ਅਜੋਕੇ ਯੁੱਗ ਵਿੱਚ ਕਈ ਪੜ੍ਹੇ-ਲਿਖੇ ਪੰਜਾਬੀ ਹੀ ਕਹਿਣ ਲੱਗ ਪਏ ਹਨ ਕਿ ਪੰਜਾਬੀ ਤਾਂ ਗਵਾਰਾਂ ਦੀ ਬੋਲੀ ਹੈ। ਉਹ ਪੰਜਾਬੀ ਬੋਲਣਗੇ ਤਾਂ ਗਵਾਰ ਤੇ ਅਨਪੜ੍ਹ ਸਮਝੇ ਜਾਣਗੇ । ਇਸੇ ਕਰਕੇ ਉਹ ਘਰਾਂ ਵਿੱਚ ਵੀ ਪੰਜਾਬੀ ਬੋਲਣਾ ਆਪਣੀ ਬੇਇੱਜ਼ਤੀ ਸਮਝਦੇ ਹਨ। ਉਹ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਨਹੀਂ ਬੋਲਣ ਦਿੰਦੇ । ਉਹਨਾਂ ਦੇ ਘਰੇ ਹਿੰਦੀ ਤੇ ਅੰਗਰੇਜ਼ੀ ਹੀ ਬੋਲੀ ਜਾਂਦੀ ਹੈ, ਉਚਾਰਣ ਭਾਂਵੇ ਅਸ਼ੁੱਧ ਹੀ ਹੋਵੇ । ਵਿਦੇਸ਼ਾਂ ਵਿੱਚ ਵੱਸਣ ਵਾਲੇ ਬਹੁਤੇ ਪੰਜਾਬੀਆਂ ਵੀ ਬਾਹਰਲੇ ਦੇਸ਼ਾਂ 'ਚ ਤਾਂ ਹੋਰ ਭਾਸ਼ਾ ਬੋਲਣੀ ਹੁੰਦੀ ਹੈ ਪਰ ਉਹ ਪੰਜਾਬ ਆ ਕੇ ਵੀ ਪੰਜਾਬੀ ਘੱਟ ਹੀ ਬੋਲਣਾ ਪਸੰਦ ਕਰਦੇ ਨੇ। ਇਸੇ ਲਈ ਪੰਜਾਬ ਦੇ ਪ੍ਰਸਿੱਧ ਸ਼ਾਇਰ ਸੁਲੱਖਣ ਸਰਹੱਦੀ ਨੂੰ ਮਜ਼ਬੂਰੀ ਵੱਸ ਕਹਿਣਾ ਪਿਆ ਹੈ,
" ਮੇਰੇ ਪੈਂਤੀ ਦੇ ਪੈਂਤੀ ਹੀ ਸਭ ਅੱਖਰ,
ਕਰਦੇ ਪਏ ਅੰਗਰੇਜ਼ੀ ਦੀ ਨਕਲ ਅੱਜ ਕੱਲ੍ਹ।
ਐਪਰ ਆਖਾਂ ਕੀ ਇਹਨਾਂ ਪੰਜਾਬੀਆਂ ਨੂੰ,
ਮਾਰੀ ਗਈ ਹੈ ਜਿਹਨਾਂ ਦੀ ਅਕਲ ਅੱਜ ਕੱਲ੍ਹ। "
ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜਨੀਤੀ ਵਿੱਚ ਕੱਟੜਪੁਣੇ ਤੇ ਫਿ੍ਕਾਪ੍ਰਸਤੀ ਦੇ ਵੱਧਦੇ ਪੈਰ ਘੱਟ-ਗਿਣਤੀਆਂ ਤੇ ਘੱਟ-ਭਾਸ਼ਾਈ ਲੋਕਾਂ ਲਈ ਸਦਾ ਖਤਰਾ ਬਣੇ ਰਹੇ ਹਨ। ਕਲਮਾਂ ਦਾ ਕਤਲ ਇਸ ਗੱਲ ਦੀ ਗਵਾਹੀ ਹੈ ਕਿ ਜ਼ਾਲਮਾਂ ਲਈ ਹਰ ਉਹ ਭਾਸ਼ਾ ਖਤਮ ਕਰਨੀ ਜ਼ਰੂਰੀ ਹੈ ਜੋ ਲੋਕਾਂ ਨੂੰ ਸੱਚ ਨਾਲ ਜੋੜਦੀ ਹੈ। ਪੰਜਾਬੀ ਭਾਸ਼ਾ ਹੱਕ-ਸੱਚ ਲਈ ਸੰਘਰਸ਼ ਕਰਨ ਵਾਲੇ ਲੋਕਾਂ ਦੀ ਭਾਸ਼ਾ ਹੈ। ਪੰਜਾਬੀਆਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਸ ਲਈ ਵਿਰਸੇ ਵਿੱਚ ਮਿਲੀ ਸੂਰਮਗਤੀ ਨੂੰ ਪੰਜਾਬੀ ਭਾਸ਼ਾ ਨੇ ਅੱਗੇ ਵਧਾਇਆ ਹੈ।ਪੰਜਾਬੀ ਭਾਸ਼ਾ ਸਾਡੀ ਉਹ ਜੜ੍ਹ ਹੈ ਜਿਸਨੇ ਸਾਨੂੰ ਵਿਰਸੇ ਨਾਲ ਜੋੜ ਕੇ ਰੱਖਆਿ ਹੋਇਆ ਹੈ। ਇਸ ਲਈ ਮਾਤ-ਭਾਸ਼ਾ ਨੂੰ ਮਾਂ ਵਾਂਗੂੰ ਪਿਆਰ, ਸਤਿਕਾਰ, ਸਥਾਨ ਤੇ ਦਰਜ਼ਾ ਦੇਣਾ ਚਾਹੀਦਾ ਹੈ। ਆਉ ਆਪਾਂ ਪੰਜਾਬੀ ਬੋਲੀਏ, ਪੜ੍ਹੀਏ, ਲਿਖੀਏ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ । ਵਿਰਸੇ ਤੋਂ ਟੁੱਟ ਕੇ ਅਸੀਂ ਪਹਿਲਾਂ ਹੀ ਬੜ੍ਹਾ ਕੁਝ ਗਵਾਹ ਲਿਆ ਹੈ । ਜੜ੍ਹ ਨਾਲੋਂ ਟੁੱਟ ਕੇ ਤਬਾਹ ਹੋਣਾ ਲਾਜ਼ਮੀ ਹੈ ਤੇ ਸਾਡਾ ਵੀ ਕੁਝ ਨਹੀਂ ਬਚੇਗਾ ਕਿਉਂਕਿ ਸਿਆਣਿਆਂ ਸੱਚ ਕਿਹਾ ਹੈ,
" ਮਾਂ-ਬੋਲੀ ਜੇ ਭੁੱਲ ਜਾਉਗੇ।
ਕੱਖਾਂ ਵਾਂਗੂੰ ਰੁੱਲ ਜਾਉਗੇ। "
ਪੰਜਾਬੀ ਇੰਨੀ ਸਮਰੱਥ ਭਾਸ਼ਾ ਹੈ ਕਿ ਸੂਫੀ ਸੰਤ-ਫਕੀਰਾਂ, ਗੁਰੂਆਂ-ਪੀਰਾਂ ਨੇ ਇਲਾਹੀ ਬਾਣੀ ਇਸੇ ਭਾਸ਼ਾ ਵਿੱਚ ਰਚੀ ਹੈ । ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਪੰਜਾਬੀਭਾਸ਼ਾ ਤੇ ਗੁਰਮੁਖੀ ਲਿਪੀ ਵਿੱਚ ਹੀ ਹੈ । ਉਪਰੋਕਤ ਤੋਂ ਇਲਾਵਾ ਵਾਰਿਸ ਸ਼ਾਹ,ਹਾਸ਼ਿਮ ਸ਼ਾਹ, ਦਮੋਦਰ ਤੇ ਪੀਲੂ ਵਰਗੇ ਕਿੱਸਾਕਾਰਾਂ ਵੀ ਇਸੇ ਭਾਸ਼ਾ ਵਿੱਚ ਰਚਨਾਵਾਂ ਰਚੀਆਂ ਹਨ। ਇਸ ਲਈ ਪੰਜਾਬੀ ਭਾਸ਼ਾ ਬੜ੍ਹੀ ਅਮੀਰ ਹੈ।ਆਉ ਆਪਣੀ ਵਿੱਦਿਆ-ਦਾਤੀ ਤੇ ਮਾਂ ਸਮਾਨ ਮਾਤ-ਭਾਸ਼ਾ ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਇੱਕਜੁੱਟ ਹੋ ਕੇ ਹਮਲਾ ਮਾਰੀਏ ਤੇ ਇਸ ਦੀ ਸ਼ੁਰੂਆਤ ਆਪ ਪੰਜਾਬੀ ਬੋਲਕੇ, ਪੜ੍ਹ ਕੇ, ਲਿਖ ਕੇ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਕੇ ਆਪਣੇ ਘਰਾਂ ਤੋਂ ਕਰੀਏ । ਭਾਸ਼ਾਈ ਖਤਰੇ ਨੂੰ ਅਧਿਐਨ ਰਾਹੀਂ ਸਮਝੀਏ ਤੇ ਮਾਤ-ਭਾਸ਼ਾ ਨੂੰ ਬਣਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜੀਏ।