ਅਜ਼ਾਦ - ਅਮਨਦੀਪ ਸਿੰਘ
Posted on:- 30-04-2016
ਅਕਸਰ ਹੀ ਰੁਝੇਵਿਆਂ ਭਰੇ ਹਾਲਾਤ ਵਿੱਚ ਮੈਂ ਸ਼ਾਮ ਨੂੰ ਸੈਰ ਕਰਨ ਜਾਂਦਾ ਹਾਂ। ਸੈਰ ਦੌਰਾਨ ਮੈਨੂੰ ਕੁਝ ਜਾਣੇ-ਪਛਾਣੇ ਅਤੇ ਕੁਝ ਅਣਜਾਨ ਜਿਹੇ ਚਿਹਰੇ ਵੇਖਣ ਨੂੰ ਮਿਲਦੇ ਹਨ। ਕੁਝ ਜਾਣ-ਪਛਾਣ ਵਾਲੇ ਚਿਹਰਿਆਂ ਨਾਲ ਦੁਆ-ਸਲਾਮ ਵੀ ਹੁੰਦੀ ਰਹਿੰਦੀ ਏ ਪਰ ਅੱਜ ਇੱਕ ਅਜਿਹੇ ਚਿਹਰੇ ਤੇ ਨਜ਼ਰ ਪਈ ਜਿਸ ਨੇ ਮੈਨੂੰ ਦੁਚਿੱਤੀ ’ਚ ਪਾ ਦਿੱਤਾ।ਮੈਂ ਉਸ ਵੱਲ ਵਾਰ-ਵਾਰ ਵੇਖ ਰਿਹਾ ਸੀ ਪਤਾ ਨਹੀਂ ਕਿਉ ਇੰਜ ਲੱਗਦਾ ਸੀ ਕਿ ਮੈਂ ਉਸਨੂੰ ਜਾਣਦਾ ਹਾਂ ਪਰ ਕੌਣ ਹੈ ਉਹ, ਕਿਥੇ ਵੇਖਿਆ ਏ ਉਸਨੂੰ, ਕੁਝ ਯਾਦ ਨਹੀਂ ਸੀ ਆ ਰਿਹਾ। ਮੈਂ ਆਪਣੀਆਂ ਸੋਚਾਂ ਵਿੱਚ ਗੁੰਮਿਆਂ ਜਦ ਉਸ ਕੋਲ ਦੀ ਲੰਘਣ ਲੱਗਾ ਤਾਂ ਉਹ ਵੇਖ ਕੇ ਮੁਸਕਰਾ ਪਈ। ਉਸ ਦੇ ਮੁਸਕਰਾਉਂਦੇ ਹੀ ਮੇਰੇ ਅਚੇਤ ਮਨ ਵਿੱਚ ਪਈ ਯਾਦਾਂ ਦੀ ਪਟਾਰੀ ਖੁੱਲ ਗਈ। ਮੈ ਹੈਰਾਨ ਸਾਂ ਇਹ ਕੀ? ਇਸ ਤਰ੍ਹਾਂ ਦੇ ਹਾਲਾਤ ਵਿੱਚ?
ਅਨੇਕਾਂ ਹੀ ਸਵਾਲਾਂ ਨੇ ਮੇਰੇ ਜਿਹਨ ਤੇ ਹਮਲਾ ਕਰ ਦਿੱਤਾ। ਮੈਂ ਰੁਕ ਗਿਆ। ਉਸ ਵੱਲ ਵੇਖਿਆ, ਕੁਝ ਸੋਚਿਆ ਤੇ ਉਸ ਵੱਲ ਚੱਲ ਪਿਆ। ਉਸ ਕੋਲ ਜਾ ਕੇ ਮੈਂ ਸਤਿ ਸ੍ਰੀ ਅਕਾਲ ਬੁਲਾਈ। ਉਹ ਸਤਿ ਸ੍ਰੀ ਅਕਾਲ ਪ੍ਰਵਾਨ ਕਰਦੇ ਬੈਂਚ ਤੋ ਖੜ੍ਹੀ ਹੋ ਗਈ।
ਮੈਂ ਉਸ ਵੱਲ ਵੇਖਦੇ ਪੁੱਛਿਆ,“ ਜੇ ਮੇਰਾ ਅੰਦਾਜ਼ਾ ਗਲਤ ਨਹੀਂ ਤਾਂ ਤੁਸੀਂ ਪਰਮ ਹੀ ਹੋ?” ਉਸਨੇ ਮੁਸਕਰਾ ਕੇ ਸਿਰ ਹਿਲਾਉਂਦਿਆਂ ਕਿਹਾ,“ਬਿਲਕੁਲ ਤੁਸੀਂ ਸਹੀ ਪਹਿਚਾਣ ਕੀਤੀ ਏ ਮੈਂ ਪਰਮ ਹੀ ਹਾਂ।” ਮੈਂ ਬਿਨਾਂ ਦੇਰ ਕੀਤੇ ਅਗਲਾ ਸਵਾਲ ਕਰ ਦਿੱਤਾ,“ ਤੁਸੀਂ ਮੈਨੂੰ ਪਛਾਣ ਲਿਆ ਕਿ ਮੈਂ?” ਉਸਨੇ ਮੇਰੇ ਸਵਾਲ ਕਰਨ ਤੋਂ ਪਹਿਲਾ ਹੀ ਜਵਾਬ ਦੇ ਦਿੱਤਾ,“ ਹਾਂ ਜੀ। ਤੁਸੀਂ ਬਿਲਕੁਲ ਵੀ ਨਹੀਂ ਬਦਲੇ। ਓਹੋ ਜਿਹੇ ਹੀ ਓ।”ਉਸਦੇ ਚਿਹਰੇ ਦੇ ਹਾਵ=ਭਾਵ ਉਸਦੇ ਬੋਲ-ਚਾਲ ਤੋ ਵੱਖਰੇ ਜਾਪ ਰਹੇ ਸਨ। ਮੈਨੂੰ ਉਸ ਦੀਆਂ ਗੱਲਾਂ ਕਰਨ ਦੇ ਢੰਗ ਨੇ ਅੰਦਰ ਤੱਕ ਹਿਲਾ ਦਿੱਤਾ। ਮੈਂ ਆਪਣੇ ਅੰਦਰ ਉੱਠ ਰਹੇ ਇਸ ਉਬਾਲ ਨੂੰ ਸ਼ਾਂਤ ਕਰਨ ਲਈ ਉਸ ਨਾਲ਼ ਗੱਲ ਕਰਨ ਦੀ ਸੋਚਣ ਲੱਗਾ। ਮੈਂ ਸਵਾਲਾਂ ਦੀ ਝੜੀ ਲਾ ਦਿੱਤੀ,“ ਤੁਸੀਂ ਇੱਥੇ ਕਿਵੇਂ? ਅੱਜਕੱਲ ਕੀ ਕਰਦੇ ਓ? ਕਿਵੇਂ ਲੰਘ ਰਹੀ ਏ ਜ਼ਿੰਦਗੀ ?” ਉਹ ਮੇਰੇ ਸਵਾਲ ਸੁਣ ਕੇ ਹਲਕਾ ਜਿਹਾ ਮੁਸਕਰਾਈ ਪਰ ਉਸ ਦੀ ਮੁਸਕਰਾਹਟ ਹੇਠ ਮੈਨੂੰ ਕੋਈ ਦਰਦ ਛਲਕਦਾ ਨਜ਼ਰ ਆ ਰਿਹਾ ਸੀ।ਉਹ ਬੋਲਣ ਲੱਗੀ,“ ਜਿਵੇਂ ਤੁਸੀ। ਮੇਰਾ ਮਤਲਬ ਮੈਂ ਵੀ ਸੈਰ ਕਰਨ ਆਈ ਹਾਂ। ਕੁਝ ਥਕਾਵਟ ਜਿਹੀ ਮਹਿਸੂਸ ਹੋਣ ਲੱਗੀ ਤਾਂ ਅਰਾਮ ਕਰਨ ਲਈ ਬੈਠ ਗਈ। ਆਹ ਜ਼ਿੰਦਗੀ ਦਾ ਕੀ ਆ। ਇਸਨੇ ਤਾਂ ਆਪਣੀ ਤੋਰ ਤੁਰਦੇ ਹੀ ਜਾਣਾ ਏ। ਬੱਸ ਉਪਰ ਵਾਲੇ ਦੀ ਰਹਿਮਤ ਚਾਹੀਦੀ ਏ।” ਮੈਨੂੰ ਲੱਗਿਆ ਉਸ ਨੇ ਮੇਰੇ ਹੋਰ ਗੱਲਬਾਤ ਕਰਨ ਦੇ ਇਰਾਦੇ ਨੂੰ ਪੜ੍ਹ ਲਿਆ ਤਾਂ ਹੀ ਉਸ ਨੇ ਬੈਠਣ ਦਾ ਇਸ਼ਾਰਾ ਕਰਦਿਆ ਕਹਿ ਦਿੱਤਾ,“ ਜੇਕਰ ਸਮਾਂ ਏ ਤਾਂ ਬੈਠ ਕੇ ਗੱਲ ਕਰਦੇ ਹਾਂ। ਮੇਰੇ ਕੋਲੋ ਖੜੇ ਹੋਕੇ ਗੱਲ ਨੀ ਹੋਣੀ ਬਹੁਤੀ ਦੇਰ।” ਮੈਂ ਝੱਟ ਹਾਂ ਕਹਿ ਕੇ ਉਸ ਦੇ ਕੋਲ ਬੈਂਚ ਤੇ ਬੈਠ ਗਿਆ। ਮੈਂ ਆਪਣੇ ਸਵਾਲਾਂ ਨੂੰ ਸੰਭਾਲਦਾ ਹੋਇਆ ਕੁਝ ਇਕਾਗਰ ਚਿੱਤ ਹੋ ਕੇ ਬੋਲਿਆ,“ਪਰਮ ਮੈਨੂੰ ਹੈਰਾਨੀ ਹੋ ਰਹੀ ਏ, ਏਨੀ ਸ਼ਰਾਰਤੀ, ਚੁਲਬਲੀ ਅਤੇ ਹਾਸੇ ਮਜ਼ਾਕ ਵਾਲੀ ਕੁੜੀ ਏਨੀ ਸ਼ਾਂਤ ਅਤੇ ਸਹਿਜ ਕਿਵੇਂ ਹੋ ਗਈ। ਕੁਝ ਸਮਝ ਨਹੀਂ ਆ ਰਹੀ।” ਉਹ ਇਸ ਤਰ੍ਹਾਂ ਹੱਸੀ ਜਿਵੇਂ ਕੁਝ ਯਾਦ ਆ ਗਿਆ ਹੋਵੇ ਅਤੇ ਫਿਰ ਮੇਰੇ ਵੱਲ ਵੇਖ ਕੇ ਬੋਲੀ,“ਤੁਹਾਨੂੰ ਅਜੇ ਵੀ ਯਾਦ ਏ ਮੇਰੀਆਂ ਸ਼ਰਾਰਤਾਂ ਤੇ ਹਾਸੇ।” ਉਹ ਫਿਰ ਚੁੱਪ ਹੋ ਗਈ ਅਤੇ ਉਸਨੇ ਲੰਬਾ ਸਾਹ ਲਿਆ। ਫਿਰ ਬੋਲੀ,“ਤੁਹਾਨੂੰ ਯਾਦ ਏ ਇਸ ਤੋਂ ਪਹਿਲਾ ਆਪਾਂ ਕਦੋਂ ਮਿਲੇ ਸੀ?” ਮੈਂ ਆਪਣੇ ਦਿਮਾਗ ’ਤੇ ਜੋਰ ਪਾ ਕੇ ਕਿਹਾ,“ ਮੇਰੇ ਖਿਆਲ ’ਚ 12-13 ਸਾਲ ਪਹਿਲਾਂ। ਸਾਇਦ ਤੁਹਾਡੇ ਵਿਆਹ ਸਮੇਂ।”ਉਸਨੇ ਮੇਰਾ ਜਵਾਬ ਸੁਣ ਕੇ ਬੋਲਣਾ ਸੁਰੂ ਕੀਤਾ,“ ਬਿਲਕੁਲ, ਤੁਹਾਨੂੰ ਸਭ ਯਾਦ ਏ। ਬੱਸ ਮੇਰੇ ਹਾਸੇ, ਮੇਰੀਆਂ ਸ਼ਰਾਰਤਾਂ ਵੀ ਉਸੇ ਦਿਨ ਖਤਮ ਹੋ ਗਈਆਂ ਸਨ।ਮੇਰੇ ਸੁਪਨੇ ਉਸ ਦਿਨ ਚਕਨਾਚੂਰ ਹੋ ਗਏ ਜਦ ਮੈਂ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਪਹਿਲੀ ਵਾਰ ਡਿੱਗਦੇ ਨੂੰ ਵੇਖਿਆ ਸੀ।ਤੁਹਾਨੂੰ ਤਾਂ ਪਤਾ ਈ ਹੋਣਾ ਮੇਰੇ ਪਿਤਾ ਨੇ ਮੈਨੂੰ ਕਿਵੇਂ ਮਾਂ ਤੋ ਬਿਨਾਂ ਲਾਡਾਂ ਨਾਲ ਪਾਲਿਆ ਸੀ। ਮੇਰੇ ਬਾਬਲ ਨੇ ਮੈਨੂੰ ਡੋਲੀ ਤੋਰਨ ਵੇਲੇ ਇੱਕੋ ਗੱਲ ਕਹੀ ਸੀ ਕਿ ਵੇਖ ਪੁੱਤਰਾਂ ਮੈਂ ਤੈਨੂੰ ਹਰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ ਏ ਪਰ ਹੁਣ ਤੂੰ ਸਹੁਰੇ ਘਰ ਜਾ ਰਹੀ ਏ ਆਪਣਾ ਸਬਰ=ਸੰਤੋਖ ਰੱਖੀ। ਬਸ ਇਹੋ ਗੱਲ ਪੱਲੇ ਬੰਨ ਕੇ ਮੈਂ ਇਹ ਸਭ ਕੁਝ ਆਪਣੇ ਅੰਦਰ ਸਮਾ ਗਈ। ਹਾਂ ਜੇ ਕਦੇ ਉਸ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਤਾਂ ਸਾਰਾ ਪਰਿਵਾਰ ਆਪਣੇ ਪੁੱਤ ਦੇ ਪੱਖ ਵਿੱਚ ਖੜਾ ਹੋ ਜਾਂਦਾ ਸੀ।ਸਮਾਂ ਆਪਣੀ ਤੋਰ ਤੁਰਦਾ ਗਿਆ ਅਤੇ ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਫਿਰ ਮੈਂ ਵੀ ਸਬਰ ਕਰ ਲਿਆ ਕਿ ਹੁਣ ਇਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰ ਲਵਾਂਗੀ। ਪਰ ਕੁਦਰਤ ਨੂੰ ਕੁੱਝ ਹੋਰ ਪ੍ਰਵਾਨ ਸੀ, ਜਿਵੇਂ ਮੇਰੀ ਕਿਸਮਤ ਮੇਰੇ ਹੱਸ ਰਹੀ ਹੋਵੇ ਕਿ ਖੁਸ਼ੀ ਉਹ ਵੀ ਤੈਨੂੰ..?” ਬੋਲਦੀ-ਬੋਲਦੀ ਉਹ ਕੁਝ ਸਮਾਂ ਚੁੱਪ ਕਰ ਗਈ।ਮੈਂ ਵੇਖ ਰਿਹਾ ਸੀ ਜਿਵੇਂ -ਜਿਵੇਂ ਉਹ ਜ਼ਿੰਦਗੀ ਦੀਆਂ ਪਰਤਾਂ ਖੋਲ੍ਹ ਰਹੀ ਸੀ, ਉਹ ਗੰਭੀਰ ਵੀ ਹੁੰਦੀ ਜਾ ਰਹੀ ਸੀ। ਮੈਂ ਕਾਹਲ ਨਾਲ ਪੁੱਛ ਬੈਠਾ,“ਉਹ ਕਿਵੇਂ?” ਉਹ ਬੋਲਣ ਲੱਗੀ,“ਜਦ ਮੇਰੇ ਪੁੱਤ ਨੂੰ ਹੀ ਉਹਨਾਂ ਨੇ ਮੇਰਾ ਨਾ ਰਹਿਣ ਦਿੱਤਾ। ਮੇਰੇ ਨਾਲ ਉਸਦਾ ਮੋਹ ਨਾ ਪੈਣ ਦਿੱਤਾ।ਸਾਰਾ ਦਿਨ ਉਸਨੂੰ ਆਪਣੇ ਕੋਲ ਰੱਖਣਾ। ਉਹ ਵੀ ਉਹਨਾਂ ਕੋਲ ਹੀ ਰਹਿਣਾ ਦਾ ਆਦੀ ਹੋ ਗਿਆ। ਬਾਕੀ ਇੱਕ ਨੌਕਰੀ ਪੇਸ਼ਾ ਔਰਤ ਲਈ ਇਹ ਮਜਬੂਰੀ ਵੀ ਬਣ ਜਾਂਦੀ ਏ। ਮੇਰਾ ਪਤੀ ਸਿਰਫ ਨਾਮ ਦਾ ਪਤੀ ਹੀ ਰਹਿ ਗਿਆ ਸੀ।ਘਰ ਵਿੱਚ ਹਰ ਰੋਜ਼ ਲੜਾਈ ਝਗੜਾ ਹੋਣਾ ਆਮ ਜਿਹੀ ਗੱਲ ਬਣ ਗਈ ਸੀ, ਜਿਸ ਦਿਨ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਤਾਂ ਮੈਨੂੰ ਰੂੰ ਵਾਂਗ ਪਿੰਜ ਸੁੱਟਦਾ।ਫਿਰ ਰੋਂਦੀ ਕਰਲਾਉਂਦੀ ਆਪਣਾ ਆਪ ਇੱਕਠਾ ਕਰਕੇ ਆਪਣੇ ਕੰਮ ਲੱਗ ਜਾਂਦੀ। ਕਈ ਵਾਰ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਤੋਂ ਕਿਨਾਰਾ ਕਰਨ ਦਾ ਵੀ ਮਨ ਬਣਾਇਆ ਪਰ ਆਪਣੇ ਅੰਦਰ ਪਲਦਾ ਪੁੱਤ ਦਾ ਮੋਹ ਇਸ ਤਰ੍ਹਾਂ ਕਰਨ ਤੋਂ ਰੋਕ ਦਿੰਦਾ।ਇੱਕ ਉਮੀਦ ਸੀ ਕਿ ਪੁੱਤ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ ਪਰ ਉਹ ਜਿਵੇਂ-ਜਿਵੇਂ ਵੱਡਾ ਹੁੰਦਾ ਗਿਆ ਮੇਰੇ ਕੋਲੋ ਦੂਰ ਹੁੰਦਾ ਗਿਆ।ਮੇਰੇ ਅਨੇਕਾਂ ਯਤਨਾਂ ਦੇ ਬਾਅਦ ਵੀ ਆਪਣੇ ਦਾਦਾ-ਦਾਦੀ ਦੀ ਬੁੱਕਲ ’ਚ ਬੈਠਣਾ ਚੰਗਾ ਸਮਝਦਾ। ਇਸ ਤਰ੍ਹਾਂ ਸਮੇਂ ਦੇ ਨਾਲ਼-ਨਾਲ਼ ਤੁਰਦਿਆਂ ਚਾਰ-ਪੰਜ ਸਾਲ ਬੀਤ ਗਏ। ਬੱਚਾ ਵੀ ਸਭ ਸਮਝਣ ਲੱਗ ਪਿਆ ਸੀ।ਹਰ ਰੋਜ਼ ਦੇ ਝਗੜੇ ਨੂੰ ਵੇਖਦਾ ਰਹਿੰਦਾ ਸੀ। ” ਇਹ ਬੋਲਦੇ-ਬੋਲਦੇ ਉਸ ਨੇ ਆਪਣੀ ਅੱਖਾਂ ਵਿੱਚ ਆਏ ਹੰਝੂ ਛੁਪਾਉਣ ਲਈ ਆਪਣਾ ਚਿਹਰਾ ਚੁੰਨੀ ਨਾਲ਼ ਸਾਫ ਕੀਤਾ।
ਫਿਰ ਆਪਣੀ ਜ਼ਿੰਦਗੀ ਦੇ ਪਤਰੇ ਫਰੋਲਣ ਲੱਗੀ,“ ਇੱਕ ਦਿਨ ਫਿਰ ਲੜਾਈ ਹੋਈ ਜਦ ਉਹ ਮੇਰੇ ਮਾਰਨ ਲਈ ਅੱਗੇ ਆਉਣ ਲੱਗਾ।ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਜੋਸ਼ ਆਇਆ ਕਿ ਉਸ ਦੇ ਮਾਰਨ ਤੋਂ ਪਹਿਲਾ ਹੀ ਮੈਂ ਉਸਨੂੰ ਧੱਕਾ ਦੇ ਦਿੱਤਾ।ਜਿੰਦ-ਜਾਨ ਤਾਂ ਪਹਿਲਾ ਹੀ ਨਹੀਂ ਸੀ, ਨਸ਼ਿਆਂ ਨੇ ਖਾਧਾ ਪਿਆ ਸੀ।ਉਹ ਮੰਜੇ ਤੇ ਡਿੱਗ ਪਿਆ। ਡਿੱਗਦੇ ਸਮੇਂ ਉਸ ਦਾ ਸਿਰ ਮੰਜੇ ਦੇ ਪਾਵੇ ਨਾਲ਼ ਜਾ ਵੱਜਿਆ।ਉਹ ਬੇਹੋਸ਼ ਹੋ ਗਿਆ।ਮੈਂ ਗੁੱਸੇ ਅਤੇ ਦੁੱਖੀ ਮਨ ਨਾਲ਼ ਇੱਕ ਪਾਸੇ ਬੈਠ ਗਈ ਅਤੇ ਰੋਣ ਲੱਗ ਪਈ।ਪਰਿਵਾਰ ਦੇ ਸਾਰੇ ਮੈਂਬਰ ਮੈਨੂੰ ਬੂਰਾ ਭਲਾ ਬੋਲਦੇ ਰਹੇ।ਜਦ ਘਰ ਦੇ ਮੈਂਬਰਾਂ ਨੇ ਉਸਨੂੰ ਬੁਲਾਇਆ ਪਰ ਕੋਈ ਹਰਕਤ ਨਾ ਕਰਦਿਆਂ ਵੇਖ ਉਹਨਾਂ ਡਾਕਟਰ ਨੂੰ ਬੁਲਾ ਲਿਆ।ਡਾਕਟਰ ਨੇ ਉਸਦੇ ਹੱਥ, ਬਾਂਹ ਅਤੇ ਅੱਖਾਂ ਵੇਖ ਕੇ ਸਿਰ ਮਾਰ ਦਿੱਤਾ। ਇਹ ਵੇਖ ਕੇ ਮੇਰੀ ਸੱਸ ਨੇ ਦੁਹਾਈ ਪਾਉਦਿਆਂ ਕਿਹਾ ਕਿ ਏਸ ਚੰਦਰੀ ਨੇ ਮੇਰਾ ਪੁੱਤ ਮਾਰ ਦਿੱਤਾ। ਮੈ ਇਹ ਸੁਣ ਸੁੰਨ ਹੋ ਗਈ ਪੱਥਰ ਦੇ ਬੁੱਤ ਵਾਂਗ। ਮੈਨੂੰ ਕੁਝ ਪਤਾ ਨਾ ਲੱਗਿਆ ਕਦੋਂ ਵਿਹੜਾ ਲੋਕਾਂ ਦੇ ਇੱਕਠ ਨਾਲ਼ ਭਰ ਗਿਆ ਅਤੇ ਮੈਨੂੰ ਪੁਲਿਸ ਥਾਣੇ ਲੈ ਆਈ। ਫਿਰ ਕੇਸ ਚੱਲਿਆ। ਗਵਾਹੀਆਂ ਹੋਣ ਲੱਗੀਆਂ ਤਾ ਮੇਰੀ ਉਮੀਦ ਦੀ ਆਖਰੀ ਕਿਰਨ ਵੀ ਖਤਮ ਹੋ ਗਈ ਜਦ ਮੇਰੇ ਕੁੱਖੋ ਜੰਮੇ ਮੇਰੇ ਪੁੱਤ ਤੋਂ ਹੀ ਅਖਵਾ ਦਿੱਤਾ ਕਿ ਮੰਮੀ ਨੇ ਪਾਪਾ ਨੂੰ ਮਾਰਿਆ ਏ। ਮੇਰੇ ਸਬਰ ਦੇ ਪਿਆਲੇ ਭਰ ਗਏ ਮੈਂ ਖੁਦ ਹੀ ਕਬੂਲ ਕਰ ਲਿਆ ਕਿ ਮੈਂ ਮਾਰਿਆ ਉਸਨੂੰ। ਕੇਸ ਦਾ ਫੈਸਲਾ ਹੋਇਆ ਅਤੇ ਮੈਨੂੰ ਸਜ਼ਾ ਹੋ ਗਈ।” ਇਹ ਕਹਿੰਦਿਆਂ ਹੀ ਉਸ ਦੀਆਂ ਅੱਖਾਂ ਵਿੱਚੋ ਹੰਝੂ ਉਸਦੇ ਕੱਪੜਿਆਂ ਉੱਤੇ ਆ ਡਿੱਗੇ। ਉਸਨੇ ਆਪਣੇ ਹੱਥਾਂ ਨਾਲ਼ ਆਪਣੀਆਂ ਅੱਖਾਂ ਨੂੰ ਸਾਫ ਕੀਤਾ।ਇਹ ਵੇਖ ਕੇ ਮੈਂ ਚੁੱਪ ਸਾਂ।ਬੋਲਦਾ ਵੀ ਕੀ,ਕੁਝ ਬੋਲਣ ਨੂੰ ਹੈ ਵੀ ਨਹੀਂ ਸੀ। ਜੇ ਹੁੰਦਾ ਤਾਂ ਵੀ ਮੇਰੇ ਤੋਂ ਬੋਲ ਨਹੀਂ ਹੋਣਾ ਸੀ।ਉਸਨੇ ਮੇਰੇ ਵੱਲ ਵੇਖਦਿਆਂ ਕਿਹਾ,“ ਤੁਸੀਂ ਸੋਚਦੇ ਹੋਵੋਗੇ ਫਿਰ ਇੱਥੇ ਕਿਵੇਂ? ਹਾਂ ਮੈਂ ਸਜ਼ਾਂ ਕੱਟ ਰਹੀ ਹਾਂ,ਹੁਣ ਕੁਝ ਦਿਨਾਂ ਲਈ ਮੈਨੂੰ ਛੁੱਟੀ ਮਿਲੀ ਸੀ।ਪਰ ਤੁਸੀ ਉਦਾਸ ਨਹੀਂ ਹੋਣਾ ਮੈਂ ਖੁਸ਼ ਹਾਂ।” ਮੇਰੇ ਕੋਲੋ ਇਹੀ ਬੋਲ ਹੋਇਆ,“ਖੁਸ਼.?” ਉਸ ਨੇ ਜਵਾਬ ਦਿੱਤਾ ,“ ਹਾਂ ਲੋਕੀਂ ਤਾਂ ਕਹਿੰਦੇ ਹਨ ਮੈਨੂੰ ਕਤਲ ਦੇ ਕੇਸ ਵਿੱਚ ਕੈਦ ਹੋ ਗਈ ਏ, ਪਰ ਇਹਨਾਂ ਨੂੰ ਕੀ ਪਤਾ, ਜਿਲਤ ਭਰੀ ਜ਼ਿੰਦਗੀ ਤੋਂ ਮੈ ਅਜ਼ਾਦ ਹੋ ਗਈ।” ਸੰਪਰਕ: +91 81466 61004