Thu, 21 November 2024
Your Visitor Number :-   7254564
SuhisaverSuhisaver Suhisaver

ਕਿਸਾਨ ਮੇਲਿਆਂ ਦਾ ਸ਼ਿੰਗਾਰ ਬਣਦਾ ਜਾ ਰਿਹੈ ਵਿਰਸਾ - ਰਵਿੰਦਰ ਹੀਰਕੇ

Posted on:- 20-04-2016

suhisaver

ਸਾਡੇ ਦੇਸ਼ ਦੀ ਵਿਰਾਸਤ ਮਿਹਨਤ, ਦੇਸ਼ ਭਗਤੀ ਤੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਮਹਾਨ ਵਿਰਾਸਤ ਹੈ। ਇੱਥੋਂ ਦੇ ਲੋਕ ਹਮੇਸ਼ਾ ਹੀ ਹੱਕ-ਹਲਾਲ ਦੀ ਰੋਜ਼ੀ-ਰੋਟੀ ਕਮਾ ਕੇ ਖਾਣ ਵਾਲੇ ਤੇ ਇਮਾਨਦਾਰ ਰਹੇ ਹਨ। ਮਹਿਮਾਨਾਂ ਦੀ ਆਓ ਭਗਤ ਤੇ ਬੇਸਹਾਰਿਆਂ ਦਾ ਸਹਾਰਾ ਬਣਨਾ ਇੱਥੋਂ ਦੇ ਲੋਕਾਂ ਦੇ ਜੀਵਨ ਦਾ ਹਿੱਸਾ ਰਿਹਾ ਹੈ। ਵਿਰਾਸਤ ਨੇ ਭਾਰਤ ਵਾਸੀਆਂ ਨੂੰ ਹਮੇਸ਼ਾ ਸਿਰ ਉੱਚਾ ਕਰਕੇ ਜਿਉਣਾ ਸਿਖਾਇਆ ਹੈ ।

ਇਤਿਹਾਸ ਗਵਾਹ ਹੈ ਕਿ ਸ਼ੁਰੂ ਤੋਂ ਹੀ ਵਿਦੇਸ਼ੀਆਂ ਨੇ ਸਾਡੇ ਦੇਸ਼ ’ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਸਮੇਂ-ਸਮੇਂ ’ਤੇ ਅਣਖੀ ਤੇ ਦਲੇਰ ਸੂਰਮਿਆਂ ਤੇ ਯੋਧਿਆਂ ਨੇ ਉਨ੍ਹਾਂ ਦਾ ਮੂੰਹ ਮੋੜਿਆ ਤੇ ਦੇਸ਼ ਦੀ ਰੱਖਿਆ ਕੀਤੀ। ਇੱਥੋਂ ਦੇ ਬਸ਼ਿੰਦਿਆਂ ਲਈ ਬੜੇ ਹੀ ਮਾਣ ਦੀ ਗੱਲ ਹੈ ਕਿ ਉਹ ਬਹੁਤ ਹੀ ਅਮੀਰ ਵਿਰਾਸਤ ਦੇ ਵਾਰਸ ਹਨ । ਅੱਜ ਕੱਲ੍ਹ ਵੱਖ-ਵੱਖ ਵੈੱਲਫੇਅਰ ਕਲੱਬਾਂ ਵੱਲੋਂ ਥਾਂ-ਥਾਂ ਵਿਰਾਸਤੀ ਮੇਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਤੋਂ ਨਵੀਂ ਪੀੜ੍ਹੀ ਨੂੰ ਪੁਰਾਤਨ ਸਮੇਂ ਵਰਤੀਆਂ ਜਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਤੇ ਪੁਰਾਣੇ ਰਿਵਾਜਾਂ ਦਾ ਪਤਾ ਲੱਗਦਾ ਹੈ। ਨੌਜਵਾਨ ਪੀੜ੍ਹੀ ਨੂੰ ਪੁਰਾਤਨ ਚੀਜ਼ਾਂ ਦਾ ਨਾਮਾਤਰ ਹੀ ਗਿਆਨ ਹੈ। ਬਹੁਤ ਸਾਰੇ ਕਿਸਾਨਾਂ ਦੇ ਪੁੱਤਰਾਂ ਨੂੰ ਵੀ ਪੁਰਾਤਨ ਖੇਤੀ ਸੰਦਾਂ ਬਾਰੇ ਪਤਾ ਨਹੀਂ ਹੋਵੇਗਾ।

ਨੌਜਵਾਨ ਕਿਸਾਨ ਮੇਲਿਆਂ ਜਾਂ ਵਿਰਾਸਤੀ ਮੇਲਿਆਂ ’ਚ ਹੀ ਪੁਰਾਤਨ ਖੇਤੀਬਾੜੀ ਤੇ ਘਰੇਲੂ ਵਰਤੋਂ ਦੇ ਸੰਦ ਦੇਖ ਸਕਦੇ ਹਨ। ‘ਹਲ਼, ਪੰਜਾਲ਼ੀ, ਚੂਹਾ, ਤੰਗਲੀ,ਜੱਫਾ, ਸਲੰਘ, ਖੱਬਲ ਰੋਲਣੀ, ਫ਼ੌਹੜਾ’ ਆਦਿ ਖੇਤੀਬਾੜੀ ਸੰਦ ਵਿਰਾਸਤੀ ਮੇਲਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਰੋਜ਼ਾਨਾ ਵਰਤੋਂ ਦੇ ਬਹੁਤ ਸਾਰੇ ਸ਼ਬਦ ਵੀ ਅਲੋਪ ਹੁੰਦੇ ਜਾ ਰਹੇ ਹਨ। ‘ਪ੍ਰਭਾਤ, ਭੱਤਾ, ਲੌਢਾ ਵੇਲਾ, ਸ਼ਾਹ ਵੇਲਾ, ਤਿ੍ਰਕਾਲਾਂ’ ਆਦਿ ਸ਼ਬਦ ਪੰਜਾਬੀ ਭਾਸ਼ਾ ਦਾ ਸ਼ਿੰਗਾਰ ਹੋਇਆ ਕਰਦੇ ਸਨ ਹੁਣ ਕਦੇ ਕਿਸੇ ਦੇ ਮੂੰਹੋਂ ਵਾਂਢੇ ਸ਼ਬਦ ਨ੍ਹੀਂ ਸੁਣਿਆ ਵਿਰਾਸਤ ਦੀਆਂ ਚੀਜ਼ਾਂ ਤਾਂ ਅਸੀਂ ਅਜਾਇਬ ਘਰਾਂ ’ਚ ਤੇ ਵਿਰਾਸਤੀ ਮੇਲਿਆਂ ਦੀਆਂ ਸਟਾਲਾਂ ’ਤੇ ਰੱਖ ਲਈਆਂ ਹਨ ਪਰ ਇਨ੍ਹਾਂ ਅਲੋਪ ਹੁੰਦੇ ਸ਼ਬਦਾਂ ਬਾਰੇ ਕਦੇ ਕਿਸੇ ਨੇ ਨ੍ਹੀਂ ਸੋਚਿਆ ਹਾੜ੍ਹੀ ਦੀ ਫ਼ਸਲ ਆਉਂਦਿਆਂ ਹੀ ਕਿਸਾਨ ਸਾਲ ਭਰ ਲਈ ਕਣਕ ਤੇ ਪਸ਼ੂਆਂ ਲਈ ਤੂੜੀ-ਤੰਦ ਸੰਭਾਲ ਕੇ ਰੱਖਣ ’ਚ ਰੁੱਝੇ ਹੋਏ ਹਨ। ਆਧੁਨਿਕਤਾ ਦੇ ਯੁੱਗ ’ਚ ਇਹ ਸਭ ਕੰਮ ਕੁਝ ਘੰਟਿਆਂ ’ਚ ਹੀ ਨੇਪਰੇ ਚੜ੍ਹ ਜਾਂਦੇ ਹਨ। ਕੋਈ ਸਮਾਂ ਸੀ ਜਦੋਂ ਕਿਸਾਨ ਵਿਸਾਖੀ ਵਾਲੇ ਦਿਨ ਤੋਂ ਲੈ ਕੇ ਹਾੜ੍ਹ ਦੇ ਅੱਧੇ ਮਹੀਨੇ ਤੱਕ ਕਣਕ ਦੀ ਫ਼ਸਲ ਵੱਢਣ ਤੇ ਕੱਢਣ ਲਈ ਰੁੱਝੇ ਰਹਿੰਦੇ ਸਨ।

ਨੌਜਵਾਨ ਆਪਣੇ ਸ਼ੌਂਕ ਪੂਰੇ ਕਰਨ ਲਈ ਜ਼ੋਰ-ਅਜਮਾਇਸ਼ ਕਰਿਆ ਕਰਦੇ ਸਨ। ਤਾਕਤ ਭਰਪੂਰ ਖੇਡਾਂ ਨੌਜਵਾਨਾਂ ਦੀ ਸੋਚ ਦਾ ਸ਼ਿੰਗਾਰ ਹੋਇਆ ਕਰਦੀਆਂ ਸਨ। ਵਾਢੀ ਲਈ ਜ਼ਿਆਦਾਤਰ ਲੋਕ ਵੰਗਾਰ ਦਾ ਸਹਾਰਾ ਲਿਆ ਕਰਦੇ ਸਨ। ਪਿੰਡ ਦੇ ਨੌਜਵਾਨ ਆਪਸ ’ਚ ਇਕੱਠੇ ਹੋ ਕੇ ਕਿਸੇ ਇੱਕ ਕਿਸਾਨ ਦੀ ਕਣਕ ਦੀ ਵਾਢੀ ਕਰਿਆ ਕਰਦੇ ਤੇ ਇਸ ਦੇ ਬਦਲੇ ਉਹ ਕਿਸਾਨ ਵੰਗਾਰ ’ਤੇ ਆਏ ਨੌਜਵਾਨਾਂ ਦੇ ਧੰਨਵਾਦ ਲਈ ਵਧੀਆ ਖੁਰਾਕ ਦਾ ਬੰਦੋਬਸਤ ਕਰਿਆ ਕਰਦਾ। ਇਸ ਦੇ ਨਾਲ ਹੀ ਵਿੜ੍ਹੀ ਵੀ ਅਲੋਪ ਹੋ ਕੇ ਰਹਿ ਗਈ। ਵਿੜ੍ਹੀ ਹਰ ਕਿਸੇ ਲਈ ਵੱਡੇ ਸਹਿਯੋਗ ਦਾ ਕੰਮ ਕਰਦੀ ਸੀ ਵਿੜ੍ਹੀ ਦਾ ਮਤਲਬ ਸੀ ਕੋਈ ਇੱਕ ਕਿਸਾਨ ਪਹਿਲਾਂ 5 ਤੋਂ 7 ਕਿਸਾਨਾਂ ਨਾਲ ਉਨ੍ਹਾਂ ਦਾ ਕੰਮ ਧੰਦਾ ਕਰਵਾਉਂਦਾ ਤੇ ਕੁਝ ਦਿਨ ਬਾਅਦ ਉਹ ਸਾਰੇ ਇਕੱਠੇ ਹੋ ਕੇ ਉਸ ਕਿਸਾਨ ਦੇ ਕੰਮ ’ਚ ਹੱਥ ਵਟਾਉਂਦੇ ਸਨ। ਤੂੜੀ ਦੀ ਸੰਭਾਲ ਲਈ ਕੁੱਪ ਬੰਨ੍ਹੇ ਜਾਂਦੇ ਸਨ ਪਰ ਅੱਜ ਜਾਂ ਤਾਂ ਵੱਡੇ-ਵੱਡੇ ਬਰਾਂਡੇ ਬਣਾ ਲਏ ਜਾਂਦੇ ਹਨ ਜਾਂ ਫਿਰ ਮਿੱਟੀ ਦਾ ਘੋਲ ਬਣਾ ਕੇ ਤੂੜੀ ਦਾ ਗੋਲ ਢੇਰ ਲਾ ਕੇ ਲਿੱਪ ਲਿਆ ਜਾਂਦਾ ਹੈ ਜਿਸ ਨੂੰ ਤੂੜੀ ਦੀ ‘ਧੜ’ ਕਿਹਾ ਜਾਂਦਾ ਹੈ।
 
ਇਸੇ ਤਰ੍ਹਾਂ ਕੁੜੀਆਂ ਦੀ ਜ਼ਿੰਦਗੀ ’ਚੋਂ ਤਿ੍ਰੰਜਣਾਂ ਤੇ ਤੀਆਂ ਜਿਵੇਂ ਖੰਭ ਲਾ ਕੇ ਉੱਡ ਗਈਆਂ। ਇਹ ਅਨਮੋਲ ਪਲ ਵੀ ਕਾਲਜਾਂ ਦੇ ਫੈਸਟੀਵਲ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ਕੋਈ ਸਮਾਂ ਸੀ ਜਦੋਂ ਪਿੰਡਾਂ ਦੀਆਂ ਕੁੜੀਆਂ ’ਕੱਠੀਆਂ ਬੈਠ ਕੇ ਚਾਦਰਾਂ ਕੱਢਦੀਆਂ, ਚਰਖੇ ਕੱਤਦੀਆਂ, ਗੀਤ ਗਾਉਂਦੀਆਂ ਤੇ ਸਾਰਾ ਦੁਪਹਿਰਾ ਮਨੋਰੰਜਨ ਕਰਦੀਆਂ ਬਤੀਤ ਕਰਦੀਆਂ। ਹੁਣ ਤਾਂ ਲੜਕੀਆਂ ਦਾ ਇਕੱਠਿਆਂ ਹੋ ਕੇ ਬੈਠਣਾ ਬੜੇ ਹੀ ਸਬੱਬ ਦੀ ਗੱਲ ਹੈ।

ਵਿਆਹ ਵੀ ਸਾਡੇ ਜੀਵਨ ਦਾ ਅੰਗ ਹਨ ਪਿਛਲੇ ਸਮਿਆਂ ’ਚ ਵਿਆਹ ਵਾਲੇ ਘਰ ਕਈ ਦਿਨ ਰੌਣਕ ਰਹਿੰਦੀ ਸੀ ਸਾਰੇ ਰਿਸ਼ਤੇਦਾਰਾਂ ਨੂੰ ਰੁੱਕੇ ਭੇਜੇ ਜਾਂਦੇ ਸਨ। ਬਰਾਤ ਜਾਂ ਸ਼ਗਨ ਤੋਂ ਕਈ-ਕਈ ਦਿਨ ਪਹਿਲਾਂ ਹਲਵਾਈ ਆ ਜਾਂਦਾ ਸੀ ਤੇ ਹਲਵਾਈ ਨਾਲ ਕੰਮ ’ਚ ਹੱਥ ਵਟਾਉਣ ਲਈ ਆਂਢ-ਗੁਆਂਢ ਦੇ ਤੇ ਰਿਸ਼ਤੇਦਾਰੀ ’ਚੋਂ ਨੌਜਵਾਨ ਮੁੰਡਿਆਂ ਨੂੰ ਬੁਲਾਇਆ ਜਾਂਦਾ ਸੀ। ਹਲਵਾਈ ਕੋਲ ਖਾਸ ਕੰਮ ਹੁੰਦਾ ਸੀ, ਲੱਡੂ ਵੱਟਣਾ। ਲੱਡੂ ਵੱਟਣ ਲਈ ਕੜਾਹੇ ਦੁਆਲੇ ਰਿਸ਼ਤੇਦਾਰ ਤੇ ਆਂਢ-ਗੁਆਂਢ ਦੀਆਂ ਔਰਤਾਂ ਬੈਠ ਜਾਂਦੀਆਂ ਤੇ ਲੱਡੂ ਵੱਟਦੀਆਂ ਹੋਈ ਹਾਸਾ-ਠੱਠਾ ਵੀ ਕਰਦੀਆਂ ਇਹ ਲੱਡੂ ਸਾਰੇ ਰਿਸ਼ਤੇਦਾਰਾਂ ਆਂਢ-ਗੁਆਂਢ ਤੇ ਸਕੇ ਸਬੰਧੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਹੁੰਦੀ ਸੀ। ਵਿਆਹ ਵਾਲੇ ਘਰ ਕੜਾਹੀ ਚੜ੍ਹਦਿਆਂ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਵਿਆਹ ਵਾਲੇ ਘਰ ਦੁੱਧ ਪਹੁੰਚਾਉਣ ਲਈ ਅਨਾਊਂਸਮੈਂਟ ਕੀਤੀ ਜਾਂਦੀ ਸੀ। ਹੁਣ ਤਾਂ ਲੋਕ ਮਠਿਆਈ ਵੀ ਮੁੱਲ ਖਰੀਦ ਕੇ ਹੀ ਬੁੱਤਾ ਸਾਰ ਲੈਂਦੇ ਹਨ ਪਰ ਅੱਜ ਕੱਲ੍ਹ ਮੈਰਿਜ ਪੈਲੇਸਾਂ ’ਚ ਹੋ ਰਹੇ ਵਿਆਹਾਂ ਨੇ ਇਹ ਰਿਵਾਜ ਫ਼ਿੱਕਾ ਪਾ ਦਿੱਤਾ ਹੈ। ਮੈਰਿਜ ਪੈਲੇਸਾਂ ਦੇ ਵਿਆਹਾਂ ਨੇ ਸਾਰਾ ਮਾਹੌਲ ਹੀ ਬਦਲ ਦਿੱਤਾ ਹੈ। ਕੁਝ ਹੀ ਘੰਟਿਆਂ ’ਚ ਲੱਖਾਂ ਰੁਪਏ ਖਰਚ ਕੇ ਫੋਕੀ ਟੌਹਰ ਬਣਾਉਣ ਲਈ ਖੂਨ-ਪਸੀਨੇ ਦੀ ਕਮਾਈ ਰੋੜ੍ਹ ਕੇ ਸ਼ਾਮ ਨੂੰ ਲੜਕੀ-ਲੜਕੇ ਵਾਲੇ ਆਪਣੇ ਘਰ ਮੁੜ ਜਾਂਦੇ ਹਨ। ਫਿਰ ਕਈ ਸਾਲ ਕਰਜ਼ਾ ਲਾਹੁੰਦੇ ਰਹਿੰਦੇ ਹਨ। ਵਿਆਹ ਖੁਸ਼ੀ ਦਾ ਪ੍ਰਤੀਕ ਨਾ ਹੋ ਕੇ ਮਹਿਜ਼ ਇੱਕ ਰਸਮ ਬਣ ਕੇ ਰਹਿ ਜਾਂਦਾ ਹੈ ਇਸ ਗੱਲ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਘਰਾਂ ’ਚ ਕੀਤੇ ਜਾਣ ਵਾਲੇ ਵਿਆਹ ਇੱਕ ਵਿਰਾਸਤ ਬਣ ਕੇ ਰਹਿ ਗਏ ਹਨ।

ਕਿਸੇ ਸਮੇਂ ਦੇਸ਼ ਦਾ ਮਾਣ ਵਧਾਉਣ ਵਾਲੀਆਂ ਸੈਂਕੜੇ ਸਾਲ ਪੁਰਾਣੀਆਂ ਇਮਾਰਤਾਂ ਹੁਣ ਸੰਭਾਲ ਖੁਣੋਂ ਢਹਿ-ਢੇਰੀ ਹੋ ਰਹੀਆਂ ਹਨ ਵੱਖ-ਵੱਖ ਸ਼ਹਿਰਾਂ ’ਚ ਬਣੇ ਪੁਰਾਤਨ ਸਮੇਂ ਦੇ ਕਿਲੇ੍ਹ ਖੰਡਰ ਬਣਦੇ ਜਾ ਰਹੇ ਹਨ ਲੋੜ ਹੈ ਪੁਰਾਤਨ ਇਮਾਰਤਾਂ ਦੀ ਸੰਭਾਲ ਕਰਨ ਦੀ ਤੇ ਮੁਰੰਮਤ ਮੰਗਦੀਆਂ ਇਮਾਰਤਾਂ ਦੀ ਸਾਰ ਲੈਣ ਦੀ ਜ਼ਿਆਦਾਤਰ ਨਵੀਂ ਪੀੜ੍ਹੀ ਨੂੰ ਤਾਂ ਇਨ੍ਹਾਂ ਪੁਰਾਤਨ ਇਮਾਰਤਾਂ ਦੀ ਮਹੱਤਤਾ ਬਾਰੇ ਵੀ ਸ਼ਾਇਦ ਹੀ ਗਿਆਨ ਹੋਵੇ। ਸਾਡਾ ਫ਼ਰਜ਼ ਹੈ ਕਿ ਜਿੰਨਾ ਕੁ ਗਿਆਨ ਅਸੀਂ ਪੁਰਾਤਨ ਵਿਰਾਸਤ ਬਾਰੇ ਰੱਖਦੇ ਹਾਂ ਘੱਟੋ-ਘੱਟ ਓਨਾ ਤਾਂ ਆਉਣ ਵਾਲੀ ਪੀੜ੍ਹੀ ਨੂੰ ਦਈਏ।

ਸੰਪਰਕ: +91 94683 34603

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ