...ਤੇ ਭਾਲਦੇ ਅਸੀਂ ਚੰਗਾ ਸਮਾਜ ਹਾਂ - ਕੁਲਵਿੰਦਰ ਕੰਗ
Posted on:- 27-07-2016
ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ।ਕਹਿੰਦੇ ਹਨ ਕਿ ਕਲਮ ਦਾ ਵਾਰ ਤਲਵਾਰ ਦੇ ਵਾਰ ਨਾਲੋਂ ਕਈ ਗੁਣਾਂ ਤਿੱਖੇ ਹੁੰਦਾ ਹੈ । ਬੰਦੇ ਨੂੰ ਇਨਸਾਨ ਬਨਣ ਦੇਣ ਲਈ ਸਾਹਿਤ ਦਾ ਮੋਹਰੀ ਰੋਲ ਹੈ । ਚੰਗਾ ਸਾਹਿਤ ਹੀ ਇੱਕ ਚੰਗੇ ਸਮਾਜ ਦੀ ਸਥਾਪਨਾ ਕਰ ਸਕਦਾ ਹੈ । ਵਿਦਿਆਰਥੀਆਂ ਲਈ ਤਾਂ ਸਾਹਿਤ ਦਾ ਮਹੱਤਵ ਹੋਰ ਵੀ ਜ਼ਿਆਦਾ ਮਹੱਤਵ ਰੱਖਦਾ ਹੈ । ਜੇਕਰ ਉਹ ਬਚਪਨ ਤੋਂ ਹੀ ਚੰਗੇ ਸਾਹਿਤ ਨਾਲ ਜੁੜ ਜਾਣਗੇ ਤਾਂ ਇਹ ਸੁਆਲ ਹੀ ਪੈਦਾ ਨਹੀਂ ਹੁੰਦਾ ਕਿ ਉਹ ਵੱਡੇ ਹੋ ਕੇ ਬੁਰੇ ਆਚਰਣ ਵਾਲੇ ਬਣਨਗੇ । ਪਰ ਹੁਣ ਜਦੋਂ ਅਸੀਂ ਅਜੋਕੇ ਵਿਦਿਆਰਥੀ ਵਰਗ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਵਿਦਿਆਰਥੀ ਸਾਹਿਤ ਨਾਲੋਂ ਬਹੁਤ ਹੱਦ ਤੀਕ ਟੁੱਟ ਚੁੱਕਾ ਹੈ । ਅੱਜ ਦੇ ਵਿਦਿਆਰਥੀ ਦਾ ਇੱਕੋ ਇੱਕ ਮਕਸਦ ਬਣ ਚੁੱਕਾ ਹੈ ਕਿ ਇਮਤਿਹਾਨਾਂ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਨੇ , ਮੈਰਿਟ ਵਿੱਚ ਆਉਣਾਂ ।ਇਸ ਉਦੇਸ਼ ਨਾਲ ਭਾਵੇਂ ਉਸਨੂੰ ਰੱਟੇਬਾਜ਼ੀ ਜਾਂ ਨਕਲ ਦਾ ਸਹਾਰਾ ਹੀ ਕਿਉਂ ਨਾ ਲੈਣਾ ਪਵੇ । ਇਹ ਗੱਲ ਵੀ ਠੀਕ ਹੈ ਕਿ ਵਧੀਆ ਅੰਕ ਪ੍ਰਾਪਤ ਕਰਕੇ ਇੰਜੀਨੀਅਰ, ਡਾਕਟਰ,ਵਕੀਲ ਆਦਿ ਬਣਿਆ ਜਾਵੇ ਪਰ ਇਸ ਤੋਂ ਵੀ ਪਹਿਲਾਂ ਇਹ ਜ਼ਰੂਰੀ ਹੈ ਕਿ ਚੰਗੇ ਨਾਗਰਿਕ ਬਣਿਆ ਜਾਵੇ ।
ਇੱਕ ਚੰਗਾ ਨਾਗਰਿਕ ਬਨਣ ਲਈ ਚੰਗੇ ਸਾਹਿਤ ਦੀ ਜ਼ਰੂਰਤ ਹੈ ।ਉਹਨਾਂ ਦਾ ਚੰਗਾ ਆਚਰਣ, ਚੰਗੀ ਸੋਚ, ਚੰਗੀ ਸੰਗਤ, ਵਿਵੇਕਸ਼ੀਲਤਾ, ਸਹਿਣਸ਼ੀਲਤਾ ਗਾਈਡਾਂ ਤੋਂ ਰੱਟੇ ਲੱਗਾ ਕੇ ਵਧੀਆ ਅੰਕ ਲੈ ਕੇ ਪੈ ਲਾ ਨਹੀਂ ਹੋਣੀ । ਉਹਨਾਂ ਦਾ ਬੌਧਿਕ ਵਿਕਾਸ ਬਸ ਇਥੋਂ ਤੀਕ ਹੀ ਸੀਮਤ ਰਹਿ ਜਾਵੇਗਾ । ਕਿੰਨਾ ਚੰਗਾ ਹੋਵੇ ਜੇਕਰ ਗਾਈਡਾਂ ਤੋਂ ਰੱਟੇ ਲਾ ਕੇ ਵਧੀਆ ਅੰਕ ਪ੍ਰਾਪਤ ਕਰਨ ਦੀ ਬਜਾਏ ਕਿਤਾਬਾਂ ਵਿੱਚ ਲਿਖੇ ਨੂੰ ਵਾਚ ਕੇ ਬੱਚੇ ਇਮਤਿਹਾਨ ਦੇਣ ।
ਕਿਸੇ ਜਮਾਤ ਵਿੱਚ ਦੋ-ਚਾਰ ਵਿਦਿਆਰਥੀ ਹੀ ਹੋਣਗੇ ਜੋ ਕਿਤਾਬੀ ਪਾਠਕ੍ਰਮ ਤੋਂ ਇਲਾਵਾ ਸਾਹਿਤ ਪੜਦੇ ਹੋਣਗੇ । ਪੰਜਾਬ ਦੇ ਬਹੁਤੇ ਸਕੂਲਾਂ ਵਿੱਚ ਲਾਇਬ੍ਰੇਰੀਆਂ ਨਹੀਂ ਜਾਂ ਕਾਗਜ਼ਾਂ ਦੀ ਸ਼ਾਨ ਬਣੀਆਂ ਹਨ। ਤੇ ਜਿੰਨਾ ਵਿੱਚ ਹਨ ਉਹਨਾਂ ਵਿੱਚ ਪੜਨ ਵਾਲੇ ਘੱਟ ਹਨ । ਅਜੋਕੇ ਵਿਦਿਆਰਥੀ ਨੂੰ ਕਿਤਾਬ ਪੜਨ ਦੀ ਬਜਾਏ ਗਾਈਡਾਂ ਤੋਂ ਰੱਪੇ ਮਾਰਨੇ ਜ਼ਿਆਦਾ ਆਸਾਨ ਲੱਗਦੇ ਹਨ ।ਉਹ ਕਿੰਨੇ ਕੁ ਵਿਦਿਆਰਥੀ ਹਨ ਜਿੰਨਾਂ ਦੇ ਇਮਤਿਹਾਨਾਂ ਵਿੱਚ ਲਿਖੇ ਉੱਤਰ ਗਾਈਡਾਂ ਚ' ਦਿੱਤੇ ਉੱਤਰਾਂ ਨਾਲ ਨਹੀਂ ਮਿਲਦੇ ? ਉਹ ਕਿੰਨੇ ਵਿਦਿਆਰਥੀ ਹਨ ਜੋ ਸਕੂਲੀ ਪਾਠਕ੍ਰਮ ਦੇ ਨਾਲ ਨਾਲ ਸਾਹਿਤ ਵਿੱਚ ਵੀ ਦਿਲਚਸਪੀ ਰੱਖਦੇ ਹੋਣਗੇ ? ਸ਼ਾਇਦ ਨਾਮਾਤਰ । ਉਹਨਾਂ ਨੂੰ ਲੇਖ,ਪੱਤਰ,ਪ੍ਰਸ਼ਨਾਂ ਦੇ ਉਤਰ ਖ਼ੁਦ ਲਿਖਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ । ਜਾਂ ਤਾਂ ਫਿਰ ਅਧਿਆਪਕ ਖ਼ੁਦ ਪ੍ਰਸ਼ਨਾਂ ਦੇ ਉੱਤਰ ਲਿਖਵਾ ਦੇਵੇਗਾ ਤੇ ਜਾਂ ਫਿਰ ਗਾਈਡਾਂ ਤੋਂ ਲਿਖ ਕੇ ਯਾਦ ਕਰਨ ਲਈ ਕਹੇਗਾ । ਪਰ ਉਹ ਕਿੰਨੇ ਕੁ' ਭਾਸ਼ਾ ਅਧਿਆਪਕ ਹੋਣਗੇ ਜੋ ਇਸ ਨੀਤੀ ਤੋਂ ਹਨ ਕੇ ਪਾਠ (ਲੈਸਨ) ਪੜਾ ਕੇ, ਸਮਝਾ ਕੇ ਪ੍ਰਸ਼ਨਾਂ ਦੇ ਉੱਤਰ ਖ਼ੁਦ ਪਾਠ ਦੇ ਆਧਾਰ ਤੇ ਲਿਖਣ ਲਈ ਵਿਦਿਆਰਥੀਆਂ ਨੂੰ ਕਹਿੰਦੇ ਹਨ ? ਉਹ ਕਿੰਨੇ ਭਾਸ਼ਾ ਅਧਿਆਪਕ ਹੋਣਗੇ ਜੋ ਸਕੂਲੀ ਪਾਠਕ੍ਰਮ ਦੇ ਨਾਲ ਨਾਲ ਵਿਦਿਆਰਥੀਆਂ ਨਾਲ ਸਾਹਿਤਕ ਗੱਲਾਂਬਾਤਾਂ, ਗੋਸ਼ਟੀਆਂ ਕਰਦੇ ਹੋਣਗੇ ? ਗਿਣਤੀ ਦੇ ਹੀ ਅਜਿਹੇ ਭਾਸ਼ਾ ਅਧਿਆਪਕ ਹਨ । ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ । ਕਈ ਅਧਿਆਪਕ ਹਨ ਜੋ ਅਜਿਹਾ ਨਹੀਂ ਕਰਦੇ । ਅਜਿਹੇ ਅਧਿਆਪਕਾਂ ਨੂੰ ਸਲਾਮ ! ਪਰ ਬਹੁਤੇ ਅਧਿਆਪਕ ਅਜਿਹੀ ਬਿਰਤੀ ਚੋਂ' ਜਨਮੇ ਹਨ ।ਇੱਕ ਵਾਰ ਮੈਂ ਆਪਣੇ ਸਹਿਪਾਠੀਆਂ ਨਾਲ ਰਲ ਕੇ ਇੱਕ ਲਾਇਬਰੇਰੀ ਖੋਲਣ ਦਾ ਮਨ ਬਣਾ ਲਿਆ । ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕੋਈ 150 ਦੇ ਕਰੀਬ ਕਿਤਾਬਾਂ ਇਕੱਠੀਆਂ ਕਰ ਲਈਆਂ ।ਬਹੁਤ ਸਾਰੇ ਵਿਦਿਆਰਥੀ ਵੀ ਲਾਇਬਰੇਰੀ ਨਾਲ ਜੋੜ ਲਏ । ਜਦੋਂ ਅਸੀਂ ਲਾਏਬਰੇਰੀ ਦੀ ਛਿਮਾਹੀ ਰਿਪੋਰਟ ਤਿਆਰ ਕੀਤੀ ਤਾਂ ਜਿਹੜੀ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਉਹ ਇਹ ਸੀ ਕਿ 200-300 ਵਿਦਿਆਰਥੀਆਂ ਵਿੱਚੋਂ ਸਿਰਫ਼ ਤਿੰਨ ਹੀ ਅਜਿਹੇ ਸਨ ਜਿੰਨਾ ਨੇ ਪੜਨ ਵਾਸਤੇ ਕੋਈ ਕਿਤਾਬ ਲਈ । ਇਸ ਤੋਂ ਹੀ ਅਸਚਰਜ ਵਾਲੀ ਗੱਲ ਇਹ ਸਾਹਮਣੇ ਆਈ ਕਿ ਕਿ ਲਾਏਬਰੇਰੀ ਦੇ ਸਥਾਪਕਾਂ ਵਿਚੋਂ ਕੋਈ ਇੱਕ ਵੀ ਅਜਿਹਾ ਨਹੀਂ ਸੀ ਜਿਸਨੇ ਛੇ ਮਹੀਨਿਆਂ ਵਿੱਚ ਇੱਕ ਵੀ ਕਿਤਾਬ ਪੜਨ ਲਈ ਪ੍ਰਾਪਤ ਕੀਤੀ ਹੋਵੇ । ਨਤੀਜਾ ਇਹ ਨਿਕਲਿਆ ਕਿ ਕਿਤਾਬਾਂ ਇਕੱਠੀਆਂ ਤਾਂ ਬਹੁਤ ਕਰ ਲਈਆਂ ਪਰ ਕਿਤਾਬਾਂ ਪੜਨ ਵਾਲੇ ਦੋ-ਤਿੰਨ ਸੌ ਵਿਚੋਂ ਤਿੰਨ ਸਨ । ਤਾਂ ਤੁਸੀਂ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋਂ ਕਿ ਅੱਜ ਦੇ ਸਮੇਂ ਵਿੱਚ ਸਾਡਾ ਵਿਦਿਆਰਥੀ ਵਰਗ ਸਾਹਿਤ ਨਾਲੋਂ ਕਿੰਨਾ ਟੁੱਟ ਚੁੱਕਿਆ ਹੈ । ਉਸਨੂੰ ਮੋਬਾਇਲ , ਕੰਪਿਊਟਰ ਤੇ ਗੇਟਾਂ ਖੇਡਦੀਆਂ ਪਸੰਦ ਨੇ ਪਰ ਕਿਤਾਬ ਚੁੱਕਣੀ ਪਸੰਦ ਨਹੀਂ । ਜਦੋਂ ਅਸੀਂ ਉਸਦੇ ਬਚਪਨ ਵਿੱਚ ਉਸਦੇ ਹੱਥ ਬਾਲ ਸਾਹਿਤ ਦੀਆਂ ਕਿਤਾਬਾਂ ਫੜਾਉਣੀਆਂ ਸਨ ਉਦੋਂ ਅਸੀਂ ਉਸ ਹੱਥ ਵੀਡਿਓ ਗੇਮ ਦੇ ਦਿੱਤੀ , ਤੇ ਭਾਲਦੇ ਅਸੀਂ ਚੰਗਾ ਸਮਾਜ ਹਾਂ...।ਸੰਪਰਕ: +91 99153 24542
Gurmeet Singh Birdi
Bahut hi wadia likhya hai, mubark kang sahib