ਵਲਾਦੀਮੀਰ ਲੈਨਿਨ - ਪਰਮ ਪੜਤੇਵਾਲਾ
Posted on:- 17-04-2016
ਮਾਰਕਸਵਾਦ ਦਾ ਸਿਆਣਾ ਮੁਦਈ ‘ਲੈਨਿਨ’ ਜਿਸ ਨੇ ਕਾਰਲ ਮਾਰਕਸ ਤੇ ਫਰੈਡਰਿਕ ਏਂਗਲਜ ਦੇ ਲਿਖੇ ਸਿਧਾਂਤ ਨੂੰ ਸੱਚ ਕਰ ਵਿਖਾਇਆ। ‘ਵਲਾਦੀਮੀਰ ਇਲੀਚ ਉਲੀਆਨੋਵ’ ਸਾਡੇ ਸਭ ਦੇ ਪਿਆਰੇ ‘ਲੈਨਿਨ’। ‘ਵਿਗਿਆਨਿਕ ਸਮਾਜਵਾਦ’ ਦਾ ਰੂਸ ਦੀ ਧਰਤੀ ‘ਤੇ ਮੁੱਢ ਬੰਨਣ ਵਾਲਾ, ਮਾਰਕਸ-ਏਂਗਲਜ ਦੀਆਂ ਕਿਰਤਾਂ ਦਾ ਅਸਲ ‘ਚ ਵਿਗਿਆਨਤਾ ਨਾਲ ਮੁੱਲ ਪਾਉਣ ਵਾਲਾ ਉਹ ਯੋਧਾ ਜੋ ਮਾਰਕਸ-ਏਂਗਲਜ ਦੇ ਸਿਧਾਂਤ ਤੋਂ ਥਾਪੜਾ ਲੈ ਕੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਲਾਗੂ ਕਰਨ ਲਈ ਰੂਸ ਦੀ ਧਰਤੀ ‘ਤੇ ਉਵੇਂ ਹੀ ਗਰਜਿਆ, ਜਿਵੇਂ ਗੁਰੁ ਗੋਬਿੰਦ ਸਿੰਘ ਤੋਂ ਥਾਪੜਾ ਲੈ ਕੇ ਕਿਰਤੀ ਕਿਸਾਨਾਂ-ਮਜਦੂਰਾਂ ਦੇ ਹੱਕਾਂ ਲਈ ਬਾਬੇ ਨਾਨਾਕ ਦੇ ਸਾਂਝੀਵਾਲਤਾ ਦੇ ਸੁਨੇਹੇ ‘ਕਿਰਤ ਕਰੋ’, ‘ਵੰਡ ਛਕੋ’ ਨੂੰ ਲਾਗੂ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ‘ਤੇ ਜੁਲਮ ਦੇ ਲੋਟੂ ਪ੍ਰਬੰਧ ਵਿਰੁੱਧ ਲੜਿਆ ਸੀ।
ਸਮਾਜਵਾਦ ਬਾਰੇ ਸੋਹਣੇ ਸ਼ਬਦਾਂ ‘ਚ ਲੈਨਿਨ ਲਿਖਦਾ ਹੈ- “ਅਸੀਂ ਸਮਾਜ ਦਾ ਨਵਾਂ ਤੇ ਚੰਗਾ ਨਿਜ਼ਾਮ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਸ ਨਵੇਂ ਤੇ ਚੰਗੇਰੇ ਸਮਾਜ ਵਿੱਚ ਨਾ ਗਰੀਬ ਹੋਣੇ ਚਾਹੀਦੇ ਹਨ ਤੇ ਨਾ ਹੀ ਅਮੀਰ, ਸਾਰਿਆਂ ਨੂੰ ਕੰਮ ਕਰਨਾ ਪਵੇਗਾ। ਮੁੱਠੀ ਭਰ ਅਮੀਰ ਲੋਕਾਂ ਨੂੰ ਹੀ ਨਹੀਂ, ਸਗੋਂ ਸਾਰੇ ਕੰਮ ਕਰਦੇ ਲੋਕਾਂ ਨੂੰ ਆਪਣੀ ਸਾਂਝੀ ਕਿਰਤ ਦੇ ਫਲ ਮਾਨਣੇ ਚਾਹੀਦੇ ਹਨ।
ਮਸ਼ੀਨ ਅਤੇ ਦੂਜੀਆਂ ਸੁਧਾਈਆਂ, ਸਾਰੀਆਂ ਦੇ ਕੰਮ ਨੂੰ ਸੌਖਿਆਂ ਕਰਨ ਦੇ ਵਿੱਚ ਸੇਵਾ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਨੂੰ ਲੱਖਾਂ ਕਰੋੜਾਂ ਲੋਕਾਂ ਦੀ ਕੀਮਤ ਉੱਤੇ ਕੁਝ ਲੋਕਾਂ ਨੂੰ ਅਮੀਰ ਬਣਨ ਦੇ ਯੋਗ ਨਹੀਂ ਬਣਾਉਣਾ ਚਾਹੀਦਾ। ਇਸ ਨਵੇਂ ਤੇ ਚੰਗੇਰੇ ਸਮਾਜ ਦਾ ਨਾਮ ‘ਸੋਸ਼ਲਿਸਟ’ ਸਮਾਜ ਹੈ। ਇਸ ਸਮਾਜ ਬਾਰੇ ਸਿੱਖਿਆ ਨੂੰ ‘ਸੋਸ਼ਲਿਜ਼ਮ’ ਕਹਿੰਦੇ ਹਨ।”ਕਿਰਤੀਆਂ ਦੇ 20ਵੀਂ ਸਦੀ ਦੇ ਯੁੱਗ ਪੁਰਸ਼ ਦਾ ਜਨਮ 22 ਅਪੈ੍ਰਲ 1870 ਨੂੰ ਸਿਮਬਿਰਸਕ ਨਾਮ ਦੇ ਸ਼ਹਿਰ ‘ਚ ਵੋਲਗਾ ਨਦੀ ਦੇ ਕੰਢੇ ਹੋਇਆ। ਦਾਦਾ ਭੂਮੀ-ਗੁਲਾਮ ਸੀ ਜੋ ਕੰਗਾਲੀ ਭਰਿਆ ਜੀਵਨ ਬਤੀਤ ਕਰਦਾ ਸੀ। ਜਿਵੇਂ ਅੱਜ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਵਿੱਤੀ ਸਰਮਾਏ ਨੇ ਵਿਆਜ ਦੇ ਪੈਸਿਆਂ ਦੇ ਕਰਜ ਦੇ ਬੋਝ ਥੱਲੇ ਦੱਬਿਆ ਹੋਇਆ ਹੈ, ਉਸੇ ਤਰ੍ਹਾਂ ਦਾਦੇ ਦੇ ਕਰਜ਼ ਦੀ ਕੰਗਾਲੀ ਤੇ ਗੁਲਾਮੀ ਉਸ ਦੇ ਪਿਓ ਇਲੀਆ ਨਿਕੋਲਾਏਵਿਚ ਉਲੀਆਨੋਵ ਸਿਰ ਆਣ ਪਈ। ਦਾਦਾ ਤਾਂ ਮਰ ਗਿਆ ਪਰ ਹੁਣ ਗੁਲਾਮੀ ਦਾ ਭਾਰ ਸਾਡੇ ਕਿਸਾਨਾਂ ਸਿਰ ਚੜੇ੍ਹ ਕਰਜੇ ਵਾਂਗ ਉਸ ਦੇ ਪਿਓ ਸਿਰ ‘ਤੇ ਸੀ। ਮਾਂ ਮਾਰੀਆ ਅਲੇਕਸਾਂਦਰੋਵਨਾ ਚੰਗੀ ਵਿੱਦਿਆ ਪ੍ਰਾਪਤ ਇੱਕ ਡਾਕਟਰ ਦੀ ਧੀ ਸੀ। ਕਈ ਭਾਸ਼ਾਵਾਂ ਜਾਣਦੀ ਇਹ ਮਾਂ, ਸੰਗੀਤ ਨੂੰ ਪਿਆਰ ਕਰਦੀ ਜਿਸ ਨੇ ਆਪਣਾ-ਆਪ, ਆਪਣੇ ਛੇ ਬੱਚਿਆਂ ਨੂੰ ਵਿੱਦਿਆ ਦੇਣ ਵੱਲ ਲਾਇਆ। ਵਿੱਦਿਆ ਨੇ ਹੀ ਬੱਚਿਆਂ ਨੂੰ ਇਨਕਲਾਬੀ ਬਣਾਉਣ ‘ਚ ਵੱਡਾ ਹਿੱਸਾ ਪਾਇਆ। ਲੈਨਿਨ ਅਸਧਾਰਨ ਯੋਗਤਾ ਵਾਲਾ, ਹਸਮੁੱਖ, ਉਤਸ਼ਾਹੀ ਸੁਭਾ ਦਾ ਮਾਲਿਕ ਸੀ। ਲੈਨਿਨ ਬਹੁਤ ਪੜਦਾ ਸੀ। ਛੋਟੀ ਉਮਰ ਤੋਂ ਹੀ ਉਹ ਮਹਾਨ ਰੂਸੀ ਲੇਖਕਾਂ ਦੀ ਕਿਤਾਬਾਂ ਨੂੰ ਰੁਚੀ ਨਾਲ ਪੜਨ ਦਾ ਕੰਮ ਕਰਦਾ ਸੀ। ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਨੇ ਲੈਨਿਨ ਦੀ ਪ੍ਰਤਿਭਾ ਨੂੰ ਨਿਖਾਰਨ ‘ਚ ਬਹੁਤ ਵੱਡਾ ਹਿੱਸਾ ਪਾਇਆ। ਉਹ ਇਨਕਲਾਬ ਦੇ ਵਿਰੋਧਵਾਸੀ ਪਦਾਰਥਵਾਦੀ ਸਿਧਾਂਤ ਦੇ ਪੱਖ ਤੋਂ ਹਰ ਰੋਜ ਜਾਣੂ ਹੋ ਰਿਹਾ ਸੀ। ਇਸ ਸਮੇਂ ਰੂਸ ਦੀ ਸਰਮਾਏਦਾਰੀ ਆਪਣੇ ਮੁਢਲੇ ਪੈਰ ਤੇਜ਼ੀ ਨਾਲ ਪੁੱਟ ਰਹੀ ਸੀ। ਕਿਸਾਨਾਂ ਤੇ ਮਜਦੂਰਾਂ ਦੀ ਹਾਲਤ ਰੂਸ ‘ਚ ਅਫਸੋਸਜਨਕ ਹੀ ਸੀ। ਹਰ ਥਾਂ ਰੋਟੀ ਦੇ ਲਾਲੇ ਪਏ ਹੋਏ ਸਨ। ਰੂਸ ‘ਚ ਜਗੀਰਦਾਰਾਂ ਤੇ ਸਰਮਾਏਦਾਰਾਂ ਦਾ ਲੋਟੂ ਵਰਗ ਲੋਕਾਂ ਦੀ ਕਿਰਤ ਨੂੰ ਲੁੱਟ ਰਿਹਾ ਸੀ ਤੇ ਦੂਜੇ ਪਾਸੇ ਲੈਨਿਨ ਵਰਗੇ ਜਵਾਨ ਇਸ ਪ੍ਰਬੰਧ ਨੂੰ ਨਫਰਤ ਕਰਦੇ ਸਨ। ਵਹਿੰਮ-ਭਰਮਾਂ ਦੀ ਕੱਟਰਤਾ, ਫੋਕੇ ਰਿਤੀ ਰਿਵਾਜਾਂ ਨੂੰ ਲੈਨਿਨ ਨੇ ਲੱਤ ਮਾਰ ਦਿੱਤੀ। ਅਲੇਕਸਾਂਦਰ, ਲੈਨਿਨ ਦਾ ਵੱਡਾ ਭਰਾ, ਨੇ ਲੈਨਿਨ ‘ਤੇ ਬਹੁਤ ਪ੍ਰਭਾਵ ਪਾਇਆ। ਉਹ ਬਲਵਾਨ ਇੱਛਾ ਸ਼ਕਤੀ ਤੇ ਉੱਚੇ ਅਸੂਲਾਂ ਦਾ ਮਾਲਿਕ ਸੀ। ਜਾਰਸ਼ਾਹੀ ਨੂੰ ਖ਼ਤਮ ਕਰਨ ਦੀ ਇੱਛਾ ਰੱਖਣ ਵਾਲੇ ਤੇ ਨਵਾਂ ਰਾਜਨੀਤਿਕ ਪ੍ਰਬੰਧ ਦੇਣ ਦੀ ਤਾਂਘ ਵਾਲੇ ਭਰਾ ਨੂੰ ਮਾਰਕਸਵਾਦ ਦਾ ਕੁੱਝ ਗਿਆਨ ਸੀ। ਮਾਰਕਸਵਾਦ ਬਾਰੇ ਮੁੱਢਲੀ ਜਾਣਕਾਰੀ ਲੈਨਿਨ ਨੂੰ ਆਪਣੇ ਭਰਾ ਤੋਂ ਹੀ ਮਿਲੀ। 1886 ‘ਚ ਲੈਨਿਨ ਦੇ ਪਿਤਾ ਦੀ ਮੌਤ ਹੋ ਗਈ। 1887 ਦੇ ਮਾਰਚ ‘ਚ ਭਰਾ ਵੀ ਆਲੇਕਸਾਂਦਰ ਤੀਜੇ ਦੇ ਕਤਲ ‘ਚ ਸੇਂਟ ਪੀਟਰਜ਼ਬਰਗ ‘ਚ ਗ੍ਰਿਫਤਾਰ ਕਰ ਲਿਆ ਤੇ ਮਈ 1887 ‘ਚ ਹੀ ਉਸ ਨੂੰ ‘ਸ਼ਲਿਸਲਬੂਰਗ ਗੜੀ’ ‘ਚ ਫਾਂਸੀ ਦੇ ਦਿੱਤੀ। ਲੈਨਿਨ ਨੂੰ ਭਰਾ ਦੀ ਮੌਤ ਦਾ ਅਫਸੋਸ ਸੀ ਪਰ ਉਹ ਆਪਣੇ ਭਰਾ ਵੱਲੋਂ ਚੁਣੇ ਹੋਏ ਰਾਹ ਨਾਲ ਸਹਿਮਤ ਨਹੀਂ ਸੀ, ਉਸਨੇ ਆਪਣਾ ਵੱਖਰਾ ਰਾਹ ਤਿਆਰ ਕਰਨ ਦਾ ਫੈਂਸਲਾ ਕੀਤਾ। ਉਸ ਨੇ ਸਮਾਜਕ ਵਿਗਿਆਨਾਂ ਨੂੰ ਪੜਨਾ ਸ਼ੁਰੂ ਕੀਤਾ। ਫਲਸਫੇ ‘ਚ ਮੁਹਾਰਤ ਹਾਸਿਲ ਕੀਤੀ। ਮਾਰਕਸ ਏਂਗਲਜ ਦੀਆਂ ਲਿਖਤਾਂ ਨੂੰ ਧਿਆਨ ਨਾਲ ਪੜਿਆ। ਉਸਨੇ ਮਾਰਕਸਵਾਦ ਸਿਧਾਂਤ ਨੂੰ ਨਵੇਂ ਸਿੱਟਿਆਂ ਅਤੇ ਦਲੀਲਾਂ ਨਾਲ ਭਰੇ ਕਥਨਾਂ ਨਾਲ ਭਰਨ ਦਾ ਕੰਮ ਸ਼ੁਰੂ ਕੀਤਾ। ਉਸਨੇ ਮਾਰਕਸਵਾਦ ਨੂੰ ਪਦਾਰਥਵਾਦੀ ਵਿਰੋਧਵਿਕਾਸ ਦੇ ਰਚਨਾਤਮਕ ਵਿਕਾਸ ਅਤੇ ਨਵੀਆਂ ਪ੍ਰਸਥਿਤੀਆਂ ‘ਤੇ ਲਾਗੂ ਕਰਨ ਦਾ ਜਿੰਮਾ ਚੁਕਿਆ। ਹਾਲਾਤ ਜਬਰਦਸਤ ਵਿਗਿਆਨਿਕ ਦਲੇਰੀ ਦੇ ਲਈ ਲੈਨਿਨ ਨੂੰ ਆਵਾਜਾਂ ਮਾਰ ਰਹੇ ਸੀ। ਮਾਰਕਸ ਅਤੇ ਏਂਗਲਜ਼ ਨੇ ਜਿਸ ਮੰਤਵ ਦਾ ਮੁੱਢ ਬੰਨਿਆ ਸੀ, ਲੈਨਿਨ ਨੇ ਉਸ ਨੂੰ ਜਾਰੀ ਰੱਖਦੇ ਹੋਏ ਸਾਮਰਾਜੀ ਸਮੇਂ ਦੀ ਆਰਥਿਕਤਾ ਅਤੇ ਨੀਤੀ ਦੇ ਵੱਖ-ਵੱਖ ਪੱਖਾਂ ਸੰਬੰਧੀ ਯਥਾਰਥ ਉੱਤੇ ਆਧਾਰਿਤ ਬਹੁਤ ਸਾਰੀ ਸਮੱਗਰੀ ਦਾ ਡੂੰਘਾ ਅਧਿਅਨ ਸ਼ੁਰੂ ਕਰ ਦਿੱਤਾ। ਦਸੰਬਰ 1887 ‘ਚ ਲੈਨਿਨ ਨੇ ਵਿਦਿਆਰਥੀਆਂ ਦੀ ਖੁਫੀਆ ਮੀਟਿੰਗ ‘ਚ ਹਿੱਸਾ ਲਿਆ ਤੇ ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ 17 ਸਾਲ ਦੀ ਉਮਰ ਦਾ ਗੱਭਰੂ ਸੀ। ਜੇਲ ‘ਚ ਪੁਲਿਸ ਅਫਸਰ ਨਾਲ ਉਸਦੀ ਦਲੇਰਾਨਾ ਗੱਲਬਾਤ ਹੋਈ। ਗੱਲਬਾਤ ‘ਚ ਅਫਸਰ ਨੇ ਕਿਹਾ, “ ਬਗਾਵਤ ਕਰਨ ਦਾ ਕੀ ਫਾਇਦਾ ਜਵਾਨ! ਦੇਖਦਾ ਨਹੀਂ ਤੇਰੇ ਸਾਹਮਣੇ ਇੱਕ ਦੀਵਾਰ ਖੜੀ ਹੈ।....... ਪਰ ਹਾਂ! ਇਹ ਦੀਵਾਰ ਪੂਰੀ ਤਰਾਂ੍ਹ ਖੋਖਲੀ ਹੋ ਚੁੱਕੀ ਹੈ।” ਲੈਨਿਨ ਨੇ ਕਿਹਾ, “ਇਸਨੂੰ ਚੰਗੀ ਤਰਾਂ ਧੱਕਾ ਦਿਓ ਤੇ ਇਹ ਢਹਿ ਢੇਰੀ ਹੋ ਜਾਵੇਗੀ।” ਇਸ ਵੇਲੇ ਉਸ ਦੀ ਉਮਰ 17 ਸਾਲ ਦੀ ਸੀ ਤੇ ਲੈਨਿਨ ਰਾਜ ਦੇ ਖਿਲਾਫ ਇਨਕਲਾਬੀ ਸਮਾਜਵਾਦੀ ਲੜਾਈ ਲੜਨ ਲਈ ਤੁਰ ਪਿਆ। ਉਸਨੂੰ ਕੋਕੂਸ਼ਕੀਨੋ ਪਿੰਡ ‘ਚ ਜਲਾਨਤਨ ਕਰ ਦਿੱਤਾ ਗਿਆ। ਇੱਥੇ ਕਿਤਾਬਾਂ ਨੂੰ ਨਿਗਲਣ ਦਾ ਕੰਮ ਸ਼ੁਰੂ ਕੀਤਾ। ਇਸ ਬਾਰੇ ਲੈਨਿਨ ਮਗਰੋਂ ਯਾਦ ਕਰਦਾ ਲਿਖਦਾ ਹੈ, “ਮੇਰਾ ਨਹੀਂ ਖਿਆਲ ਕਿ ਮੈਂ ਆਪਣੀ ਜ਼ਿੰਦਗੀ ‘ਚ ਇਨਾਂ੍ਹ ਜਿਆਦਾ ਪੜਿਆ ਹੋਵਾਂ, ਇਥੋਂ ਤੱਕ ਕਿ ਸੇਂਟ ਪੀਟਰਜ਼ਬਰਗ ਦੀ ਜੇਲ ਜਾਂ ਸਾਇਬੇਰਿਆ ਵਿੱਚ ਵੀ ਨਹੀਂ, ਜਿੰਨਾਂ ਮੈਂ ਕੋਕੂਸ਼ਕੀਨੋ ਪਿੰਡ ਵਿੱਚ ਜਲਾਵਤਨ ਕੀਤੇ ਜਾਣ ਤੋਂ ਪਿੱਛੋਂ, ਉਸ ਸਾਲ ਪੜਿਆ। ਮੈਂ ਤੜਕਸਾਰ ਤੋਂ ਕਾਫੀ ਰਾਤ ਗਈ ਤੱਕ ਅੰਨ੍ਹੇ ਜੋਸ਼ ਨਾਲ ਪੜਦਾ ਰਹਿੰਦਾ।” ਮਾਰਕਸਵਾਦ ਨੂੰ ਪੜਨ ਦੀ ਗਤੀ ਤੇਜ਼ ਕਰਦਿਆਂ ਲੈਨਿਨ ਉਸ ਨੂੰ ਜਮੀਨੀ ਤੌਰ ‘ਤੇ ਲਾਗੂ ਕਰਨ ਬਾਰੇ ਵੀ ਸੋਚਦਾ 1889 ‘ਚ ਲੈਨਿਨ ਆਪਣੇ ਪਰਿਵਾਰ ਸਮੇਤ ਗੂਬੇਰਨੀਆ ਚਲੇ ਗਏ, ਜਿੱਥੇ ਉਹ ਸਾਢੇ ਚਾਰ ਸਾਲ ਰਹੇ। ਇਸੀ ਦੌਰਾਨ ਮਾਰਕਸਵਾਦ ਦੇ ਨਾਲ-ਨਾਲ ਲੈਨਿਨ ਨੇ ਵਿਦੇਸ਼ੀ ਭਾਸ਼ਾਵਾਂ ਸਿੱਖਣ ‘ਤੇ ਵੀ ਜੋਰ ਲਾਇਆ। ਇਸ ਕਾਰਨ ਹੀ ਲੈਨਿਨ ਨੇ ‘ਕਮਿਊਨਿਸਟ ਮੈਨੀਫੈਸਟੋ’ ਦਾ ਰੂਸੀ ‘ਚ ਅਨੁਵਾਦ ਕੀਤਾ।
ਲੈਨਿਨ ਕਠੋਰ ਸਵੈ-ਵਿੱਦਿਆ ‘ਚੋਂ ਲੰਘ ਰਿਹਾ ਸੀ ਜਿਸ ਲਈ ਉਹ ਸਖਤ ਮਿਹਨਤ ਕਰਨ ਦੇ ਰਾਹ ‘ਤੇ ਤੁਰਿਆ ਹੋਇਆ ਸੀ। ਅਲਾਕਾਏਵਕਾ ਵਿੱਚ ਗਰਮੀ ਦੀ ਰੁੱਤੇ ਲੈਨਿਨ ਨੇ ਖੱਟਿਆ ਦੇ ਬੂਟਿਆਂ ਵਾਲੇ ਇੱਕ ਛਾਂ-ਦਾਰ ਰਾਹ ਉੱਤੇ ਆਪਣੇ ਲਈ ਇੱਕ ਛਾਂ ਵਾਲਾ ਕੋਨਾ ਲੱਭਿਆ। ਜਿੱਥੇ ਇੱਕ ਵੱਡੇ ਰੁੱਖ ਦੇ ਤਣੇ ਦਾ ਬੈਂਚ ਤੇ ਇੱਕ ਮੇਜ਼ ਬਣਾ ਕੇ ਪੜਨ ਦਾ ਕੰਮ ਸ਼ੁਰੂ ਕੀਤਾ। ਉਸਦੀ ਭੈਣ ਅੱਨਾਂ ਯਾਦ ਕਰਦੀ ਲਿਖਦੀ ਹੈ, “ਉਹ ਗੰਭੀਰ ਅਧਿਐਨ ਨੂੰ ਆਰਾਮ ਦੇ ਮੌਕਿਆਂ ਨਾਲ ਜੋੜ ਸਕਦੇ ਸਨ। ਉਹ ਬਾਕਾਇਦਾ ਵਰਜਸ਼ ਕਰਦੇ ਅਤੇ ਲੰਬੀ ਸੈਰ ਕਰਦੇ, ਸੰਗੀਤ ਲਈ, ਗਾਉਣ ਲਈ ਅਤੇ ਸ਼ਤਰੰਜ ਲਈ ਸਮਾਂ ਕੱਢ ਲੈਂਦੇ। ਉਨਾਂ੍ਹ ਨੂੰ ਮਜਾਕ ਤੇ ਹਾਸਾ ਪਸੰਦ ਸੀ ਅਤੇ ਉਹ ਆਪਣੀ ਹੱਸਮੁਖਤਾ ਅਤੇ ਖੁਸ਼ ਜਵਾਨੀ ਭਰੀ ਚੜਦੀ ਕਲਾ ਹਮੇਸ਼ਾ ਦੂਸਰਿਆਂ ਵਿੱਚ ਹੀ ਸਰਚਾ ਦਿੰਦੇ ਸਨ।”1892 ‘ਚ ਲੈਨਿਨ ਨੇ ਸਮਾਰਾ ‘ਚ ਮਾਰਕਸਵਾਦ ਦੇ ਅਧਿਅਨ ਲਈ ਇਨਕਲਾਬੀ ਖਿਆਲਾਂ ਦੇ ਨੌਜਵਾਨਾਂ ਨਾਲ ਮਿਲਕੇ ਪਹਿਲੀ ਟੋਲੀ ਸਥਾਪਿਤ ਕੀਤੀ। ਰੂਸ ਦੇ ਪੇਂਡੂ ਲੋਕਾਂ ਦੇ ਜੀਵਨ ਨੂੰ ਨੇੜਿਓਂ ਦੇਖਣ ਕਾਰਣ ਲੈਨਿਨ ਕਿਸਾਨਾਂ ਨਾਲ ਗੱਲਾਂ ਬਾਤਾਂ ਕਰਦਾ ਤੇ ਉਨ੍ਹਾਂ ਦੇ ਜੀਵਨ ਹਾਲਤਾਂ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦਾ। ਲੈਨਿਨ ਦੇ ਸਮਾਰਾ ‘ਚ ਹੀ ਸਰਮਾਏਦਾਰੀ ਦੇ ਕਿਸਾਨੀ ‘ਚ ਦਖਲ ਦੇ ਲੇਖ ਲਿਖੇ। ਖੁਫੀਆ ਮੀਟਿੰਗਾਂ ਲਈ ਵੋਲਗਾ ਨਦੀ ‘ਤੇ ਆਪਣੇ ਸਾਥੀਆਂ ਨਾਲ ਬੇੜੀ ‘ਚ ਵਿਚਾਰ ਚਰਚਾ ਉਨ੍ਹਾਂ ਦੀ ਯਾਦਾਂ ਦਾ ਹਿੱਸਾ ਹਨ। ਸਮਾਰਾ ਦਾ ਇਲਾਕਾ ਕੰਮ ਕਰਨ ਲਈ ਹਾਲਾਤਾਂ ਅਨੁਸਾਰ ਛੋਟਾ ਹੁੰਦਾ ਗਿਆ। ਇਸ ਜਗ੍ਹਾ ਨੇ ਲੈਨਿਨ ਨੂੰ ਮਾਰਕਸ ਤੇ ਏਂਗਲਜ ਦੀ ਸਿਧਾਂਤਕ ਲੀਹ ਲੱਭਣ ‘ਚ ਸਹਾਇਤਾ ਦਿੱਤੀ ਪਰ ਲੈਨਿਨ ਇਸ ਦਾ ਘੇਰਾ ਪਿੰਡਾਂ ਤੋਂ ਸਨਅਤਾਂ ਤੱਕ ਲਿਜਾਣ ਲਈ ਵਿਊਂਤਦਾ ਸੀ। ਇਸ ਲਈ ਸਨਅਤ ਨੂੰ ਸਮਝਣ ਲਈ ਉਹ ਅਗਸਤ 1893 ‘ਚ ਸਮਾਰਾ ਤੋਂ ਸੇਂਟ ਪੀਟਰਜ਼ਬਰਗ ਚਲਿਆ ਗਿਆ।ਸੇਂਟ ਪੀਟਰਜ਼ਬਰਜ਼ ਮਜ਼ਦੂਰ ਜਮਾਤ ਲਹਿਰ ਦਾ ਮੁੱਖ ਕੇਂਦਰ ਸੀ ਤੇ ਰੂਸ ਦੀ ਰਾਜਧਾਨੀ ਵੀ ਸੀ।ਇਹ ਮਾਰਕਸਵਾਦ ਦੇ ਅਧਿਐਨ ਕਰਤਾ ਦਾ ਗੜ੍ਹ ਸੀ। ਜਿਸ ਕਾਰਨ ਹਮੇਸ਼ਾ ਹੀ ਸਰਕਾਰ ਦੇ ਖ਼ੁਫੀਆ ਤੰਤਰ ਦੀ ਨਿਗ੍ਹਾ ਦਾ ਕੇਂਦਰ ਸੀ। ਲੈਨਿਨ ਵੀ ਇਨਾਂ੍ਹ ਅਧਿਐਨ ਕੇਂਦਰਾਂ ‘ਚੋਂ ਇੱਕ ਟੋਲੀ ਦਾ ਮੈਂਬਰ ਸੀ। ਲੈਨਿਨ ਬਾਕੀਆਂ ਨਾਲੋਂ ਤੇਜ਼ ਸਮਝ ਵਾਲਾ, ਜੋਸ਼ੀਲਾ ਸੀ। ਉਹ ਅਸਲ ‘ਚ ਮਾਰਕਸਵਾਦ ਨੂੰ ਸਮਝ ਕੇ ਲਾਗੂ ਕਰਨ ‘ਚ ਮੋਹਰੀ ਸੀ। ਸੇਂਟ ਪੀਟਰਜ਼ਬਰਜ਼ ਹੀ ਉਹ ਥਾਂ ਹੈ ਜਿਥੇ ਲੈਨਿਨ ਦੀਆਂ ਸਰਗਰਮੀਆਂ ਤੇ ਮਜ਼ਦੂਰ ਜਮਾਤ ਲਹਿਰ ਦਾ ਉਭਾਰ ਇੱਕੋ ਵੇਲੇ ਹੋਇਆ। ਲੈਨਿਨ ਹੀ ਪਹਿਲਾ ਇਨਸਾਨ ਸੀ ਜਿਸ ਨੇ ਮਜਦੂਰਾਂ ਦੇ ਸਾਹਮਣੇ ਆਪਣੀ ਇੱਕ ਮਜਦੂਰ ਪਾਰਟੀ ਬਣਾਉਣ ਦਾ ਏਜੰਡਾ ਪੇਸ਼ ਕੀਤਾ। ਇੱਕ ਪਾਸੇ ਮਜਦੂਰਾਂ ਨੂੰ ਜਥੇਬੰਦ ਕਰਨ ਦਾ ਕੰਮ ਤੇ ਦੂਜੇ ਪਾਸੇ ਕਈ ਤਰ੍ਹਾਂ ਦੇ ਇਨਕਲਾਬ ਤੋਂ ਉਲਟ ਕੰਮ ਕਰਨ ਵਾਲੇ ਗੁੱਟਾਂ, ਨਰੋਦਨਿਕਾਂ, ਕਾਨੂੰਨੀ ਮਾਰਕਸਵਾਦੀਆਂ ਨਾਲ ਵਿਚਾਰਧਾਰਕ ਲੜਾਈ ਲੜੀ। ਇਸ ਤਰ੍ਹਾਂ ਮਾਰਕਸਵਾਦ ਨੂੰ ਗਲਤ ਵਿਆਖਿਆਕਾਰਾਂ ਤੋਂ ਬਚਾਉਣ ਦਾ ਕੰਮ ਵੀ ਲੈਨਿਨ ਨੇ ਆਪਣੇ ਮੋਢਿਆਂ ‘ਤੇ ਲੈ ਲਿਆ। ਲੈਨਿਨ ਨੇ ਮਜਦੂਰ ਜਮਾਤ ਨਾਲ ਕਿਸਾਨੀ ਦੇ ਗਠਜੋੜ ਪੇਸ਼ ਕੀਤਾ ਤੇ ਇਸ ‘ਤੇ ਕੰਮ ਵੀ ਕੀਤਾ। ਉਨ੍ਹਾਂ ਜਾਰਸ਼ਾਹੀ, ਜ਼ਗੀਰਦਾਰੀ ਤੇ ਬੁਰਜੂਆਜੀ ਦਾ ਤਖਤਾ ਉਲਟਾਉਣ ਲਈ ਤੇ ਮਜਦੂਰ ਜਮਾਤ ਦੀ ਤਾਕਤ ਸਥਾਪਿਤ ਕਰਨ ਦਾ ਰਾਹ ਮਾਰਕਸਵਾਦ ਦੇ ਨਜ਼ਰੀਏ ਤੋਂ ਲੋਕਾਂ ਅੱਗੇ ਪੇਸ਼ ਕੀਤਾ।ਉਸਨੇ ਕਈ ਨਾਵਾਂ ਥੱਲੇ ਆਪਣੀਆਂ ਲਿਖਤਾਂ ਨੂੰ ਪੇਸ਼ ਕੀਤਾ। ਲੈਨਿਨ ਆਪਣੀਆਂ ਲਿਖਤਾਂ ‘ਚ ਦੱਸਦਾ ਹੈ, “ਜਦੋਂ ਸਰਮਾਏਦਾਰੀ ਦੀਆਂ ਕੁਝ ਆਧਾਰ ਖ਼ਾਸੀਅਤਾਂ ਆਪਣੇ ਉਲਟ ‘ਚ ਤਬਦੀਲ ਹੋਣ ਲੱਗੀਆਂ ਤਾਂ ਸਰਮਾਏਦਾਰੀ ਨੇ ਸਾਮਰਾਜ ਦਾ ਰੂਪ ਧਾਰਨ ਕਰ ਲਿਆ। ਦੇਸ਼ਾਂ ਅੰਦਰ ਆਜ਼ਾਦ ਮੁਕਾਬਲੇ ਦੀ ਥਾਂ ਅਜਾਰੇਦਾਰੀ ਨੇ ਲੈ ਲਈ ਜੋ ਸਾਮਰਾਜ ਦੀ ਨਿਰਣਾਇਕ ਸਿਫਤ ਬਣ ਗਈ।” ਲੈਨਿਨ ਨੇ ਵਿਖਾਇਆ ਕਿ ਸਾਮਰਾਜ ਦਾ ਉਘੜਵਾਂ ਲੱਛਣ ਬੈਂਕ ਦੇ ਸਰਮਾਏ ਦਾ ਸਨਅਤੀ ਸਰਮਾਏ ਨਾਲ ਇੱਕ-ਮਿਕਤਾ ਅਤੇ ਇਸਦੇ ਆਧਾਰ ਉੱਤੇ ਮੁੱਠੀ ਕੁ ਵਿੱਤ ਉਘਿਆਂ ਦੀ ਹਕੂਮਤ ਹੈ। ਲੈਨਿਨ ਲਿਖਦਾ ਹੈ, “ਸਾਮਰਾਜ ਸਰਮਾਏਦਾਰੀ ਦਾ ਉਹ ਪੜਾਅ ਹੈ ਜਿਸ ਪੜਾਅ ਉੱਤੇ ਅਜਾਰੇਦਾਰੀਆਂ ਅਤੇ ਵਿੱਤ ਸਰਮਾਏ ਦਾ ਗ਼ਲਬਾ ਸਥਾਪਿਤ ਹੋ ਜਾਂਦਾ ਹੈ, ਜਿਸ ‘ਚ ਸਰਮਾਏ ਦੀ ਬਰਾਮਦ ਉੱਘੀ ਮਹੱਤਤਾ ਧਾਰਨ ਕਰ ਲੈਂਦੀ ਹੈ, ਜਿਸ ‘ਚ ਕੌਮਾਂਤਰੀ ਟਰਸਟਾਂ ਵਿਚਕਾਰ ਦੁਨੀਆਂ ਦੀ ਵੰਡ ਸ਼ੁਰੂ ਹੋ ਚੁੱਕੀ ਹੁੰਦੀ ਹੈ ਅਤੇ ਜਿਸ ‘ਚ ਸਭ ਤੋਂ ਵੱਡੀਆਂ ਸਰਮਾਏਦਾਰ ਸ਼ਕਤੀਆਂ ‘ਚ ਦੁਨੀਆਂ ਦੇ ਸਾਰੇ ਇਲਾਕਿਆਂ ਦੀ ਵੰਡ ਪੂਰੀ ਹੋ ਚੁੱਕੀ ਹੈ।”1894 ‘ਚ ਹੀ ਲੈਨਿਨ ਦੀ ਕਰੂਪਕਸਾਯਾ ਨਾਲ ਦੋਸਤੀ ਹੰਦੀ ਹੈ। 1895 ‘ਚ ਸੇਂਟ ਪੀਟਰਜ਼ਬਰਜ਼ ਦੇ ਮਾਰਕਸਵਾਦੀਆਂ ਦੇ ਕਹੇ ‘ਤੇ ਲੈਨਿਨ ‘ਕਿਰਤ ਦੀ ਮੁਕਤੀ’ ਗਰੁੱਪ ਨੂੰ ਮਿਲਣ ਲਈ ਵਿਦੇਸ਼ ਜਾਂਦੇ ਹਨ ਤੇ ਸਵਿਟਜ਼ਰਲੈਂਡ ਦੀ ਧਰਤੀ ‘ਤੇ ਮਿਲਦੇ ਹਨ। ਇਥੋਂ ਲੈਨਿਨ ਪੈਰਿਸ ਤੇ ਬਰਲਿਨ ਚਲੇ ਗਏ ਜਿਥੇ ਫਰਾਂਸੀਸੀ ਤੇ ਜਰਮਨ ਮਜਦੂਰਾਂ ਨਾਲ ਮੀਟਿੰਗਾਂ ਕੀਤੀਆਂ। ਦੇਸ਼ ਪਰਤ ਕੇ ਸੇਂਟ ਪੀਟਰਜ਼ਬਰਜ਼ ਤੋਂ ਵਿਲਨੋ, ਮਾਕਸੋ, ਓਰੇਖੋਵ-ਜ਼ੂਯੇਵੋਸ਼ਹਿਰਾਂ ‘ਚ ਗਏ। 1895 ‘ਚ ਹੀ ਲੈਨਿਨ ਨੇ ਸੇਂਟ ਪੀਟਰਜ਼ਬਰਜ਼ ਦੀਆਂ ਮਾਰਕਸਵਾਦੀ ਟੋਲੀਆਂ ਨੂੰ ਇੱਕ ਰਾਜਨੀਤਿਕ ਜਥੇਬੰਦੀ ‘ਚ ਸ਼ਾਮਿਲ ਕਰ ਲਿਆ ਜੋ ‘ਮਜਦੂਰ ਜਮਾਤ ਦੀ ਮੁੱਕਤੀ ਲਈ ਘੋਲ ਦੀ ਲੀਗ’ ਕਰਕੇ ਜਾਣੀ ਜਾਣ ਲੱਗੀ। ਇਸੇ ਲੀਗ ਨੇ ਹੀ 1896 ਦੀਆਂ ਗਰਮੀਆਂ ‘ਚ ਸੇਂਟ ਪੀਟਰਜ਼ਬਰਜ਼ ਦੇ ਟੈਕਸਟਾਈਲ ਦੇ 30000 ਤੋਂ ਵਧ ਮਿਲ-ਮਜਦੂਰਾਂ ਨਾਲ ਮਿਲਕੇ ਹੜਤਾਲ ਕੀਤੀ। ਜਾਰਸ਼ਾਹੀ ਨੇ ‘ਘੋਲ ਦੀ ਲੀਗ’ ਦੀਆਂ ਸਰਗਰਮੀਆਂ ਉੱਪਰ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਤੇ ਦਸੰਬਰ 1895 ਦੇ ਸ਼ੁਰੂ ‘ਚ ਹੀ ਲੈਨਿਨ ਸਮੇਤ ਕਈ ਮੁੱਖ ਆਗੂ ਗ੍ਰਿਫਤਾਰ ਕਰ ਲਏ ਗਏ। ਇਸ ਦੇ ਸੰਬੰਧ ‘ਚ ਹੀ ਸੇਂਟ ਪੀਟਰਜ਼ਬਰਗ ‘ਚ ਲੈਨਿਨ ਨੂੰ 14 ਮਹੀਨੇ ਦੀ ਜੇਲ੍ਹ ਹੋਈ। ਜੇਲ ਨੇ ਹੌਂਸਲੇ ਨੂੰ ਵਧਾਇਆ ਤੇ ਵਧੇਰੇ ਤੇਜ਼ ਸਰਗਰਮੀ ਨਾਲ ਚਿੱਠੀਆਂ, ਦੁਵਰਕੀਆਂ ਤੇ ਸੁਨੇਹੇ ਲਾਉਣ ਦਾ ਕੰਮ ਕਰਨ ਲੱਗੇ। ਲਿਖਣ ਦੇ ਲਈ ਕਿਤਾਬਾਂ ਅਤੇ ਰਸਾਲਿਆਂ ਦੀਆ ਸਤਰਾਂ ਵਿਚਕਾਰ ਦੁੱਧ ਨਾਲ ਲਿਖਣ ਦਾ ਕੰਮ ਲਿਆ ਜਾਂਦਾ ਸੀ। ਇਹ ਦੁੱਧ ਨਾਲ ਲਿਖਿਆ ਦਿਖਦਾ ਨਹੀਂ ਸੀ ਜਦ ਤੱਕ ਇਸ ਨੂੰ ਗਰਮ ਨਾ ਕੀਤਾ ਜਾਵੇ ਤੇ ਗਰਮ ਹੰੁਦਿਆਂ ਹੀ ਇਹ ਪੜਨ ਯੋਗ ਅੱਖਰਾਂ ‘ਚ ਉੱਘੜ ਜਾਂਦਾ ਸੀ। ਦੁੱਧ ਰੱਖਣ ਲਈ ਰੋਟੀ ਦੀਆਂ ਨਿੱਕੀਆਂ ਦਵਾਤਾਂ ਬਣਾਇਆਂ ਜਾਂਦੀਆਂ ਸਨ ਤੇ ਜੇਲਰ ਦੇ ਆਉਣ ਤੱਕ ਉਸ ਨੂੰ ਨਿਗਲ ਲਿਆ ਜਾਂਦਾ ਸੀ। ਜੇਲ ‘ਚੋਂ ਹੀ ਲੈਨਿਨ ਨੇ ਮਾਰਕਸਵਾਦ ਪਾਰਟੀ ਦਾ ਪਹਿਲਾ ਡਰਾਫਟ ਪ੍ਰੋਗਰਾਮ ‘ਤੇ ਨੋਟ ਲਿਖੇ। ਜੇਲ ‘ਚ ਹੀ ਲੈਨਿਨ ਨੇ ‘ਰੂਸ ਵਿੱਚ ਸਰਮਾਏਦਾਰੀ ਦਾ ਵਿਕਾਸ’ ਨਾਮ ਦੀ ਕਿਤਾਬ ਵੀ ਲਿਖੀ ਜੋ 1899 ‘ਚ ਛਪੀ। ਸੈਂਕੜੇ ਕਿਤਾਬਾਂ ਰਸਾਲੇ ਪੜੇ। ਦਿਨ ‘ਚ ਪੜਨ ਦਾ ਕੰਮ ਤੇ ਰਾਤ ਨੂੰ ਸ਼ਰੀਰਕ ਕਸਰਤ ਦੀ ਦਿਨ ਕਿਰਿਆ ਨੂੰ ਇੱਕ ਟਾਈਮ ਟੇਬਲ ਵਾਂਗ ਵਰਤਣ ਲੱਗੇ।ਮਗਰੋਂ 13 ਫਰਵਰੀ 1897 ਨੂੰ ਲੈਨਿਨ ਨੂੰ ਸਾਈਬੇਰੀਆ ਦੇ ਠੰਡੇ ਇਲਾਕੇ ‘ਚ 3 ਸਾਲ ਦੀ ਜਲਾਵਤਨੀ ਦੀ ਸਜ਼ਾ ਸੁਣਾਈ ਗਈ। ਮਈ 1897 ਨੂੰ ਲੈਨਿਨ ਜਲਾਵਤਨੀ ਦੇ ਟਿਕਾਣੇ, ਰੇਲਵੇ ਲਾਈਨ ਤੋਂ ਸੈਂਕੜੇ ਮੀਲ ਹਟਵੇਂ ਦੂਰ ਦੁਰਾਡੇ ‘ਯੇਨਿਸੀ ਗੂਬੇਰਨੀਆ’ ਦੇ ਮਿਊਸਿਨਸਕ ਜ਼ਿਲ੍ਹੇ ਦੇ ਪਿੰਡ ਸ਼ੂਸ਼ੇਨਸਕੋਯੇ ਪਹੁੰਚਿਆ। ਇਹ ਲੈਨਿਨ ਲਈ ਕਠਿਨ ਸਮਾਂ ਸੀ। ਉਹ ਸਿੱਧੀ ਇਨਕਲਾਬੀ ਸਰਗਰਮੀ ਨਾਲੋਂ ਕੱਟਿਆ ਗਿਆ। ਫਿਰ ਵੀ ਉਤਸ਼ਾਹ ਨਾਲ ਕੰਮ ਕੀਤਾ। ਸਾਈਬੇਰੀਆਈ ਪਿੰਡਾਂ ਦੇ ਕਿਸਾਨੀ ਦਾ ਡੂੰਘਾ ਅਧਿਅਨ ਕੀਤਾ। ਇੱਥੇ ਹੀ ਸਲਾਹੀ ਵਕੀਲ ਦੇ ਤੌਰ ‘ਤੇ ਵੀ ਲੈਨਿਨ ਨੇ ਕੰਮ ਕੀਤਾ। ਕਰੁਪਸਕਾਯਾ, ਲੈਨਿਨ ਦੀ ਮੰਗੇਤਰ ਕਿਉਂ ਜੋ ਉਹ ਵੀ ‘ਘੋਲ ਦੀ ਲੀਗ’ ਦੇ ਮੁਕੱਦਮੇ ‘ਚ ਦੋਸ਼ੀ ਠਹਿਰਾਈ ਗਈ ਸੀ, ਨੂੰ ਸਜ਼ਾ ਕੱਟਣ ਲਈ ਸ਼ੂਸ਼ੇਨਸਕੋਯੇ ਵਿੱਚ ਹੀ ਲੈਨਿਨ ਕੋਲ ਸਜ਼ਾ ਕੱਟਣ ਦੀ ਇਜ਼ਾਜਤ ਮਿਲ ਗਈ। ਇਸੇ ਦੌਰਾਨ ਹੀ ਦੋਨਾਂ ਨੇ ਵਿਆਹ ਕਰਵਾਇਆ ਤੇ ਇੱਕ ਦੂਜੇ ਦੇ ਭਰੋਸੇਯੋਗ ਸਾਥੀ ਬਣ ਗਏ ਜਿਨਾਂ੍ਹ ਔਖੇ ਸੌਖੇ ਰਾਹਾਂ ‘ਤੇ ਇੱਕ ਦੂਜੇ ਦਾ ਸਾਥ ਨਿਭਾਇਆ। ਜਲਾਵਤਨ ਦੌਰਾਨ ਹੀ ਲੈਨਿਨ ਨੇ ਪਾਰਟੀ ਲਈ ਡਰਾਫਟ ਪ੍ਰੋਗਰਾਮ ਤੇ ਕੋਈ 30 ਤੋਂ ਵੱਧ ਕਿਤਾਬਾਂ ਲਿਖਿਆਂ। ਸਰਮਾਏਦਾਰੀ ਦੇ ਵਿਕਾਸ ਨੂੰ ਸਨਅਤ ਦੇ ਨਾਲ ਨਾਲ ਜ਼ਰਾਇਤ ਵਿੱਚ ਵੀ ਸਿੱਧ ਕੀਤਾ। ਜਲਾਵਤਨੀ ਦੇ ਦਿਨ ਖਤਮ ਹੋਏ ਤੇ ਲੈਨਿਨ 29 ਜਨਵਰੀ 1900 ਨੂੰ ਆਪਣੇ ਪਰਿਵਾਰ ਸਮੇਤ ਸ਼ੂਸ਼ੇਨਸਕੋਯੇ ਤੋਂ ਸਖ਼ਤ ਕੱਕਰ ਦੇ ਬਾਵਜੂਦ ਲੰਬਾ ਸਫਰ ਤੈਅ ਕਰਨ ਲਈ ਤੁਰ ਪਏ। ਇਨਕਲਾਬ ਉਦੇਸ਼ ਸੀ ਤੇ ਇਸ ਨੂੰ ਪੂਰਾ ਕਰਨ ਲਈ ਯੋਜਨਾਵਾਂ ਨੂੰ ਅਮਲ ਦੇਣ ਦਾ ਕੰਮ ਤੇਜ਼ ਕੀਤਾ। ਰੂਸ ‘ਚ ਰਾਜਨੀਤਿਕ ਅਖਬਾਰਾਂ ‘ਤੇ ਪਾਬੰਦੀ ਸੀ ਇਸ ਲਈ ਵਿਦੇਸ਼ਾਂ ਤੋਂ ਅਖਬਾਰ ਛਪਵਾਉਣ ਦਾ ਨਿਰਣਾ ਲਿਆ ਗਿਆ। ਪੁਲਿਸ ਦੀ ਪਾਬੰਦੀ ਦੇ ਬਾਵਜੂਦ ਲੈਨਿਨ ਗੋਲੀ ਦੀ ਰਫਤਾਰ ਵਾਂਗ ਇੱਕ ਥਾਂ ਤੋਂ ਦੂਜੀ ਥਾਂ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ। ਉਹ ਮਾਸਕੋ ਸੇਂਟ ਪੀਟਰਜ਼ਬਰਗ, ਰੀਗਾ, ਸਮਾਰਾ, ਸੀਜ਼ਰਾਨ, ਨੀਜ਼ਨੀ ਨਂੋਵਗੋਰੋਦ, ਊਫਾ, ਸਮੋਲੇਨਸਕ ਅਦਿ ਸ਼ਹਿਰਾਂ ‘ਚ ਗਿਆ।
ਲੈਨਿਨ ‘ਚ ਪੁਲਿਸ ਨੂੰ ਇਨਕਲਾਬੀ ਦੁਸ਼ਮਣ ਦਿਖਣ ਲੱਗਾ। ਸ਼ੱਕ ਪੈਣ ‘ਤੇ ਹੀ ਹਿਰਾਸਤ ਹੋ ਜਾਂਦੀ ਸੀ। ਇੱਕ ਰਿਪੋਰਟ ‘ਚ ਪੁਲਿਸ ਨੇ ਕਿਹਾ, “ਅੱਜ ਇਨਕਲਾਬ ਵਿੱਚ ਉਲੀਅਨੋਵ ਨਾਲੋਂ ਵੱਡਾ ਕੋਈ ਨਹੀਂ।” ਲੈਨਿਨ 16 ਜੁਲਾਈ 1900 ਨੂੰ ਜਰਮਨੀ ‘ਚ ਅਗਲੇ 5 ਸਾਲਾਂ ਲਈ ਚਲਾ ਗਿਆ। ਦਸੰਬਰ ‘ਚ ‘ਇਸਕਰਾ’ ਨਾਮ ਦਾ ਅਖਬਾਰ ਦਾ ਪਹਿਲਾ ਅੰਕ ਛਾਪਿਆ। 1902 ‘ਚ ਆਰਥਕਵਾਦੀਆਂ ਦੇ ਸੱਟ ਮਾਰਨ ਲਈ ਲੈਨਿਨ ਦੀ ਕਿਤਾਬ ‘ਕੀ ਕੀਤਾ ਜਾਵੇ’ ਛਪੀ। ਉਹ ਮਜਦੂਰਾਂ ‘ਚੋਂ ਪੇਸ਼ੇਵਰ ਇਨਕਲਾਬੀ ਲੱਭਦਾ। ਮਜਦੂਰ ਲਹਿਰ ਦੀ ਸ਼ਕਤੀ ਨੂੰ ਇੱਕ ਪਾਰਟੀ ‘ਚ ਬਦਲਣ ਦੀ ਤਮੰਨਾਂ ਲੈਨਿਨ ‘ਚ ਮਘਦੀ ਸੀ। ਉਹ ਸਿਧਾਂਤ ਦੀ ਅਹਿਮੀਅਤ ਅੱਗੇ ਰੱਖਦਾ ਲਿਖਦਾ ਹੈ, “ਇਨਕਲਾਬੀ ਸਿਧਾਂਤ ਤੋਂ ਬਿਨਾਂ੍ਹ ਇਨਕਲਾਬੀ ਲਹਿਰ ਨਹੀਂ ਉੱਸਰ ਸਕਦੀ। .... ਜੂਝਾਰ ਦਸਤੇ ਦਾ ਕਾਰਜ ਸਿਰਫ਼ ਉਹ ਪਾਰਟੀ ਕਰ ਸਕਦੀ ਹੈ, ਜਿਸ ਦੀ ਅਗਵਾਈ ਸਭ ਤੋਂ ਵੱਧ ਵਿਕਸਿਤ ਸਿਧਾਂਤ ਕਰਦਾ ਹੋਵੇ।” ਸਾਮਰਾਜ ਦੇ ਵਿਗਿਆਨਿਕ ਵਿਸ਼ਲੇਸ਼ਣ ਨੇ ਲੈਨਿਨ ਨੂੰ ਸੋਸ਼ਲਿਸਟ ਇਨਕਲਾਬ ਦੇ ਸਿਧਾਂਤ ਦੀ ਵਿਆਪਕ ਵਿਆਖਿਆ ਕਰਨ ਯੋਗ ਬਣਾਇਆ। ਜਿਵੇਂ ਮਾਰਕਸ-ਏਂਗਲਜ਼ ਨੇ ਅਜਾਰੇਦਾਰੀ ਤੋਂ ਪਹਿਲਾਂ ਦੇ ਯੁੱਗ ਵਿੱਚ ਸਰਮਾਏਦਾਰੀ ਸਮਾਜ ਦਾ ਵਿਸ਼ਲੇਸ਼ਣ ਕੀਤਾ ਤਾਂ ਇਹ ਕਿਹਾ ਕਿ ਸੋਸ਼ਲਿਸਟ ਇਨਕਲਾਬ ਸਾਰੇ ਦੇਸ਼ਾਂ ‘ਚ ਜਾਂ ਸਭ ਤੋਂ ਵੱਧ ਵਿਕਸਿਤ ਦੇਸ਼ਾਂ ‘ਚ ਇੱਕੋ ਸਮੇਂ ਜਿੱਤ ਸਕਦਾ ਹੈ। ਪਰ ਸਮਾਂ ਲੰਘਣ ਨਾਲ ਇਤਿਹਾਸਕ ਪ੍ਰਸਥਿਤੀਆਂ ਤਬਦੀਲ ਹੋ ਗਈਆਂ। ਅਜਾਰੇਦਾਰੀ ਤੋਂ ਬਾਅਦ ਸਰਮਾਏਦਾਰੀ ਦੀ ਥਾਂ ਸਾਮਰਾਜ ਅਤੇ ਰਾਜਸੀ ਵਿਕਾਸ ਨੇ ਲੈ ਲਈ। ਇਸ ਨੇ ਇਨਕਲਾਬੀ ਸ਼ਕਤੀਆਂ ਦਾ ਤੋਲ ਵੀ ਬਦਲ ਦਿੱਤਾ। ਲੈਨਿਨ ਨੇ ਆਪਣੇ ਲੇਖ, ‘ਪ੍ਰੋਲੇਤਾਰੀ ਇਨਕਲਾਬ ਦਾ ਫੌਜੀ ਪ੍ਰੋਗਰਾਮ’ ‘ਚ ਲਿਖਦਾ ਹੈ, “ਵੱਖ ਵੱਖ ਦੇਸ਼ਾਂ ‘ਚ ਸਰਮਾਏਦਾਰੀ ਦਾ ਵਿਕਾਸ ਅਤਿਅੰਤ ਅਪਧਰਾ ਹੈ। ਜਿਨਸਾਂ ਦਾ ਉਤਪਾਦਨ ਹੋਵੇ ਤਾਂ ਇਸ ਤੋਂ ਬਿਨ੍ਹਾਂ ਹੋਰ ਕੁੱਝ ਵੀ ਹੋ ਨਹੀਂ ਸਕਦਾ। ਇਸ ਲਈ ਇਹ ਅਟੱਲ ਸਿੱਟਾ ਨਿਕਲਦਾ ਹੈ ਕਿ ਸੋਸ਼ਲਿਜ਼ਮ ਸਾਰੇ ਦੇਸ਼ਾਂ ‘ਚ ਇੱਕੋ ਸਮੇਂ ਜੇਤੂ ਨਹੀਂ ਹੋ ਸਕਦਾ। ਪਹਿਲਾਂ ਉਹ ਇੱਕ ਜਾਂ ਕਈ ਦੇਸ਼ਾਂ ‘ਚ ਜੇਤੂ ਹੋਵੇਗਾ, ਜਿਥੇ ਕਿ ਬਾਕੀ ਦੇਸ਼ ਕੁੱਝ ਸਮੇਂ ਤੱਕ ਬੁਰਜ਼ੂਆ ਜਾਂ ਪੂਰਬ ਬੁਰਜੂਆ ਰਹਿੰਣਗੇ।” ਲੈਨਿਨ ਮਜਦੂਰਾਂ ਤੇ ਕਿਸਾਨਾਂ ਨੂੰ ਇਨਕਲਾਬ ਦੇ ਮੁੱਖੀ ਮੰਨਦਾ ਸੀ। ਉਸ ਨੇ ਦੋਨਾਂ ਨੂੰ ਨਾਲ ਲੈ ਕੇ ਚੱਲਣ ਦਾ ਕੰਮ ਕੀਤਾ ਜੋ ਅੱਜ ਦੀਆਂ ਕਮਿਊਸਿਟ ਵਿਚਾਰਧਾਰਾ ਦੀਆਂ ਪਾਰਟੀਆਂ ਨਹੀਂ ਕਰ ਰਹੀਆਂ। ਲੈਨਿਨ ਨੇ ਕਿਹਾ, “ਸੰਸਾਰ ਪੱਧਰ ‘ਤੇ ਸਾਮਰਾਜ ਵਿਰੁੱਧ ਆਮ ਇਨਕਲਾਬੀ ਹਮਲੇ ਨੂੰ ਵੱਧਕੇ ਅਤੇ ਸੰਸਾਰ ਇਨਕਲਾਬੀ ਅਮਲ ਦੀਆਂ ਧਾਰਾਂ ਦੇ ਏਕੇ ਦੇ ਆਧਾਰ ਉੱਤੇ ਸੋਸ਼ਲਿਸਟ ਅਤੇ ਸਾਮਰਾਜੀ ਵਿਰੋਧੀ ਇਨਕਲਾਬਾਂ ਦੀ ਸਫਲਤਾ ਸੰਭਵ ਹੈ।..... ਸੋਸ਼ਲਿਸਟ ਇਨਕਲਾਬ ਹਰ ਦੇਸ਼ ‘ਚ ਕੇਵਲ ਅਤੇ ਮੁੱਖ ਤੌਰ ‘ਤੇ ਉਸ ਦੇਸ਼ ਦੀ ਬੁਰਜੂਆਜ਼ੀ ਵਿਰੁੱਧ ਇਨਕਲਾਬੀ ਪ੍ਰੋਲੇਤਾਰੀ ਦਾ ਘੋਲ ਹੀ ਨਹੀਂ ਹੋਵੇਗਾ। ਨਹੀਂ, ਇਹ ਸਾਮਰਾਜ ਵਿਰੁੱਧ ਇਸਦੇ ਜ਼ੁਲਮ ਦੇ ਸਤਾਏ ਹੋਏ, ਸਾਰੀਆਂ ਬਸਤੀਆਂ ਅਤੇ ਦੇਸ਼ਾਂ, ਸਾਰੇ ਅਧੀਨ ਦੇਸ਼ਾਂ ਦਾ ਘੋਲ ਹੋਵੇਗਾ।” ਉਸ ਨੇ 1903 ‘ਚ ਕਿਸਾਨਾਂ ਦੇ ਨਾਮ ਇੱਕ ਪੈਂਫਲੈਟ ‘ਪਿੰਡਾਂ ਦੇ ਗਰੀਬਾਂ ਲਈ ਲਿਖਿਆ। ਫਿਰ ਉਹ ਲੰਡਨ ਤੋਂ ਜੇਨੇਵਾ ਚਲਿਆ ਗਿਆ। ਇਹ ਫੇਰੀਆਂ ‘ਇਸਕਰਾ’ ਕਰਕੇ ਹੀ ਜ਼ਿਆਦਾ ਹੁੰਦੀਆਂ ਸਨ। ਹੁਣ ਹਾਲਾਤ ਬਦਲਦੇ ਜਾ ਰਹੇ ਸੀ। ਰੂਸ ਤੇਜੀ ਨਾਲ ਲੈਨਿਨ ਦੀਆਂ ਪੈੜਾਂ ‘ਤੇ ਚਲਦਾ ਜਾ ਰਿਹਾ ਸੀ। ਲੈਨਿਨ ਵੀ ਰਾਜਨੀਤਿਕ ਤੌਰ ‘ਤੇ ਵਧੇਰੇ ਸਰਗਰਮੀ ‘ਚ ਕੰਮ ਕਰ ਰਿਹਾ ਸੀ। 1903 ‘ਚ ਰੂਸੀ ਸ਼ੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਦੀ ਦੂਜੀ ਕਾਂਗਰਸ ਤੇ 1904 ‘ਚ ਤੀਜੀ ਕਾਨਫਰੰਸ ਨੇ ਬਾਲਸ਼ਵਿਕਾਂ ਲਈ ਰਾਜਨੀਤੀ ਦੀ ਜਮੀਨ ਤਿਆਰ ਕੀਤੀ। ਹੁਣ ਇਹ ਮੇਨਸ਼ਵਿਕਾਂ ਤੇ ਬਾਲਸ਼ਵਿਕਾਂ ਵਿਚਲਾ ਘੋਲ ਹੀ ਸੀ। ਲੈਨਿਨ ਬਾਲਸ਼ਵਿਕਾਂ ਨਾਲ ਮਿਲਕੇ ਇਸ ਜਮੀਨ ‘ਚ ਸਮਾਜਵਾਦ ਦੇ ਬੀਜ ਬੀਜਣ ਦਾ ਕੰਮ ਕਰਨ ਲੱਗਾ। ਇਨਕਲਾਬ ਦੀ ਫਸਲ ਉੱਗ ਪਈ। ਅਖੀਰ 9 ਜਨਵਰੀ 1905 ਨੂੰ ਜ਼ਾਰ ਦੇ ਹੁਕਮਾਂ ਨਾਲ ਸੇਂਟ ਪੀਟਰਜ਼ਬਰਗ ‘ਚ ਮਜਦੂਰਾਂ ਦੇ ਸ਼ਾਂਤਮਈ ਜਲੂਸ ‘ਤੇ ਗੋਲੀਆਂ ਚਲਾ ਦਿੱਤੀਆਂ। ਲੋਕਾਂ ਦਾ ਰੋਹ ਭੜਕ ਗਿਆ। ਲੈਨਿਨ ਨੇ ਲਿਖਿਆ, “ਸੇਂਟ ਪੀਟਰਜ਼ਬਰਗ ਦੇ ਬਹਾਦਰ ਪੋ੍ਰਲੇਤਾਰੀਆਂ ਦਾ ਨਾਅਰਾ ‘ਆਜ਼ਾਦੀ ਜਾਂ ਮੌਤ’ ਰੂਸ ਭਰ ‘ਚ ਗੂੰਜ ਰਿਹਾ ਹੈ।”ਮੇਨਸ਼ਵਿਕਾਂ ਬਗੈਰ ਹੀ ਰੂਸੀ ਸ਼ੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਦੀ ਤੀਜੀ ਕਾਂਗਰਸ 1905 ‘ਚ ਹੋਈ। ਕਾਂਗਰਸ ਪਿੱਛੋਂ ਲੈਨਿਨ ਜੇਨੇਵਾ ਆ ਗਿਆ। ਕਾਂਗਰਸ ਉੱਤੇ ਫਿਰ ਇੱਕ ਕਿਤਾਬ ‘ਜਮਹੂਰੀ ਇਨਕਲਾਬ ‘ਚ ਸ਼ੋਸ਼ਲ ਡੈਮੋਕਰੇਸੀ ਦੇ ਦਾਅ ਪੇਚ’ ਲਿਖੀ। 1905 ਤੋਂ ਹੀ ਇਨਕਲਾਬ ਲਈ ਜਨਤਕ ਲਹਿਰ ਵਿਸ਼ਾਲ ਹੁੰਦੀ ਗਈ। ਅਕਤੂਬਰ ‘ਚ ਆਮ ਹੜਤਾਲ ਸ਼ੁਰੂ ਹੋਈ। ਜਨਤਾ ਦਾ ਸੈਲਾਬ ਸੜਕਾਂ ‘ਤੇ ਨਿਕਲ ਆਇਆ। ਜ਼ਾਰ ਸਰਕਾਰ ਨੇ ਘਬਰਾ ਕੇ ਕੁੱਝ ਰਿਆਇਤਾਂ ਦੇਣੀਆਂ ਮੰਨ ਲਈਆਂ ਜਿੰਨ੍ਹਾ ‘ਚ ਵਿਅਕਤੀ ਦੀ ਸੁਰੱਖਿਆ ਦਾ, ਬੋਲਣ ਦਾ, ਪ੍ਰੈਸ ਦਾ, ਇੱਕਠੇ ਹੋਣ ਦੀ ਆਜ਼ਾਦੀ ਤੇ ਦੂਜੀਆਂ ਸ਼ਹਿਰੀ ਆਜ਼ਾਦੀਆਂ ਸ਼ਾਮਿਲ ਸੀ। ਪਰ ਲੈਨਿਨ ਨੇ ਲੋਕਾਂ ਨੂੰ ਜ਼ਾਰ ਤੇ ਭਰੋਸੀਆਂ ਖਿਲਾਫ ਚਿਤਾਵਨੀ ਦਿੱਤੀ। ਇਨ੍ਹਾਂ ਦਿਨਾਂ ‘ਚ ਹੀ ਜਨਤਕ ਰਾਜਸੀ ਜਥੇਬੰਦੀਆਂ-ਮਜਦੂਰ ਡਿਪਟੀਆਂ ਦੀਆਂ ਸੋਵੀਅਤਾਂ ਦਾ ਜਨਮ ਸਾਰੇ ਵਿਸ਼ਵ ‘ਚ ਪਹਿਲੀ ਵਾਰ ਰੂਸ ‘ਚ ਹੋਇਆ। ਲੈਨਿਨ ਇਸ ਨੂੰ ਉਚਿਆਂਉਂਦੇ ਸਨ। ਇਸ ਦੇ ਨਾਲ ਹੀ ਲੈਨਿਨ ਦੇ ਲੇਖ ਲਗਾਤਾਰ ਅਖਬਾਰਾਂ ‘ਚ ਛਪਦੇ ਰਹੇ।ਰੂਸੀ ਸ਼ੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਦੀ ਚੌਥੀ ਕਾਂਗਰਸ 1906 ‘ਚ ਹੋਈ। ਜਿਸ ‘ਚ ਕਾਫੀ ਹੱਦ ਤੱਕ ਪਾਰਟੀ ਨੂੰ ਬਾਲਸ਼ਵਿਕਾਂ ਦੁਅਲੇ ਇੱਕਠਾ ਕੀਤਾ। ਫਰਵਰੀ 1907 ‘ਚ ਪੰਜਵੀਂ ਕਾਂਗਰਸ। ਇਸ ਸਾਰੇ ‘ਚ ਹੀ ਰੂਸ ਦਾ ਪਹਿਲਾ ਇਨਕਲਾਬ ਅਸਫਲ ਹੋ ਗਿਆ। ਜ਼ਾਰਸ਼ਾਹੀ ਨੇ ਆਪਣਾ ਗੁੱਸਾ ਲੋਕਾਂ ਨੂੰ ਜਲਾਹਵਤਨ ਕਰਕੇ ਅਤੇ ਜਾਂ ਕੈਦਾਂ ਕਰਕੇ ਕੱਢਿਆ। ਹਜਾਰਾਂ ਨੂੰ ਫਾਹੇ ਲਾਇਆ ਗਿਆ ਤਾਂ ਜੋ ਲੋਕਾਂ ‘ਚ ਡਰ ਪੈਦਾ ਕੀਤਾ ਜਾ ਸਕੇ। ਮਜਦੂਰ ਜਥੇਬੰਦੀਆਂ ਨੂੰ ਭੰਗ ਕਰ ਦਿੱਤਾ ਗਿਆ। ਲੈਨਿਨ ਇਸ ਨਾਲ ਟੁੱਟਿਆ ਨਹੀਂ ਸਗੋਂ ਹੋਰ ਮਜਬੂਤ ਹੋਇਆ। ਉਸ ਨੇ ਦੁਗਣੀ ਸ਼ਕਤੀ ਨਾਲ ਕੰਮ ਸ਼ੁਰੂ ਕਰ ਦਿੱਤਾ। ਪ੍ਰੋਲੇਤਾਰੀਆਂ ਦੀ ਸਮਾਜਵਾਦ ਦੀ ਜਿੱਤ ਉਸ ਨੂੰ ਸਾਫ ਦਿਸਦੀ ਸੀ। ਪਾਰਟੀ ਨੂੰ ਹੌਂਸਲਾ ਦਿੱਤਾ ਤੇ ਮੁੜ ਜਥੇਬੰਦ ਕਰਨ ਦਾ ਕੰਮ ਕੀਤਾ। ਕਈ ਲੋਕਾਂ ਨੂੰ ਮਿਲਣ ਦਾ ਕੰਮ ਵੀ ਲੈਨਿਨ ਨੇ ਖੁਦ ਕੀਤਾ। 1908 ਦੇ ਇੱਕ ਦਿਨ ਲੈਨਿਨ ਤੇ ਗੋਰਕੀ ਰੂਸ ਦੇ ਸਵਾਲ ‘ਤੇ ਕਾਫੀ ਸਮਾਂ ਵਿਚਾਰ ਕਰਦੇ ਰਹੇ। ਇਸ ਮਿਲਣੀ ਦਾ ਗੋਰਕੀ ‘ਤੇ ਬਹੁਤ ਪ੍ਰਭਾਵ ਪਿਆ। 1910 ‘ਚ ਲੈਨਿਨ ਆਪਣੀ ਮਾਂ ਨੂੰ ਮਿਲਣ ਸਟਾਕਹਾਮ ਗਿਆ। ਸਤੰਬਰ ਦੇ ਅਖੀਰ ‘ਚ ਲੈਨਿਨ ਵਾਪਿਸ ਪੈਰਿਸ ਆ ਗਿਆ।ਇਨਕਲਾਬ ਸੁਲਗਣ ਲੱਗਾ ਤੇ ਦੂਜੇ ਪਾਸੇ ਲੈਨਿਨ ਫਿਰ ਤੋਂ ਕੁਚਲੀ ਗਈ ਅਖਬਾਰ ਦੀ ਸ਼ਕਤੀ ‘ਚ ਅੱਗ ਫੂਕਣ ਲੱਗਾ। 1912 ‘ਚ ਪਰਾਵਦਾ ਅਖ਼ਬਾਰ ਸ਼ੁਰੂ ਕੀਤੀ ਜਿਸ ‘ਚ ਵੱਖ ਵੱਖ ਨਾਵਾਂ ਹੇਠ ਲੈਨਿਨ ਦੇ 1912-14 ਦਰਮਿਆਨ 180 ਤੋਂ ਵੱਧ ਲੇਖ ਛਪੇ। ਲੈਨਿਨ ਮਾਰਕਸਵਾਦ ਦੇ ਸਕੂਲ ਲਗਾਉਣ ਲੱਗਾ। ਕਈ ਥਾਂਹੀਂ ਕਾਨਫਰੰਸਾਂ ਕੀਤੀਆਂ ਜਿਥੇ ਲੈਨਿਨ ਵੱਲੋਂ ਦਲੀਲਾਂ ਦਾ ਮੀਂਹ ਵਰਾਹਿਆ ਜਾਂਦਾ। ਜੋ ਮੌਕਾਪ੍ਰਸਤਾਂ ‘ਤੇ ਸੱਟ ਮਾਰਦੀਆਂ ਸਨ। ਲੈਨਿਨ ਨੇ ਇਨਕਲਾਬ ਨੂੰ ਨਕਲੀ ਢੰਗ ਨਾਲ ਤੇਜ਼ ਕਰਨ ਦਾ ਵਿਰੋਧ ਕੀਤਾ। ਉਸਨੇ ਮਾਹਰਕੇਬਾਜੀਆ ਦਾ ਵਿਰੋਧ ਕੀਤਾ। ਉਸਨੇ ਇਸ ਗੱਲ੍ਹ ਉੱਤੇ ਜ਼ੋਰ ਦਿੱਤਾ ਕਿ ਇਨਕਲਾਬ ਪਾਰਟੀਆਂ ਜਾਂ ਸ਼੍ਰੇਣੀਆਂ ਦੀ ਇੱਛਾ ਤੋਂ ਆਜ਼ਾਦ, ਸਰਮਾਏਦਾਰੀ ਸਮਾਜ ਦੇ ਬਾਹਰਮੁਖੀ ਤੌਰ ਉੱਤੇ ਪੱਕ ਚੁੱਕੇ ਸੰਕਟਾਂ ਅਤੇ ਸ਼ੇ੍ਰਣੀ ਵਿਰੋਧਾਂ ਕਾਰਨ ਹੋਂਦ ‘ਚ ਆਉਂਦਾ ਹੈ। ਉਹ ਲਿਖਦੇ ਹਨ, “ਇਹ ਪ੍ਰਤੱਖ ਹੈ ਕਿ ਅਜਿਹੇ ਲੋਕ ਵੀ ਹਨ, ਜਿਹੜੇ ਇਹ ਸੋਚਦੇ ਹਨ ਕਿ ਹੋਰ ਦੇਸ਼ਾਂ ‘ਚ ਹੁਕਮ ਦੇ ਕੇ, ਸਮਝੌਤਾ ਕਰਕੇ ਇਨਕਲਾਬ ਕੀਤਾ ਜਾ ਸਕਦਾ ਹੈ। ਇਹ ਲੋਕ ਜਾਂ ਤਾਂ ਪਾਗਲ ਹਨ ਜਾਂ ਫਸਾਦੀ। ਪਿਛਲੇ ਬਾਰਾਂ ਵਰਿਆਂ ‘ਚ ਅਸੀਂ ਦੋ ਇਨਕਲਾਬ ਦੇਖੇ ਹਨ। ਅਸੀਂ ਜਾਣਦੇ ਹਾਂ ਕਿ ਉਹ ਨਾ ਹੁਕਮ ਦੇ ਕੇ ਕੀਤੇ ਜਾ ਸਕਦੇ ਸਨ, ਨਾ ਸਮਝੌਤਾ ਕਰਕੇ, ਕਿ ਉਹ ਉਸ ਸਮੇਂ ਹੋਏ ਜਦੋਂ ਲੱਖਾਂ ਲੋਕ ਇਸ ਸਿੱਟੇ ਉੱਤੇ ਅਪੜੇ ਕਿ ਹੁਣ ਪੁਰਾਣੀ ਤਰ੍ਹਾਂ ਜਿਊਣਾਂ ਅਸੰਭਵ ਹੈ।”1913 ਦੀ ਬਸੰਤ ਵਿੱਚ ਕਰੁਪਸਕਾਯਾ ਦੀ ਸਿਹਤ ਖਰਾਬ ਹੋਣ ਲੱਗੀ। ਇਸ ਲਈ ਲੈਨਿਨ ਨੇ ਕਰੁਪਸਕਾਯਾ ਨਾਲ ਕਰਾਕੋ ਤੋਂ ਪਰੋਨਿਨ ਆਪਣਾ ਟਿਕਾਣਾ ਬਦਲ ਲਿਆ। ਇੱਕ ਉੱਚੀ ਥਾਂ ‘ਤੇ ਘਰ ਕਿਰਾਏ ‘ਤੇ ਲਿਆ। ਫਿਰ ਵੀ ਸਿਹਤ ਨਾ ਠੀਕ ਹੋਣ ਕਰਕੇ ਉਨ੍ਹਾਂ ਨੂੰ ਬਰਨ ਜਾਣਾ ਪਿਆ। ਜੁਲਾਈ ਦੇ ਅਖੀਰ ‘ਚ ਉਹ ਵਾਪਿਸ ਪਰੋਨਿਨ ਆ ਗਏ। ਦੂਜੇ ਪਾਸੇ ਇਨਕਲਾਬੀ ਲਹਿਰ ਫਿਰ ਤੋਂ ਸੁਰਜੀਤ ਹੋ ਰਹੀ ਸੀ। 1914 ਦੇ ਅੱਧ ਤੱਕ ਹੋਈਆਂ ਹੜਤਾਲਾਂ ‘ਚ 15 ਲੱਖ ਤੋਂ ਵੱਧ ਮਜਦੂਰਾਂ ਨੇ ਹਿੱਸਾ ਲਿਆ। ਆਰਥਕ ਹੜਤਾਲਾਂ ਸਿੱਧੇ ਤੌਰ ‘ਤੇ ਰਾਜਨੀਤਿਕ ਹੜਤਾਲਾਂ ਨਾਲ ਸੰਬੰਧਿਤ ਸਨ। 1914 ‘ਚ ਸੰਸਾਰ ਜੰਗ ਚਲ ਪਈ। ਸੰਸਾਰ ਦੋ ਹਿੱਸੀਆਂ ‘ਚ ਵੰਡਿਆ ਗਿਆ। ਇੱਕ ਪਾਸੇ ਜਰਮਨੀ, ਅਤੇ ਆਸਟਰੀਆ-ਹੰਗਰੀ ਅਤੇ ਦੂਜੇ ਪਾਸੇ ਬਰਤਾਨੀਆ, ਫਰਾਂਸ ਅਤੇ ਰੂਸ ਸੀ। ਬਾਅਦ ‘ਚ ਅਮਰੀਕਾ ਜਾਪਾਨ ਤੇ ਹੋਰ ਵੀ ਕਈ ਦੇਸ਼ ਇਸ ‘ਚ ਸ਼ਾਮਿਲ ਹੋ ਗਏ। ਜੰਗ ਸ਼ੁਰੂ ਹੋਣ ਵੇਲੇ ਲੈਨਿਨ ਪਰੋਨਿਨ ‘ਚ ਸੀ। ਸ਼ੁਰੂ ‘ਚ ਉਸ ਨੇ ਜੰਗ ਦਾ ਵਿਰੋਧ ਕੀਤਾ। ਗਲਤ ਸੂਚਨਾ ਮਿਲਣ ‘ਤੇ ਲੈਨਿਨ ਨੂੰ ਰੂਸ ਦੀ ਜ਼ਾਰਸ਼ਾਹੀ ਲਈ ਜਾਸੂਸੀ ਕਰਨ ਦੇ ਇਲਜਾਮ ‘ਚ ਗ੍ਰਿਫਤਾਰ ਕਰ ਲਿਆ। ਪਰ ਉਥੋਂ ਦੇ ਲੋਕਾਂ ਨੇ ਲੈਨਿਨ ਦੀ ਰਿਹਾਈ ਲਈ ਆਵਾਜ ਬੁਲੰਦ ਕੀਤੀ ਜਿਸ ਕਾਰਨ ਦੋ ਹਫਤਿਆਂ ਪਿੱਛੋਂ ਹੀ ਲੈਨਿਨ ਨੂੰ ਫੌਜੀ ਅਧਿਕਾਰੀਆਂ ਵੱਲੋਂ ਰਿਹਾ ਕਰ ਦਿੱਤਾ। ਜਾਰਸ਼ਾਹੀ ਤੇ ਉਹ ਸਵਿਟਜ਼ਰਲੈਂਡ ‘ਚ ਬਰਨ ਜ਼ਿਊਰਿਖ 1917 ਤੱਕ ਰੁਕੇ। ਲੈਨਿਨ ਕੌਮੀ ਹਿੱਤਾਂ ਲਈ ਲੜਨ ਵਾਲਿਆਂ ਨੂੰ ਕਹਿੰਦਾ ਹੈ, “ਨਿੱਕੇ ਕੌਮੀ ਦ੍ਰਿਸ਼ਟੀਕੋਣ ਵਾਲੀ ਸੰਕੀਰਨਤਾ, ਵਡਪਣ ਦੇ ਅਨੁਭਵ ਅਤੇ ਵਖਵਾਦ ਵਿਰੁੱਧ ਲੜਨਾ ਚਾਹੀਦਾ ਹੈ। ਉਨ੍ਹਾਂ ਨੂੰ ਕੁਲ ਤੇ ਆਮ ਨੂੰ ਮੁੱਖ ਰੱਖਣਾ ਚਾਹੀਦਾ ਹੈ। ਵਿਅਕਤੀਗਤ ਹਿੱਤਾਂ ਨੂੰ ਆਮ ਦੇ ਅਧੀਨ ਕਰਨਾ ਚਾਹੀਦਾ ਹੈ।”ਲੈਨਿਨ ਦੀਆਂ ਲਿਖਤਾਂ ਹੀ ਲੈਨਿਨ ਦੀ ਕਮਾਈ ਦਾ ਸਾਧਨ ਸਨ। ਜੰਗ ਦੇ ਦਿਨਾਂ ‘ਚ ਜੰਗ ਵਿਰੋਧੀ ਲੇਖਾਂ ਅਤੇ ਕਿਤਾਬਾਂ ਲਈ ਪ੍ਰਕਾਸ਼ਕ ਲੱਭਣਾ ਬੇਹੱਦ ਮੁਸ਼ਕਿਲ ਕੰਮ ਸੀ। ਇੱਕ ਸਾਥੀ ਨੂੰ ਲਿਖੀ ਚਿੱਠੀ ‘ਚ ਉਹ ਲਿਖਦਾ ਹੈ, “ਜਿਥੋਂ ਤੱਕ ਮੇਰਾ ਨਿੱਜੀ ਤੌਰ ‘ਤੇ ਸੰਬੰਧ ਹੈ, ਮੈਂ ਤਾਂ ਕਹਾਂਗਾ ਕਿ ਮੈਨੂੰ ਕਮਾਈ ਦੀ ਲੋੜ ਹੈ। ਨਹੀਂ ਤਾਂ ਅਸੀਂ ਬੱਸ ਭੁੱਖ ਨਾਲ ਹੀ ਮਰ ਜਾਵਾਂਗੇ, ਹਕੀਕਤਨ ਅਤੇ ਸੱਚ-ਸੱਚ! ਜੀਵਨ ਖਰਚ ਅਸਮਾਨੇ ਜਾ ਚੜਿਆ ਹੈ ਅਤੇ ਗੁਜ਼ਾਰੇ ਵਾਸਤੇ ਕੁਝ ਵੀ ਨਹੀਂ ਹੈ।” ਲੈਨਿਨ ਨੇ ਸਾਦਗੀ ਅਤੇ ਸਾਦਾ ਜੀਵਨ ਬਤੀਤ ਕੀਤਾ ਤਾਂ ਜੋ ਲੋਕਾਈ ਨੂੰ ਸੁੱਖਾਂ ਦੇ ਦਿਨ ਦਿੱਤੇ ਜਾ ਸਕਣ। ਲੈਨਿਨ ਨੇ 1916 ਦੇ ਲੇਖ ‘ਚ ਲਿਖਿਆ, “ਸਾਰੀਆਂ ਕੌਮਾਂ ਸੋਸ਼ਲਿਜ਼ਮ ਤੱਕ ਅਪੜਨਗੀਆਂ, ਇਹ ਅਟੱਲ ਹੈ। ਪਰ ਉਹ ਸਾਰੀਆਂ ਇੱਕਸਾਰ ਰਾਹ ਤੋਂ ਨਹੀਂ ਆਉਣਗੀਆਂ। ਇਨ੍ਹਾਂ ‘ਚੋਂ ਹਰ ਇੱਕ ਕੌਮ ਜਮਹੂਰੀਅਤ ਦੇ ਕਿਸੇ ਨਾ ਕਿਸੇ ਰੂਪ ਵਿੱਚ, ਪ੍ਰੋਲੇਤਾਰੀਆ ਦੀ ਡਿਕਟੇਟਰੀ ਦੀ ਕਿਸੇ ਨਾ ਕਿਸੇ ਵੰਨਗੀ ‘ਚ , ਸਮਾਜੀ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਨਵੇਂ ਸਿਰਿਓਂ ਘੜਨ ਦੀ ਕਿਸੇ ਨਾ ਕਿਸੇ ਗਤੀ ਵਿੱਚ ਆਪਣੇ ਲੱਛਣ ਦਾ ਵਾਧਾ ਕਰੇਗੀ।”ਇਨਕਲਾਬ ਦਾ ਨਾਲ ਨਾਲ ਲੈਨਿਨ ਨੂੰ ਇਨਕਲਾਬ ਦੀਆਂ ਵਿਰੋਧੀ ਤਾਕਤਾਂ ਨਾਲ ਵੀ ਸਿਧਾਂਤਕ ਤੌਰ ‘ਤੇ ਲੜਾਈ ਕਰਨੀ ਪਈ। ਕਰੁਪਸਕਾਯਾ ਮਾਰਕਸ ਅਤੇ ਏਂਗਲਜ ਦੀਆਂ ਲਿਖਤਾਂ ਨੂੰ ਲੈਨਿਨ ਵੱਲੋਂ ਵਾਰ ਵਾਰ ਪੜਨ ਉੱਤੇ ਲਿਖਦੀ ਹੈ, “ਸੋਸ਼ਲਿਸਟ ਇਨਕਲਾਬ ਦੇ ਯੁੱਗ ਦਾ, ਇਸ ਦੇ ਤਰੀਕਿਆਂ ਅਤੇ ਸਪਸ਼ਟ ਜਾਇਜ਼ਾ ਲੈ ਸਕਣ।” ਲੈਨਿਨ ਨੇ ਸਾਮਰਾਜ, ਸਰਮਾਏਦਾਰੀ ਦਾ ਸਰਵਉੱਚ ਪੜਾਅ’ ਲਿਖੀ। ਉਸ ਨੇ ਇਸ ‘ਚ ਸਰਮਾਏਦਾਰੀ ਦੇ ਨਵੇਂ ਪੜਾਅ ਇਜਾਰੇਦਾਰੀ ਨੂੰ ਲੋਕਾਂ ਅੱਗੇ ਰੱਖਿਆ। ਲੈਨਿਨ ਨੇ ਇਜਾਰੇਦਾਰੀ ਸਰਮਾਏਦਾਰੀ, ਜਿਸ ‘ਚ ਉਸ ਨੇ ਦੱਸਿਆ ਕਿ ਇਸ ਨੇ ਦੁਨੀਆਂ ਦੇ ਕੱਚੇ ਮਾਲ ਦੇ ਸੋਮਿਆਂ, ਸਨਅਤ ਅਤੇ ਮੰਡੀ ਦਾ ਭਾਰੀ ਹਿੱਸਾ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਇਜਾਰੇਦਾਰੀ ਬੁਰਜ਼ੂਆਜ਼ੀ ਦੇਸ਼ਾਂ ਦੇ ਆਰਥਿਕ ਅਤੇ ਰਾਜਸੀ ਜੀਵਨ ਉੱਪਰ ਛਾ ਗਈਆਂ ਹਨ। ਕਿਵੇਂ ਸਰਕਾਰਾਂ ਨੂੰ ਆਪਣੀ ਮਰਜ਼ੀ ਮਨਵਾਉਣ ਲੱਗ ਪਈਆਂ ਹਨ। ਜਿਸ ਕਾਰਨ ਨਾ ਬਰਾਬਰ ਆਰਥਿਕ ਅਤੇ ਰਾਜਨੀਤਿਕ ਵਿਕਾਸ ਦਾ ਅਮਲ ਤੇਜ਼ ਹੋ ਗਿਆ ਹੈ।ਤੇ ਅਖੀਰ ਹੁਣ ਉਹ ਵਰ੍ਹਾ ਆ ਗਿਆ ਜਦ ਲੋਕਾਂ ਨੇ ਸਭ ਦੇ ਹੱਕ ਸਭ ਦੀ ਮਿਹਨਤ ਤੇ ਮਿਹਨਤ ਬਰਾਬਰ ਉਜਰਤ ਦੇਣ ਲਈ ਇੱਕ ਲੋਕਾਂ ਦੇ ਪੱਖੀ ਇਨਕਲਾਬ ਨੇ ਆਉਣਾ ਸੀ। ਲੈਨਿਨ ਇਨਕਲਾਬ ਬਾਰੇ ਲਿਖਦਾ ਹੈ, “ਇਨਕਲਾਬ ਜੀਵਨ ਦੀਆਂ ਅਤਿ ਡੂੰਘੀਆਂ ਨੀਹਾਂ ਨੂੰ ਅਤੇ ਵਸੋਂ ਦੇ ਅਤਿ ਵਿਸ਼ਾਲ ਸਮੂਹ ਨੂੰ ਪ੍ਰਭਾਵਿਤ ਕਰਦਾ ਹੈ।” ਪੀਤਰੋਗਰਾਦ ਦੇ ਕਾਮੇ ਬਾਲਸ਼ਵਿਕਾਂ ਦੀ ਆਵਾਜ ‘ਤੇ 9 ਜਨਵਰੀ 1917 ਨੂੰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ। 200000 ਤੋਂ ਵੱਧ ਔਰਤਾਂ ਮਰਦ ਇਸ ‘ਚ ਸ਼ਾਮਿਲ ਹੋਏ। ਹੌਲੀ ਹੌਲੀ ਹੜਤਾਲ ਰਾਜਸੀ ਮੁਜਾਹਿਰੇ ‘ਚ ਬਦਲ ਗਈ। ‘ਇੱਕ ਪੁਰਖਾਰਾਜ ਮੁਰਦਾਬਾਦ!’, ‘ਜੰਗ ਮੁਰਦਾਬਾਦ!’, ‘ਸਾਨੂੰ ਰੋਟੀ ਚਾਹੀਦੀ ਹੈ!’ ਦੇ ਨਾਅਰਿਆਂ ਨੇ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ। ਇਨਕਲਾਬ ਨੂੰ ਕੁਚਲਨ ਦੀਆਂ ਕੋਸ਼ਿਸ਼ਾਂ ਵੀ ਹੋਈਆਂ। ਸਾਰੇ ਰੂਸ ‘ਚ ਹੀ ਰਾਜਸੀ ਆਜ਼ਾਦੀਆਂ ਦਾ ਐਲਾਨ ਕਰ ਦਿੱਤਾ ਗਿਆ। ਮੇਨਸ਼ਵਿਕਾਂ ਅਤੇ ਸ਼ੋਸ਼ਲਿਸਟ ਇਨਕਲਾਬੀਆਂ ਨੇ ਲੋਕਾਂ ਨੂੰ ਧੋਖਾ ਦੇਣ ਵਿੱਚ ਬੁਰਜ਼ੁਰਾਜੀ ਦੀ ਸਹਾਇਤਾ ਕੀਤੀ। ਲੈਨਿਨ ਇਸ ਸਮੇਂ ਸਵਿਟਜ਼ਰਲੈਂਡ ‘ਚ ਰਹਿ ਰਿਹਾ ਸੀ ਜੋ ਸਾਰੇ ਰੂਸ ‘ਤੇ ਨਿਗ੍ਹਾ ਰੱਖ ਰਿਹਾ ਸੀ। ਜਿਉਂ ਹੀ ਉਨ੍ਹਾਂ ਨੂੰ ਫਰਵਰੀ ਇਨਕਲਾਬ ਦਾ ਪਤਾ ਲੱਗਾ ਤਾਂ ਉਨਾਂ੍ਹ ਰੂਸ ਵਿਚਲੇ ਬਾਲਸ਼ਵਿਕਾਂ ਨੂੰ ਤਾਰ ਭੇਜੀ। ਇਸ ਸਮੇਂ ਉਨ੍ਹਾਂ ਮਜਦੂਰਾਂ ਕਿਸਾਨਾਂ ਨੂੰ ਅਪੀਲ ਕੀਤੀ, “ਤੁਸੀਂ ਕੱਲ੍ਹ ਜ਼ਾਰਸ਼ਾਹੀ ਦਾ ਤਖ਼ਤਾ ਪਲਟਨ ਵਿੱਚ ਪ੍ਰੋਲੇਤਾਰੀ ਬਹਾਦਰੀ ਦੇ ਕਰਿਸ਼ਮੇ ਦਿਖਾਏ! ਲਗਭਗ ਨੇੜਵੇਂ ਭਵਿੱਖ ਵਿੱਚ ਤੁਹਾਨੂੰ ਭੂਮੀਪਤੀਆਂ ਅਤੇ ਸਰਮਾਏਦਾਰਾਂ ਦੀ ਹਕੂਮਤ ਨੂੰ ਉਲਟਾਉਣ ਲਈ ਬਹਾਦਰੀ ਦੇ ਉਹੀ ਕਰਿਸ਼ਮੇ ਦਿਖਾਉਣੇ ਪੈਣਗੇ।” ਇੱਕ ਪਾਸੇ ਲੋਕ ਆਪਣੇ ਮਹਿਬੂਬ ਆਗੂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਤੇ ਦੂਜੇ ਪਾਸੇ ਲੈਨਿਨ ਅਤੇ ਦੂਜੇ ਬਾਲਸ਼ਵਿਕਾਂ ਨੂੰ ਆਰਜ਼ੀ ਸਰਕਾਰ ਨੇ ਘਰ ਪਰਤਨ ਦੀ ਇਜ਼ਾਜਤ ਨਹੀਂ ਦਿੱਤੀ। ਤੇ ਅਖੀਰ ਸਵਿਸ ਸੋਸ਼ਲ ਡੈਮੋਕਰੈਟਾਂ ਦੀ ਸਹਾਇਤਾ ਨਾਲ ਲੈਨਿਨ ਸਾਥੀਆਂ ਨਾਲ 16 ਅਪੈ੍ਰਲ 1917 ਨੂੰ ਦਸ ਸਾਲ ਦੀ ਜਲਾਵਤਨੀ ਪਿੱਛੋਂ ਪੀਤਰੋਗਰਾਦ ਪੁੱਜੇ। ਲੋਕਾਂ ਨੇ ਲਾਲ ਝੰਡਿਆਂ ਨਾਲ ਆਪਣੇ ਮਹਿਬੂਬ ਆਗੂ ਦਾ ਫਿਨਲੈਂਡ ਦੇ ਸਟੇਸ਼ਨ ‘ਤੇ ਸਵਾਗਤ ਕੀਤਾ ਸੀ।ਲੈਨਿਨ ਨੇ ਕੌਮੀ ਅਤੇ ਕੌਮਾਂਤਰੀ ਹਿੱਤਾਂ ਨੂੰ ਠੀਕ ਢੰਗ ਨਾਲ ਇੱਕਠਾਂ ਕਰਨ ‘ਤੇ ਜ਼ੋਰ ਦਿੱਤਾ। ਲੈਨਿਨ ਨੇ ਇਨਕਲਾਬੀਆਂ ਤੋਂ ਮੰਗ ਕੀਤੀ ਕਿ ਉਹ ਕੌਮੀ ਹਿੱਤਾਂ ਨੂੰ ਮੁਖ ਰੱਖਣ, ਸਾਰੀਆਂ ਕੌਮਾਂ ਦੀ ਬਰਾਬਰੀ ਦੇ ਅਸੂਲ ਦੀ, ਉਨ੍ਹਾਂ ਦੀ ਆਜ਼ਾਦੀ ਅਤੇ ਆਜ਼ਾਦ ਵਿਕਾਸ ਦੀ ਹਿਮਾਇਤ ਕਰਨ। ਲੈਨਿਨ ਨੇ ‘ਮਾਤ-ਭੂਮੀ ਦੀ ਰਾਖੀ’ ਲਈ ਮਜਦੂਰਾਂ ਨੂੰ ਅਸਲ ਜੰਗ ਦਾ ਖਾਸਾ ਸਮਝਣ ਤੇ ਆਪਣੇ ਵਤੀਰੇ ਨੂੰ ਠੀਕ ਕਰਨਾ ਸਿਖਾਇਆ। ਉਸ ਨੇ ਮੌਕਾ ਪ੍ਰਸਤ ਮਾਤ-ਭੂਮੀ ਦੀ ਰਾਖੀ ਦੀ ਥਾਂ ਇਨਕਲਾਬੀ ਨਾਅਰਾ ਦਿੱਤਾ, ‘ਸਾਮਰਾਜੀ ਜੰਗ ਨੂੰ ਘਰੋਗੀ ਜੰਗ ‘ਚ ਬਦਲ ਦਿਓ।’ ਮਤਲਬ ਆਪਣੇ ਦੇਸ਼ ਦੀ ਬੁਰਜੂਆਜ਼ੀ ਖਿਲਾਫ ਮਜਦੂਰ ਜਮਾਤ ਅਤੇ ਕਿਰਤੀ ਜਮਾਤ ਦੀ ਜੰਗ ਵਿੱਚ। ਇਹ ਨਾਅਰਾ ਮਜਦੂਰਾਂ ਕਿਸਾਨਾਂ ਦੇ ਹਿੱਤਾਂ ਨੂੰ ਪ੍ਰਗਟ ਕਰਦਾ ਸੀ ਇਸ ਲਈ ਹੀ ਬਾਲਸ਼ਵਿਕ ਪਾਰਟੀ ਦਾ ਵੀ ਇਹ ਮੁੱਖ ਨਾਅਰਾ ਬਣਿਆ। 4 ਅਪੈ੍ਰਲ 1917 ਨੂੰ ਬਾਲਸ਼ਵਿਕਾਂ ਨਾਲ ਮੀਟਿੰਗ ਕੀਤੀ ਤੇ ‘ਅਪੈ੍ਰਲ ਥੀਸਜ਼’ ਨਾਮ ਨਾਲ ਇਤਿਹਾਸ ‘ਚ ਮਸ਼ਹੂਰ ਦਸਤਾਵੇਜਾਂ ‘ਚ ਬਾਲਸ਼ਵਿਕਾਂ ਦੇ ਕਰਤਵਾਂ ਬਾਰੇ ਦੱਸਿਆ। ਉਨ੍ਹਾਂ ਨਾਅਰਾ ਦਿੱਤਾ, “ਆਰਜ਼ੀ ਸਰਕਾਰ ਦੀ ਹਮਾਇਤ ਨਾ ਕਰੋ! ਸਾਰੀ ਸੱਤਾ ਸੋਵੀਅਤਾਂ ਨੂੰ ਦਿਓ।” ਉਨ੍ਹਾਂ ਪਾਰਟੀ ਦੀ ਕਾਂਗਰਸ ਸੱਦਣ ਦਾ, ਇਸਦਾ ਨਾਂ ਬਦਲ ਕੇ ਕਮਿਊਨਿਸਟ ਪਾਰਟੀ ਰੱਖਣ ਦਾ ਅਤੇ ਇਸ ਦਾ ਪ੍ਰੋਗਰਾਮ ਸੋਧਣ ਦਾ ਸੁਝਾਅ ਦਿੱਤਾ। ਦੂਜੇ ਪਾਸੇ ਮੁਜਾਹਿਰਾ ਕਰਨ ਵਾਲੀਆਂ ਨੂੰ ਖਾਸ ਕਰ ਬਾਲਸ਼ਵਿਕ ਪਾਰਟੀ ਅਤੇ ਮਜਦੂਰ ਜਥੇਬੰਦੀਆਂ ਦੇ ਖਿਲਾਫ ਆਰਜੀ ਸਰਕਾਰ ਨੇ ਹਥਿਆਰਬੰਦ ਤਾਕਤ ਅਪਣਾਈ। ਉਨਾਂ੍ਹ ਦੇ ਵਰਕਰਾਂ ਤੇ ਆਗੂਆਂ ਨੂੰ ਜੇਲ੍ਹਾਂ ‘ਚ ਸੁੱਟਿਆ ਗਿਆ। 4 ਜੁਲਾਈ ਦੀ ਰਾਤ ਨੂੰ ਫੌਜੀ ਕੈਡਟਾਂ ਨੇ ‘ਪਰਾਵਦਾ’ ਦੇ ਦਫਤਰ ਉੱਤੇ ਛਾਪਾ ਮਾਰਿਆ ਜਿੱਥੇ ਲੈਨਿਨ ਅੱਧਾ ਘੰਟਾ ਪਹਿਲਾਂ ਆਇਆ ਸੀ, ਉਹ ਮਸਾਂ ਹੀ ਬਚੇ। ਲੈਨਿਨ ਦੇ ਗ੍ਰਿਫਤਾਰੀ ਵਰੰਟ ਜਾਰੀ ਹੋ ਗਏ। ਉਨਾਂ੍ਹ ਨੂੰ ਫੜਨ ਅਤੇ ਕਤਲ ਕਰਾਉਣ ਦੇ ਕੰਮ ਤੇਜ਼ ਹੋ ਗਏ। ਲੈਨਿਨ ‘ਤੇ ਇਨਾਮ ਰੱਖੇ ਗਏ। ਲੈਨਿਨ ਨੇ ਕਈ ਦਿਨਾਂ ਤੱਕ ਪੀਤਰੋਗਰਾਦ ਦੇ ਮਜ਼ਦੂਰਾਂ ਦੇ ਘਰਾਂ ‘ਚ ਸ਼ਰਨ ਲਈ ਰੱਖੀ, ਫਿਰ ਰਾਜ਼ਲੀਵ ਦੇ ਕੰਢੇ ਇੱਕ ਫਿਨਿੱਸ਼ ਘਸਿਆਰੇ ਦਾ ਭੇਸ ਬਣਾ ਕੇ ਇੱਕ ਕੁੱਲੀ ‘ਚ ਰਹੇ। ‘ਰਾਜ ਅਤੇ ਇਨਕਲਾਬ’ ਨਾਮ ਦੀ ਕਿਤਾਬ ਇਸੇ ਥਾਂ ‘ਤੇ ਹੀ ਲੈਨਿਨ ਨੇ ਲਿਖੀ। ਇਸ ਥਾਂ ਤੋਂ ਹੀ ਲੈਨਿਨ ਨੇ ਪਾਰਟੀ ਦੀ ਛੇਵੀਂ ਕਾਂਗਰਸ ਦੀ ਅਗਵਾਈ ਕੀਤੀ।ਕਾਂਗਰਸ ਤੋਂ ਬਾਅਦ ਪਾਰਟੀ ਨੇ ਫੈਕਟਰੀਆਂ, ਫੌਜ ਅਤੇ ਪਿੰਡਾਂ ਕਿਸਾਨਾਂ, ਮਜਦੂਰਾਂ, ਜਹਾਜੀਆਂ ‘ਚ ਕੰਮ ਤੇਜ਼ ਕਰ ਦਿੱਤਾ। ਜਥੇਬੰਦਕ ਕੰਮ ਤੇਜ਼ ਕੀਤਾ। ਮਜਦੂਰਾਂ ਨੇ ਹਥਿਆਰ ਪ੍ਰਾਪਤ ਕਰ ਲਏ। ਲਾਲ ਗਾਰਦਾਂ ਨੂੰ ਹੋਂਦ ‘ਚ ਲਿਆਂਦਾ ਗਿਆ। ਇਹ ਕਾਫੀ ਸੰਘਰਸ਼ ਦਾ ਦੌਰ ਸੀ । ਇਸ ਸਮੇਂ ਦੌਰਾਨ ਹੀ ਲੈਨਿਨ ਰੇਲ ਇੰਜਣ ਦੇ ਬਾਲਣ ਪਾੳੇਣ ਵਾਲੇ ਦੇ ਭੇਸ ‘ਚ ਫਿਨਲੈਂਡ ਚਲਿਆ ਗਿਆ। ਰੂਸ ਦੇ ਹਾਲਤ ਬੇਹੱਦ ਤਨਾਅ ਵਾਲੇ ਹੋਣ ਲੱਗੇ। ਆਰਥਕ ਬਦਇੰਤਜਾਮੀ ਵੱਧ ਗਈ। ਬਾਲਣ ਦੀ ਘਾਟ ਨੇ ਰੇਲ ਦੇ ਪਹਿਏ ਰੋਕ ਦਿੱਤੇ। ਸ਼ਹਿਰਾਂ ਨੂੰ ਖੁਰਾਕ ਤੇ ਕੱਚਾ ਮਾਲ ਮਿਲਣਾ ਬੰਦ ਹੋ ਗਿਆ ਤੇ ਮਹਿੰਗਾਈ ਅੰਤਾਂ ਦੀ ਸੀ। ਲੋਕ ਵੀ ਛੇਤੀ ਤੋਂ ਵੀ ਵੱਧ ਕਾਹਲੇ ਸੀ ਸੱਤਾ ਬਾਲਸ਼ਵਿਕਾਂ ਦੇ ਹੱਥ ਦੇਣ ਨੂੰ। ਲੈਨਿਨ ਦੂਜੇ ਪਾਸੇ ਅਜੇ ਵੀ ਰੂਪੋਸ਼ ਸੀ। ਪਰ ਉਹ ਦੇਸ਼ ਦੀਆਂ ਘਟਨਾਵਾਂ ਤੋਂ ਜਾਣੂ ਰਹਿੰਦਾ। ‘ਸਾਰੀ ਸੱਤਾ ਸੋਵੀਅਤਾਂ ਦੇ ਹੱਥ’ ਦੇਣ ਦੇ ਨਾਅਰੇ ਨਾਲ ਬਾਲਸ਼ਵਿਕ ਵਧੇਰੇ ਸਰਗਰਮ ਹੋਏ। ਲਗਭਗ 250 ਤੋਂ ਵੱਧ ਸੋਵੀਅਤਾਂ ਨੇ ਇਸ ਦੇ ਹੱਕ ‘ਚ ਆਵਾਜ ਦਿੱਤੀ। ਅੱਧ ਸਤੰਬਰ ‘ਚ ਰੂਸ ਦੀ ਕ੍ਰਾਂਤੀ ਦੇ ਦਿਲ ਲੈਨਿਨ ਨੇ ਫਿਨਲੈਂਡ ਤੋਂ ਹੀ ਦੋ ਇਤਿਹਾਸਿਕ ਚਿੱਠੀਆਂ ਲਿਖਿਆਂ- ‘ਬਾਲਸ਼ਵਿਕਾਂ ਨੂੰ ਸੱਤਾ ਹੱਥ ਲੈਣੀ ਚਾਹੀਦੀ ਹੈ’ ਅਤੇ ‘ਮਾਰਕਸਵਾਦ ਅਤੇ ਬਗਾਵਤ।’ ਲੈਨਿਨ ਲਿਖਦਾ ਹੈ, “ਦੋੋਨਾਂ ਰਾਜਧਾਨੀਆਂ ਦੀਆਂ ਸੋਵੀਅਤਾਂ ਵਿੱਚ ਬਹੁਗਿਣਤੀ ਪ੍ਰਾਪਤ ਕਰ ਲੈਣ ਕਰਕੇ ਬਾਲਸ਼ਵਿਕਾਂ ਰਾਜ ਸੱਤਾ ਆਪਣੇ ਹੱਥ ‘ਚ ਲੈ ਸਕਦੇ ਹਨ, ਅਤੇ ਲੈਣੀ ਚਾਹੀਦੀ ਹੈ।” ਹੁਣ ਇਨਕਲਾਬ ਦੀ ਬਾਜੀ ਖੇਡਣ ਦੀ ਵਾਰੀ ਲੈਨਿਨ ਦੀ ਸੀ। ਕੇਂਦਰੀ ਕਮੇਟੀ ਨੇ ਲੈਨਿਨ ਦੀਆਂ ਚਿੱਠੀਆਂ ਨੂੰ ਆਦੇਸ਼ਾਂ ਤੇ ਤੌਰ ‘ਤੇ ਕਬੂਲ ਕੀਤਾ। ਉਸ ਨੇ ਬੜੇ ਧਿਆਨ ਨਾਲ ਸਾਰੀ ਯੋਜਨਾ ਸੋਚੀ ਤੇ ਉਲੀਕੀ। ਹਰ ਪੱਖ ਨੂੰ ਧਿਆਨ ‘ਚ ਰੱਖਿਆ ਗਿਆ। ਲੈਨਿਨ ਨੇ ਬਾਗੀ ਦਸਤਿਆਂ ਦੇ ਸਦਰ ਤੁਰੰਤ ਜਥੇਬੰਦ ਕਰਨ ਦੀ, ਫੌਜਾਂ ਨੂੰ ਵਰਤੋਂ ‘ਚ ਲਿਆਉਣ, ਸਰਕਾਰੀ ਇਮਾਰਤਾਂ ਦੁਆਲੇ ਅਤਿ ਭਰੋਸੇ ਟੁਕੜੀਆਂ ਕੇਂਦਰਿਤ ਕਰਨ, ਟੈਲੀਫੋਨ ਐਕਸਚੇਂਜ ਅਤੇ ਤਾਰਘਰ ‘ਤੇ ਕਬਜਾ ਕਰਨ ਦਾ ਮੋਟਾ ਖਾਕਾ ਤਿਆਰ ਕੀਤਾ। ਹਾਲਾਤਾਂ ਪੱਕ ਚੁਕਿਆਂ ਸਨ। ਅਖੀਰ ਉਨ੍ਹਾਂ ਕਿਹਾ ਕਿ ਇਨਕਲਾਬ ਦੇ ਸਾਥੀਆਂ ਨੂੰ ਫੈਕਟਰੀਆਂ, ਫੌਜੀ ਬਾਰਕਾਂ, ਤੇ ਉਨ੍ਹਾਂ ਸਭ ਥਾਵਾਂ ‘ਤੇ ਭੇਜਿਆ ਜਾਵੇ ਜਿਥੇ ਵੀ ਆਮ ਲੋਕ ਰਹਿੰਦੇ ਤੇ ਕੰਮ ਕਰਦੇ ਹਨ। ਇਸ ਬਾਰੇ ਉਹ ਲਿਖਦੇ ਹਨ, “ਜ਼ਿੰਦਗੀ ਦੀ ਧੜਕਨਣ ਉੱਥੇ ਹੈ, ਸਾਡੇ ਇਨਕਲਾਬ ਲਈ ਮੁਕਤੀ ਦਾ ਸੋਮਾ ਉਥੇ ਹੈ।” ਸਤੰਬਰ ਦੇ ਅੱਧ ‘ਚ ਲੈਨਿਨ ਪੀਤਰੋਗਰਾਦ ਦੇ ਨੇੜੇ ਹੋਣ ਲਈ ਹੈਲਸਿੰਗਫਾਰਸ ਤੋਂ ਵੀਬੋਰਗ ਆ ਗਏ। 7 ਅਕਤੂਬਰ ਨੂੰ ਲੈਨਿਨ ਬਗਾਵਤ ਦੀ ਅਗਵਾਈ ਕਰਨ ਲਈ ਖੁਫੀਆ ਢੰਗ ਨਾਲ ਵੀਬੋਰਗ ਤੋਂ ਪਤਿਰੋਗਰਾਦ ਲਈ ਤੁਰ ਪਏ। ਨਾਲ ਹੀ ਬਾਲਸ਼ਵਿਕਾਂ ਦੀ ਸ਼ਹਿਰੀ ਕਮੇਟੀ ਨੂੰ ਚਿੱਠੀ ਲਿਖੀ। 8 ਅਕਤੂਬਰ ਨੂੰ ਸੋਵੀਅਤ ਦੀ ਕਾਂਗਰਸ ਦੇ ਡੈਲੀਗੇਟਾਂ ਨੂੰ ਚਿਤਾਵਨੀ ਦੇ ਤੌਰ ‘ਤੇ ਚਿੱਠੀ ‘ਚ ਲਿਖਦਾ ਹਨ, “ਢਿਲ ਮਾਰੂ ਹੋਵੇਗੀ।” 10 ਅਕਤੂਬਰ ਨੂੰ ਕੇਂਦਰੀ ਕਮੇਟੀ ਦੀ ਮੀਟਿੰਗ ‘ਚ ਹਥਿਆਰਬੰਦ ਬਗਾਵਤ ਦੇ ਸਵਾਲ ‘ਤੇ ਚਰਚਾ ਹੋਈ। ਲੈਨਿਨ ਨੇ ਰਿਪੋਰਟ ਪੜੀ ਤੇ ਉਸ ਦਾ ਹਥਿਆਰਬੰਦ ਬਗਾਵਤ ਦਾ ਮਤਾ ਪ੍ਰਵਾਨ ਹੋ ਗਿਆ। 16 ਅਕਤੂਬਰ ਨੂੰ ਲੈਨਿਨ ਜੋਰਦਾਰ ਤਕਰੀਰ ਕਰਦਾ ਹੈ ਜਿਸ ‘ਚ ਬਗਾਵਤ ਸ਼ੁਰੂ ਕਰਨ ‘ਤੇ ਜੋਰ ਦਿੰਦਾ ਹੈ। ਇੱਕ ਇਨਕਲਾਬੀ ਫੌਜੀ ਕੇਂਦਰ ਚੁਣਿਆ ਗਿਆ ਜਿਸ ਦਾ ਭਾਰ ਉਰਿਤਸਕੀ, ਸਟਾਲਿਨ, ਸਵੇਰਦਨੋਵ, ਦਜ਼ੇਰਜੀਨਸਕੀ, ਬੂਬਨੋਵ ‘ਤੇ ਸੀ। ਲੈਨਿਨ ਦੀ ਸਲਾਹ ‘ਤੇ ਬਗਾਵਤ 24 ਅਕਤੂਬਰ ਨੂੰ ਤੜਕੇ ਹੀ ਸ਼ੁਰੂ ਹੋ ਗਈ। 24 ਦੀ ਰਾਤ ਨੂੰ ਹੀ ਲੈਨਿਨ ਫੌਜੀ ਗਸਤ ਦੇ ਪਹਿਰੇ ਤੋਂ ਬਚਦਾ ਸਮੋਲਨੀ ਪੁੱਜਾ, ਜਿਥੋਂ ਬਗਾਵਤ ਨੂੰ ਸਿੱਧਾ ਆਪਣੇ ਹੱਥ ‘ਚ ਲੈ ਲਿਆ। ਅਖੀਰ ਮਾਰਕਸਵਾਦ ਤੇ ਲੈਨਿਨ ਦੇ ਸਿਧਾਂਤ ਨਾਲ ਲੈਸ ਹੋ ਕੇ ਪ੍ਰੋਲੇਤਾਰੀ ਅਤੇ ਕਿਸਾਨਾਂ ਨੇ ਨਾਲ ਮਿਲਕੇ ਅਤੇ ਬਾਲਸ਼ਵਿਕ ਪਾਰਟੀ ਦੀ ਅਗਵਾਈ ਹੇਠ ਮਨੁੱਖਜਾਤੀ ਦੇ ਇਤਿਹਾਸ ‘ਚ ਪਹਿਲੀ ਵਾਰ ਸੋਸ਼ਲਿਸਟ ਇਨਕਲਾਬ ਕੀਤਾ ਗਿਆ। ‘ਅਕਤੂਬਰ ਇਨਕਲਾਬ’ ਨੇ ਸਾਰੀ ਦੁਨੀਆਂ ਸਾਹਮਣੇ ਬੁਨੀਆਦੀ ਸਮਾਜੀ ਮਸਲੇ ਹੱਲ ਕਰਨ ਦੀ ਅਰਥਾਤ, ਲੋਟੂਆਂ ਦੀ ਸੱਤਾ ਦਾ ਤਖਤਾ ਉਲਟਣ ਅਤੇ ਕਿਰਤੀ ਜਨਤਾ ਦੀ ਸੱਤਾ ਸਥਾਪਿਤ ਕਰਨ ਦਾ ਰਾਹ ਦਿੱਤਾ। ਲੈਨਿਨ ਕਹਿੰਦਾ ਹੈ, “ਅਕਤੂਬਰ ਇਨਕਲਾਬ ਨੇ ਸਾਰੇ ਸੰਸਾਰ ਨੂੰ ਸੋਸ਼ਲਿਜ਼ਮ ਦਾ ਰਾਹ ਵਿਖਾ ਦਿੱਤਾ ਹੈ ਅਤੇ ਬੁਰਜੂਆਜ਼ੀ ਨੂੰ ਵਿਖਾ ਦਿੱਤਾ ਹੈ ਕਿ ਉਸਦੀ ਪ੍ਰਬਲਤਾ ਦਾ ਅੰਤ ਦਿਸਣ ਲੱਗ ਪਿਆ ਹੈ।”25 ਅਕਤੂਬਰ ਨੂੰ ਸਾਰੇ ਸਰਕਾਰੀ ਦਫਤਰਾਂ ‘ਤੇ ਕਬਜ਼ਾ ਹੋ ਗਿਆ। ਇਸੇ ਦਿਨ ਲੈਨਿਨ ਦਾ ਲਿਖਿਆ ਹੋਇਆ ਮੈਨੀਫੈਸਟੋ ਜਾਰੀ ਕੀਤਾ- ‘ਰੂਸ ਦੇ ਸ਼ਹਿਰੀਆਂ ਦੇ ਨਾਮ।’ ਇਸ ‘ਚ ਐਲਾਨ ਕੀਤਾ ਕਿ ਆਰਜੀ ਸਰਕਾਰ ਨੂੰ ਗੱਦਿਓਂ ਲਾਹ ਦਿੱਤਾ ਹੈ ਤੇ ਸੱਤਾ ਸੋਵੀਅਤਾਂ ਦੇ ਹੱਥ ‘ਚ ਆ ਗਈ ਹੈ। ਪੀਤਰੋਗਰਾਦ ਦੀ ਇੱਕਤਰਤਾ ‘ਚ ਲੋਕਾਂ ਦੇ ਲੈਨਿਨ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ, “ਹੁਣ ਤੋਂ ਰੂਸ ਦੇ ਇਤਿਹਾਸ ‘ਚ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਇਸਨੂੰ, ਤੀਜੇ ਇਨਕਲਾਬ ਨੂੰ, ਅਖੀਰ ਸੋਸ਼ਲਿਜ਼ਮ ਦੀ ਜਿੱਤ ਵੱਲ ਲਿਜਾਣਾ ਹੈ।” ਇਸ ਫਤਹਿ ਨੇ ਲੈਨਿਨਵਾਦ ਦੇ ਦੌਰ ਨੂੰ ਜਨਮ ਦਿੱਤਾ। 26 ਅਕਤੂਬਰ ਨੂੰ ਸੋਵੀਅਤਾਂ ਦੀ ਦੂਜੀ ਕਾਂਗਰਸ ਸਮੋਲਨੀ ‘ਚ ਹੋਈ। ਫਿਰ ਲੈਨਿਨ ਨੇ ਇਨਕਲਾਬ ਨੂੰ ਬਚਾਉਣ ਲਈ ਕਈ ਲੇਖ ਲੋਕਾਂ ਵਾਸਤੇ ਲਿਖੇ। ਇਸ ਇਨਕਲਾਬ ਬਾਰੇ ਲੈਨਿਨ ਨੇ ਬਾਅਦ ‘ਚ ਲਿਖਿਆ, “ਰੂਸ ਕੁਝ ਕੁ ਮਹੀਨਿਆ ‘ਚ ਹੀ ਉੱਨਤ ਦੇਸ਼ਾਂ ਨਾਲ ਜਾ ਰਲਿਆ।” ਲੈਨਿਨ ਨੇ ਇਨਕਲਾਬ ਦੇ ਦੁਸ਼ਮਨਾਂ ਦੀ ਚਾਲ੍ਹਾਂ ਨੂੰ ਸਮਝ ਲਿਆ ਸੀ। ਲੈਨਿਨ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਬੁਰਜੂਆਜ਼ੀ ਦੀ ਚਾਲਾਂ ਬਾਰੇ ਸੁਚੇਤ ਕਰਾਇਆ। 25 ਅਗਸਤ ਨੂੰ ਰੂਸੀ ਅਤੇ ਵਿਦੇਸ਼ੀ ਸਾਮਰਾਜੀਆਂ ਦੇ ਜਰਨੈਲ ਕੋਰਨੀਲੋਵ ਬਗਾਵਤ ਕਰ ਦਿੱਤੀ। ਪੀਤਰੋਗਰਾਦ ‘ਤੇ ਹਮਲਾ ਕੀਤਾ ਗਿਆ। ਹੌਲੀ ਹੌਲੀ ਬਾਲਸ਼ਵਿਕਾਂ ਨੇ ਰਹਿੰਦੀਆਂ ਸੋਵੀਅਤਾਂ ‘ਤੇ ਵੀ ਕਬਜ਼ਾ ਕਰ ਲਿਆ।1918 ‘ਚ ਹੋਏ ਲੈਨਿਨ ‘ਤੇ ਕਾਤਲਾਨਾ ਹਮਲਾ ਹੋਇਆ ਜਿਸ ਨੇ ਉਨ੍ਹਾਂ ਦੀ ਸਿਹਤ ‘ਤੇ ਮਾੜਾ ਅਸਰ ਹੋਣਾ ਸ਼ੁਰੂ ਹੋ ਗਿਆ। ਸਿਹਤ ਵਿਗੜਨ ਲੱਗੀ। 1921 ‘ਚ ਡਾਕਟਰ ਦੇ ਕਹਿਣ ‘ਤੇ ਉਨ੍ਹਾਂ ਨੂੰ ਆਪਣਾ ਕੰੰਮ ਛੱਡਣ ‘ਤੇ ਦੁੱੱਖ ਹੁੰਦਾ। 1922 ‘ਚ ਸਿਹਤ ਹੋਰ ਤੇਜ਼ੀ ਨਾਲ ਵਿਗੜਨ ਲੱਗੀ। ਪਰ ਆਪਣੇ ਰਾਜਕੀ ਫਰਜ਼ਾਂ ਨੂੰ ਉਹ ਨਿਭਾਉਂਦੇ ਗਏ। 1922 ‘ਚ ਹੀ ਉਨ੍ਹਾਂ ਨੇ ਪਾਰਟੀ ਦੀ 11ਵੀਂ ਕਾਂਗਰਸ ਨੂੰ ਸੰਬੋਧਨ ਕੀਤਾ। ਗਰਮੀਆਂ ‘ਚ ਲੈਨਿਨ ਮਾਸਕੋ ਤੋਂ ਬਾਹਰ ਗੋਰਕੀ ਚਲੇ ਗਏ। ਇੱਕ ਵਾਰ ਸਿਹਤ ਹਲਕੀ ਸੁਧਰਨ ‘ਤੇ ਉਨ੍ਹਾਂ ਦਾ ਚਿੱਠੀ ਪੱਤਰ ਫਿਰ ਤੋਂ ਸ਼ੁਰੂ ਹੋ ਗਿਆ। ਕਿਤਾਬਾਂ ਮੰਗਵਾਉਣ ਦਾ ਕੰਮ ਤੇਜ਼ ਹੋਇਆ। ਗੋਰਕੀ ਵਿਚਲੇ ਅਜ਼ਾਇਬ ਘਰ ‘ਚ ਉਨ੍ਹਾਂ ਦੇ ਪੜ੍ਹੇ 32 ਵੱਖੋ ਵੱਖਰੇ ਅਖਬਾਰ, ਵੱਖ-ਵੱਖ ਬੋਲੀਆਂ ‘ਚ 137 ਰਸਾਲੇ ਤੇ ਕਈ ਪੜੀਆਂ ਕਿਤਾਬਾਂ ਮੌਜੂਦ ਹਨ। ਦਸੰਬਰ 1922 ‘ਚ ਲੈਨਿਨ ਫਿਰ ਬਿਮਾਰ ਹੋ ਗਏ। ਫਿਰ ਕੁਝ ਠੀਕ ਹੋਣ ‘ਤੇ ਉਨ੍ਹਾਂ ਪ੍ਰਸਿੱਧ ਲੇਖ ਲਿਖੇ। ‘ਕਾਂਗਰਸ ਦੇ ਨਾਂ ਚਿੱਠੀ’, ‘ਇੱਕ ਡਾਇਰੀ ਦੇ ਪੰਨੇ’, ‘ਸਹਿਕਾਰਤਾ ਬਾਰੇ’, ‘ਸਾਡਾ ਇਨਕਲਾਬ’, ‘ਸਾਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਸੁਆਲ ਨੂੰ ਕਿਵੇਂ ਮੁੜ ਜਥੇਬੰਦ ਕਰਨਾ ਚਾਹੀਦਾ ਹੈ’, ‘ਥੋਹੜੇ ਚੰਗੇ ਪਰ ਚੰਗੇ ਹੋਣ।’ ਇਹ ਉਨ੍ਹਾਂ ਦੇ ਆਖਰੀ ਲੇਖ ਸਨ। ਲੈਨਿਨ ਨੇ ਕਿਹਾ, “ਅਸੀਂ ਮੰਗੋਲਾਂ, ਈਰਾਨੀਆਂ, ਭਾਰਤੀਆਂ ਅਤੇ ਮਿਸਰੀਆਂ ਦੇ ਵਧੇਰੇ ਨੇੜੇ ਆਉਣ ਅਤੇ ਉਨ੍ਹਾਂ ਨਾਲ ਮਿਲ ਜਾਣ ਲਈ ਆਪਣੇ ਵੱਲੋਂ ਪੂਰਾ ਯਤਨ ਕਰਾਂਗੇ। ਅਸੀਂ ਅਜਿਹਾ ਕਰਨ ਨੂੰ ਆਪਣਾ ਕਰਤੱਵ ਅਤੇ ਆਪਣੇ ਹਿੱਤ ‘ਚ ਸਮਝਦੇ ਹਾਂ, ਨਹੀਂ ਤਾਂ ਯੂਰਪ ਦਾ ਸੋਸ਼ਲਿਜ਼ਮ ਅਸਥਾਈ ਰਹੇਗਾ।”ਮਾਰਚ 1923 ਨੂੰ ਸਿਹਤ ਇੱਕਦਮ ਖਰਾਬ ਹੋ ਗਈ। ਅਖੀਰ 21 ਜਨਵਰੀ 1924 ਨੂੰ ਸ਼ਾਮ 6 ਵਜ ਕੇ 50 ਮਿੰਟ ‘ਤੇ ਲੈਨਿਨ ਦਿਮਾਗ ਦੀ ਖੂਨ ਦੀ ਨਾੜੀ ਫਟਨ ਨਾਲ ਤੁਰ ਗਏ। ਰਾਤ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਲੈਨਰੀ ਸਮਾਗਮ ਹੋਇਆ ਤੇ ਲੋਕਾਂ ਦੇ ਨਾਂ ਇੱਕ ਅਪੀਲ ਜਾਰੀ ਕੀਤੀ ਗਈ।ਅਪੀਲ......“ਉਹ ਆਦਮੀ ਚਲ ਵਸਿਆ ਹੈ, ਜਿਸ ਦੀ ਜੂਝਾਰੂ ਅਗਵਾਈ ਹੇਠ ਸਾਡੀ ਪਾਰਟੀ ਨੇ, ਲੜਾਈ ਦੇ ਧੂੰਏ ਵਿੱਚ ਲਪੇਟੀ ਹੋਈ ਨੇ, ਮਜ਼ਬੂਤ ਹੱਥਾਂ ਨਾਲ ਦੇਸ਼ ਭਰ ਵਿੱਚ ਅਕਤੂਬਰ ਦਾ ਲਾਲ ਝੰਡਾ ਝੁਲਾਇਆ, ਦੁਸ਼ਮਣਾ ਦੇ ਵਿਰੋਧ ਨੂੰ ਭੰਨਿਆ ਅਤੇ ਭੂਤ-ਪੂਰਵ ਜ਼ਾਰਸ਼ਾਹੀ ਰੂਸ ਵਿੱਚ ਮਜ਼ਦੂਰ ਲੋਕਾਂ ਦੀ ਸਰਵਉੱਚਤਾ ਪੱਕੀ ਤਰ੍ਹਾਂ ਸਥਾਪਿਤ ਕੀਤੀ। ਕਮਿਊਨਿਸਟ ਇੰਟਰਨੈਸ਼ਨਲ ਦਾ ਬਾਨੀ, ਸੰਸਾਰ ਕਮਿਊਨਿਜ਼ਮ ਦਾ ਆਗੂ, ਕੌਮਾਂਤਰੀ ਪ੍ਰੋਲਤਾਰੀ ਦਾ ਪਿਆਰ ਅਤੇ ਮਾਨ, ਮਜ਼ਲੂਮ ਪੂਰਬ ਦਾ ਝੰਡਾਬਰਦਾਰ, ਰੂਸ ਵਿੱਚ ਕਾਮਿਆਂ ਦੀ ਡਿਕਟੇਟਰੀ ਦਾ ਮੁਖੀ ਪੂਰਾ ਹੋ ਗਿਆ ਹੈ।” 23 ਜਨਵਰੀ ਨੂੰ ਲੈਨਿਨ ਦੀ ਦੇਹ ਗੋਰਕੀ ਤੋਂ ਮਾਸਕੋ ਲਿਆਂਦੀ ਗਈ ਅਤੇ ਟਰੇਡ ਯੂਨੀਅਨ ਭਵਨ ਦੇ ਕੰਮਾਂ ਵਾਲੇ ਹਾਲ ‘ਚ ਰੱਖੀ ਗਈ। ਚਾਰ ਦਿਨ ਅਤੇ ਚਾਰ ਰਾਤਾਂ, ਬੇਅੰਤ ਠੰਡ ‘ਚ ਲੱਖਾਂ ਹੀ ਲੋਕ ਆਪਣੇ ਮਹਾਨ ਆਗੂ ਨੂੰ ਆਖਰੀ ਸਲਾਮ ਕਹਿਣ ਆਏ। ਜਨਾਜ਼ਾ 27 ਜਨਵਰੀ ਨੂੰ ਉਠਾਇਆ ਗਿਆ। ਤਾਬੂਤ ਲਾਲ ਚੌਂਕ ‘ਚ ਬਣਾਏ ਇੱਕ ਉੱਚੇ ਮਕਬਰੇ ‘ਚ ਰੱਖਿਆ ਗਿਆ।ਲੈਨਿਨ ਮਾਰਕਸਵਾਦ ‘ਚ ਹੀ ਜੀਵਿਆ। ਉਸਨੇ ਸਦਾ ਮਾਰਕਸਵਾਦ ਦੇ ਰਚਨਾਤਮਕ ਖਾਸੇ ‘ਤੇ ਜ਼ੋਰ ਦਿੱਤਾ ਅਤੇ ਇਸ ਤੱਥ ਵੱਲ ਸੰਕੇਤ ਦਿੱਤਾ ਕਿ ਮਾਰਕਸਵਾਦ ਕੇਵਲ ਆਮ, ਆਗੂ, ਯੁਕਤੀ ਪੂਰਨ ਦਲੀਲਾਂ ਹੀ ਪੇਸ਼ ਕਰਦਾ ਹੈ। ਲੈਨਿਨ ਕਿਹਾ ਕਰਦਾ ਸੀ ਕਿ ਮਾਰਕਸਵਾਦ ਕੋਈ ਕੱਟੜ ਮਤ ਨਹੀਂ ਸਗੋਂ ਅਮਲ ਦਾ ਆਗੂ ਹੈ। ਲੈਨਿਨ ਨੇ 19ਵੀਂ ਸਦੀ ਦੇ ਅਖੀਰ ‘ਚ ਲਿਖਿਆ, “ਅਸੀਂ ਮਾਰਕਸ ਦੇ ਸਿਧਾਂਤ ਨੂੰ ਕੋਈ ਮੁਕੰਮਲ ਅਤੇ ਪਵਿੱਤਰ ਸ਼ੈ ਨਹੀਂ ਸਮਝਦੇ ਸਗੋਂ ਇਸ ਦੇ ਉਲਟ ਸਾਡਾ ਨਿਸ਼ਚਾ ਹੈ ਕਿ ਇਸਨੇ ਇਸ ਵਿਗਿਆਨ ਦੇ ਕੇਵਲ ਆਧਾਰ ਖੜੇ੍ਹ ਕੀਤੇ ਹਨ। ਜਿੰਨ੍ਹਾਂ ਨੂੰ ਜੇ ਉਹ ਜੀਵਨ ‘ਚ ਪਛੜ ਜਾਣਾ ਨਹੀਂ ਚਾਹੁੰਦੇ, ਸਾਰੇ ਸੋਸ਼ਲਿਸਟਾਂ ਲਈ ਲਾਜ਼ਲੀ ਤੌਰ ਉੱਤੇ ਨਿਖਾਰਨਾ, ਸੰਵਾਰਨਾ ਮਾਜ਼ਮੀ ਹੈ। ਸਾਡਾ ਵਿਚਾਰ ਹੈ ਕਿ ਮਾਰਕਸ ਦੇ ਸਿਧਾਂਤ ਦੀ ਸੁਤੰਤਰ ਵਿਆਖਿਆ, ਰੂਸੀ ਸੋਸ਼ਲਿਸਟਾਂ ਲਈ ਵਿਸ਼ੇਸ਼ ਤੌਰ ਉੱਤੇ ਲਾਜ਼ਮੀ ਹੈ। ਇਹ ਸਿਧਾਂਤ ਕੇਵਲ ਆਗੂ ਯੁਕਤੀ-ਪੂਰਨ ਦਲੀਲਾਂ ਹੀ ਪੇਸ਼ ਕਰਦਾ ਹੈ। ਜਿਹੜੇ, ਉਦਾਹਰਨ ਵਜੋਂ, ਬਰਤਾਨੀਆਂ ਉੱਤੇ ਉਸ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਸਕਦੇ ਜਿਵੇਂ ਫਰਾਂਸ ਉੱਤੇ, ਫਰਾਂਸ ਉੱਤੇ ਇਸ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਸਕਦੇ ਜਿਵੇਂ ਜਰਮਨੀ ਉੱਤੇ ਅਤੇ ਜਰਮਨੀ ਉੱਤੇ ਉਸ ਤਰ੍ਹਾਂ ਨਹੀਂ ਲਾਗੂ ਕੀਤੇ ਜਾ ਸਕਦੇ ਜਿਵੇਂ ਰੂਸ ਉੱਤੇ।”ਲੈਨਿਨ ਦੀਆਂ ਸਰਗਰਲੀਆਂ ਅਣਥੱਕ ਅਤੇ ਬਹੁਪੱਖੀ ਸਨ। ਉਨ੍ਹਾਂ ਦੀ ਅਜਿੱਤ ਇੱਛਾ ਸ਼ਕਤੀ, ਆਪਣੀ ਜਿੰਮੇਵਾਰੀ ਦੀ ਚੇਤਨਤਾ, ਦੇਸ਼ ਅਤੇ ਦੁਨੀਆ ਦੀ ਮਾਨਵਤਾ ਲਈ ਦਰਦ ਉਨ੍ਹਾਂ ਦੇ ਕੀਤੇ ਕੰਮਾਂ ‘ਚ ਝਲਕਦਾ ਹੈ। ਲੈਨਿਨ ਸਮਝਦੇ ਸਨ ਕਿ ਸਮਾਜਵਾਦ ਦੀ ਉਸਾਰੀ ਲਈ ਮਜਦੂਰ ਅਤੇ ਕਿਸਾਨਾਂ ਵਿਚਕਾਰ ਗੱਠਜੋੜ ਨੂੰ ਮਜਬੂਤ ਕਰਨਾ ਬਹੁਤ ਜਰੂਰੀ ਹੈ। ਦੋਨਾਂ ਨੇ ਮਿਲ ਕੇ ਸਹਿਕਾਰੀ ਹਿੱਤਾਂ ਨੂੰ ਪਹਿਲ ਦੇਣ ਦਾ ਕੰਮ ਕਰਨਾ ਹੈ। ਅੱਜ, ਲੈਨਿਨ ਦੇ 146ਵੇਂ ਜਨਮ ਦਿਨ ‘ਤੇ ਸਾਰੀ ਦੁਨੀਆਂ ‘ਚ 62 ਬੰਦਿਆਂ ਦੇ ਹੱਥ ‘ਚ 50% ਤੋਂ ਉਪਰ ਜਾਇਦਾਦ ‘ਤੇ ਦੇ ਅੰਬਾਰ ਲਾ ਕੇ ਜਿਸ ਤਰੀਕੇ ਨਾਲ ਕਿਰਤ ਦੀ ਬੇਪਤੀ ਹੋ ਰਹੀ ਹੈ, ਉਸ ਅੰਨਿਆ ਨੂੰ ਰੋਕਣ ਲਈ ਲੈਨਿਨ ਰਾਹ ਦਰਸੇਰਾ ਹੈ। ਲੈਨਿਨ ਦਾ ਨਾਮ, ਲੈਨਿਨ ਦਾ ਕੰਮ ਕਰਨ ਦਾ ਤਰੀਕਾ ਤੇ ਉਸ ਦੇ ਜੀਵਨ ਅਤੇ ਲਿਖਤਾਂ ਤੋਂ ਸੇਧ ਲੈ ਕੇ ਸਮਾਜਵਾਦ ਵੱਲ਼ ਨੂੰ ਰੁਕੇ ਕਦਮਾਂ ਨੂੰ ਸਾਨੂੰ ਪੁੱਟਣ ਦੀ ਲੋੜ ਹੈ। ਸਾਨੂੰ ਲੋੜ ਹੈ ਘਰਾਂ, ਦੁਕਾਨਾਂ, ਦਫਤਰਾਂ, ਜੇਲ੍ਹਾਂ ‘ਚ ਬੈਠ ਕੇ ‘ਭਗਤ ਸਿੰਘ’ ਵਾਂਗ ਜਿੰਦਗੀ ਦੇ ਹਰ ਪੜਾਅ ‘ਤੇ ਇੱਕ ਇਨਕਲਾਬੀ ਨੂੰ ਕਿਤਾਬਾਂ ‘ਚੋਂ ਖੋਜ ਕੇ ਦੁਨੀਆਂ ਨੂੰ ਸੌਖਿਆਂ ਕਰਨ ਦੀ ਤਾਂਘ ਰੱਖਣ ਦੀ। ਮਾਰਸਵਾਦ ਸੱਚ ਹੈ ਕਿਉਂਕਿ ਇਹ ਵਿਗਿਆਨਿਕ ਹੈ। ਲੈਨਿਨ ਨੇ ਇਸ ‘ਚ ਆਪਣੀਆਂ ਕਿਰਤਾਂ ਨਾਲ ਵਾਧਾ ਕੀਤਾ। ਲੈਨਿਨ ਨੇ ਇੱਕ ਰਾਹ ਦਿੱਤਾ ਹੈ ਸਾਨੂੰ ਉਸ ਨੂੰ ਅੱਜ ਦੇ ਹਾਲਾਤਾਂ ਅਨੁਸਾਰ ਟਾਲ ਕੇ ਕੰਮ ਕਰਨਾ ਚਾਹੀਦਾ ਹੈ। ਅੱਜ ਜਦ ਸਰਮਾਏਦਾਰੀ ਵਿੱਤੀ ਪੂੰਜੀਵਾਦ ਦੇ ਦੌਰ ‘ਚ ਹੈ, ਘਰ-ਘਰ ਨੂੰ ਕਰਜ਼ੇ ਦੇ ਕੇ ਲੁੱਟਣ ਦਾ ਕੰਮ ਹੋ ਰਿਹਾ ਹੈ। ਜਦ ਉਹ ਕਹਿੰਦੇ ਹਨ ਕਿ ਅਸੀਂ ਹੁਣ ਦਾ ਉਤਪਾਦਨ ਰੋਬੋਟਾਂ ਨਾਲ ਕਰਨਾ ਹੈ, ਜਦ ਉਹ ਵਿਅਕਤੀਆਂ ਨੂੰ ਕੰਮ ਤੋਂ ਬਾਹਰ ਕੱਢ ਰਹੇ ਹਨ ਤਾਂ ਫਿਰ ਸਾਨੂੰ ਕਿਸੇ ਰੁਜ਼ਗਾਰ ਦੀ ਗਾਰੰਟੀ ਦਿੰਦਾ ਕਾਨੂੰਨ ਨੂੰ ਬਣਾਉਣ ਲਈ ਆਵਾਜ਼ ਚੁੱਕਣੀ ਪਵੇਗੀ। ਸਾਨੂੰ ਵੀ ਲੜਨਾ ਪਵੇਗਾ ਤੁਜ਼ਗਾਰ ਦਾ ਹੱਕ ਜਿੱਤਣ ਲਈ, ਕੰਮ ਦੇ ਘੰਟੇ ਛੋਟੇ ਕਰਨ ਲਈ। ਆਓ ਆਪਾਂ ਪ੍ਰਣ ਕਰਦੇ ਹਾਂ ਇਸ ਦਿਨ ‘ਤੇ ਕਿ ਜਿੰਦਗੀ ਮਨੁੱਖਤਾ ਨੂੰ ਸੌਖਿਆਂ ਕਰਨ ਲਈ ਲਗਾ ਦੇਵਾਂਗੇ। ਇਸ ਪ੍ਰਬੰਧ ਨੂੰ ਸਮਾਜਵਾਦ ਤੇ ਫਿਰ ਕਮਿਊਨਿਜਮ ‘ਚ ਬਦਲਾਂਗੇ।(ਹਵਾਲਾ- ਲੈਨਿਨ ਦੀ ਵਿਸ਼ਵ ਪ੍ਰਸਿੱਧ ਜੀਵਨੀ ‘ਚੋਂ, ਲੈਨਿਨ ਦੀਆਂ ਲਿਖਤਾਂ)
ਸੰਪਰਕ: +91 7508053857
kranti
ਵਿਸਥਾਰ ਨਾਲ ਦਿਤੀ ਗਈ ਜਾਣਕਾਰੀ ਹਰ ਕਿਰਤੀ ਨੂੰ ਹਿਮਤ ਤੇ ਹੋਸਲੇ ਬੂਲੰਦ ਰਖਣ ਲਈ ਪਰੇਰਿਤ ਕਰਦੀ ਏ. ..ਅੰਨਿਆਂ ਨੂੰ ਰੋਕਣ ਲਈ ਮਸ਼ਾਲ ਦਾ ਕੰਮ ਕਰਦੀ ਏ. ਲੈਨਿਨ ਕਹਿੰਦਾ ਹੈ, “ਅਕਤੂਬਰ ਇਨਕਲਾਬ ਨੇ ਸਾਰੇ ਸੰਸਾਰ ਨੂੰ ਸੋਸ਼ਲਿਜ਼ਮ ਦਾ ਰਾਹ ਵਿਖਾ ਦਿੱਤਾ ਹੈ ਅਤੇ ਬੁਰਜੂਆਜ਼ੀ ਨੂੰ ਵਿਖਾ ਦਿੱਤਾ ਹੈ ਕਿ ਉਸਦੀ ਪ੍ਰਬਲਤਾ ਦਾ ਅੰਤ ਦਿਸਣ ਲੱਗ ਪਿਆ ਹੈ।” Great post """"ਸ਼ੁਕਰੀਆ ਪਰਮ ਪੜਤੇਵਾਲਾ...