ਰੁਜ਼ਗਾਰੀ ਸਫ਼ਰ -ਹਰਜੀਤ ਸਿੰਘ ਬਾਗੀ
Posted on:- 05-05-2016
ਰੋਜ਼ ਵਾਂਗ ਦਾ ਇਕ ਆਮ ਦਿਨ ਸੀ। ਆਪਣੇ ਸ਼ਹਿਰ ਤੋਂ 35 ਕੁ ਕਿਲੋਮੀਟਰ ਦੂਰ ਦਫਤਰ ਜਾਣ ਲਈ ਰੋਜ਼ਾਨਾਂ ਬੱਸ ਦਾ ਸਫਰ ਕਰਨਾ ਪੈਂਦਾ। ਸੋ ਹਾਸੇ ਵਿੱਚ ਮੈਂ ਆਪਣੇ ਇਸ ਸਫਰ ਨੂੰ “ਰੁਜ਼ਗਾਰੀ ਸਫਰ” ਦਾ ਨਾਂ ਦਿੱਤਾ ਹੋਇਆ ਹੈ। ਬੱਸ ਦੇ ਸਵੇਰ ਦੇ ਰੂਟ ਵਿਚ ਬਹੁਤੀ ਗਿਣਤੀ ਮੁਲਾਜ਼ਮਾਂ ਦੀ ਹੀ ਹੁੰਦੀ ਹੈ। ਰੋਜ਼ ਦੀ ਸਵਾਰੀ ਕਾਰਨ ਹਰ ਇਕ ਮੁਲਾਜ਼ਮ ਵਾਕਿਫ ਹੋ ਹੀ ਜਾਂਦਾ।ਰੋਜ਼ ਦੇ ਮੁਸਾਫਰ ਸਾਥੀਆਂ ਦੀ ਦੌੜ ਹੁੰਦੀ ਹੈ ਕਿ ਓਹ ਆਪਣੀ ਇਕ ਪੱਕੀ ਸੀਟ ਤੇ ਹੀ ਬੈਠਣ।ਸਵੇਰ ਦਾ ਵੇਲਾ ਹੁੰਦਾ ਕਈ ਦੇ ਚਿਹਰੇ ਗੁਲਾਬ ਵਾਂਗ ਖਿੜੇ ਕਈ ਥੋੜਾ ਸੋਚਾਂ ਵਿਚ ਤੇ ਕੁਝ ਕੁ ਰਾਤ ਵਾਲੀ ਨੀਂਦ ਸਵੇਰ ਦੇ ਘੰਟੇ ਕੁ ਦੇ ਸਫਰ ਵਿਚ ਧੱਕੇ ਨਾਲ ਪੂਰੀ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੁੰਦੇ ਹਨ।“ਰੁਜ਼ਗਰੀ ਸਫਰ” ਵਿਚ ਕਈ ਕਈ ਵਾਰ ਅਜਿਹੇ ਅਣਜਾਨ ਮੁਸਾਫਰਾਂ ਦੀ ਅਨਮੋਲ ਯਾਦ ਵੀ ਮਿਲ ਜਾਂਦੀ ਹੈ, ਜਿਸ ਦਾ ਕੋਈ ਮੁਲ ਨਹੀਂ ਹੁੰਦਾ।ਅਜਿਹੀ ਹੀ ਇਕ ਅਨਮੋਲ ਤੇ ਸਨੇਹ ਭਰੀ ਯਾਦ ਦੋ ਮਾਸੂਮ ਬੱਚਿਆਂ ਨੇ ਦਿੱਤੀ।
ਇਕ ਟੱਪਰੀਵਾਸੀ ਕਬੀਲੇ ਨਾਲ ਸਬੰਧਤ ਔਰਤ ਆਪਣੇ ਦੋ ਬੱਚਿਆ ਸਮੇਤ ਬੱਸ ਵਿਚ ਚੜੀ ਤੇ ਬੱਸ ਵਿਚ ਤਿਆਰ ਬਰ ਤਿਆਰ ਲੋਕਾਂ ਤੋਂ ਨਜ਼ਰ ਚੁਰਾਉਂਦੀ ਓਹ ਔਰਤ ਮੇਰੇ ਸਾਹਮਣੇ ਖਾਲੀ ਪਈ ਸੀਟ ਵੇਖ ਕੇ ਬੈਠ ਗਈ ਤੇ ਓਹਦੇ ਦੋਵੇਂ ਬੱਚੇ ਇਕ 6 ਕੁ ਸਾਲ ਦਾ ਮੁੰਡਾ ਤੇ ਇਕ 10 ਕੁ ਸਾਲ ਦੀ ਕੁੜੀ ਦੋਵੇਂ ਭੈਣ ਭਾਈ ਪੂਰੇ ਹੱਸਮੁਖ ਮੇਰੇ ਸਾਹਮਣੇ ਬੈਠ ਗਏ।
ਉਸ ਔਰਤ ਦਾ ਬੱਸ ਵਿਚ ਸਫਰ ਕਰਨਾ ਇੰਝ ਜਾਪ ਰਿਹਾ ਸੀ ਕਿ ਓਹ ਬਹੁਤ ਸਮੇਂ ਬਾਅਦ ਬੱਸ ਵਿਚ ਸਫਰ ਕਰ ਕਰ ਰਹੀ ਸੀ, ਪਰ ਬੱਚਿਆਂ ਦੇ ਖਿੜੇ ਹੋਏ ਚਿਹਰਿਆਂ ਤੇ ਸਫਰ ਦੀ ਉਤਸੁਕਤਾ ਸਾਫ ਝਲਕ ਰਹੀ ਸੀ। ਦੋਵੇਂ ਭੈਣ ਭਰਾ ਇਕ ਦੂਜੇ ਨਾਲ ਅਠਖੇਲੀਆਂ ਕਰ ਰਹੇ ਸੀ, ਕੁੜੀ ਨੇ ਜੋ ਸੂਟ ਤੇ ਗੁਲਾਬੀ ਜੁੱਤੀ ਪਾਈ ਹੋਈ ਸੀ ਓਹ ਸ਼ਾਇਦ ਕਿਸੇ ਸ਼ਾਹ ਦੀ ਘਰਵਾਲੀ ਨੇ ਆਪਣੇ ਬੱਚੀ ਦੇ ਕਿਸੇ ਵੇਲੇ ਦੇ ਕਿਮਤੀ ਸੂਟ ਜੋ ਹੁਣ ਘਸਮੈਲਾ, ਪੁਰਾਣਾ ਤੇ ਥੋੜਾ ਫਟਿਆ ਹੋਇਆ ਸੀ ਤੇ ਇਸ ਬੱਚੀ ਨੂੰ ਤਰਸ ਵੱਜੋਂ ਦਿੱਤਾ ਹੋਇਆ ਜਾਪ ਰਿਹਾ ਸੀ। ਪਰ ਬੱਚੀ ਆਪਣੇ ਸੂਟ ਨੂੰ ਏਦਾਂ ਵਾਰ ਵਾਰ ਠੀਕ ਕਰ ਰਹੀ ਸੀ ਜਿਵੇਂ ਓਹ ਹੁਣੇ ਨਵਾਂ ਲੈ ਕੇ ਆਈ ਹੋਵੇ, ਮੈਂ ਉਸਦੇ ਸਾਹਮਣੇ ਬੈਠਾ ਬੜਾ ਗੌਰ ਨਾਲ ਉਸ ਵੱਲ ਵੇਖ ਰਿਹਾ ਸੀ ਤੇ ਓਹ ਵੀ ਬੜੀ ਨਾਲ ਆਪਣਾ ਸੂਟ ਤੇ ਗੁਲਾਬੀ ਜੁੱਤੀ ਵਾਰ ਵਾਰ ਵੇਖ ਰਹੀ ਸੀ ਮੇਰੇ ਵੱਲ ਵੇਖ ਵੇਖ ਬੜਾ ਪਿਆਰ ਨਾਲ ਮੁਸਕਰਾ ਰਹੀ ਸੀ।ਉਸਦੇ ਭਰਾ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ, ਜੋ ਕੁਦਰਤ ਦੇ ਵੱਖ ਵੱਖ ਰੰਗਾਂ ਵਿਚੋਂ ਇਕ ਰੰਗ ਅਨੁਸਾਰ ਘਸਮੈਲਾ ਜਿਹਾ ਸੀ।ਓਹ ਵੀ ਬੜਾ ਖੁਸ਼ ਸੀ। ਦੋਵਾਂ ਭੈਣ ਭਰਾਂਵਾਂ ਚੋਂ ਵੱਡੀ ਭੈਣ ਆਪਣੇ ਨਿੱਕੇ ਭਰਾ ਦਾ ਬੜਾ ਖਿਆਲ ਰੱਖ ਰਹੀ ਸੀ। ਜਦ ਵੀ ਬੱਸ ਇਧਰ ਓਧਰ ਹੁੰਦੀ ਤਾਂ ਓਹ ਘੁੱਟ ਕੇ ਆਪਣੇ ਭਾਈ ਦਾ ਹੱਥ ਫੜ ਲੈਂਦੀ ਸੀ। ਦੋਵੇਂ ਭੈਣ ਭਰਾ ਮੇਰੇ ਵੱਲ ਵੇਖ ਵੱਖ ਮਸ਼ਕਰੀਆਂ ਕਰ ਰਹੇ ਸਨ ਤੇ ਆਪਣੀ ਮੌਜ ਵਿਚ ਮਸਤ ਸਨ। ਬੱਚੀ ਜੁੱਤੀ ਕੱਡ ਕੇ ਤੇ ਆਪਣੇ ਹੱਥਾਂ ਵਿਚ ਚੱਕ ਕੇ ਮੈਨੂੰ ਵਿਖਾ ਵਿਖਾ ਜੁੱਤੀ ਝਾੜ ਰਹੀ ਸੀ।ਮੈਂ ਉਹਨਾਂ ਦੋਵਾਂ ਨੂੰ ਵੇਖ ਸਿਰਫ ਤੇ ਸਿਰਫ ਦੋਵਾਂ ਦੀ ਮਾਸੂਮੀਅਤ ਤੇ ਕੁਦਰਤ ਦੇ ਰੰਗ ਵਿਚ ਮਸਤ ਹੋ ਰਿਹਾ ਸੀ।ਬੱਚੀ ਨੇ ਆਪਣੇ ਸੂਟ ਵਿਚਲੀ ਟੋਕ ਨੂੰ ਇਕ ਜੇਬ ਬਣਾ ਰੱਖਿਆ ਸੀ। ਓਹ ਆਪਣੇ ਨਿੱਕੇ ਭਰਾ ਨੂੰ ਉਸ ਵਿੱਚੋਂ ਕੱਡ ਕੱਡ ਬਹੁਤ ਕੁਝ ਦੇ ਰਹੀ ਸੀ। ਮੇਰੀ ਉਤਸੁਕਤਾ ਹੋਰ ਵੱਧ ਗਈ ਕਿ ਉਸਦੀ ਏ ਟੋਕ ਵਾਲੀ ਜੇਬ ਕਿੰਨੀ ਕੁ ਡੁੰਘੀ ਹੈ ਤੇ ਇਸ ਵਿਚ ਹੋਰ ਕੀ ਕੁਝ ਹੈ। ਦੋਵੇਂ ਭੈਣ ਭਰਾ ਹਾਸਿਆ ਚ ਮਸਤ ਸੀ । ਸਫਰ ਦੇ ਅੱਧ ਕੁ ਵਿਚਕਾਰ ਜਾ ਕੇ ਉਸਨੇ ਆਪਣੀ ਟੋਕ ਵਾਲੀ ਜੇਬ ਵਿੱਚੋਂ ਸਭ ਕੱਢ ਆਪਣੇ ਹੱਥ ਵਿਚ ਰੱਖ ਲਿਆ। ਮੈਂ ਗੌਰ ਨਾਲ ਵੇਖਿਆ ਤਾਂ ਉਸ ਕੋਲ ਇਕ ਮਹਿੰਦੀ ਦੀ ਅੱਧੀ ਕੀਪ, ਇਕ ਨਹਾਉਣ ਵਾਲਾ ਸਾਬਣ ਲਕਸ ਦੀ ਨਿੱਕੀ ਜਿਹੀ ਘਸੀ ਹੋਈ ਟਿੱਕੀ, ਕੁਝ ਕੁ ਰੰਗ ਬਿਰੰਗੇ ਰਿਬਨ ਤੇ ਕੁਝ ਕੁ ਟੌਫੀਆ ਸਨ।ਥੌੜੀ ਦੇਰ ਬਾਅਦ ਓਹਨੇ ਸਭ ਕੁਝ ਜੇਬ ਚ ਪਾਉਂਦਿਆਂ ਇਕ ਲਕਸ ਸਾਬਣ ਬਾਹਰ ਰੱਖ ਲਿਆ।ਫਿਰ ਦੋਵਾਂ ਨੇ ਇਕ ਦੂਜੇ ਤੇ ਓਹ ਸਾਬਣ ਘਸਾਉਣ ਲੱਗ ਪਏ ਤੇ ਸਾਬਣ ਦੀ ਖੁਸ਼ਬੂ ਨਾਲ ਖੁਸ਼ ਹੋਈ ਜਾ ਰਹੇ ਸਨ। ਬੱਸ ਅੱਡਾ ਨਜ਼ਦੀਕ ਆ ਗਿਆ ਸੀ ਤਾਂ ਦੋਵੇਂ ਭੈਣ ਭਰਾ ਚੁੱਪ ਜਿਹੇ ਹੋ ਗਏ ਤੇ ਮੁੰਡੇ ਨੇ ਮੈਨੂੰ ਹੌਲੀ ਜਿਹੇ ਹਿੰਮਤ ਕਰ ਕੇ ਕਿਹਾ ਸਰਦਾਰ ਕੁਝ ਖਾਣ ਨੂੰ ਦੇ। ਉਸਦੇ ਕਹੇ ਬੋਲਾਂ ਨੇ ਮੈਨੂੰ ਉਹਨਾਂ ਦੀ ਮਸਤੀਂ ਚੋਂ ਕੱਢ ਇਕ ਗੰਭੀਰ ਸੋਚ ਵੱਲ ਧੱਕ ਦਿੱਤਾ। ਬਹੁਤਾ ਕੁਝ ਤਾ ਨਾ ਦੇ ਸਕਿਆ ਪਰ ਜੋ ਦਿੱਤਾ ਗਿਆ ਉਸ ਨਾਲ ਉਹਨਾਂ ਬੱਚਿਆਂ ਦੀ ਰੌਣਕਾ ਮੁੜ ਪਰਤ ਆਈਆਂ ਤੇ ਓਹ ਮਸਤ ਹੋਏ ਬੱਸ ਚੋਂ ਉਤਰ ਆਪਣੇ ਰਾਹੀ ਪੈ ਗਏ ਤੇ ਮੈਂ ਚੁੱਪ ਹੋਇਆ ਰੱਬ ਦੀਆਂ ਇਹਨਾਂ ਮਾਸੂਮ ਬੇਪਰਵਾਹੀਆਂ ਬਾਰੇ ਸੋਚਦਾ ਦਫਤਰ ਵੱਲ ਤੁਰ ਪਿਆ। ਸੰਪਰਕ: +91 94657 33311