ਇਹੋ ਜਿਹਾ ਸੀ ਸਾਡਾ ਪਿਆਰਾ ਸਾਥੀ ਸਤਨਾਮ -ਬੂਟਾ ਸਿੰਘ
Posted on:- 24-05-2016
ਸਾਡੇ ਪਿਆਰੇ ਸਾਥੀ ਸਤਨਾਮ ਜੋ ਇਕ ਰੌਸ਼ਨਖ਼ਿਆਲ ਇਨਕਲਾਬੀ, ਜ਼ਹੀਨ ਬੁੱਧੀਜੀਵੀ ਅਤੇ ਸਭ ਤੋਂ ਵੱਧ ਇਕ ਜ਼ਿੰਦਾਦਿਲ ਇਨਸਾਨ ਸਨ, ਦੀ ਦਰਦਨਾਕ ਮੌਤ ਨਾਲ ਪੰਜਾਬ ਦੀ ਫ਼ਿਜ਼ਾ ਇਸ ਵਕਤ ਡਾਹਢੀ ਸੋਗਵਾਰ ਹੈ ਜਿਸਨੇ 28 ਅਪ੍ਰੈਲ ਨੂੰ ਆਪਣੇ ਪਟਿਆਲਾ ਸਥਿਤ ਘਰ ਵਿਚ ਖ਼ੁਦਕੁਸ਼ੀ ਕਰ ਲਈ।
ਅੰਮਿ੍ਰ੍ਰਤਸਰ ਦੇ ਇਕ ਪਿਛੜੇ ਵਰਗ ਦੇ ਪਰਿਵਾਰ ਦੇ ਜੰਮਪਲ ਸਤਨਾਮ ਬਹੁਤ ਹੀ ਰੌਸ਼ਨਖ਼ਿਆਲ, ਚਿੰਤਨਸ਼ੀਲ ਅਤੇ ਮਨੁੱਖਤਾਵਾਦੀ ਸ਼ਖਸੀਅਤ ਸਨ। ਬਹੁਤ ਥੋੜ੍ਹੇ ਲੋਕ ਜਾਣਦੇ ਸਨ ਕਿ ਉਨ੍ਹਾਂ ਦਾ ਅਸਲ ਨਾਂ ਗੁਰਮੀਤ ਸੀ। ਇਨਕਲਾਬੀ ਲਹਿਰ ਵਿਚ ਕੰਮ ਕਰਦਿਆਂ ਉਹ ਕਾ. ਸਤਨਾਮ ਦੇ ਤੌਰ ’ਤੇ ਜਾਣੇ ਗਏ।
1970ਵਿਆਂ ਦੇ ਸ਼ੁਰੂ ਵਿਚ ਖ਼ਾਲਸਾ ਕਾਲਜ ਵਿਚ 12ਵੀਂ ਦੀ ਪੜ੍ਹਾਈ ਵਿਚ ਪੈਰ ਧਰਦਿਆਂ ਹੀ ਉਹ ਨਕਸਲਬਾੜੀ ਲਹਿਰ ਵਿਚ ਕੁੱਦ ਗਏ ਸਨ। ਫਿਰ ਉਨ੍ਹਾਂ ਨੇ ਪਿੱਛੇ ਮੁੜਕੇ ਨਹੀਂ ਦੇਖਿਆ। ਇਕ ਕਮਿੳੂਨਿਸਟ ਕੁਲਵਕਤੀ ਵਜੋਂ ਉਨ੍ਹਾਂ ਨੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਵਿਚ ਲੰਮਾ ਸਮਾਂ ਕੰਮ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਮਿਹਨਤਕਸ਼ ਲੋਕਾਂ ਨੂੰ ਜਮਾਤੀ ਲੜਾਈ ਵਿਚ ਲਾਮਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸਗੋਂ ਦਲਿਤਾਂ, ਕੌਮੀਅਤਾਂ ਅਤੇ ਧਾਰਮਿਕ ਘੱਟਗਿਣਤੀਆਂ ਦੇ ਸਵਾਲਾਂ ਉੱਪਰ ਵੀ ਨਿੱਠਕੇ ਕੰਮ ਕੀਤਾ। ਆਪਣੀ ਬਿ੍ਰਧ ਮਾਤਾ ਦੀ ਸਾਂਭ-ਸੰਭਾਲ ਵਿਚ ਮਸਰੂਫ਼ੀਅਤ ਦੇ ਕੁਝ ਸਾਲਾਂ ਨੂੰ ਛੱਡਕੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਾਢੇ ਚਾਰ ਦਹਾਕੇ ਸਰਗਰਮੀ ਨਾਲ ਕੰਮ ਕੀਤਾ।
ਉਨ੍ਹਾਂ ਨੇ ਕਸ਼ਮੀਰ ਵਿਚ ਹਿੰਦੁਸਤਾਨ ਫ਼ੌਜ ਵਲੋਂ ਢਾਹੇ ਜਾ ਰਹੇ ਜਬਰ ਵਿਰੁੱਧ ਮੁਹਿੰਮਾਂ ਵਿਚ ਹਿੱਸਾ ਲਿਆ। ਜਦੋਂ ਗੁਜਰਾਤ ਵਿਚ ਮੋਦੀ ਸਰਕਾਰ ਵਲੋਂ ਮੁਸਲਮਾਨਾਂ ਦੀ ਕਤਲੋਗ਼ਾਰਤ ਕੀਤੀ ਗਈ ਉਨ੍ਹਾਂ ਨੇ ਮੁਲਕ ਪੱਧਰ ’ਤੇ ਹੋਰ ਜਮਹੂਰੀ ਕਾਰਕੁਨਾਂ ਨਾਲ ਮਿਲਕੇ ਇਸ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ ਅਤੇ ਮੁਸਲਿਮ ਘੱਟਗਿਣਤੀ ਜਥੇਬੰਦੀਆਂ ਤੇ ਜਮਹੂਰੀ ਜਥੇਬੰਦੀਆਂ ਨੂੰ ਮਿਲਕੇ ਇਸ ਹਮਲੇ ਦਾ ਵਿਰੋਧ ਕਰਨ ਲਈ ਪ੍ਰੇਰਿਆ। ਜਦੋਂ ਕੁਲ ਦੁਨੀਆ ਦੇ ਸੋਧਵਾਦੀਆਂ ਅਤੇ ਸਾਮਰਾਜੀ ਫੰਡ ਪ੍ਰਾਪਤ ਗ਼ੈਰਸਰਕਾਰੀ ਜਥੇਬੰਦੀਆਂ (ਐੱਨ.ਜੀ.ਓ.) ਵਲੋਂ ਮੁੰਬਈ ਵਿਚ ‘ਵਰਲਡ ਸੋਸ਼ਲ ਫੋਰਮ’ ਰੱਖਿਆ ਗਿਆ ਤਾਂ ਸਤਨਾਮ ਇਸਦੇ ਮੁਕਾਬਲੇ ’ਤੇ ਸਾਮਰਾਜਵਾਦ ਵਿਰੋਧੀ ਇਨਕਲਾਬੀ ਟਾਕਰਾ ਮੰਚ, ਮੁੰਬਈ ਰਜ਼ਿਸਟੈਂਸ-2004 ਨੂੰ ਜਥੇਬੰਦ ਕਰਨ ਵਾਲਿਆਂ ਵਿਚ ਸ਼ਾਮਲ ਸਨ। ਉਨ੍ਹਾਂ ਦੇ ਬਹੁਤ ਸਾਰੇ ਮੁਲਕਾਂ ਦੇ ਕੌਮਾਂਤਰੀ ਡੈਲੀਗੇਟਾਂ ਨਾਲ ਆਦਾਨ-ਪ੍ਰਦਾਨ ਅਤੇ ਉਨ੍ਹਾਂ ਦੇ ਸਿਆਸੀ ਪ੍ਰੋਗਰਾਮ ਤੇ ਸੰਘਰਸ਼ਾਂ ਦੇ ਅਨੁਭਵਾਂ ਨੂੰ ਇੰਟਰਵਿੳੂਆਂ ਦੀ ਸ਼ਕਲ ਵਿਚ ਕਲਮਬੰਦ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਇਸ ਪਿੱਛੋਂ ਮੁੰਬਈ ਰਜ਼ਿਸਟੈਂਸ ਦੇ ਮੰਚ ਉੱਪਰ ਜੁੜੀਆਂ ਸਾਡੇ ਮੁਲਕ ਦੀਆਂ ਜਥੇਬੰਦੀਆਂ ਨੂੰ ਲੈਕੇ ਅਕਤੂਬਰ 2004 ਵਿਚ ਕਲਕੱਤਾ ਕਨਵੈਨਸ਼ਨ ਵਿਚ ਸਾਮਰਾਜਵਾਦ ਵਿਰੋਧੀ ਮੰਚ, ਪੀਪਲਜ਼ ਮੂਵਮੈਂਟ ਅਗੇਂਸਟ ਇੰਪੀਰੀਅਲਿਜ਼ਮ, ਬਣਾਇਆ ਗਿਆ। ਜਿਸ ਵਿਚ ਉਨ੍ਹਾਂ ਨੂੰ ਆਲ ਇੰਡੀਆ ਕਮੇਟੀ ਦੇ ਮੈਂਬਰ ਲਿਆ ਗਿਆ। ਇਸ ਲਹਿਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਦਲਿਤ ਅਤੇ ਘੱਟਗਿਣਤੀਆਂ ਦੇ ਸਵਾਲਾਂ ਉੱਪਰ ਇਨਕਲਾਬੀ-ਜਮਹੂਰੀ ਨਜ਼ਰੀਏ ਤੋਂ ਕੰਮ ਕਰਨ ਲਈ ਬਰੇਲੀ, ਨਾਗਪੁਰ ਅਤੇ ਦਿੱਲੀ ਵਿਚ ਪ੍ਰਭਾਵਸ਼ਾਲੀ ਕਨਵੈਨਸ਼ਨਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਾਥੀ ਸਤਨਾਮ ਦੀ ਮੁੱਖ ਭੂਮਿਕਾ ਸੀ। ਜੁਲਾਈ 2006 ਵਿਚ ਜਦੋਂ ਪੀਪਲਜ਼ ਡੈਮੋਕਰੇਟਿਕ ਫਰੰਟ ਆਫ ਇੰਡੀਆ ਬਣਾਇਆ ਗਿਆ ਉਹ ਇਸ ਦੀ ਆਗੂ ਟੀਮ ਵਿਚ ਸ਼ਾਮਲ ਹੋਏ। ਇਸ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਪਟਿਆਲਾ ਵਿਚ ਅਗਸਤ 2007 ਵਿਚ ਕੁਲ ਹਿੰਦ ਪੱਧਰ ਦੀ ‘ਕਿਸਾਨ ਪੰਚਾਇਤ’ ਆਯੋਜਤ ਕੀਤੀ ਗਈ ਜਿਸ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਚਲਾਈ ਮੁਹਿੰਮ ਵਿਚ ਕਈ ਤਰ੍ਹਾਂ ਦੇ ਯੋਗਦਾਨ ਦੇ ਨਾਲ-ਨਾਲ ਉਨ੍ਹਾਂ ਨੇ ਬਹੁਤ ਸਾਰੇ ਪੇਪਰਾਂ ਦਾ ਅਨੁਵਾਦ ਕਰਨ ਵਿਚ ਕਾਫ਼ੀ ਸਹਾਇਤਾ ਕੀਤੀ। ਉਹ ਪੀ.ਡੀ.ਐੱਫ.ਆਈ. ਬੁਲੇਟਿਨ ਕੱਢਣ ਵਿਚ ਵੀ ਕਾਫ਼ੀ ਸਹਾਇਤਾ ਕਰਦੇ ਸਨ। ਇਸ ਵਿਚ ਉਨ੍ਹਾਂ ਦੀਆਂ ਚਾਰ ਕਵਿਤਾਵਾਂ ਦੀ ਛਪੀਆਂ ਜੋ ਬਸਤਰ ਦੇ ਆਦਿਵਾਸੀਆਂ ਬਾਰੇ ਹਨ।
ਚਾਹੇ ਸਾਡੇ ਮੁਲਕ ਦੇ ਅੰਦਰ ਦਲਿਤਾਂ, ਔਰਤਾਂ, ਕੌਮੀਅਤਾਂ, ਅਤੇ ਧਾਰਮਿਕ ਘੱਟਗਿਣਤੀਆਂ ਉੱਪਰ ਜਬਰ ਸੀ ਜਾਂ ਆਦਿਵਾਸੀਆਂ ਨੂੰ ਉਜਾੜਨ ਲਈ ਸਲਵਾ ਜੁਡਮ ਅਤੇ ਹੋਰ ਨਾਂਵਾਂ ਹੇਠ ਹਕੂਮਤੀ ਦਹਿਸ਼ਤਗਰਦ ਹਮਲੇ ਸਨ, ਸਾਥੀ ਸਤਨਾਮ ਦੱਬੇਕੁਚਲੇ ਹਿੱਸਿਆਂ ਦੇ ਹੱਕਾਂ ਲਈ ਅਤੇ ਹਰ ਤਰ੍ਹਾਂ ਦੇ ਪਿਛਾਖੜੀ ਜਬਰ ਵਿਰੁੱਧ ਆਵਾਜ਼ ਉਠਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਵਾਲਿਆਂ ਵਿਚ ਹਮੇਸ਼ਾ ਅੱਗੇ ਹੋਕੇ ਲੜਦੇ ਸਨ।
ਜਦੋਂ ਸਤੰਬਰ 2009 ਵਿਚ ਕਾਂਗਰਸ ਦੀ ਕੇਂਦਰੀ ਸਰਕਾਰ ਵਲੋਂ ਭਰੂਣ ਇਨਕਲਾਬੀ ਮਾਡਲ ਨੂੰ ਤਬਾਹ ਕਰਨ ਅਤੇ ਜੰਗਲਾਂ ਦੇ ਕੁਦਰਤੀ ਵਸੀਲੇ ਸਾਮਰਾਜੀ ਤੇ ਸਾਡੇ ਮੁਲਕ ਦੀਆਂ ਵੱਡੀਆਂ ਸਰਮਾਏਦਾਰ ਕੰਪਨੀਆਂ ਦੇ ਹਵਾਲੇ ਕਰਨ ਲਈ ‘ਅਪਰੇਸ਼ਨ ਗ੍ਰੀਨ ਹੰਟ’ ਵਿੱਢ ਦਿੱਤਾ ਗਿਆ ਤਾਂ ਮੁਲਕ ਪੱਧਰ ’ਤੇ ਅਤੇ ਪੰਜਾਬ ਵਿਚ ਸਮੂਹ ਜਮਹੂਰੀ ਤਾਕਤਾਂ ਤੇ ਬੁੱਧੀਜੀਵੀਆਂ ਨੂੰ ਇਸ ਨਹੱਕੀ ਜੰਗ ਦੇ ਖ਼ਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਨ ਵਿਚ ਸਤਨਾਮ ਮੋਹਰੀ ਸਨ। ਉਨ੍ਹਾਂ ਨੇ ਸਾਥੀਆਂ ਨਾਲ ਮਿਲਕੇ ਪੰਜਾਬੀ ਅਤੇ ਅੰਗਰੇਜ਼ੀ ਵਿਚ ਇਕ ਅਪੀਲ ਜਾਰੀ ਕੀਤੀ ਜੋ ਸਪੈਨਿਸ਼, ਇਤਾਲਵੀ ਤੇ ਹੋਰ ਜ਼ੁਬਾਨਾਂ ਵਿਚ ਅਨੁਵਾਦ ਹੋਕੇ ਦੁਨੀਆ ਭਰ ਦੀਆਂ ਜਮਹੂਰੀ ਤੇ ਇਨਕਲਾਬੀ ਤਾਕਤਾਂ ਦੇ ਹੱਥਾਂ ਵਿਚ ਪਹੁੰਚੀ। ਚਾਹੇ ਕਸ਼ਮੀਰ ਜਾਂ ਉੱਤਰ ਪੂਰਬ ਵਿਚ ਬਣਾਏ ਜਾ ਰਹੇ ਫਰਜ਼ੀ ਪੁਲਿਸ ਮੁਕਾਬਲੇ ਸਨ, ਜਾਂ ਚੋਟੀ ਦੇ ਮਾਓਵਾਦੀ ਆਗੂਆਂ ਆਜ਼ਾਦ ਤੇ ਕਿਸ਼ਨਜੀ ਅਤੇ ਹੋਰ ਆਗੂਆਂ ਤੇ ਕਾਰਕੁਨਾਂ ਨੂੰ ਫੜਕੇ ਕਤਲ ਕਰਨ ਜਾਂ ਸਰਕਾਰੀ ਤਾਕਤਾਂ ਵਲੋਂ ਬਦਲਾਲੳੂ ਕਾਰਵਾਈਆਂ ਵਿਚ ਬੇਕਸੂਰ ਆਦਿਵਾਸੀਆਂ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ ਸਨ ਉਨ੍ਹਾਂ ਨੇ ਇਸ ਰਾਜਕੀ ਦਹਿਸ਼ਤਗਰਦ ਵਰਤਾਰੇ ਦੇ ਖ਼ਿਲਾਫ਼ ਡੱਟਕੇ ਆਵਾਜ਼ ਉਠਾਈ। ਪੰਜਾਬ ਵਿਚ ਜਦੋਂ ਖ਼ਾਲਸਤਾਨੀ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦੇ ਵਿਰੋਧ ਵਿਚ ਵਿਆਪਕ ਆਵਾਜ਼ ਉੱਠੀ ਤਾਂ ਸਤਨਾਮ ਵਲੋਂ ਪਹਿਲਕਦਮੀ ਲੈਕੇ ਵੱਖ-ਵੱਖ ਤਾਕਤਾਂ ਨੂੰ ਨਾਲ ਲੈਕੇ ਇਸ ਮੁੱਦੇ ਉੱਪਰ ਸਾਂਝੇ ਵਿਰੋਧ ਪ੍ਰਦਰਸ਼ਨ ਦੀ ਸ਼ਕਲ ’ਚ ਵਿਸ਼ਾਲ ਲਾਮਬੰਦੀ ਕੀਤੀ ਗਈ।
ਉਨ੍ਹਾਂ ਨੇ ਮਾਰਕਸਵਾਦੀ ਸਿਧਾਂਤਕ ਸਾਹਿਤ ਅਤੇ ਸੰਸਾਰ ਸਾਹਿਤ ਨੂੰ ਨਿੱਠਕੇ ਪੜ੍ਹਿਆ ਹੋਇਆ ਸੀ ਜਿਸਦਾ ਸਬੂਤ ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ਹੈ ਜਿਸ ਵਿਚ ਦੁਨੀਆ ਦੀਆਂ ਵੰਨ-ਸੁਵੰਨੀਆਂ ਬਿਹਤਰੀਨ ਕਿਤਾਬਾਂ ਮੌਜੂਦ ਹਨ।
ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਬਰਾਬਰ ਮੁਹਾਰਤ ਰੱਖਦੇ ਕਲਮ ਦੇ ਧਨੀ ਸਨ। ਉਨ੍ਹਾਂ ਨੇ ਮਾਓਵਾਦੀ ਲਹਿਰ ਪੱਖੀ ਮਸ਼ਹੂਰ ਅੰਗਰੇਜ਼ੀ ਰਸਾਲੇ ‘ਪੀਪਲਜ਼ ਮਾਰਚ’, ਕਲਕੱਤਾ ਤੋਂ ਪ੍ਰਕਾਸ਼ਤ ਹੁੰਦੇ ‘ਟੁਵਾਰਡ ਏ ਨਿੳੂ ਡਾਅਨ’, ਜੈਕਾਰਾ, ਸੁਲਗਦੇ ਪਿੰਡ, ਲੋਕ ਕਾਫ਼ਲਾ, ਲਾਲ ਪਰਚਮ ਵਰਗੇ ਮੁਤਬਾਦਲ ਇਨਕਲਾਬੀ ਸਿਆਸਤ ਦੇ ਤਰਜ਼ਮਾਨ ਰਸਾਲਿਆਂ ਦੀਆਂ ਸੰਪਾਦਕੀ ਟੀਮਾਂ ਵਿਚ ਸ਼ਾਮਲ ਹੋਕੇ ਕੰਮ ਕੀਤਾ। ਪੀਪਲਜ਼ ਰਜਿਸਟਂੈਸ ਤੇ ਜਨ ਪ੍ਰਤੀਰੋਧ ਦੇ ਉਹ ਸੰਪਾਦਕ ਵੀ ਰਹੇ। ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਇਨਕਲਾਬ ਲਿਆਉਣ ਦੀ ਲੋੜ ਦੀ ਵਜਾਹਤ ਕਰਦਿਆਂ ਉਨ੍ਹਾਂ ਨੇ ਆਦਿਵਾਸੀਆਂ, ਦਲਿਤਾਂ, ਔਰਤਾਂ, ਕੌਮੀਅਤਾਂ, ਧਾਰਮਿਕ ਘੱਟਗਿਣਤੀਆਂ ਦੇ ਹੱਕ ਵਿਚ ਅਤੇ ਹਿੰਦੁਸਤਾਨੀ ਸਟੇਟ ਵਲੋਂ ਢਾਹੇ ਜਾ ਰਹੇ ਫਾਸ਼ੀਵਾਦੀ ਜਬਰ ਦੇ ਵਿਰੋਧ ਵਿਚ ਡੱਟਕੇ ਕਲਮ ਚਲਾਈ। ਕੌਮਾਂਤਰੀ ਮਾਮਲਿਆਂ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਅਤੇ ਮਜ਼ਬੂਤ ਪਕੜ ਸੀ। ਇਨ੍ਹਾਂ ਸਵਾਲਾਂ ਬਾਰੇ ਉਨ੍ਹਾਂ ਨੇ ਜੀ.ਫੈਲੋ ਅਤੇ ਹੋਰ ਵੱਖ-ਵੱਖ ਨਾਂਵਾਂ ਹੇਠ ਵੱਡੀ ਤਾਦਾਦ ’ਚ ਲੇਖ ਲਿਖੇ।
ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਸਾਹਿਤ ਦਾ ਸਿਰਫ਼ ਆਪ ਹੀ ਡੂੰਘਾ ਅਧਿਐਨ ਨਹੀਂ ਕੀਤਾ ਸਗੋਂ ਅਹਿਮ ਕਿਤਾਬਾਂ ਅਤੇ ਲੇਖਾਂ ਦਾ ਅਨੁਵਾਦ ਕਰਕੇ ਅਹਿਮ ਸਾਹਿਤ ਨੂੰ ਪੰਜਾਬੀ ਪਾਠਕਾਂ ਤਕ ਪਹੁੰਚਾਉਣ ਵਿਚ ਵੀ ਉਹ ਖ਼ਾਸ ਰੁਚੀ ਲੈਂਦੇ ਸਨ। ਉਨ੍ਹਾਂ ਨੇ ਸੰਸਾਰ ਪ੍ਰਸਿੱਧ ਨਾਵਲ ‘ਸਪਾਰਟਕਸ’, ਮਾਰਕਸ ਦੀ ‘ਇਕਨਾਮਿਕ ਐਂਡ ਫ਼ਿਲਾਸਫ਼ਿਕ ਮੈਨੂਸ�ਿਪਟ’ ਵਰਗੀਆਂ ਬਹੁਤ ਸਾਰੀਆਂ ਚਰਚਿਤ ਕਿਤਾਬਾਂ ਦਾ ਅਨੁਵਾਦ ਕਰਕੇ ਪੰਜਾਬੀ ਜ਼ੁਬਾਨ ਦੀ ਵਡਮੁੱਲੀ ਸੇਵਾ ਕੀਤੀ ਅਤੇ ‘ਇਕ ਆਰਥਕ ਹਤਿਆਰੇ ਦਾ ਇਕਬਾਲੀਆ ਬਿਆਨ’ ਵਰਗੀ ਮਸ਼ਹੂਰ ਕਿਤਾਬ ਦੇ ਸਹਿ-ਅਨੁਵਾਦ ਦੇ ਤੌਰ ’ਤੇ ਅਹਿਮ ਹਿੱਸਾ ਪਾਇਆ। ਇਨਕਲਾਬੀ ਸ਼ਾਇਰ ਜਗਮੋਹਣ ਜੋਸ਼ੀ ਦੀ ਮੁਕੰਮਲ ਉਰਦੂ ਸ਼ਾਇਰੀ ‘ਪੈਮਾਨੇ-ਇਨਕਲਾਬ’ ਦਾ ਪਲੇਠਾ ਲਿੱਪੀਅੰਤਰ ਕਰਨ ਦਾ ਸਿਹਰਾ ਵੀ ਸਤਨਾਮ ਨੂੰ ਜਾਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਬਾਬਾ ਬੂਝਾ ਸਿੰਘ ਦੀ ਜੀਵਨੀ ਅਤੇ ਕਾ. ਚੈਨ ਸਿੰਘ ਚੈਨ ਦੀ ਸਵੈਜੀਵਨੀ ਵਰਗੀਆਂ ਕਈ ਇਤਿਹਾਸਕ ਕਿਤਾਬਾਂ ਨੂੰ ਪੰਜਾਬ ਤੋਂ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ। ਇਹ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਥੋੜ੍ਹੀ ਜਹੀ ਝਲਕ ਹੈ, ਅਸਲ ਤਸਵੀਰ ਸ਼ਾਇਦ ਹੀ ਕਦੇ ਸਾਹਮਣੇ ਆਵੇ। ਸਾਥੀ ਸਤਨਾਮ ਵਿਸ਼ਵ ਸਾਹਿਤ ਦੇ ਡੂੰਘੇ ਗਿਆਤਾ ਅਤੇ ਠੇਠ ਪੰਜਾਬੀ ਲਫ਼ਜ਼ਾਂ ਦੇ ਇਕ ਚਲਦੇ-ਫਿਰਦੇ ਸ਼ਬਦਕੋਸ਼ ਸਨ ਜਿਸ ਨਾਲ ਥੋੜ੍ਹੀ ਗੱਲਬਾਤ ਕਰਨ ’ਤੇ ਵੰਨ-ਸੁਵੰਨੀ ਜਾਣਕਾਰੀ ਹਾਸਲ ਹੋ ਜਾਂਦੀ ਸੀ।
ਉਨ੍ਹਾਂ ਨੇ ਮਾਓਵਾਦੀ ਲਹਿਰ ਦੇ ਕੇਂਦਰ ‘ਅਬੂਝਮਾੜ’ ਵਿਚ ਚੋਟੀ ਦੇ ਮਾਓਵਾਦੀ ਆਗੂਆਂ ਤੇ ਹਥਿਆਰਬੰਦ ਗੁਰੀਲਿਆਂ ਨਾਲ ਕਈ ਮਹੀਨੇ ਗੁਜ਼ਾਰਕੇ ਇਸ ਲਹਿਰ ਬਾਰੇ ‘ਜੰਗਲਨਾਮਾ’ ਨਾਂ ਦੀ ਬੇਹਤਰੀਨ ਮੌਲਿਕ ਰਚਨਾ ਪੰਜਾਬੀ ਜ਼ੁਬਾਨ ਦੀ ਝੋਲੀ ਪਾਈ। ਇਹ ਕਿਤਾਬ ਉਸ ਖੇਤਰ ਦੇ ਇਨਕਲਾਬੀ ਸੰਘਰਸ਼, ਜੰਗਲ ਦੇ ਚੌਗਿਰਦੇ, ਮਾਓਵਾਦੀ ਗੁਰੀਲਿਆਂ ਦੀ ਰੋਜ਼ਮਰਾ ਜ਼ਿੰਦਗੀ ਅਤੇ ਆਦਿਵਾਸੀ ਜੀਵਨ-ਜਾਂਚ ਦੀ ਹਕੀਕੀ ਤਸਵੀਰ ਦੇ ਨਾਲ-ਨਾਲ ਇਕ ਉੱਚ ਪਾਏ ਦੀ ਸਾਹਿਤਿਕ ਕਿਰਤ ਹੈ ਜਿਸਦੇ ਵਿਸ਼ੇ, ਸ਼ੈਲੀ, ਬੋਲੀ ਅਤੇ ਵਿਧਾ ਦੇ ਨਿਭਾਅ ਨੂੰ ਪੰਜਾਬੀ ਪਾਠਕਾਂ ਤੇ ਆਲੋਚਕਾਂ ਵਲੋਂ ਬਹੁਤ ਸਲਾਹਿਆ ਗਿਆ। ਇਹ ਕਿਤਾਬ ਐਨੀ ਮਕਬੂਲ ਹੋਈ ਕਿ ਅੰਗਰੇਜ਼ੀ ਅਤੇ ਹੋਰ ਕਈ ਹਿੰਦੁਸਤਾਨੀ ਜ਼ੁਬਾਨਾਂ ਵਿਚ ਅਨੁਵਾਦ ਹੋਕੇ ਲੇਖਕ ਨੂੰ ‘ਜੰਗਲਨਾਮਾ’ ਤਖ਼ੱਲਸ ਦੇ ਰੂਪ ਵਿਚ ਨਿਆਰੀ ਪਛਾਣ ਦੇ ਗਈ। ਲੇਖਿਕਾ ਅਰੁੰਧਤੀ ਰਾਇ ਦੱਸਦੀ ਹੈ ਕਿ ਉਸਨੂੰ ਬਸਤਰ ਦੇ ਜੰਗਲਾਂ ਵਿਚ ਜਾਕੇ ਮਾਓਵਾਦੀ ਲਹਿਰ ਨੂੰ ਸਮਝਣ ਲਈ ਸਤਨਾਮ ਦੇ ਇਸੇ ‘ਜੰਗਲਨਾਮਾ’ ਨੇ ਪ੍ਰੇਰਿਆ ਸੀ।
ਸਾਥੀ ਸਤਨਾਮ ਕਮਿਊਨਿਸਟ ਲਹਿਰ ਦੀਆਂ ਸਿਆਸੀ ਤੇ ਸਿਧਾਂਤਕ ਕੰਮਜ਼ੋਰੀਆਂ ਦੀ ਬੇਬਾਕ ਆਲੋਚਨਾ ਕਰਦੇ ਸਨ ਅਤੇ ਇਸ ਦੀ ਖੜੋਤ ਤੋਂ ਕਾਫ਼ੀ ਪ੍ਰੇਸ਼ਾਨ ਸਨ। ਪਰ ਆਖ਼ਰੀ ਸਾਹਾਂ ਤਕ ਉਨ੍ਹਾਂ ਦਾ ਮਾਰਕਸਵਾਦੀ ਵਿਚਾਰਧਾਰਾ ਵਿਚ ਅਡੋਲ ਭਰੋਸਾ ਸੀ।
ਆਖ਼ਿਰਕਾਰ ਪਰਿਵਾਰਕ ਰਿਸ਼ਤਿਆਂ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਸਮੱਸਿਆਵਾਂ ਅਤੇ ਲਹਿਰ ਦੀਆਂ ਸਿਆਸੀ ਕਮਜ਼ੋਰੀਆਂ ਨਾਲ ਜੂਝਦਿਆਂ ਸਾਡਾ ਇਹ ਪਿਆਰਾ ਸਾਥੀ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ 64 ਸਾਲ ਦੀ ਉਮਰ ਵਿਚ ਇਸ ਫ਼ਾਨੀ ਦੁਨੀਆ ਨੂੰ ਖ਼ੁਦ ਹੀ ਅਲਵਿਦਾ ਕਹਿ ਗਿਆ। ਦੂਜਿਆਂ ਨੂੰ ‘ਖ਼ੁਦਕੁਸ਼ੀਆਂ ਨਹੀਂ ਸੰਗਰਾਮ’ ਦਾ ਹੋਕਾ ਦੇਣ ਵਾਲੇ ਇਸ ਜ਼ਹੀਨ ਲੇਖਕ ਤੇ ਕਾਰਕੁੰਨ ਨੇ ਸਾਡੇ ਦੌਰ ਦੇ ਜ਼ਾਲਮ ਯਥਾਰਥ ਅੱਗੇ ਹਥਿਆਰ ਸੁੱਟਕੇ ਇਹ ਕਦਮ ਕਿਵੇਂ ਪੁੱਟ ਲਿਆ, ਇਹ ਸਵਾਲ ਅੱਜ ਹਰ ਚਿੰਤਨਸ਼ੀਲ ਇਨਸਾਨ ਦੇ ਜ਼ਿਹਨ ਨੂੰ ਤਿੱਖੀ ਸੂਲ ਵਾਂਗ ਚੁਭ ਰਿਹਾ ਹੈ।
28 ਅਪ੍ਰੈਲ ਨੂੰ ਉਨ੍ਹਾਂ ਦੇ ਸੰਗੀ-ਸਾਥੀਆਂ, ਦੋਸਤਾਂ, ਪਰਿਵਾਰਕ ਜੀਆਂ ਅਤੇ ਸ਼ੁਭਚਿੰਤਕਾਂ ਵਲੋਂ ਆਪਣੇ ਇਸ ਅਜ਼ੀਜ਼ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਯਾਦ ਵਿਚ 8 ਮਈ ਨੂੰ ਪਟਿਆਲਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾ ਰਿਹਾ ਹੈ। ਇਸ ਪਿਆਰੇ ਸਾਥੀ ਦਾ ਸਦੀਵੀ ਵਿਛੋੜਾ ਅਦਾਰਾ ‘ਲੋਕ ਕਾਫ਼ਲਾ’ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ‘ਸੁਲਗਦੇ ਪਿੰਡ’ ਦੀ ਸੰਪਾਦਕੀ ਟੀਮ ਵਿਚ ਅਤੇ ‘ਲੋਕ ਕਾਫ਼ਲਾ’ ਦੇ ਸਲਾਹਕਾਰ ਵਜੋਂ ਉਨ੍ਹਾਂ ਦਾ ਖ਼ਾਸ ਯੋਗਦਾਨ ਸੀ। ਜਦੋਂ ਤਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਜੰਗ ਚਲਦੀ ਰਹੇਗੀ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਅੰਗ-ਸੰਗ ਰਹਿਣਗੀਆਂ। ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ਼ ਨੂੰ ਕਾਮਯਾਬੀ ਦੇ ਮੁਕਾਮ ’ਤੇ ਲਿਜਾਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਅਲਵਿਦਾ ਸਾਥੀ ਸਤਨਾਮ!