Thu, 21 November 2024
Your Visitor Number :-   7254017
SuhisaverSuhisaver Suhisaver

ਪੰਜਾਬੀ ਪੱਤਰਕਾਰੀ ਦਾ ਬਾਲ ਜਰਨੈਲ ਸੀ ਸਰਾਭਾ - ਰਣਦੀਪ ਸੰਗਤਪੁਰਾ

Posted on:- 27-05-2016

suhisaver

ਭਾਰਤ ਦੇ ਆਜ਼ਾਦੀ ਸੰਗ੍ਰਾਮ ਦੇ ਇਤਿਹਾਸ ਵਿੱਚ ‘ਗ਼ਦਰ ਲਹਿਰ’ ਸੁਨਹਿਰੀ ਅੱਖਰਾਂ ‘ਚ ਲਿਖਿਆ ਹੋਇਆ ਕਾਂਡ ਹੈ। ਗ਼ਦਰੀਆਂ ਦਾ ਸੰਗ੍ਰਾਮ ਸੱਚੇ ਅਰਥਾਂ ਵਿੱਚ ਆਜ਼ਾਦੀ ਲਈ ਪਹਿਲੀ ਜਨਤਕ ਲੜਾਈ ਸੀ। ਗ਼ਦਰ ਲਹਿਰ ਨੂੰ ਹੁਲਾਰਾ ਦੇਣ ਵਿੱਚ ਨੌਜਵਾਨ ਗ਼ਦਰੀ ਇਨਕਲਾਬੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਗ਼ਦਰ ਪਾਰਟੀ ਦੀ ਜ਼ਿੰਦ-ਜਾਨ, ਚੜ੍ਹਦੀ ਜਵਾਨੀ ਵੇਲੇ ਫਾਂਸੀ ਦੇ ਫੰਦੇ ਨੂੰ ਗਲ ਵਿੱਚ ਪਾਉਣ ਵਾਲਾ ਕਰਤਾਰ ਸਿੰਘ ਸਰਾਭਾ 19 ਵਰਿਆਂ ਦਾ ਨੌਜ਼ਵਾਨ ਸੀ। ਕਰਤਾਰ ਸਿੰਘ ਸਰਾਭਾ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਵਿੱਚ ਉਚੇਰੀ ਸਿੱਖਿਆ ਲਈ ਪੜ੍ਹਨ ਗਿਆ ਸੀ। 21 ਅਪ੍ਰੈਲ 1913 ਨੂੰ ਪ੍ਰਵਾਸੀ ਭਾਰਤੀਆਂ ਨੇ ਅਮਰੀਕਾ ਦੇ ਸ਼ਹਿਰ ਆਸਟਰੀਆ ‘ਚ’ ‘ਹਿੰਦੀ ਐਸ਼ੋਸੀਏਸਨ ਆਫ ਪੈਸੇਫਿਕ ਕੋਸਟ’ ਨਾਂਅ ਦੀ ਜਥੇਬੰਦੀ ਦੀ ਸਥਾਪਨਾ ਕੀਤੀ। ਇਸ ਜਥੇਬੰਦੀ ‘ਚ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਉਪ ਪ੍ਰਧਾਨ ਕੇਸਰ ਸਿੰਘ, ਜਨਰਲ ਸਕੱਤਰ ਲਾਲਾ ਹਰਦਿਆਲ ਜੁਆਇੰਟ ਸਕੱਤਰ ਠਾਕੁਰ ਦਾਸਧੂਰਾ ਅਤੇ ਵਿੱਤ ਸਕੱਤਰ ਕਾਂਸੀ ਰਾਮ ਮੜੌਲੀ ਚੁਣੇ ਗਏ।

ਬਹੁਤ ਜਲਦ ਸਰਾਭਾ ਵੀ ਇਸ ਜਥੇਬੰਦੀ ਦਾ ਹਿੱਸਾ ਬਣ ਗਿਆ। ਉਸ ਵਿੱਚ ਲੀਡਰਸ਼ਿਪ ਦਾ ਗੁਣ ਸ਼ੁਰੂ ਤੋਂ ਹੀ ਸੀ। ਗ਼ਦਰ ਲਹਿਰ ਦੇ ਉੇਦੇਸ਼ ਦੀ ਪੂਰਤੀ ਲਈ ਪ੍ਰਚਾਰ ਹਿੱਤ ਇੱਕ ਹਫਤਾਵਰੀ ਅਖਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ, ਅਖਬਾਰ ਦਾ ਨਾਂਅ ‘ਗ਼ਦਰ’ ਰੱਖ ਲਿਆ ਗਿਆ। ਜਿਸਦਾ ਪਹਿਲਾ ਅੰਕ ਉਰਦੂ ਭਾਸ਼ਾ ਵਿੱਚ 1 ਨਵੰਬਰ 1913 ਨੂੰ ਜਥੇਬੰਦੀ ਦੇ ਮੁੱਖ ਦਫਤਰ ‘ਯੁਗਾਂਤਰ ਆਸ਼ਰਮ’ 436 ਹਿੱਲ ਸਟਰੀਟ, ਸਾਨਫਰਾਂਸਿਸਕੋ ਤੋਂ ਜਾਰੀ ਹੋਇਆ।ਜਿਸ ਦੇ ਮੁੱਖ ਸੰਪਾਦਕ ਲਾਲਾ ਹਰਦਿਆਲ ਸਨ।

ਗ਼ਦਰ ਅਖਬਾਰ ਦੇ ਨਾਮ ਤੋਂ ਹੀ ਇਹ ਜਥੇਬੰਦੀ ਹੁਣ ਗ਼ਦਰ ਪਾਰਟੀ ਬਣ ਗਈ। ਇਹ ਅਖਬਾਰ ਅਮਰੀਕਾ ਤੋਂ ਬਾਹਰ ਭਾਰਤ, ਕੈਨੇਡਾ, ਚੀਨ, ਜਪਾਨ, ਪਨਾਮਾ, ਫਿਲਪਾਈਨ, ਮਲਾਇਆ, ਅਰਜਨਟਾਈਨਾ ਆਦਿ ਦੇਸ਼ਾਂ ‘ਚ ਵਸਦੇ ਹਿੰਦੋਸਤਾਨੀ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੀ, ਡਾਕ ਰਾਹੀਂ ਭੇਜਣ ਦਾ ਕੰਮ ਸਰਾਭਾ ਕਰਦਾ ਹੁੰਦਾ ਸੀ, ਕੁੱਝ ਅੰਕਾਂ ਬਾਅਦ ਹੀ ‘ਗ਼ਦਰ’ ਅਖਬਾਰ ਦੀਆਂ ਅੱਖਾਂ ਦਾ ਰੋੜਾ ਬਣ ਗਿਆ।

ਕਰਤਾਰ ਸਿੰਘ ਸਰਾਭਾ ਮਿਹਨਤੀ ਅਤੇ ਪ੍ਰਤਿਭਾਸ਼ੀਲ ਨੌਜ਼ਵਾਨ ਸੀ।ਜਨਵਰੀ 1914 ‘ਚ ਗ਼ਦਰ’ ਦਾ ਪੰਜਾਬੀ ਭਾਸ਼ਾਈ ਅੰਕ ਵੀ ਪ੍ਰਕਾਸ਼ਿਤ ਸ਼ੁਰੂ ਕਰ ਦਿੱਤਾ ਗਿਆ। ਕਰਤਾਰ ਸਿੰਘ ਸਰਾਭਾ ਪੰਜਾਬੀ ਅੰਕ ਦੇ ਸੰਪਾਦਕ ਬਣੇ।

ਉਸ ਸਮੇਂ ਅਖਬਾਰ ‘ਸਾਈਕਲੋਸਟਾਈਲ’ ਮਸ਼ੀਨ ‘ਤੇ ਛਾਪਿਆ ਜਾਂਦਾ ਸੀ, ਜਿਸਦਾ ਸਮੁੱਚਾ ਕੰਮ ਸਰਾਭਾ ਖੁਦ ਹੱਥੀਂ ਕਰਦਾ ਸੀ। ਉਸ ਕੋਲ ਛਪਾਈ ਦੇ ਨਾਲ ਕਵਿਤਾਵਾਂ ਲਿਖਣ, ਅਨੁਵਾਦ ਕਰਨ ਅਤੇ ਵਾਰਤਕ ਵਿੱਚ ਵੀ ਚੰਗਾ ਤਜਰਬਾ ਸੀ।

ਇਸ ‘ਗ਼ਦਰ’ ਅਖਬਾਰ ਦੀ ਮੁੱਖ ਜਿੰਮੇਵਾਰੀ ਸਰਾਭੇ ਕੋਲ ਪੈ ਜਾਣ ਕਾਰਨ, ਉਹ ‘ਗ਼ਦਰ ਪਾਰਟੀ’ ਦੇ ਮੁੱਖ ਆਗੂਆਂ ਵਿੱਚ ਸ਼ਾਮਲ ਹੋ ਗਿਆ। ਸਰਾਭੇ ਨੇ ‘ਗ਼ਦਰ’ ਦੇ ਪਹਿਲੇ ਪੰਜਾਬੀ ਅੰਕ ਵਿੱਚ ਮਸ਼ਹੂਰ ਨਜ਼ਮ ‘ਪਗੜੀ ਸੰਭਾਲ ਜੱਟਾ’ ਛਾਪੀ ਸੀ। ਗ਼ਦਰ ਅਖਬਾਰ ਦੇ ਪਹਿਲੇ ਸਫੇ ਤੇ ਲਿਖਿਆ ਹੁੰਦਾ ਸੀ ,

ਜੇ ਤਉ ਪ੍ਰੇਮ ਖੇਲਨ ਕਾ ਚਾਉ,
ਸਿਰ ਧਰ ਤਲੀ ਗਲੀ ਮੇਰੀ ਆਉ।


ਕਰਤਾਰ ਸਿੰਘ ਸਰਾਭਾ ਆਪਣੇ ਕੰਮ ਪ੍ਰਤੀ ਮਿਹਨਤੀ ਅਤੇ ਜਿੰਮੇਵਾਰ ਸੀ।ਅਖਬਾਰ ਦੀ ਕਰੀਬ 2500 ਕਾਪੀ ਛਪਦੀ ਸੀ। ਪੈ੍ਰਸ ਦਾ ਕੰਮ ਕਰਦਿਆਂ ਜਦੋਂ ਉਹ ਥੱਕ ਜਾਂਦਾ ਤਾਂ ਅਕਸਰ ਇਹ ਗੀਤ ਗੁਣਗੁਣਾਇਆ ਕਰਦਾ ਸੀ ,

ਸੇਵਾ ਦੇਸ਼ ਦੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲ਼ੀਆਂ ਨੇ ।


ਉਹ ਮਾਤ ਭਾਸ਼ਾ ਦਾ ਮਹੱਤਵ ਸਵੀਕਾਰਦਾ ਸੀ।

‘ਗ਼ਦਰ’ ਅਖਬਾਰ’ ਵਿੱਚ ਛਪਦੀਆਂ ਕਵਿਤਾਵਾਂ ਵਿੱਚੋਂ ਜਿਆਦਾਤਰ ਕਵਿਤਾਵਾਂ ਉਸਦੀਆਂ ਆਪਣੀਆਂ ਹੀ ਰਚਨਾਵਾਂ ਹੁੰਦੀਆਂ , ਬੇਸ਼ਕ ਉਹ ਗੁੰਮਨਾਮ ਛਪਦੀਆਂ ਸਨ। ਉਸਦੀ ਕਵਿਤਾ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਗ਼ਦਰੀਆਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ। ਉਸਦੇ ਇਸ ਕੰਮ ਕਰਕੇ ਭਗਤ ਸਿੰਘ ਵੀ ਉਸ ਨੂੰ ਆਪਣਾ ਪ੍ਰੇਰਨਾ ਸ੍ਰੋਤ ਮੰਨਦਾ ਸੀ। ਬਾਬਾ ਸੋਹਣ ਸਿੰਘ ਭਕਨਾ ਉਸਨੂੰ ‘ਬਾਲ ਜਰਨੈਲ’ ਕਹਿੰਦੇ ਹੰੁਦੇ ਸਨ। ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਲਿਖਦੇ ਹਨ,

ਕਰਤਾਰ ਸਿੰਘ ਸਰਾਭਾ ਜਵਾਨੀ ਦੀ ਊਰਜਾ ਨਾਲ ਭਰਿਆ ਹੋਇਆ ਸੀ। ਉਸਨੂੰ ਕੰੰਮ ਦਾ ਸੁਦਾਅ ਸੀ। ਤੇ ਕਿੰਨੇ ਵੀ ਔਖੇ ਕੰਮ ਲਈ ਉਹ ਖੁਦ ਨੂੰ ਸਭ ਤੋਂ ਪਹਿਲਾਂ ਪੇਸ਼ ਕਰਦਾ ਸੀ। ਬਰਕਲੇ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਉਸਨੇ ਵਿਦਿਆਰਥੀਆਂ ਦਾ ਇੱਕ ਪ੍ਰਤੀਬੱਧ ਟੋਲਾ ਤਿਆਰ ਕੀਤਾ। ਜਦੋਂ ਲਾਲਾ ਹਰਦਿਆਲ ਅਮਰੀਕਾ ਪੁੱਜਾ, ਸਰਾਭੇ ਨੇ ਉਸਨੂੰ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਬੁਲਾਇਆ ਆਪਣੇ ਅਮਰੀਕੀ ਦੌਰੇ ਦੌਰਾਨ ਉਹ ਭਾਈ ਪਰਮਾਨੰਦ ਨੂੰ ਵੀ ਮਿਲਿਆ ਸੀ।

ਗ਼ਦਰ ਪਾਰਟੀ 1913 ਵਿੱਚ ਅਮਰੀਕਾ ਵਿੱਚ ਬੁਲਾਈ ਗਈ ਸੀ ਤੇ ਇਸ ਨੇ ਫਰਾਂਸੀਸੀ ਇਨਕਲਾਬ ਦੇ ਆਜ਼ਾਦੀ, ਭਾਈਚਾਰਾ ਅਤੇ ਬਰਾਬਰੀ ਦੇ ਨਾਅਰਿਆਂ ਨੂੰ ਅਪਣਾਇਆ ਸੀ। ਕਰਤਾਰ ਸਿੰਘ ਸਰਾਭਾ ਵੀ ਪੂਰੇ ਜੋਸ਼ ਨਾਲ ਖੁਸ਼ੀ-ਖੁਸ਼ੀ ਇਸਦੀਆਂ ਸਰਗਰਮੀਆਂ ਵਿੱਚ ਸਾਮਿਲ ਹੋ ਗਿਆ। ਗ਼ਦਰ-ਪਾਰਟੀ ਦੇ ਹਫਤਾਵਾਰੀ ਪਰਚੇ ‘ਗ਼ਦਰ’ ਦੀ ਪ੍ਰਕਾਸ਼ਨ ਦਾ ਪੂਰਾ ਕੰਮ ਵਿਦਿਆਰਥੀਆਂ ਨੇ ਸਾਂਭ ਲਿਆ ਤੇ ਇੱਥੇ ਹੀ ਉਸ ਦੀ ਸ਼ਾਨਦਾਰ ਜਥੇਬੰਦਕ ਸਮਰੱਥਾ ਸਭਦੇ ਸਾਹਮਣੇ ਆਈ। ਉਸ ਨੇ ਕਵਿਤਾਵਾਂ ਲਿਖੀਆਂ, ਪ੍ਰੈਸ ਵਿੱਚ ਕੰਮ ਕੀਤਾ। ਅਤੇ ਦੂਰ-ਦੁਰਾਜ ਦੇ ਦੇਸ਼ਾਂ ਵਿੱਚ ਪਰਚਾ ਭੇਜਣ ਦੇ ਕੰਮ ਵਿੱਚ ਜੁਟਿਆ ਰਿਹਾ।ਉਸਦੀ ਇੰਜੀਨੀਅਰਿੰਗ ਦੀ ਜਾਣਕਾਰੀ ਦੇਖਦਿਆਂ ਗ਼ਦਰ ਪਾਰਟੀ ਨੇ ਉਸ ਨੂੰ ਜਹਾਜ ਉਡਾਣ ਦੀ ਸਖਲਾਈ ਲੈਣ ਲਈ ਚੁਣਿਆ।

ਭਾਰਤ ਆ ਕੇ ਵੀ ਉਹ ਗ਼ਦਰੀ ਸਾਹਿਤ ਛਾਪ ਕੇ ਵੰਡਣ ਦਾ ਕੰਮ ਕਰਦਾ ਰਿਹਾ ਉਸ ਨੇ ‘ਗ਼ਦਰ’, ‘ਗ਼ਦਰ ਦੀ ਗੂੰਜ’ ਅਤੇ ‘ਐਲਾਨ ਏ ਜੰਗ’ ਹੋਰ ਪੈਂਫਲਿਟ ਛਪਵਾ ਕੇ ਵੰਡੇ। ਗਿਰਫਤਾਰੀ ਸਮੇਂ ਵੀ ਉਹ ਇੱਕੱਠੇ ਹੋਏ ਲੋਕਾਂ ਨੂੰ ‘ਗ਼ਦਰ ਦੀ ਗੂੰਜ’ ਵਿੱਚੋਂ ਕਵਿਤਾਵਾਂ ਸੁਣਾ ਰਿਹਾ ਸੀ। ਜਿਸ ਦਿਨ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਹੋਈ ਸੀ ਸਵੇਰੇ ਨਾਲ ਵਾਲੀ ਕੋਠੜੀ ਤੋਂ ਪੰਡਿਤ ਪਰਮਾਨੰਦ ਝਾਂਸੀ ਦੇ ਇਹ ਪੁੱਛਣ ਤੇ ਕਿ ‘ਕਰਤਾਰ ਸਿੰਘ ਕੀ ਕਰ ਰਿਹਾ ਹੈਂ ?”

“ਇਕ ਕਵਿਤਾ ਲਿਖ ਰਿਹਾ ਹਾਂ”। ਸਰਾਭੇ ਨੇ ਜਵਾਬ ਦਿੱਤਾ।

ਇਸ ਤਰ੍ਹਾਂ ਉਹ ਆਪਣੇ ਜ਼ਿੰਦਗੀ ਦਾ ਹਰ-ਪਲ ਦੇਸ਼ ਦੇ ਲੇਖੇ ਲਾਉਣਾ ਚਾਹੁੰਦਾ ਸੀ। ਗ਼ਦਰ ਅਖਬਾਰ ਅਤੇ ਹੋਰ ਸਾਹਿਤ ਛਾਪਣ ਵਿੱਚ ਕਰਤਾਰ ਸਿੰਘ ਦਾ ਵਡਮੁੱਲਾ ਯੋਗਦਾਨ ਸੀ। ਉਹ ਨਾ ਸਿਰਫ ਗ਼ਦਰ ਲਹਿਰ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ, ਸਗੋਂ ਪੰਜਾਬੀ ਪੱਤਰਕਾਰੀ ਦਾ ਵੀ ਪਹਿਲਾ ਸ਼ਹੀਦ ਸੀ।

ਅੱਜ ਜਦੋਂ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸਤਾਬਦੀ ਮੌਕੇ ਅਸੀਂ ਉਸ ਨੂੰ ਯਾਦ ਕਰ ਰਹੇ ਹਾਂ, ਤਾਂ ਨੌਜ਼ਵਾਨ ਪੀੜ੍ਹੀ ਨੂੰ ਬਦਲਵੀਆਂ ਹਾਲਤਾਂ ‘ਚ ਗ਼ਦਰੀ ਸੂਰਵੀਰਾਂ ਦੀ ਵਚਨਬੱਧਤਾ, ਕੁਰਬਾਨੀ, ਸਾਦਗੀ ਤੇ ਲਗਾਤਾਰ ਵਿਕਸਤ ਹੰੁਦੀ ਰਹੀ ਲੋਕ ਪੱਖੀ ਵਿਚਾਰਧਾਰਾ ਨੂੰ ਮਨਾਂ ਵਿੱਚ ਵਸਾਉਣਾ ਚਾਹੀਦਾ ਹੈ।

ਜੇ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੇਨਾ ਬਾਗੀ ਹੈ ਨਾਮ ਅਪਨਾ
ਜੁਲਮ ਮਿਟਾਨਾ ਹਮਾਰਾ ਪੇਸ਼ਾ, ਗ਼ਦਰ ਕਰਨਾ ਹੈ ਕਾਮ ਅਪਨਾ।
ਨਮਾਜ ਸੰਧਿਆ ਜਿਹੀ ਹਮਾਰੀ ਅੋਰ ਪੂਜਾ ਪਾਠ ਸਭੀ ਯਹੀ ਹੈ,
ਧਰਮ ਕਰਮ ਯਹੀ ਹੈ ਹਮਾਰਾ, ਯਹੀ ਖੁਦਾ ਹੈ ਔਰ ਰਾਮ ਅਪਨਾ।


ਸੰਪਰਕ: +91 98556 95905

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ