Thu, 21 November 2024
Your Visitor Number :-   7254551
SuhisaverSuhisaver Suhisaver

ਜਿਸ ’ਤੇ ਜੱਗ ਹੱਸਿਆ, ਉਸੇ ਨੇ ਇਤਿਹਾਸ ਰਚਿਆ - ਗੁਰਤੇਜ ਸਿੱਧੂ

Posted on:- 16-03-2016

suhisaver

ਸਹੀ ਸਮੇਂ ਕੀਤਾ ਸਹੀ ਫੈਸਲਾ ਸਫ਼ਲਤਾ ਦੀ ਅੱਧੀ ਮੰਜ਼ਿਲ ਸਰ ਕਰਨ ਦੇ ਬਰਾਬਰ ਹੁੰਦਾ ਹੈ। ਉਮਰਾਂ ਕਦੇ ਵੀ ਸਫ਼ਲਤਾ ਦੇ ਰਾਹ ਦਾ ਅੜਿੱਕਾ ਨਹੀਂ ਬਣਦੀਆਂ। ਮੰਜ਼ਿਲਾਂ ਉਮਰਾਂ ਦੀਆਂ ਮੁਹਤਾਜ ਨਹੀਂ ਹੁੰਦੀਆਂ। ਆਪਣੇ ਹੁਨਰ ਨੂੰ ਪਛਾਣ ਕੇ ਚੁਣਿਆ ਰਸਤਾ ਕਦੇ ਗਲਤ ਨਹੀਂ ਹੁੰਦਾ। ਜਿਸ ਦੇ ਅੰਦਰ ਕੁਝ ਚੰਗਾ ਕਰਨ ਦਾ ਜਜ਼ਬਾ ਹੋਵੇ, ਉਸ ਨੂੰ ਸਫ਼ਲਤਾ ਮਿਲੇ ਬਿਨਾਂ ਨਹੀਂ ਰਹਿੰਦੀ। ਸਫ਼ਲਤਾ ਕਿਸੇ ਵਿਸ਼ੇਸ਼ ਵਿਅਕਤੀ ਦੀ ਮੁਹਤਾਜ ਨਹੀਂ। ਜੋ ਵੀ ਸੱਚੇ ਦਿਲੋਂ, ਈਮਾਨਦਾਰੀ ਅਤੇ ਪੱਕੇ ਇਰਾਦੇ ਨਾਲ ਮਿਹਨਤ ਕਰਦਾ ਹੈ, ਸਫ਼ਲਤਾ ਲਾਜ਼ਮੀ ਉਸ ਦੇ ਪੈਰ ਚੁੰਮਦੀ ਹੈ।

ਮਹਾਨ ਵਿਅਕਤੀ ਦੁੱਖ ਆਉਣ ’ਤੇ ਆਪਣੀ ਕਿਸਮਤ ਨੂੰ ਨਹੀਂ ਕੋਸਦੇ। ਅਸਫ਼ਲਤਾ ਨੂੰ ਸਫਲਤਾ ਰੂਪੀ ਜਾਮੇ ’ਚ ਬਦਲਣ ਲਈ ਉਹ ਹੋਰ ਪਕੇਰੀ ਲਗਨ ਨਾਲ ਮਿਹਨਤ ਕਰਦੇ ਹਨ। ਆਮ ਲੋਕਾਂ ਵਾਂਗ ਉਹ ਕਿਸਮਤ, ਸਮੇਂ ਤੇ ਹੋਰ ਕਾਰਨਾਂ ਪ੍ਰਤੀ ਸ਼ਿਕਵੇ ਨਹੀਂ ਪ੍ਰਗਟਾਉਂਦੇ ਕਿਉਂਕਿ ਉੱਚੀ ਉਡਾਨ ਦੇ ਪਰਿੰਦੇ ਕਦੇ ਸ਼ਿਕਵੇ ਨਹੀਂ ਕਰਦੇ।

ਉਕਤ ਕਥਨ ਮਹਾਨ ਅਤੇ ਸਫ਼ਲ ਵਿਅਕਤੀਆਂ ’ਤੇ ਪੂਰੀ ਤਰ੍ਹਾਂ ਢੁੱਕਦੇ ਹਨ। ਅਜਿਹੀਆਂ ਕੁਝ ਸੰਸਾਰ ਪ੍ਰਸਿੱਧ ਸ਼ਖਸੀਅਤਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ, ਜਿਨ੍ਹਾਂ ਨੂੰ ਲੋਕਾਂ ਨੇ ‘ਪਾਗਲ’ ਕਿਹਾ ਤੇ ਟਿੱਚਰਾਂ ਵੀ ਕੀਤੀਆਂ ਪਰ ਸਦਕੇ ਜਾਈਏ ਉਨ੍ਹਾਂ ਸਿਦਕਵਾਨਾਂ ਦੇ ਜਿਨ੍ਹਾਂ ਨੇ ਜ਼ਮਾਨੇ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਆਪਣੇ ਉਦੇਸ਼ ਨੂੰ ਪਾਉਣ ਲਈ ਅਡਿੱਗ ਰਹੇ। ਆਪਣੇ ਹਾਲਾਤਾਂ ਨੂੰ ਆਪਣੇ ’ਤੇ ਕਦੇ ਇਨ੍ਹਾਂ ਹਾਵੀ ਨਹੀਂ ਹੋਣ ਦਿੱਤਾ ਸਗੋਂ ਹਾਲਾਤਾਂ ਨੂੰ ਆਪਣੇ ਅਨੁਕੂਲ ਬਣਾ ਕੇ ਇਨ੍ਹਾਂ ਨੇ ਮਹਾਨਤਾ ਰੂਪੀ ਬੁਲੰਦੀ ਨੂੰ ਛੋਹਿਆ ਹੈ। ਥਾਮਸ ਅਲਵਾ ਐਡੀਸਨ, ਜਿਨ੍ਹਾਂ ਦਾ ਬਣਾਇਆ ਬਲਬ ਹਰ ਘਰ ਨੂੰ ਰੁਸ਼ਨਾ ਰਿਹਾ ਹੈ, ਉਨ੍ਹਾਂ ਨੂੰ ਸਕੂਲ ’ਚੋਂ ‘ਮੰਦਬੁੱਧੀ’ ਕਹਿ ਕੇ ਕੱਢ ਦਿੱਤਾ ਸੀ। ਇਸੇ ਤਰ੍ਹਾਂ ਹੀ ਸਰ ਜਗਦੀਸ਼ ਚੰਦਰ ਬੋਸ ਜੋ ਭਾਰਤ ’ਚ ਪੈਦਾ ਹੋਏ, ਉਨ੍ਹਾਂ ਨੂੰ ਬਨਸਪਤੀ ਨਾਲ ਕਾਫੀ ਮੋਹ ਸੀ। ਸਕੂਲੋਂ ਇਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਇਜ਼ਾਦ ਕੀਤੀ ਮਸ਼ੀਨ ‘ਕਰੈਸਕੋਗ੍ਰਾਫ’ ਜੋ ਇਹ ਦੱਸਦੀ ਹੈ ਕਿ ਪੌਦੇ ਵੀ ਸੰਗੀਤ ਸੁਣ ਕੇ ਖੁਸ਼ ਹੁੰਦੇ ਹਨ ਤੇ ਦੁੱਖ ਦਰਦ ਵੀ ਮਹਿਸੂਸ ਕਰਦੇ ਹਨ।

ਸਦੀ ਦੇ ਮਹਾਨ ਅਦਾਕਾਰ ਅਮਿਤਾਭ ਬੱਚਨ ਨੂੰ ਰੇਡੀਓ ਅਨਾਊਂਸਰ ਦੀ ਨੌਕਰੀ ਇਹ ਕਹਿ ਕੇ ਨਾ ਦਿੱਤੀ ਕਿ ਉਨ੍ਹਾਂ ਦੀ ਆਵਾਜ਼ ਖਰਾਬ ਹੈ ਤੇ ਰੇਡੀਓ ’ਤੇ ਅਜਿਹੀ ਆਵਾਜ਼ ਕਿਸੇ ਕੰਮ ਦੀ ਨਹੀਂ, ਪਰ ਉਨ੍ਹਾਂ ਦੀ ਆਵਾਜ਼ ’ਚ ਬੋਲੇ ਡਾਇਲਾਗ ਅੱਜ ਮੀਲ ਪੱਥਰ ਹਨ। ਮਾਈਕਰੋਸਾਫਟ ਦੇ ਨਿਰਮਾਤਾ ਬਿੱਲ ਗੇਟਸ ਦਾ ਨਾਂਅ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਆਮ ਪਰਿਵਾਰ ’ਚ ਪੈਦਾ ਹੋ ਕੇ ਉਨ੍ਹਾਂ ਉਹ ਕਰ ਦਿਖਾਇਆ, ਜੋ ਬੇਮਿਸਾਲ ਹੈ । ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ’ਚ ਪਹਿਲੇ ਨੰਬਰ ’ਤੇ ਸ਼ੁਮਾਰ ਹਨ। ਉਹ ਅਕਸਰ ਕਹਿੰਦੇ ਹਨ, ‘ਜੇਕਰ ਤੁਸੀਂ ਗਰੀਬ ਘਰ ਜਨਮੇ ਹੋ ਇਹ ਤੁਹਾਡੀ ਗਲਤੀ ਨਹੀਂ, ਪਰ ਜੇਕਰ ਤੁਸੀਂ ਗਰੀਬ ਹੀ ਮਰਦੇ ਹੋ, ਇਹ ਗਲਤੀ ਤੁਹਾਡੀ ਹੈ।’

ਪਿਆਰੇ ਦੋਸਤੋ! ਜ਼ਿੰਦਗੀ ’ਚ ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਇਤਿਹਾਸ ’ਚ ਜੋ ਵੀ ਮਹਾਨ ਵਿਅਕਤੀ ਹਨ, ਉਹ ਇੱਕ ਦਿਨ ’ਚ ਹੀ ਮਹਾਨ ਨਹੀਂ ਬਣੇ, ਸਗੋਂ ਸਾਲਾਂ ਬੱਧੀ ਸਖ਼ਤ ਮਿਹਨਤ ਅਤੇ ਅਸਫ਼ਲਤਾ ਦੇ ਕਈ-ਕਈ ਝਟਕਿਆਂ ਤੋਂ ਬਾਅਦ ਹੀ ਇਨ੍ਹਾਂ ਨੇ ਆਪਣੇ ਮੁਕਾਮ ਪਾਏ ਹਨ। ਸੰਕਟ ਤੇ ਸੰਘਰਸ਼ ਸਦਾ ਇਨ੍ਹਾਂ ਦੇ ਨਾਲ ਚੱਲਦੇ ਰਹੇ ਹਨ ਪਰ ਇਨ੍ਹਾਂ ਨੇ ਜਿਸ ਵੀ ਕੰਮ ਨੂੰ ਹੱਥ ’ਚ ਲਿਆ , ਉਸ ਨੰੂ ਪੂਰਾ ਕਰ ਕੇ ਹੀ ਸਾਹ ਲਿਆ। ਇਨ੍ਹਾਂ ਨੇ ਜਿਉਣਾ ਹੀ ਸੰਕਟਾਂ ਤੇ ਮੁਸ਼ਕਲਾਂ ਤੋਂ ਸਿੱਖਿਆ, ਕਿਉਂਕਿ ਸੰਕਟ ਤੇ ਮੁਸ਼ਕਲਾਂ ਵੀ ਜ਼ਿੰਦਗੀ ਦੀਆਂ ਉਸਤਾਦ ਹਨ, ਜੋ ਸਾਨੂੰ ਜਿਉਣਾ ਸਿਖਾਉਂਦੀਆਂ ਹਨ। ਸਫ਼ਲ ਹੋਣ ਲਈ ਮੁੱਖ ਤੌਰ ’ਤੇ ਇਹ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ ਕਿ ਸਭ ਤੋਂ ਪਹਿਲਾਂ ਆਪਣੀ ਪ੍ਰਤਿਭਾ ਪਛਾਨਣੀ , ਦੂਰ ਦਿ੍ਰਸ਼ਟੀ ਨਾਲ ਸੋਚ ਵਿਚਾਰ ਤੇ ਨਿਸ਼ਾਨਾ ਤੈਅ ਕਰਨਾ, ਪੱਕਾ ਤੇ ਮਜ਼ਬੂਤ ਇਰਾਦਾ, ਇਮਾਨਦਾਰੀ ਨਾਲ ਸਖ਼ਤ ਮਿਹਨਤ ਅਤੇ ਸੰਜਮ ਸਫ਼ਲਤਾ ਦਾ ਮੂਲ ਮੰਤਰ ਹੈ।
ਸਫ਼ਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੈ। ਇਸ ਲਈ ਸੰਜਮ ਰੱਖੋ। ਕਦੇ ਵੀ ਕਾਹਲ ਨਾ ਕਰੋ। ਸਹਿਯੋਗ ਦੇਣ ਅਤੇ ਲੈਣ ਦੀ ਸਮਰੱਥਾ ਵਧਾਓ,ਜਿਸ ਨਾਲ ਚੰਗਾ ਸਿੱਖਣ ਦੀ ਸਮਰੱਥਾ ਵਧੇਗੀ। ਗਲਤ ਤਰੀਕਿਆਂ ਨਾਲ ਸਫ਼ਲਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸਫ਼ਲ ਹੋ ਵੀ ਜਾਂਦੇ ਹੋ, ਤੁਹਾਡੇ ਅੰਦਰ ਭੈਅ ਭਰ ਜਾਵੇਗਾ ਤੇ ਆਨੰਦ ਸਦਾ ਲਈ ਉਡਾਰੀ ਮਾਰ ਜਾਵੇਗਾ। ਤੁਹਾਡੀ ਆਤਮਾ ਤੁਹਾਨੂੰ ਸਦਾ ਧੋਖੇਬਾਜ਼ ਕਹਿੰਦੀ ਰਹੇਗੀ। ਆਪਣਾ ਕੰਮ ਚੰਗੀ ਤਰ੍ਹਾਂ ਕਰਨ ਲਈ ਸ਼ਕਤੀ ਵਧਾਓ, ਦੂਜਿਆਂ ਤੋਂ ਜ਼ਿਆਦਾ ਸੋਚ-ਵਿਚਾਰ ਕੇ ਜ਼ਿਆਦਾ ਮਿਹਨਤ ਕਰੋ, ਸਫ਼ਲਤਾ ਤੁਹਾਡੇ ਦਰਵਾਜ਼ੇ ’ਤੇ ਖੜ੍ਹੀ ਮਿਲੇਗੀ। ਜਿਸ ਖੇਤਰ ’ਚ ਤੁਸੀਂ ਮਿਹਨਤ ਕਰਨੀ ਹੈ , ਉਸ ’ਚ ਤੁਹਾਡੀ ਦਿਲਚਸਪੀ ਲਾਜ਼ਮੀ ਹੈ। ਉਂਞ ਮਹਾਨ ਤੇ ਸਫ਼ਲ ਲੋਕ ਸਫ਼ਲਤਾ ਲਈ ਨੀਰਸ ਕੰਮ ਨੂੰ ਵੀ ਕਰਨ ਦੀ ਸਮੱਰਥਾ ਰੱਖਦੇ ਹਨ ਤੇ ਕਰਦੇ ਹਨ। ਕੰਮ ਜਾਂ ਮਿਹਨਤ ਆਨੰਦ ਮਾਣਦਿਆਂ ਕਰੋ ਨਾ ਕਿ ਬੋਝ ਸਮਝ ਕੇ। ਕਦੇ ਵੀ ਨਾਂਹ ਪੱਖੀ ਲੋਕਾਂ ਦੀ ਸੋਹਬਤ ਨਾ ਕਰੋ ਕਿਉਂਕਿ ਉਹ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਖਤਮ ਕਰ ਸਕਦੇ ਹਨ ਅਤੇ ਤੁਹਾਡੇ ਹੌਂਸਲੇ ਨੂੰ ਢਾਹ ਲਾ ਸਕਦੇ ਹਨ, ਕਿਉਂਕਿ ਉਹ ਖੁਦ ਅਸਫ਼ਲ ਹੁੰਦੇ ਹਨ।

ਇੱਕ ਸਮੇਂ ਇੱਕ ਹੀ ਕੰਮ ਕਰੋ ਤਾਂ ਚੰਗਾ ਹੈ। ਸਾਰਾ ਧਿਆਨ ਇੱਕ ਨਿਸ਼ਾਨੇ ਉੱਪਰ ਹੀ ਕੇਂਦਰਿਤ ਕਰੋ। ਇਸਨੂੰ ਬਿਖਰਨ ਨਾ ਦਿਓ। ਉੱਤਲ ਲੈਨਜ਼ ਦੀ ਇਹ ਖੂਬੀ ਹੈ ਕਿ ਜੇਕਰ ਧੁੱਪ ’ਚ ਉਸ ਦੇ ਹੇਠਾਂ ਕਾਗਜ਼ ਰੱਖ ਦੇਈਏ ਤਾਂ ਕੁਝ ਸਮੇਂ ਬਾਅਦ ਕਾਗਜ਼ ਸੜਣ ਲੱਗ ਜਾਂਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿ ਸਾਰੀਆਂ ਕਿਰਨਾਂ ਇੱਕ ਫੋਕਸ ’ਤੇ ਕੇਂਦਰਿਤ ਹੋ ਜਾਂਦੀਆਂ ਹਨ। ਤਣਾਅ ਅਤੇ ਚਿੰਤਾ ਤੋਂ ਦੂਰੀ ਬਣਾ ਕੇ ਰੱਖੋ। ਜ਼ਿੰਦਗੀ ਦਾ ਕੋਈ ਵੀ ਫੈਸਲਾ ਚਿੰਤਾ ਜਾਂ ਜ਼ਿਆਦਾ ਖੁਸ਼ੀ ’ਚ ਨਹੀਂ ਕਰਨਾ ਚਾਹੀਦਾ। ਚਿੰਤਾ ਚਿਤਾ ਦਾ ਕੰਮ ਕਰਦੀ ਹੈ, ਜੋ ਹੌਲੀ-ਹੌਲੀ ਤੁਹਾਡੀਆਂ ਮਾਨਸਿਕ ਸ਼ਕਤੀਆਂ ਤੇ ਆਤਮਬਲ ਨੂੰ ਹਰਾ ਦਿੰਦੀ ਹੈ। ਚਿੰਤਾ ’ਚ ਕੀਤਾ ਕੰਮ ਕਦੇ ਵੀ ਸਹੀ ਢੰਗ ਨਾਲ ਸਿਰੇ ਨਹੀਂ ਚੜ੍ਹਦਾ ਕਿਉਂਕਿ ਕੰਮ ਦੇ ਨਾਲ ਸੋਚ- ਵਿਚਾਰ ਕਰਨ ਦੀ ਸ਼ਕਤੀ ਵੀ ਨਾ ਮਾਤਰ ਰਹਿ ਜਾਂਦੀ ਹੈ।

ਸਫਲਤਾ ਬੰਦ ਦਰਵਾਜ਼ੇ ’ਚ ਪਈ ਚੀਜ਼ ਦੇ ਸਮਾਨ ਹੈ ਅਤੇ ਸਖ਼ਤ ਮਿਹਨਤ ਇਸ ਦੀ ਕੰੁਜੀ ਹੈ, ਜੋ ਇਸ ਨੂੰ ਖੋਲ੍ਹ ਸਕਦੀ ਹੈ। ਸਫ਼ਲਤਾ ਹਾਸਲ ਕਰਨ ਲਈ ਸਾਡੀ ਕਹਿਣੀ ਤੇ ਕਰਨੀ ਇੱਕ ਹੋਣੀ ਚਾਹੀਦੀ ਹੈ। ਜ਼ਿਆਦਾ ਖਾਣਾ, ਜ਼ਿਆਦਾ ਸੌਣਾ ਤੇ ਜ਼ਿਆਦਾ ਗੱਲਾਂ ਕਰਨੀਆਂ ਛੱਡ ਦਿਓ, ਬੱਸ ਮਿਹਨਤ ਕਰੋ। ਮੇਰੀ ਮਾਂ ਅਕਸਰ ਕਹਿੰਦੀ ਹੈ ਕਿ ਮਿਹਨਤੀ ਬੱਚਿਆਂ ਨੂੰ ਕਦੇ ਵੀ ਜ਼ਿਆਦਾ ਨਹੀਂ ਸੌਣਾ ਚਾਹੀਦਾ ਕਿਉਂਕਿ ਜ਼ਿਆਦਾ ਸੌਣ ਨਾਲ ਬੰਦੇ ਦੇ ਭਾਗ ਸੌਂ ਜਾਂਦੇ ਹਨ। ਇਹ ਗੱਲ ਬਿਲਕੁਲ ਸੱਚੀ ਹੈ ਕਿ ਕਾਮਯਾਬ ਵਿਅਕਤੀਆਂ ਨੇ 15-18 ਘੰਟੇ ਰੋਜ਼ ਦੀ ਮਿਹਨਤ ਤੇ ਉਹ ਵੀ ਸਾਲਾਂ ਬੱਧੀ ਕੀਤੀ ਹੈ ਤੇ ਭੁੱਖ ਤੇ ਨੀਂਦ ਤਾਂ ਉਹ ਭੁੱਲ ਹੀ ਜਾਂਦੇ ਸਨ।

ਹਰ ਸਫ਼ਲ ਵਿਅਕਤੀ ਦੀ ਦਰਦ ਭਰੀ ਕਹਾਣੀ ਹੁੰਦੀ ਹੈ ਤੇ ਇਸ ਦਰਦ ਭਰੀ ਕਹਾਣੀ ਦਾ ਅੰਤ ਸਫ਼ਲਤਾ ਹੁੰਦਾ ਹੈ। ਸਫ਼ਲਤਾ ਪ੍ਰਾਪਤ ਕਰਨ ਲਈ ਇੱਕ ਜਜ਼ਬਾ ਹੋਣਾ ਚਾਹੀਦੈ ਕਿ ਅਸੀਂ ਦੇਸ਼, ਸਮਾਜ ਨੂੰ ਕੁਝ ਚੰਗਾ ਦੇਣਾ ਹੈ ਅਤੇ ਇਤਿਹਾਸ ਰਚਣਾ ਹੈ। ਜੋ ਲੋਕ ਸਾਡੇ ਉੱਪਰ ਹੱਸਦੇ ਹਨ, ਸਫ਼ਲਤਾ ਨਾਲ ਉਨ੍ਹਾਂ ਦਾ ਮੂੰਹ ਹਰ ਹੀਲੇ ਬੰਦ ਕਰਨਾ ਹੈ। ਜੇਕਰ ਸਫ਼ਲ ਨਾ ਹੋਏ ਤਾਂ ਕਿਸੇ ਨੇ ਮੂੰਹ ਨਹੀਂ ਲਾਉਣਾ ਕਿਉਂਕਿ ਇੱਥੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਨੇ, ਛਿਪਦੇ ਨੂੰ ਕੋਈ ਨਹੀਂ ਪੁੱਛਦਾ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ