ਅਨੋਖਾ ਇੰਨਸਾਫ –ਸਰੂਚੀ ਕੰਬੋਜ
Posted on:- 04-04-2016
ਅਨਾਥ ਨੂਰਾਂ ਲਈ ਉਸਦਾ ਪਰਿਵਾਰ ਉਸਦਾ ਪਿੰਡ ਹੀ ਸੀ। ਉਹ ਅਪਣੇ ਪਿੰਡ ਦੀ ਸਭ ਤੋਂ ਸੋਹਣੀ ਤੇ ਸੁਸ਼ੀਲ ਕੁੜੀ ਸੀ ।ਪਤਲੀ ਛਮਕ ਜਿਹੀ ਨਾਰ, ਨਿਡਰ ਤੇ ਦਲੇਰ ।ਪੂਰੇ ਪਿੰਡ ਦਾ ਮਾਨ ਤੇ ਜਾਨ ਸੀ ਉਹ ।ਕੋਈ ਵੀ ਬੁਰਾਈ ਉਸ ਤੋਂ ਬਰਦਾਸ਼ਤ ਨਹੀਂ ਹੁੰਦੀ ਸੀ।ਜੇਕਰ ਕੋਈ ਕਿਸੇ ਨਾਲ ਬੁਰਾ ਸਲੂਕ ਕਰਦਾ ਤਾਂ ਉਹ ਕਿਰਪਾਨ ਨਾਲੋਂ ਵੀ ਤੇਜ਼ ਜਵਾਬ ਦਿੰਦੀ ਤੇ ਜਿਥੇ ਸਮਝਾਉਣਾ ਪੈਂਦਾ ਉਥੇ ਉਸਨੂੰ ਸਮਝਾਉਂਦੀ ਵੀ।ਹਰ ਇਕ ਖੂਬੀ ਸੀ ਉਸ ਵਿਚ ਸੋਹਣੀ ਵੀ ਹੱਦੋਂ ਵੱਧ ਤੇ ਬਹਾਦਰ ਵੀ।ਇਹੀ ਵਜ੍ਹਾ ਸੀ ਕਿ ਪਿੰਡ ਵਿਚ ਹਰ ਕੋਈ ਛੋਟਾ ਵੱਡਾ ਉਸਨੂੰ ਪਸੰਦ ਕਰਦਾ ਸੀ।
ਪਿੰਡ ਦਾ ਹਰ ਮੁੰਡਾ ਉਸਨੂੰ ਪਾਉਣ ਦੀ ਚਾਹ ਰੱਖਦਾ ਸੀ ਪਰ ਜਿਸ ਤੇ ਉਹ ਜਾਨ ਛਿੜਕਦੀ ਸੀ ਉਹ ਸੀ ਨਿਹਾਲ ਜਿਸ ਤੇ ਉਸਦੀ ਹਰ ਖੁਸ਼ੀ ਹਰ ਇੱਛਾ ਉਸਦਾ ਸੰਸਾਰ ਸਵਰਗ ਸਭ ਕੁਰਬਾਨ ਸੀ।ਭਲੇ ਹੀ ਉਹ ਗਰੀਬ ਪਰਿਵਾਰ ਤੋਂ ਸੀ ਪਰ ਸੀ ਬਹੁਤ ਬਹਾਦਰ ਦਲੇਰ ਤੇ ਸੋਹਣਾ ਜੱਟ।ਜੇ ਕਿਸੇ ਨੇ ਪਿੰਡ ਦਾ ਸੋਹਣਾ ਜੱਟ ਵੇਖਣਾ ਤਾਂ ਸਭ ਕਹਿੰਦੇ ਨਿਹਾਲ ਸਿੰਘ ਨੂੰ ਵੇਖ ਲਓ ।
ਨਿਹਾਲ ਸਿੰਘ ਵੀ ਦਿਲੀ ਨੂਰਾਂ ਨੂੰ ਬਹੁਤ ਚਾਹੁੰਦਾ ਸੀ ।ਜਦ ਘਰ ਦਿਆਂ ਨੂੰ ਪਤਾ ਲੱਗਿਆ ਝੱਟ ਉਹਨਾਂ ਨੂਰਾਂ ਨੂੰ ਅਪਣੇ ਘਰ ਦੀ ਨੂੰਹ ਬਣਾਉਣ ਦਾ ਫੈਸਲਾ ਕਰ ਲਿਆ ਸੀ ।ਭਲੇ ਗਰੀਬ ਸੀ ਪਰ ਹਰ ਅੱਛਾਈ ਭਰੀ ਸੀ ਨੂਰਾਂ ਵਿੱਚ।ਤੇ ਇਸੇ ਗੱਲ ਦਾ ਨਿਹਾਲ ਸਿੰਘ ਨੂੰ ਡਰ ਵੀ ਲੱਗਦਾ ਸੀ ਕਿ ਕਿਤੇ ਨੂਰਾਂ ਦੀ ਅੱਛਾਈ ਹੀ ਉਸ ਦੀ ਦੁਸ਼ਮਣ ਨਾ ਬਣ ਜਾਵੇ ।
ਫਿਰ ਇਕ ਦਿਨ ਅਚਾਨਕ ਨੂਰਾਂ ਦਾ ਟਾਕਰਾ ਪਿੰਡ ਦੇ ਜਗੀਰਦਾਰ ਤੇ ਨੌਜਵਾਨ ਗੱਭਰੂ ਬਲਰਾਜ ਨਾਲ ਹੋ ਗਿਆ ।ਨੂਰਾਂ ਤੇ ਉਸ ਦੀਆਂ ਕੁਝ ਸਹੇਲੀਆਂ ਬਲਰਾਜ ਸਿੰਘ ਦੇ ਖੇਤਾਂ ਵਿਚ ਲੱਗੀ ਬੇਰੀ ਦੇ ਹੇਠਾਂ ਡਿੱਗੇ ਬੇਰਾਂ ਨੂੰ ਚੁੱਕ ਰਹੀਆਂ ਸਨ ਕਿ ਅਚਾਨਕ ਬਲਰਾਜ ਉੱਥੇ ਆ ਗਿਆ ਤੇ ਉਹਨਾਂ ਸਭ ਨੂੰ ਛੇੜਨ ਲੱਗ ਗਿਆ।ਨੂਰਾਂ ਨੇ ਪਹਿਲਾਂ ਤਾਂ ਉਸਨੂੰ ਬੜੇ ਪਿਆਰ ਨਾਲ ਸਮਝਾਇਆ ਪਰ ਜਦ ਉਸਤੇ ਕੋਈ ਅਸਰ ਨਾ ਹੋਇਆ ਤਾਂ ਉਸਨੇ ਉਸਨੂੰ ਪੱਥਰ ਚੁੱਕ ਕੇ ਵਿਖਾਉਂਦੇ ਹੋਏ ਅਜਿਹਾ ਕਰਨ ਤੋਂ ਮਨਾ ਕੀਤਾ ਪਰ ਉਸਨੇ ਝੱਟ ਨਾਲ ਉਸਦੀ ਬਾਂਹ ਫੜ ਲਈ ਤੇ ਉਹ ਪੱਥਰ ਦਾ ਟੁਕਡ਼ਾ ਹੇਠਾਂ ਡਿੱਗ ਪਿਆ। ਨੂਰਾਂ ਨੇ ਵੀ ਪੂਰੀ ਤਾਕਤ ਨਾਲ ਉਸਨੂੰ ਧੱਕਾ ਮਾਰ ਕੇ ਜ਼ਮੀਨ ਤੇ ਡੇਗ ਦਿੱਤਾ ਤੇ ਦੋਬਾਰਾ ਉਹੀ ਪੱਥਰ ਚੁੱਕ ਕੇ ਉਸ ਦੇ ਸਿਰ ਚ ਜੋਰ ਨਾਲ ਮਾਰਿਆ।ਬਲਰਾਜ ਨੂੰ ਲਹੂ ਲੁਹਾਨ ਤੇ ਚਾਰੇ ਖਾਨੇ ਚਿੱਤ ਕਰ ਉਹ ਉਥੋਂ ਅਪਨੀਆ ਸਹੇਲੀਆਂ ਨਾਲ ਵਾਪਸ ਪਰਤ ਆਈ।ਬਲਰਾਜ ਨੇ ਕੁੜੀਆਂ ਨਾਲ ਕੀਤੀ ਛੇੜਖਾਨੀ ਤੇ ਆਪਣੀ ਹਾਰ ਨੂੰ ਕੁਝ ਪਲ ਚ ਹੀ ਭੁਲਾ ਦਿੱਤਾ।ਪਰ ਉਸਨੂੰ ਅਪਣੀ ਹਾਰ ਦਾ ਬਹੁਤ ਜ਼ਿਆਦਾ ਅਹਿਸਾਸ ਤਦ ਹੋਇਆ ਜਦ ਅਗਲੇ ਦਿਨ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਨੂਰਾਂ ਨੇ ਬਲਰਾਜ ਨੂੰ ਕੁੜੀਆਂ ਨੂੰ ਛੇੜਨ ਦਾ ਚੰਗਾ ਸਬਕ ਸਿਖਾਇਆ ।
ਬਲਰਾਜ ਨੂੰ ਅਪਣੇ ਦੋਸਤਾਂ ਤੇ ਦੁਸ਼ਮਣਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨੀਆ ਪਈਆਂ ।ਕੁਝ ਦਿਨ ਤੇ ਉਹ ਖਾਮੋਸ਼ ਰਿਹਾ ਪਰ ਨੂਰਾਂ ਤੋਂ ਬਦਲਾ ਲੈਣ ਦੀ ਉਸਨੇ ਮਨ ਵਿਚ ਠਾਨ ਲਈ ਸੀ ।ਇਕ ਦਿਨ ਉਸ ਨੇ ਅਪਣੇ ਕੁਝ ਦੋਸਤਾਂ ਨਾਲ ਮਿਲ ਕੇ ਨੂਰਾਂ ਨੂੰ ਸਬਕ ਸਿਖਾਉਣ ਦੀ ਸੋਚ ਲਈ ਸੀ।ਕਈ ਦਿਨ ਬੀਤ ਗਏ ਤੇ ਹੌਲੀ ਹੌਲੀ ਉਹ ਗੱਲ ਪੁਰਾਣੀ ਵੀ ਹੋ ਗਈ ।
ਅੱਜ ਤੋਂ ਨੂਰਾਂ ਦੇ ਵਿਆਹ ਦੀਆਂ ਸਭ ਰਸਮਾਂ ਸ਼ੁਰੂ ਸਨ।ਪ੍ਰਾਹੁਣਿਆ ਦਾ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ।ਪਿੰਡ ਦੀਆਂ ਸਭ ਔਰਤਾਂ ਨੇ ਰਲ ਨੂਰਾਂ ਲਈ ਗਹਿਣੇ ਤੇ ਸੋਹਣੇ ਕੱਪੜੇ ਤਿਆਰ ਕੀਤੇ।ਨੂਰਾਂ ਦਾ ਮਨ ਆਪਣੀ ਛੋਟੀ ਜਿਹੀ ਝੋਪੜੀ ਨੂੰ ਪ੍ਰਾਹੁਣਿਆ ਨਾਲ ਭਰਿਆ ਵੇਖ ਕੇ ਬਹੁਤ ਖੁਸ਼ ਸੀ।ਖੁਸ਼ੀ ਕਾਰਨ ਉਹ ਪਹਿਲਾਂ ਤੋਂ ਵੀ ਜਿਆਦਾ ਸੋਹਣੀ ਲੱਗ ਰਹੀ ਸੀ ।
ਅੱਧੀ ਰਾਤ ਹੋ ਗਈ ਸੀ ਸਭ ਮਹਿਮਾਨ ਅਪਣੇ ਅਪਣੇ ਘਰ ਚਲੇ ਗਏ ਤਾਂ ਜੋ ਅਗਲੇ ਦਿਨ ਬਾਰਾਤ ਦੇ ਸਵਾਗਤ ਦੀ ਤਿਆਰੀ ਵੀ ਕਰਨੀ ਸੀ।ਨੂਰਾਂ ਅਪਣੇ ਤੇ ਨਿਹਾਲ ਦੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਵਿੱਚ ਲੀਨ ਸੀ ।ਉਸਨੂੰ ਹਰ ਪਾਸੇ ਨਿਹਾਲ ਆਉਂਦਾ ਵਿਖਾਈ ਦਿੰਦਾ ਘੋੜੇ ਤੇ ਸਵਾਰ ਲਹਿਰੀਆ ਪੱਗੜੀ ਬੰਨ ਕੇ ਤੇ ਇਕ ਹੱਥ ਤਲਵਾਰ ਪਕੜੇ।ਉਹ ਦੌੜ ਕੇ ਉਸਦੀਆਂ ਬਾਹਾਂ ਵਿੱਚ ਸਿਮਟ ਗਈ ।ਉਹ ਉਹਨੂੰ ਅਪਣੀ ਗੋਦ ਵਿਚ ਚੁਕ ਅਪਣੇ ਪਿੰਡ ਦੀ ਬਜਾਏ ਕਿਤੇ ਦੂਰ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਲੈ ਕੇ ਜਾ ਰਿਹਾ ਸੀ ।ਇਕ ਦੂਜੇ ਨੂੰ ਉਹ ਵੇਖ ਕੇ ਮੁਸਕਰਾ ਰਹੇ ਸਨ ਉਹ ਆਪਣੇ ਖਿਆਲਾਂ ਵਿੱਚ ਗੁਆਚੀ ਹੋਈ ਸੀ ਕਿ ਅਚਾਨਕ ਬਲਰਾਜ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਨੂਰਾਂ ਦੇ ਘਰ ਧਾਵਾ ਬੋਲ ਦਿੱਤਾ ਤੇ ਉਸ ਨੂੰ ਉਸਦੇ ਘਰੋਂ ਚੁੱਕ ਕੇ ਬਾਹਰ ਅਪਣੇ ਖੇਤ ਵਾਲੇ ਮਕਾਨ ਚ ਲੈ ਆਇਆ ਤੇ ਉਸ ਨਾਲ ਜੋਰ ਜਬਰਦਸਤੀ ਕਰਕੇ ਪਲਾਂ ਛਿਨਾ ਵਿੱਚ ਹੀ ਉਸਦੀ ਇੱਜ਼ਤ ਤਾਰ ਤਾਰ ਕਰ ਦਿੱਤੀ।ਜਦੋਂ ਕੁਝ ਪਲਾਂ ਬਾਅਦ ਉਸਨੂੰ ਹੋਸ਼ ਆਇਆ ਤੇ ਖੁਦ ਨੂੰ ਸੰਭਾਲ ਬੇਸੁੱਧ ਬੁਰੀ ਹਾਲਤ ਵਿਚ ਪਿੰਡ ਪਰਤੀ ।
ਉਧਰ ਪਿੰਡ ਵਾਲਿਆਂ ਨੂੰ ਵੀ ਨੂਰਾਂ ਦੇ ਅਗਵਾ ਹੋਣ ਦੀ ਖਬਰ ਪਤਾ ਚਲ ਗਈ ਤੇ ਸਭ ਪਰੇਸ਼ਾਨ ਸਨ ਕਿ ਆਖਿਰ ਉਹ ਕਿਧਰ ਗਈ।ਅਜੇ ਸਭ ਇਹ ਗੱਲਾਂ ਕਰ ਹੀ ਰਹੇ ਸਨ ਕਿ ਨੂਰਾਂ ਉਹਨਾਂ ਦੇ ਸਾਹਮਣੇ ਆ ਖੜੀ ਹੋਈ ਤੇ ਉਸ ਨੇ ਸਭ ਨੂੰ ਅਪਣੇ ਨਾਲ ਹੋਇਆ ਸਾਰਾ ਵਾਕਿਆ ਕਹਿ ਸੁਣਾਇਆ ।ਪਰ ਸਭ ਨੇ ਉਸਨੂੰ ਨਫਰਤ ਦੀ ਨਜ਼ਰ ਨਾਲ ਵੇਖਿਆ, ਕਿਸੇ ਨੇ ਉਸਨੂੰ ਕੋਈ ਸਹਾਰਾ ਤੇ ਨਾ ਕੋਈ ਦਿਲਾਸਾ ਦਿੱਤਾ ।ਇਹ ਜਾਣਦਿਆਂ ਹੋਇਆਂ ਵੀ ਕਿ ਉਹ ਨਿਰਦੋਸ਼ ਹੈ।ਅਗਲੇ ਦਿਨ ਬਹੁਤ ਸੋਚ ਵਿਚਾਰ ਬਾਅਦ ਪੰਚਾਇਤ ਨੇ ਫੈਸਲਾ ਸੁਣਾਉਂਦੇ ਹੋਏ ਬਲਰਾਜ ਨੂੰ ਪੰਜ ਜੁੱਤੀਆਂ ਮਾਰਨ ਦੀ ਸਜ਼ਾ ਦਿੱਤੀ ਤੇ ਨੂਰਾਂ ਨੂੰ ਪਿੰਡ ਚੋਂ ਨਿਕਲ ਜਾਣ ਲਈ ਕਿਹਾ, ਇਹ ਕਹਿ ਕੇ ਕਿ @ਜੇਕਰ ਉਹ ਇਸ ਪਿੰਡ ਵਿਚ ਰਹੇਗੀ ਤਾਂ ਪਿੰਡ ਦਾ ਸਾਫ ਸੁਥਰਾ ਮਾਹੌਲ ਖਰਾਬ ਹੋ ਜਾਵੇਗਾ।@ ਕਿਸੇ ਨੇ ਤਾਂ ਕੀ ਉਸਦੇ ਪਿਆਰ ਨਿਹਾਲ ਤੱਕ ਨੇ ਉਸਦੀ ਕੋਈ ਗੱਲ ਨਹੀਂ ਸੁਣੀ, ਉਹ ਹਸਰਤ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਦੀ ਰਹੀ ਕਿ ਸ਼ਾਇਦ ਉਹ ਉਸਨੂੰ ਰੋਕ ਲਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ।ਉਹ ਦੁਖੀ ਤੇ ਨਿਰਾਸ਼ ਆਖਿਰ ਪਿੰਡ ਛੱਡ ਕੇ ਚਲੀ ਗਈ ।ਉਹ ਸਮਝ ਗਈ ਸੀ ਕਿ ਇਕ ਮਰਦ ਇਜਤਦਾਰ ਕੁੜੀ ਨਾਲ ਪਿਆਰ ਤੇ ਕਰ ਸਕਦਾ ਪਰ ਜੇ ਉਸਦੀ ਇਜਤ ਤਾਰ ਤਾਰ ਹੋ ਜਾਏ ਤਾਂ ਪਿਆਰ ਇਕ ਪੰਛੀ ਵਾਂਗ ਉਡਾਰੀ ਮਾਰ ਜਾਂਦਾ ਹੈ।ਤਿੰਨ ਦਿਨ ਤੱਕ ਉਹ ਭੁੱਖੀ ਪਿਆਸੀ ਭਟਕਦੀ ਰਹੀ।ਚੌਥੇ ਦਿਨ ਸ਼ਾਮ ਨੂੰ ਇਕ ਜਗ੍ਹਾ ਉਸ ਦੀ ਲਾਸ਼ ਮਿਲੀ । ਉਸ ਸੱਚਾਈ ਦੀ ਮਿਸਾਲ ਦੀ ਜੋਤ ਹਮੇਸ਼ਾ ਲਈ ਬੁੱਝ ਗਈ ।
ਕੁਝ ਮਹੀਨਿਆਂ ਬਾਅਦ ਉਸ ਪਿੰਡ ਦੀ ਇਕ ਕੁੜੀ ਨਿੰਦੀ ਅਪਣੇ ਪ੍ਰੇਮੀ ਨਾਲ ਭੱਜ ਗਈ।ਉਹ ਕੋਈ ਹੋਰ ਨਹੀਂ ਬਲਕਿ ਪੰਚਾਇਤ ਦੇ ਕਿਸੇ ਮੈਂਬਰ ਸਤਿੰਦਰ ਸਿੰਘ ਦੀ ਹੀ ਕੁੜੀ ਸੀ ।ਜਦ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਸਭ ਲੋਕ ਉਹਨਾਂ ਨੂੰ ਲੱਭਣ ਵਿੱਚ ਜੁੱਟ ਗਏ।ਆਖਿਰ ਪੰਦਰਾਂ ਦਿਨਾਂ ਦੀ ਮਿਹਨਤ ਮੁਸ਼ੱਕਤ ਸਦਕਾ ਉਹ ਨਿੰਦੀ ਨੂੰ ਲੱਭ ਲਿਆਏ ।ਪਿੰਡ ਆਉਂਦਿਆ ਹੀ ਉਸ ਦੇ ਮਾਪਿਆਂ ਨੇ ਨਿੰਦੀ ਨੂੰ ਖੁਸ਼ੀ ਖੁਸ਼ੀ ਗੱਲ ਨਾਲ ਲਾ ਲਿਆ ।ਕਿਸੇ ਨੇ ਵੀ ਉਸਤੇ ਕੋਈ ਉਂਗਲ ਨਾ ਚੁੱਕੀ।ਨਾ ਹੀ ਪੰਚਾਇਤ ਨੇ ਨੂਰਾਂ ਦੀ ਤਰਾਂ ਉਸਨੂੰ ਪਿੰਡ ਤੋਂ ਬਾਹਰ ਕੱਢਿਆ।ਨਿੰਦੀ ਅੱਜ ਵੀ ਪਿੰਡ ਚ ਸ਼ਾਨ ਨਾਲ ਘੁੰਮ ਫਿਰ ਰਹੀ ਹੈ ।ਕੀ ਨਿੰਦੀ ਦੇ ਰਹਿਣ ਨਾਲ ਪਿੰਡ ਦਾ ਮਾਹੌਲ ਖਰਾਬ ਨਹੀਂ ਹੋਇਆ ।
ਆਖਿਰ ਕੀ ਗੁਨਾਹ ਸੀ ਨੂਰਾਂ ਦਾ ਜੋ ਉਸਨੂੰ ਇਹ ਸਜ਼ਾ ਮਿਲੀ ਤੇ ਕੀ ਨਿੰਦੀ ਦਾ ਕੋਈ ਕਸੂਰ ਨਹੀਂ ਸੀ।ਨੂਰਾਂ ਸਿਰਫ ਇਕ ਰਾਤ ਲਈ ਘਰ ਤੋਂ ਬਾਹਰ ਰਹੀ ਤੇ ਉਹ ਨਿੰਦੀ ਪੂਰੇ ਪੰਦਰਾਂ ਦਿਨ। ਬਲਰਾਜ ਆਪਣੇ ਬਦਲੇ ਨੂੰ ਪੂਰਾ ਕਰਨ ਲਈ ਉਸਨੂੰ ਚੁੱਕ ਕੇ ਲੈ ਗਿਆ ਸੀ ਤੇ ਨਿੰਦੀ ਅਪਣੀ ਮਰਜੀ ਨਾਲ ਗਈ ਸੀ ਉਸ ਮੁੰਡੇ ਨਾਲ।ਬਲਰਾਜ ਨੂੰ ਮਾਮੂਲੀ ਜਿਹੀ ਸਜ਼ਾ ਦੇ ਕੇ ਆਜ਼ਾਦ ਕਰ ਦਿੱਤਾ ਗਿਆ ਕਿਉਂ ਜੋ ਉਹ ਅਮੀਰ ਸੀ ਉਸ ਕੋਲ ਪਾਵਰ ਸੀ ਤੇ ਨੂਰਾਂ ਇਕ ਗਰੀਬ ਤੇ ਲਾਚਾਰ ਕੁੜੀ ਸੀ।ਕੀ ਸਾਡੇ ਪਿੰਡਾਂ ਦੀ ਪੰਚਾਇਤ ਦਾ ਇਨਸਾਫ ਸਹੀ ਹੈ? ਕੀ ਇਹ ਇਨਸਾਫ ਸਹੀ ਸੀ?ਕੀ ਅਮੀਰ ਗਰੀਬ ਅੱਗੇ ਸੱਚਾਈ ਦੀ ਕੋਈ ਕੀਮਤ ਨਹੀਂ?