਮਈ ਵਿਚਾਰ ਵੀ ਸੁਣਦਾ ਰਹਿੰਦਾ ਸੀ।ਇਸ ਤੋਂ ਇਲਾਵਾ ਮੇਰੇ ਪਿਤਾ ਸਟੇਟ ਐਵਾਰਡੀ ਰਿਟਾਇਰਡ ਲੈਕਚਰਾਰ ਸ. ਰੂਪਇੰਦਰ ਸਿੰਘ ਵੀ ਮੇਰੀ ਹੌਸਲਾ ਅਫਜ਼ਾਈ ਲਈ ਅਕਸਰ ਅਨੇਕਾਂ ਪ੍ਰੇਰਕ ਰਚਨਾਵਾਂ ਸੁਣਾਉਂਦੇ ਰਹਿੰਦੇ ਸਨ।

ਮੇਰੇ ਮਨ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕੀਤੇ ਗਿਆਨ ਨੇ ਮੈਨੂੰ ਹੌਂਸਲੇ ਦੀਆਂ ਅਜਿਹੀਆਂ ਅਨੂਠੀਆਂ ਬੁਲੰਦੀਆਂ ਉਤੇ ਪਹੁੰਚਾ ਦਿੱਤਾ ਕਿ ਮੈਂ ਇੰਨੀ ਵੱਡੀ ਬਿਮਾਰੀ ਉਤੇ ਫ਼ਤਹਿ ਪ੍ਰਾਪਤ ਕਰਨ ਵਿਚ ਸਫ਼ਲ ਹੋ ਪਾਇਆ।

ਇਕ ਵਾਰ ਮੈਂ ਆਪਣੇ ਪਿਤਾ ਜੀ ਤੋਂ ਪੁੱਛਿਆ, “ਡੈਡੀ! ਜੋ ਗਿਆਨ ਮੈਂ ਇਸ ਬਿਮਾਰੀ ਦੌਰਾਨ ਅਰਜਿਤ ਕਰਕੇ ਆਪਣੇ ਜੀਵਨ ਵਿਚ ਅਥਾਹ ਤਬਦੀਲੀ ਮਹਿਸੂਸ ਕੀਤੀ ਹੈ, ਉਹ ਮੈਂ ਅਖਬਾਰਾਂ ਰਾਹੀਂ ਸਭ ਲੋਕਾਂ ਨਾਲ ਸਾਂਝਾ ਕਰਨਾ ਲੋਚਦਾ ਹਾਂ।ਜੇਕਰ ਮੈਂ ਆਪਣੀ ਮਾਂ-ਬੋਲੀ ਵਿਚ ਆਪਣੇ ਢੰਗ ਨਾਲ ਲਿਖੇ ਪ੍ਰੇਰਕ-ਪ੍ਰਸੰਗ ਭੇਜਾਂ ਤਾਂ ਕੀ ਉਹ ਛਪ ਜਾਣਗੇ?”ਇਹ ਸੁਣਕੇ ਪਿਤਾ ਜੀ ਕਹਿਣ ਲੱਗੇ, “ਹੈਰੀ! ਤੂੰ ਅਜੇ ਛੋਟਾ ਹੈਂ, ਤੇਰੀਆਂ ਲਿਖਤਾਂ ਸ਼ਾਇਦ ਹਲੇ ਨਹੀਂ ਛਪ ਸਕਣਗੀਆਂ।” ਮੈਂ ਕਿਹਾ, “ਮੈਂ ਅਖਬਾਰਾਂ ਦੇ ਸੰਪਾਦਕਾਂ ਨੂੰ ਇਹ ਦੱਸਣਾ ਹੀ ਨਹੀਂ ਕਿ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ।” ਮੇਰੀ ਇਹ ਗੱਲ ਸੁਣਕੇ ਉਹ ਚੁਪਚਾਪ ਬੈਠੇ ਮੁਸਕਰਾਉਂਦੇ ਰਹੇ।ਉਨ੍ਹਾਂ ਦੇ ਹਾਵ-ਭਾਵ ਤੋਂ ਇਹ ਲੱਗਦਾ ਸੀ ਕਿ ਉਹ ਮੇਰੇ ਵਿਚਾਰਾਂ ਨਾਲ ਹਾਲ ਦੀ ਘੜੀ ਸਹਿਮਤ ਨਹੀਂ ਸਨ।ਮੈਂ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਸਵਾਮੀ ਵਿਵੇਕਾਨੰਦ ਦੇ ਜੀਵਨ ਨਾਲ ਸਬੰਧਿਤ ਇਕ ਪੁਸਤਕ ‘ਵਿਵੇਕਾਨੰਦ-ਹਿਜ਼ ਕਾਲ ਟੂ ਦਿ ਨੇਸ਼ਨ’ ਵਿਚੋਂ ਇਕ ਦਿਲਚਸਪ ਪ੍ਰੇਰਕ ਘਟਨਾ ‘ਸਮੱਸਿਆਵਾਂ ਤੋਂ ਨਾ ਡਰੋ’ ਸਿਰਲੇਖ ਹੇਠ ਲਿਖ ਕੇ ਇਕ ਪ੍ਰਸਿੱਧ ਪੰਜਾਬੀ ਦੇ ਅਖਬਾਰ ਵਿਚ ਪ੍ਰਕਾਸ਼ਿਤ ਹੋਣ ਲਈ ਭੇਜ ਦਿੱਤੀ।ਉਹ ਘਟਨਾ ਇਸ ਤਰ੍ਹਾਂ ਸੀ ਕਿ ਇਕ ਵਾਰ ਬਚਪਨ ਵਿਚ ਸਵਾਮੀ ਵਿਵੇਕਾਨੰਦ ਜਦੋਂ ਬਨਾਰਸ ਦੇ ਜੰਗਲਾਂ ‘ਚੋਂ ਇਕੱਲੇ ਲੰਘ ਰਹੇ ਸਨ ਤਾਂ ਕੁਝ ਖਤਰਨਾਕ ਬਾਂਦਰਾਂ ਦਾ ਝੁੰਡ ਉਨ੍ਹਾਂ ਦੇ ਪਿੱਛੇ ਪੈ ਗਿਆ।ਆਪ ਡਰ ਦੇ ਮਾਰੇ ਭੱਜਣ ਲੱਗ ਪਏ ਤਾਂ ਦੂਰੋਂ ਕਿਸੇ ਸਿਆਣੇ ਬੰਦੇ ਨੇ ਉੱਚੀ ਆਵਾਜ਼ ‘ਚ ਕਿਹਾ “ਡਰੋ ਨਾ! ਭੱੱਜੋ ਨਾ! ਡਟ ਕੇ ਮੁਕਾਬਲਾ ਕਰੋ।” ਜਦੋਂ ਆਪ ਨਿਡਰਤਾ ਨਾਲ ਡਟ ਕੇ ਖਲੋ ਗਏ ਤਾਂ ਬਾਂਦਰ ਵਾਪਸ ਮੁੜ ਗਏ।ਇਸ ਘਟਨਾ ਦਾ ਅਕਸਰ ਜ਼ਿਕਰ ਕਰਦਿਆਂ ਸਵਾਮੀ ਜੀ ਇਹ ਸੰਦੇਸ਼ ਦਿੰਦੇ ਹੁੰਦੇ ਸਨ ਕਿ ਇਸ ਘਟਨਾ ਵਿਚਲੇ ਬਾਂਦਰ ਸਾਡੇ ਜੀਵਨ ਰੂਪੀ ਜੰਗਲ ਵਿਚ ਮੁਸੀਬਤਾਂ ਦੀ ਤਰ੍ਹਾਂ ਹਨ ਅਤੇ ਜੇ ਅਸੀਂ ਇਨ੍ਹਾਂ ਤੋਂ ਘਬਰਾ ਜਾਵਾਂਗੇ ਤਾਂ ਇਹ ਸਾਡਾ ਨੁਕਸਾਨ ਕਰਨਗੀਆਂ ਪਰੰਤੂ ਜੇ ਇਨ੍ਹਾਂ ਦਾ ਬਹਾਦਰੀ ਨਾਲ ਟਾਕਰਾ ਕਰਾਂਗੇ ਤਾਂ ਇਨ੍ਹਾਂ ਉਤੇ ਫ਼ਤਹਿ ਪ੍ਰਾਪਤ ਕਰਾਂਗੇ।

ਇਸ ਘਟਨਾ ਨੂੰ ਛਪਣ ਲਈ ਭੇਜਣ ਮਗਰੋਂ ਮੈਂ ਹਰ ਰੋਜ਼ ਹੀ ਉਸ ਅਖਬਾਰ ਵਿਚ ਆਪਣੀ ਰਚਨਾ ਲੱਭਦਾ ਰਹਿੰਦਾ ਅਤੇ ਨਾ ਛਪੀ ਵੇਖ ਕੇ ਨਿਰਾਸ਼ ਹੋ ਜਾਂਦਾ।ਇਸ ਤਰ੍ਹਾਂ ਕਰਦੇ-ਕਰਾਉਂਦੇ ਪੂਰਾ ਮਹੀਨਾ ਲੰਘ ਗਿਆ ਪਰੰਤੂ ਰਚਨਾ ਨਾ ਛਪੀ।ਹੁਣ ਮੈਂ ਅਖਬਾਰ ਦੇ ਪੰਨਿਆਂ ਉਪਰ ਆਪਣੀ ਰਚਨਾ ਛਪਣ ਦੀ ਉਮੀਦ ਪੂਰੀ ਤਰ੍ਹਾਂ ਨਾਲ ਤਿਆਗ ਚੁੱਕਾ ਸੀ ਪਰੰਤੂ 21 ਫਰਵਰੀ 2004 ਨੂੰ ਜਦੋਂ ਅਚਾਨਕ ਹੀ ਮੇਰੀ ਨਜ਼ਰ ਅਖਬਾਰ ਵਿਚ ਮੇਰੀ ਪ੍ਰਕਾਸ਼ਿਤ ਰਚਨਾ ਉਤੇ ਪਈ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।ਮੇਰੇ ਮੂੰਹੋਂ ਪੂਰੇ ਜੋਸ਼ ਅਤੇ ਜ਼ੋਰ ਨਾਲ ਇਹ ਸ਼ਬਦ ਆਪ ਮੁਹਾਰੇ ਹੀ ਨਿਕਲ ਗਏ, “ਡੈਡੀ ਆ ਗਿਆ! ਡੈਡੀ ਆ ਗਿਆ!” ਪਿਤਾ ਜੀ ਇਕਦਮ ਬੈਠਕ ਵਿਚੋਂ ਆਪਣੀ ਚਾਹ ਵਿਚੇ ਹੀ ਛੱਡ ਕੇ ਬਾਹਰ ਭੱਜੇ ਆਏ ਅਤੇ ਬੋਲੇ, “ਕਿੱਥੇ ਐ, ਕਿੱਥੇ ਐ?” ਉਹ ਸਮਝੇ ਕਿ ਸ਼ਾਇਦ ਘਰ ਦਾ ਦਰਵਾਜ਼ਾ ਖੁੱਲ੍ਹਾ ਰਹਿ ਜਾਣ ਕਾਰਨ ਕੋਈ ਕੁੱਤਾ-ਬਿੱਲਾ ਜਾਂ ਹੋਰ ਕੋਈ ਡੰਗਰ-ਪਸ਼ੂ ਅੰਦਰ ਘੁਸ ਆਇਆ ਹੈ।ਪਰ ਅਸਲੀਅਤ ਪਤਾ ਲੱਗਣ ਉਤੇ ਉਹ ਬਹੁਤ ਖੁਸ਼ ਹੋਏ ਅਤੇ ਇਕਦਮ ਪੰਜਾਹ ਰੁਪਏ ਦਾ ਕੜਕਦਾ-ਕੜਕਦਾ ਨੋਟ ਇਨਾਮ ਵਜੋਂ ਦਿੱਤਾ ਅਤੇ ਨਾਲ ਇਹ ਵਾਅਦਾ ਵੀ ਕੀਤਾ ਕਿ ਅੱਗੇ ਤੋਂ ਜਦੋਂ ਕਦੇ ਵੀ ਮੇਰੀ ਕੋਈ ਰਚਨਾ ਕਿਸੇ ਅਖਬਾਰ ਵਿਚ ਛਪੇਗੀ ਤਾਂ ਹਰ ਰਚਨਾ ਦੇ ਇਨਾਮ ਵਜੋਂ ਪੰਜਾਹ ਰੁਪਏ ਦਿੱਤੇ ਜਾਣਗੇ।

ਹੌਲੀ-ਹੌਲੀ ਇਸ ਰਚਨਾ ਨੂੰ ਪੜ੍ਹਕੇ ਦੂਰ-ਦੁਰਾਡਿਓਂ ਜਿੱਥੇ ਟੈਲੀਫ਼ੋਨ ਉਤੇ ਕੁਝ ਰਿਸ਼ਤੇਦਾਰਾਂ ਦੇ ਵਧਾਈਆਂ ਭਰਪੂਰ ਫ਼ੋਨ ਆਏ ਉਥੇ ਹਰ ਵਰਗ ਦੇ ਪਾਠਕਾਂ ਦੀਆਂ ਪ੍ਰਸ਼ੰਸਾ ਭਰਪੂਰ ਚਿੱਠੀਆਂ ਵੀ ਆਈਆਂ ਜਿਸ ਵਿਚ ਕਈ ਵੱਡੀਆਂ ਉਮਰਾਂ ਵਾਲੇ ਚੰਗੀਆਂ ਪਦਵੀਆਂ ਉਤੇ ਸੁਸ਼ੋਭਿਤ ਵਿਅਕਤੀਆਂ ਨੇ ਵੀ ਅਣਜਾਣਪੁਣੇ ਵਿਚ ਮੈਨੂੰ ਸਤਿਕਾਰ ਸਹਿਤ ਸ੍ਰੀ ਮਾਨ ਜੀ, ਸਰਦਾਰ ਜੀ, ਵੀਰ ਜੀ ਜਾਂ ਸਰ ਜੀ ਆਦਿ ਸ਼ਬਦਾਂ ਨਾਲ ਸੰਬੋਧਨ ਕੀਤਾ ਹੋਇਆ ਸੀ।ਇਸ ਰਚਨਾ ਛਪਣ ਤੋਂ ਲਗਭਗ ਚਾਰ ਸਾਲਾਂ ਬਾਅਦ 11 ਫਰਵਰੀ 2008 ਨੂੰ ਪ੍ਰਕਾਸ਼ਿਤ ਹੋਈ ਮੇਰੀ ਪਲੇਠੀ ਪੁਸਤਕ ‘ਮੁਸੀਬਤਾਂ ਤੋਂ ਨਾ ਘਬਰਾਓ-ਪ੍ਰੇਰਕ ਪ੍ਰਸੰਗ ਮਾਲਾ’ ਦੀ ਪਹਿਲੀ ਪ੍ਰੇਰਕ ਕਹਾਣੀ ਵੀ ਉਪਰੋਕਤ ਦੱਸੀ ਘਟਨਾ ਹੀ ਹੈ।ਇਸ ਰਚਨਾ ਦੇ ਛਪਣ ਨਾਲ ਮੈਨੂੰ ਇੰਨਾ ਉਤਸ਼ਾਹ ਮਿਲਿਆ ਕਿ ਮੈਂ ਲਗਾਤਾਰ ਪੰਜਾਬੀ ਦੇ ਉੱਚ ਕੋਟੀ ਦੇ ਅਖਬਾਰਾਂ ਵਿਚ ਆਪਣੀ ਰਚਨਾਵਾਂ ਭੇਜਦਾ ਰਿਹਾ ਜਿਸ ਦੇ ਫ਼ਲਸਰੂਪ ਪਿਛਲੇ ਬਾਰਾਂ ਸਾਲਾਂ ਦੌਰਾਨ ਹੁਣ ਤੱਕ ਮੇਰੀਆਂ ਚਾਰ ਸੌ ਤੋਂ ਵੱਧ ਰਚਨਾਵਾਂ ਨਾ ਕੇਵਲ ਪੰਜਾਬ ਵਿਚ ਛਪਣ ਵਾਲੇ ਪੰਜਾਬੀ ਅਖਬਾਰਾਂ ਬਲਕਿ ਵਿਦੇਸ਼ਾਂ ਵਿਚ ਛਪਣ ਵਾਲੇ ਪੰਜਾਬੀ ਅਖਬਾਰਾਂ ਦੇ ਪੰਨਿਆਂ ਦਾ ਵੀ ਸ਼ਿੰਗਾਰ ਬਣ ਚੁੱਕੀਆਂ ਹਨ।ਇਸ ਪ੍ਰੇਰਕ ਘਟਨਾ ਦਾ ਜ਼ਿਕਰ ਮੈਂ ਅਕਸਰ ਆਪਣੇ ਭਾਸ਼ਣਾਂ ਅਤੇ ਟੈਲੀਵਿਜ਼ਨ ਉਤੇ ਵੱਖ-ਵੱਖ ਚੈਨਲਾਂ ਉਤੇ ਦਿੱਤੇ ਗਏ ਇੰਟਰਵਿਊ ਵਿਚ ਵੀ ਕਰਦਾ ਰਹਿੰਦਾ ਹਾਂ।

ਸੰਪਰਕ: +91 94636 19353

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ