ਮਾਂ - ਰਵਿੰਦਰ ਸ਼ਰਮਾ
Posted on:- 06-05-2016
ਮਾਂ ਆਦਿ ਕਾਲ ਤੋਂ ਹੀ ਮਮਤਾ, ਪਿਆਰ ਤੇ ਤਿਆਗ ਦੀ ਮੂਰਤ ਹੈ ਸਾਰੇ ਧਰਮਾਂ ’ਚ ਮਾਂ ਨੂੰ ਰੱਬ ਦਾ ਰੂਪ ਕਿਹਾ ਗਿਆ ਹੈ ਇਹ ਕਹਿਣ ’ਚ ਵੀ ਅਤਿਕਥਨੀ ਨਹੀਂ ਹੋਵੇਗੀ ਕਿ ਪੀਰਾਂ-ਫ਼ਕੀਰਾਂ ਤੇ ਅਵਤਾਰਾਂ ਨੂੰ ਵੀ ਧਰਤੀ ’ਤੇ ਜਨਮ ਲੈਣ ਲਈ ਮਾਂ ਦੀ ਕੁੱਖ ਦੀ ਲੋੜ ਪਈ। ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ’ਚ ਮਾਂ ਦੇ ਸਤਿਕਾਰ ਵਜੋਂ ‘ਮਾਂ ਦਿਵਸ’ ਮਨਾਇਆ ਜਾਂਦਾ ਹੈ। ਇਤਿਹਾਸਕਾਰਾਂ ਮੁਤਾਬਿਕ 10 ਮਈ 1908 ਨੂੰ ਪੱਛਮੀ ਵਰਜੀਨੀਆ ਦੇ ਸ਼ਹਿਰ ਗਰਾਫ਼ਟਨ ’ਚ ‘ਐਂਡਿ੍ਰਊਸ ਮੈਥੋਡਿਸਟ’ ਨਾਮੀ ਚਰਚ ਨੇ ਸਭ ਤੋਂ ਪਹਿਲਾਂ ‘ਮਦਰਸ ਡੇ’ ਮਨਾਇਆ। ਇਹ ਉਹ ਥਾਂ ਸੀ ਜਿਥੇ ਐਨ ਮੈਰੀ ਰੀਵਜ਼ ਜਾਰਵਿਸ 20 ਸਾਲ ਤੱਕ ਐਤਵਾਰ ਸਕੂਲ ਦੀਆਂ ਕਲਾਸਾਂ ਚਲਾਉਂਦੀ ਰਹੀ। ਇਸੇ ਦਿਨ ਫਿਲਾਡੇਲਫੀਆ ’ਚ ਜਿਥੇ ਜਾਰਵਿਸ ਦਾ ਦੇਹਾਂਤ ਹੋਇਆ ਸੀ, ਇਹ ਦਿਨ ਮਨਾਇਆ ਗਿਆ ਇਸ ਗੱਲ ਨੂੰ ਐਨੀ ਜ਼ਿਆਦਾ ਪ੍ਰਸਿੱਧੀ ਮਿਲੀ ਕਿ 12 ਦਸੰਬਰ 1912 ’ਚ ‘ਦਿ ਮਦਰਸ ਡੇ ਇੰਟਰਨੈਸ਼ਨਲ ਐਸੋਸੀਏਸ਼ਨ’ ਦਾ ਗਠਨ ਹੋਇਆ।
ਇਹ ਸਭ ਦੇਖਦਿਆਂ 9 ਮਈ 1914 ਨੂੰ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ ‘ਚ ‘ਮਦਰਸ ਡੇ’ ਨੂੰ ਰਾਸ਼ਟਰੀ ਦਿਨ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਯੁੱਧ ’ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਪ੍ਰਗਟਾਉਣ ਲਈ ਮਨਾਇਆ ਜਾਵੇਗਾ।
ਸੰਨ 1911 ਤੱਕ ਇਹ ਦਿਨ ਅਮਰੀਕਾ ’ਚ ਹੀ ਨਹੀਂ, ਸਗੋਂ ਮੈਕਸੀਕੋ, ਕੈਨੇਡਾ, ਸਾਊਥ ਅਮਰੀਕਾ, ਚੀਨ, ਜਾਪਾਨ ਅਤੇ ਅਫਰੀਕਾ ਆਦਿ ’ਚ ਵੀ ਮਨਾਇਆ ਜਾਣ ਲੱਗਾ। ਸੰਨ 1934 ’ਚ ਪੋਸਟ ਮਾਸਟਰ ਜਨਰਲ ਜੇਮਸ ਏ ਫਾਰਲੇ ਨੇ ‘ਮਦਰਸ ਡੇ’ ’ਤੇ ਇੱਕ ਸਟੈਂਪ ਦਾ ਆਗਾਜ਼ ਵੀ ਕੀਤਾ। ਹੌਲੀ-ਹੌਲੀ ਇਹ ਪ੍ਰਥਾ ਭਾਰਤ ’ਚ ਜ਼ੋਰ ਫੜਨ ਲੱਗੀ। ਵਿਸ਼ਵੀਕਰਨ ਕਾਰਨ ਲਗਭਗ ਇੱਕ ਦਹਾਕੇ ਤੋਂ ਇਹ ਪੱਛਮੀ ਦੇਸ਼ਾਂ ਦਾ ਤਿਓਹਾਰ ਭਾਰਤ ’ਚ ਵੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਜਨਮ ਤੋਂ ਲੈ ਕੇ ਮੌਤ ਤੱਕ ਮਾਂ ਬੱਚੇ ਦੀਆਂ ਭਾਵਨਾਵਾਂ ਜੁੜੀਆਂ ਰਹਿੰਦੀਆਂ ਹਨ। ਬੱਚਾ ਭਾਵੇਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ ਮਾਂ ਦੀ ਆਂਦਰ ਹਮੇਸ਼ਾ ਬੱਚੇ ਨਾਲ ਜੁੜੀ ਰਹਿੰਦੀ ਹੈ। ਬੱਚਾ ਜਦੋਂ ਪਹਿਲਾ ਸ਼ਬਦ ਬੋਲਦਾ ਹੈ ਤਾਂ ਉਹ ਮਾਂ ਹੀ ਉਚਾਰਦਾ ਹੈ ਤੇ ਇਸ ਦੇ ਨਾਲ ਹੀ ਮੌਤ ਸਮੇਂ ਜ਼ਿਆਦਾਤਰ ਵਿਅਕਤੀਆਂ ਦੇ ਮੂੰਹੋਂ ਮਾਂ ਸ਼ਬਦ ਹੀ ਨਿੱਕਲਦਾ ਹੈ। ਪੁੱਤ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ, ਵੱਡੇ-ਵੱਡੇ ਅਹੁਦਿਆਂ ’ਤੇ ਤਾਇਨਾਤ ਹੋ ਜਾਣ ਪਰ ਮਾਂ ਲਈ ਹਮੇਸ਼ਾ ਉਹ ਬੱਚੇ ਹੀ ਰਹਿੰਦੇ ਹਨ। ਮਾਂ ਜਿੰਨਾ ਤਿਆਗੀ ਸ਼ਾਇਦ ਹੀ ਕੋਈ ਦੁਨੀਆਂ ’ਤੇ ਹੋਵੇਗਾ ਪੋਹ-ਮਾਘ ਦੀਆਂ ਠੰਢੀਆਂ ਰਾਤਾਂ ’ਚ ਜਦੋਂ ਬੱਚਾ ਬਿਸਤਰ ਗਿੱਲਾ ਕਰ ਦਿੰਦਾ ਹੈ ਤਾਂ ਉਹ ਬੱਚੇ ਨੂੰ ਸੁੱਕੇ ਥਾਂ ਲਿਟਾ ਕੇ ਖੁਦ ਗਿੱਲੇ ਥਾਂ ’ਤੇ ਪਈ ਵੀ ਇੰਝ ਮਹਿਸੂਸ ਕਰਦੀ ਹੈ ਜਿਵੇਂ ਉਹ ਜੰਨਤ ’ਚ ਸੁੱਤੀ ਪਈ ਹੋਵੇ। ਔਲਾਦ ਦੀ ਖੁਸ਼ੀ ਲਈ ਉਹ ਆਪਣੀਆਂ ਸਾਰੀਆਂ ਖੁਸ਼ੀਆਂ ਨੂੰ ਭੁੱਲ ਜਾਂਦੀ ਹੈ। ਇਸੇ ਤਰ੍ਹਾਂ ਜੇਠ-ਹਾੜ੍ਹ ਦੀਆਂ ਤਪਦੀਆਂ ਰਾਤਾਂ ’ਚ ਉਹ ਸਾਰੀ-ਸਾਰੀ ਰਾਤ ਬੱਚੇ ਨੂੰ ਪੱਖਾ ਝੱਲਦੀ ਨਹੀਂ ਥੱਕਦੀ। ਪ੍ਰੋ ਮੋਹਨ ਸਿੰਘ ਦੀ ਕਲਮ ਤੋਂ ਉਕਰੀਆਂ ਸਤਰਾਂ ਮਾਂ ਨੂੰ ਸਨਮਾਨ ਦਿੰਦੀਆਂ ਨਹੀਂ ਥੱਕਦੀਆਂ:-ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ,
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ
ਸ੍ਰੀ ਗੁਰੂ ਨਾਨਕ ਦੇਵ ਜੀ ਮਾਂ ਦੀ ਤਰੀਫ ਕਰਦੇ ਹੋਏ ਫਰਮਾਉਂਦੇ ਹਨ ਕਿ ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ
ਅੱਜ ਓਹੀ ਮਾਂ ਘਰਾਂ ’ਚ ਉੱਠੀਆਂ ਦੁਸ਼ਮਣੀ ਦੀਆਂ ਚੰਗਿਆੜੀਆਂ ਕੇ ਘਬਰਾਈ ਜਿਹੀ ਲੱਗਦੀ ਹੈ। ਭਾਈ-ਭਾਈ ਦਾ ਦੁਸ਼ਮਣ ਬਣ ਗਿਆ ਹੈ ਭੈਣ-ਭਰਾ ਨਾਲ ਵਰਤਣਾ ਨਹੀਂ ਚਾਹੁੰਦੀ। ਜ਼ਿਆਦਾਤਰ ਮਾਵਾਂ ਨੂੰ ਉਨ੍ਹਾਂ ਦੇ ਪੁੱਤਾਂ ਨੇ ਘਰੋਂ ਬੇਘਰ ਕਰ ਦਿੱਤਾ ਹੈ ਦੋ ਪੁੱਤਰਾਂ ’ਚ ਇਹੀ ਜੰਗ ਛਿੜੀ ਹੋਈ ਹੈ ਕਿ ਮਾਂ ਨੂੰ ਤੂੰ ਰੱਖ, ਨਹੀਂ ਤੂੰ ਰੱਖ ਕਈ ਮਾਵਾਂ ਤਾਂ ਹਫ਼ਤਿਆਂ ਬੱਧੀ ਵੰਡੀਆਂ ਗਈਆਂ ਹਨ। ਪੰਜਾਬ ਇੱਕ ਨਵੀਂ ਹੀ ਰੀਤ ਚੱਲੀ ਹੈ ਜਦੋਂ ਪੁੱਤਰਾਂ ਦੇ ਵਿਆਹ ਹੋ ਜਾਂਦੇ ਹਨ ਤਾਂ ਉਹ ਮਾਂ ਨੂੰ ਹਫ਼ਤਿਆਂ ਜਾਂ ਮਹੀਨਿਆਂ ਲਈ ਵੰਡੇ ਲੈਂਦੇ ਹਨ। ਇੱਕ ਹਫ਼ਤਾ ਜਾਂ ਮਹੀਨਾ ਮਾਂ ਇੱਕ ਪੁੱਤ ਦੇ ਘਰ ਰਹਿੰਦੀ ਹੈ ਅਤੇ ਇੱਕ ਹਫ਼ਤਾ ਦੂਜੇ ਪੁੱਤ ਦੇ ਘਰ ਇੰਝ ਕਰਕੇ ਉਹ ਆਪਣੀ ਮਮਤਾ ਤਾਂ ਨਹੀਂ ਵੰਡ ਸਕਦੀ ਬੁਢਾਪੇ ’ਚ ਡੰਗੋਰੀ ਬਨਣ ਵਾਲੇ ਸਹਾਰੇ ਤਾਂ ਨਸ਼ੇ ਅਤੇ ਹੋਰ ਸਮਾਜਿਕ ਕੁਰੀਤੀਆਂ ਕਾਰਨ ਮਾਂ ਨੂੰ ਭਾਰ ਹੀ ਸਮਝਦੇ ਹਨ। ਮਾਵਾਂ ਦਰ-ਦਰ ਦੇ ਧੱਕੇ ਖਾਣ ਲਈ ਮਜ਼ਬੂਰ ਹਨ।ਆਪਣੀ ਔਲਾਦ ਦੀਆਂ ਅਣਗਹਿਲੀਆਂ ਤੇ ਗਲਤੀਆਂ ਨੂੰ ਆਪਣੇ ਪਤੀ ਤੋਂ ਲੁਕਾਉਣ ਲਈ ਉਹ ਮਮਤਾ ਦੇ ਆਖੇ ਲੱਗ ਕੇ ਝੂਠ ਬੋਲਣ ਦਾ ਗੁਨਾਹ ਵੀ ਕਰਦੀ ਹੈ। ਮਾਂ ਨਸ਼ੇੜੀਆਂ ਦੇ ਟੋਲੇ ਵਿਚੋਂ ਆਪਣੇ ਜਿਗਰ ਦੇ ਟੋਟੇ ਨੂੰ ਪਛਾਣਦੀ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਵਗਦਾ ਹੈ ਅਤੇ ਰਗਾਂ ਵਿਚੋਂ ਖ਼ੂਨ ਸੁੱਕਣ ਲੱਗਦਾ ਹੈ। ਨਸ਼ੇੜੀ ਬਣੇ ਕਪੁੱਤ ਹੱਥੋਂ ਜ਼ਖ਼ਮੀ ਹੋਈ ਮਾਂ ਹਸਪਤਾਲ ਵਿੱਚ ਪੁਲਿਸ ਨੂੰ ਝੂਠਾ ਬਿਆਨ ਦਿੰਦੀ ਹੈ ਹੈ ਕਿ ਉਹ ਨਹਾਉਣ ਗਈ ਫਰਸ਼ ਤੋਂ ਤਿਲਕ ਗਈ ਕਿਉਂਕਿ ਉਸਨੂੰ ਫ਼ਿਕਰ ਹੈ ਕਿ ਸੱਚ ਦੱਸਣ ਤੇ ਪੁਲਿਸ ਉਸ ਦੇ ਪੁੱਤਰ ’ਤੇ ਤਸ਼ੱਦਦ ਨਾ ਕਰੇ ।ਕਿਸੇ ਲੇਖਕ ਨੇ ਸਹੀ ਲਿਖਿਆ ਹੈ:-ਮਾਂ ਬੇਸ਼ੱਕ ਡਾਇਨ ਹੋਵੇ, ਲੋਕੋ ਪੁੱਤ ਦਾ ਮਾਸ ਨ੍ਹੀਂ ਖਾਂਦੀ...ਨਸ਼ੇੜੀ ਪੁੱਤ ਵੱਲੋਂ ਮਾਂ ਦੇ ਕੀਤੇ ਕਤਲ ਦੀਆਂ ਰੋਜ਼ਾਨਾ ਹੀ ਖ਼ਬਰਾਂ ਪੜ੍ਹਨ ਤੇ ਸੁਨਣ ਨੂੰ ਮਿਲਦੀਆਂ ਹਨ। ਸਮਝ ਨ੍ਹੀਂ ਆਉਂਦੀ ਹੋ ਕੀ ਗਿਆ ਸਮਾਜ ਨੂੰ ਸਾਡੇ ਧਰਮਾਂ ਨੇ ਜਿਸ ਮਮਤਾ ਦੀ ਮੂਰਤ ਦੀ ਪੂਜਾ ਕਰਨ ਦੀ ਗੱਲ ਕਹੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਕਿਵੇਂ ਭੁੱਲ ਗਈ ਸਾਡੇ ਪੁਰਖਿਆਂ ਨੇ ਜੋ ਰੀਤਾਂ ਸਦੀਆਂ ਪਹਿਲਾਂ ਚਲਾਈਆਂ ਸਨ ਉਨ੍ਹਾਂ ਨੂੰ ਪੱਛਮੀ ਦੇਸ਼ ਤਾਂ ਅਪਨਾ ਰਹੇ ਨੇ ਪਰ ਸਾਡੇ ਦੇਸ਼ ਦੇ ਨੌਜਵਾਨ ਕਿਵੇਂ ਉਸ ਤੋਂ ਭੱਜ ਰਹੇ ਨੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੇ ਸਿਸਟਮ ’ਚ ਕਿੱਥੇ ਕਮੀ ਹੈ। ਸਿਸਟਮ ਦੇ ਉਲਝੇ ਧਾਗੇ ਦੀ ਗੁੱਥੀ ’ਚੋਂ ਸਿਰਾ ਲੱਭਣਾ ਪਵੇਗਾ ਨਹੀਂ ਤਾਂ ਨਸ਼ੇ ਤੇ ਆਧੁਨਿਕਤਾ ਦੀ ਦੌੜ ਮਾਵਾਂ ਦੇ ਸਨਮਾਨ ਨੂੰ ਭੁਲਾ ਦੇਵੇਗੀ।ਭਾਵੇਂ ਦੁਨੀਆਂ ਭਰ ਦੇ ਸ਼ਾਇਰ ਇੱਕਠੇ ਹੋ ਕੇ ਪੂਰਾ ਤਾਣ ਲਾ ਕਿੰਨੀਆਂ ਵੀ ਸਤਰਾਂ ਜੋੜ ਲੈਣ ਪਰ ‘ਮਾਂ’ ਸ਼ਬਦ ਦੀ ਮਹਾਨਤਾ ਨਹੀਂ ਦਰਸਾ ਸਕਦੇ। ਸ਼ਾਇਦ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸ਼ਬਦਕੋਸ਼ਾਂ ਵਿੱਚ ਇਹੋ ਜਿਹਾ ਸ਼ਬਦ ਨਹੀਂ ਬਣਿਆ ਜੋ ‘ਮਾਂ’ ਦੇ ਵਿਸ਼ੇਸ਼ਣ ਲਈ ਵਰਤਿਆ ਜਾ ਸਕੇ। ਮਾਂ ਬਣਨ ਲਈ ਉਹ ਔਲਾਦ ਨੂੰ 9 ਮਹੀਨੇ ਗਰਭ ਵਿੱਚ ਪਾਲਦੀ ਹੈ ਅਤੇ ਸੰਤਾਨ ਪ੍ਰਾਪਤੀ ਲਈ ਆਪਣੀ ਜਾਨ ਦਾਅ ’ਤੇ ਲਗਾਉਂਦੀ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਸਮਝ ਲਵੋ ਦੁੱਖ, ਤਕਲੀਫ਼ਾਂ ਤੇ ਪੀੜਾਂ ਨੂੰ ਝੱਲਦੀ ਮਾਂ ਦਾ ਦੁਬਾਰਾ ਜਨਮ ਹੁੰਦਾ ਹੈ। ਮਾਂ ਜਦੋਂ ਬੱਚੇ ਨੂੰ ਲਾਡ ਲਡਾਉਂਦੀ ਹੈ ਤਾਂ ਸਮੁੱਚੀ ਕਾਇਨਾਤ ਬਾਗੋ-ਬਾਗ ਹੋ ਉੱਠਦੀ ਹੈ। ਮਾਂ ਔਲਾਦ ਦਾ ਢਿੱਡ ਭਰਨ ਲਈ ਢੇਰਾਂ ਤੋਂ ਕਾਗਜ਼ ਇਕੱਠੇ ਕਰਨ ਦੀ ਮਜ਼ਦੂਰੀ ਵੀ ਕਰਦੀ ਹੈ। ਮਾਂ ਹੱਕਾਂ ਦੀ ਰਾਖ਼ੀ ਕਰਦੀ ਪੁਲਿਸ ਅਫ਼ਸਰ ਵੀ ਹੈ ਮਾਂ ਵਿੱਦਿਆ ਦੀ ਦੇਵੀ ਅਧਿਆਪਕਾ ਵੀ ਹੈ। ਮਾਂ ਇਨਸਾਫ਼ ਦੀ ਦੇਵੀ ਜੱਜ ਵੀ ਹੈ। ਮਾਂ ਘਰ ਸੰਭਾਲਣ ਤੋਂ ਲੈ ਕੇ ਦੇਸ਼ ਨੂੰ ਚਲਾਉਣ ਦੇ ਸਰਬ ਗੁਣਾਂ ਦੀ ਮਾਲਕ ਹੈ। ‘ਵਿਸ਼ਵ ਮਾਂ ਦਿਵਸ’ ’ਤੇ ਮੈਂ ਸਾਰੇ ਸੰਸਾਰ ਦੀਆਂ ਮਾਵਾਂ ਦੀ ਭਗਤੀ, ਦੀਨਤਾ, ਨਿਮਰਤਾ ਤੇ ਤਿਆਗ ਦੀ ਭਾਵਨਾ ਨੂੰ ਪ੍ਰਣਾਮ ਕਰਦਾ ਹਾਂ।ਸੰਪਰਕ: +91 94683 34603