ਇਸਦਾ ਅਸਰ ਉਸਦੀਆਂ ਲਿਖਤਾਂ ‘ਚ ਵੀ ਦੇਖਣ ਨੂੰ ਮਿਲਦਾ ਹੈ।ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਪੜਦਿਆਂ ਉਹ ਅਜਿਹੀਆਂ ਵਧੀਕੀਆਂ ਦਾ ਸਦਾ ਸ਼ਿਕਾਰ ਰਿਹਾ।ਪੜਾਈ ‘ਚ ਉਹ ਬਹੁਤ ਹੁਸ਼ਿਆਰ ਸੀ ਜਿਸ ਕਾਰਨ ਅਧਿਆਪਕਾਂ ਦਾ ਉਹ ਚਹੇਤਾ ਵਿਦਿਆਰਥੀ ਰਿਹਾ ਹੈ।ਚੌਥੀ ਪੰਜਵੀ ਜਮਾਤ ਤੱਕ ਜਾਦੇ ਜਾਦੇ ਉਹ ਥੋੜੀ ਬਹੁਤ ਤੁਕ ਬੰਦੀ ਕਰਨ ਲੱਗ ਗਿਆ ਸੀ ਜੋ ਉਹ ਅਕਸਰ ਹੀ ਬਾਲ ਸਭਾ ‘ਚ ਸੁਣਾਇਆ ਕਰਦਾ ਸੀ।ਅੱਤ ਦਰਜੇ ਦਾ ਸ਼ਰਮਾਕਲ ਹੋਣ ਦੇ ਬਾਵਜੂਦ ਪਤਾ ਨਹੀਂ ਅਜਿਹੀ ਕਿਹੜੀ ਸ਼ਕਤੀ ਸੀ ਜੋ ਉਸਨੂੰ ਸਟੇਜ ‘ਤੇ ਬੋਲਣ ਦੀ ਸਮਰੱਥਾ ਪ੍ਰਦਾਨ ਕਰਦੀ ਸੀ।ਅਜੋਕੇ ਦੌਰ ‘ਚ ਵੀ ਉਹ ਇਸ ਸ਼ਰਮਾਕਲ ਵਾਲੇ ਗੁਣ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਿਆ।ਕਿਤਾਬਾਂ ਪੜਨ ਖਾਸ ਕਰਕੇ ਕਹਾਣੀਆਂ ਪੜਨ ਦਾ ਸ਼ੌਂਕ ਉਸਨੂੰ ਬਚਪਨ ਤੋਂ ਹੀ ਸੀ ਤੇ ਇਸ ਸ਼ੌਂਕ ਨੂੰ ਉਸਨੂੰ ਦੀ ਪੰਜਾਬੀ ਦੀ ਅਧਿਆਪਿਕਾ ਸ਼੍ਰੀਮਤੀ ਸੰਤੋਸ਼ ਕੁਮਾਰੀ ਨੇ ਛੇਵੀ ਜਮਾਤ ਵਿੱਚ ਸਾਹਿਤਕ ਰੰਗ ਦੇ ਦਿੱਤਾ ਅਤੇ ਨੌਵੀ ਜਮਾਤ ਵਿੱਚ ਵਿਗਿਆਨ ਦੇ ਅਧਿਆਪਕ ਸ਼੍ਰੀ ਸ਼ੁਕਲ ਕੁਮਾਰ ਨੇ ਹੋਰ ਵੀ ਨਿਖਾਰ ਦਿੱਤਾ।ਦਸਵੀ ਜਮਾਤ ‘ਚ ਪੜਦਿਆਂ ਇੱਕ ਪੰਜਾਬੀ ਅਖਬਾਰ ‘ਚ ਉਸਦਾ ਪਹਿਲਾ ਲੇਖ ਲੱਗਿਆ ਜਿਸਨੇ ਉਸਦੀ ਸਾਹਿਤ ਦੇ ਖੇਤਰ ਵਿੱਚ ਹਾਜ਼ਰੀ ਲਗਵਾ ਦਿੱਤੀ ਸੀ।ਪੜਾਈ ਦੇ ਨਾਲ ਨਾਲ ਲੇਖ ਕਹਾਣੀਆਂ ਲਿਖਣ ਦਾ ਸਫਰ ਵੀ ਸ਼ੁਰੂ ਹੋ ਗਿਆ ਸੀ।ਡਾਕਟਰ ਬਣਨ ਦਾ ਸੁਪਨਾ ਉਸਨੇ ਆਪਣੀ ਦਾਦੀ ਨਾਲ ਪਿੰਡ ਦੇ ਇੱਕ ਡਾਕਟਰ ਵੱਲੋਂ ਕੀਤੇ ਦੁਰਵਿਵਹਾਰ ਕਾਰਨ ਬਹੁਤ ਪਹਿਲਾਂ ਦੇਖ ਲਿਆ ਸੀ ਪਰ ਘਰ ਦੀ ਅੱਤ ਦਰਜੇ ਦੀ ਗਰੀਬੀ ਕਾਰਨ ਉਸਨੂੰ ਮਜਬੂਰਨ ਪੜਾਈ ਛੱਡਣੀ ਪਈ ਤੇ ਇੱਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਨੀ ਪਈ।ਦਾਦੀ ਦੀ ਮੌਤ ਤੋਂ ਬਾਅਦ ਉਹ ਬਿਲਕੁਲ ਟੁੱਟ ਗਿਆ ਸੀ ਕਿ ਉਨ੍ਹਾਂ ਦੇ ਜਿਉਂਦੇ ਜੀ ਮੈਂ ਡਾਕਟਰ ਨਾ ਬਣ ਸਕਿਆ।ਡਾਕਟਰ ਬਣਨ ਦਾ ਜਨੂੰਨ ਅਜੇ ਵੀ ਉਸਦੇ ਅੰਦਰ ਠਾਠਾਂ ਮਾਰ ਰਿਹਾ ਸੀ ਜਿਸਨੇ ਉਸਨੂੰ ਨੌਕਰੀ ਦੇ ਨਾਲ ਦੁਬਾਰਾ ਪੜਾਈ ਸ਼ੁਰੂ ਕਰਨ ਲਈ ਕਿਹਾ।ਇੱਥੇ ਡਾਕਟਰ ਕੁਲਦੀਪ ਸਿੰਘ ਨੇ ਉਸਦਾ ਸਾਥ ਦਿੱਤਾ ਜੋ ਅਜੇ ਵੀ ਜਾਰੀ ਹੈ।ਮੁਸ਼ਕਿਲਾਂ ਦਾ ਦੌਰ ਅਜੇ ਖਤਮ ਨਹੀਂ ਹੋਇਆ ਸੀ ਨੌਕਰੀ ਦੇ ਨਾਲ ਦੁਬਾਰਾ ਬਾਰ੍ਹਵੀਂ ਜਮਾਤ( ਮੈਡੀਕਲ) ਦੀ ਪੜਾਈ ਉਸ ਲਈ ਬਹੁਤ ਵੱਡੀ ਚੁਣੌਤੀ ਸੀ ਤੇ ਲੋਕਾਂ ਦਾ ਮਜ਼ਾਕ ਵੀ ਸਹਿਣਾ ਪੈਦਾ ਸੀ।ਬੜੀ ਮੁਸ਼ਕਿਲ ਨਾਲ ਉਸਨੇ ਪੜਾਈ ਕੀਤੀ ਤੇ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕੀਤੀ ਪਰ ਗਰੀਬੀ ਫਿਰ ਉਸਤੇ ਹਾਵੀ ਹੋ ਗਈ ਤੇ ਨਿੱਜੀ ਕਾਲਜ ‘ਚ ਮਿਲੀ ਐਮਬੀਬੀਐਸ ਦੀ ਸੀਟ ਛੱਡਣੀ ਪਈ ਜੋ ਉਸਨੇ ਬਿਨਾਂ ਕਿਸੇ ਕੋਚਿੰਗ ਦੇ ਪ੍ਰਾਪਤ ਕੀਤੀ ਸੀ।ਅੰਦਰੋ ਟੁੱਟ ਕੇ ਵੀ ਉਹ ਇਸ ਦੌਰ ‘ਚ ਸਾਹਿਤ ਨਾਲੋਂ ਨਹੀਂ ਟੁੱਟਿਆ ਅਤੇ ਉਸਨੇ ਉਸ ਸਮੇ ਬਿਹਤਰੀਨ ਸਾਕਾਰਤਮਿਕ ਰਚਨਾ “ਜਿਸ ‘ਤੇ ਜੱਗ ਹੱਸਿਆ ਉਸਨੇ ਹੀ ਇਤਿਹਾਸ ਰਚਿਆ” ਆਪਣੇ ਆਪ ਨੂੰ ਸਮਝਾਉਣ ਲਈ ਲਿਖੀ ਜੋ ਸ਼ਾਹਕਾਰ ਕਲਾਕ੍ਰਿਤੀ ਹੋ ਨਿੱਬੜੀ।ਬੀਏਐਮਐਸ ਕੋਰਸ ‘ਚ ਆਕੇ ਉਸਨੂੰ ਸੰਤੁਸਟੀ ਹੈ ਕਿ ਉਹ ਡਾਕਟਰ ਤਾਂ ਜਰੂਰ ਬਣੇਗਾ।ਸਾਹਿਤ ਦੇ ਖੇਤਰ ‘ਚ ਵੀ ਉਹ ਪੂਰੀ ਤਰਾਂ ਸਰਗਰਮ ਹੈ।ਹੁਣ ਤੱਕ ਉਸਦੇ ਅਣਗਿਣਤ ਲੇਖ, ਮਿੰਨੀ ਕਹਾਣੀਆਂ ਤੇ ਕਹਾਣੀਆਂ ਸਾਰੇ ਪੰਜਾਬੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।ਕਹਾਣੀ ਪੜਨ ਤੇ ਲਿਖਣ ਦੇ ਸ਼ੁਕੀਨ ਇਸ ਲੇਖਕ ਦੀ ਵਾਰਤਕ ਅਤੇ ਪੰਜਾਬੀ ਭਾਸ਼ਾ ‘ਤੇ ਬਹੁਤ ਚੰਗੀ ਪਕੜ ਹੈ।ਹਰ ਸੰਵੇਦਨਸ਼ੀਲ ਮੁੱਦੇ ‘ਤੇ ਉਹ ਬਰੀਕੀ ਨਾਲ ਤੇ ਬੜੀ ਸੂਝਬੂਝ ਨਾਲ ਲਿਖਦਾ ਹੈ।ਆਪਣੀ ਪੜਾਈ ਅਤੇ ਅਖਬਾਰਾਂ ਲਈ ਕਾਲਮ ਲਿਖਣ ਦੀ ਮਸ਼ਰੂਫੀਅਤ ਕਾਰਨ ਉਹ ਅਜੇ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਨਹੀਂ ਦੇ ਸਕਿਆ ਪਰ ਭਵਿੱਖ ‘ਚ ਉਹ ਜਲਦੀ ਹੀ ਪੜਾਈ ਪੂਰੀ ਕਰਕੇ ਇਸ ਪਾਸੇ ਪਹਿਲ ਕਦਮੀ ਕਰੇਗਾ।ਛੋਟੀ ਉਮਰੇ ਆਪਣੀ ਵੱਖਰੀ ਪਹਿਚਾਣ ਬਣਾਉਣ ਅਤੇ ਅਣਗਿਣਤ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਹਿਤ ਦ੍ਰਿੜ ਹੌਸਲੇ ਦੇ ਮਾਲਕ ਉਹ ਅੱਜ ਨੌਜਵਾਨਾਂ ਦੇ ਪ੍ਰੇਰਨਾ ਸ੍ਰੋਤ ਹਨ।ਆਪਣੇ ਹੱਥੀ ਆਪਣੀ ਕਿਸਮਤ ਖੁਦ ਲਿਖਣ ਨੂੰ ਤਰਜੀਹ ਦੇਣ ਬਾਰੇ ਅਕਸਰ ਹੀ ਉਹ ਕਹਿੰਦੇ ਹਨ:
ਰਿਹਾ ਝੁਕਾਉਦਾ ਸਿਰ ਮੈਂ ਫਕੀਰਾਂ ਨੂੰ
ਪਰ ਕੋਈ ਵੀ ਬਦਲ ਨਾ ਸਕਿਆ ਮੇਰੇ ਮੱਥੇ ਦੀਆਂ ਲਕੀਰਾਂ ਨੂੰ।
ਆਖਿਰ ਖੁਦ ‘ਤੇ ਕੀਤਾ ਭਰੋਸਾ ਤੇ ਬਣਾਏ ਰਾਹ ਮੰਜਿਲ ਤੱਕ ਜਾਣ ਲਈ
ਫਿਰ ਕੌਣ ਕਹਿੰਦੈ ਇਨਸਾਨ ਬਦਲ ਨਹੀਂ ਸਕਦਾ ਤਕਦੀਰਾਂ ਨੂੰ।