ਆਪ ਜੀ ਨੇ ਬੀ. ਏ. ਆਨਰਜ਼, ਐੱਮ. ਏ . ਤੇ ਪੀ. ਐੱਚ. ਡੀ. ( 1980 ਵਿੱਚ ) ਕੀਤੀ ਹੋਈ ਹੈ । ਆਪ ਜੀ ਦਾ ਖੋਜ ਦਾ ਵਿਸ਼ਾ ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ ਸੀ । ਆਪ ਜੀ ਨੇ ਚਾਰ ਸਾਲ ਅਡਹਾਕ ਲੈਕਚਰਾਰ ਵਜੋਂ ਡੀ. ਏ. ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪਡ਼, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ, ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿੱਚ ਅਧਿਆਪਣ ਦਾ ਕਾਰਜ ਕੀਤਾ । 7 ਦਸੰਬਰ 1981 ਤੋਂ ਲੈ ਕੇ 31 ਮਾਰਚ 2012 ਤੱਕ 30 ਸਾਲ 3 ਮਹੀਨੇ ਆਪ ਜੀ ਨੇ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੁਨੀਵਰਸਿਟੀ ਵਿੱਚ ਲੈਕਚਰਾਰ ਤੋਂ ਪ੍ਰੋਫੈਸਰ ਤੱਕ ਦਾ ਸਫਰ ਤੈਅ ਕੀਤਾ । ਆਪ ਜੀ ਨੇ ਲੈਕਚਰਾਰ ਐਸੋਸੀਏਸ਼ਨ ਕੁਰੂਕਸ਼ੇਤਰ ਵਿੱਚ ਵੀ ਆਗੂ ਭੂਮਿਕਾ ਨਿਭਾਈ ਹੈ ਅਤੇ ਸੰਘਰਸ਼ਾਂ ਸਮੇਂ ਜੇਲ੍ਹ ਯਾਤਰਾ ਵੀ ਕੀਤੀ ਹੈ । ਹੁਣ ਆਪ ਜੀ ਜੋਤੀ ਨਿਵਾਸ, ਨਿਉ ਹਰੀ ਨਗਰ, ਹੁਸ਼ਿਆਰਪੁਰ ਰਹਿ ਰਹੇ ਹੋ । ਹੋਰ ਵੀ ਮਾਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਆਪ ਜੀ ਲੇਖਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ. ) ਦੇ ਸੂਬੇ ਦੇ ਜਨਰਲ ਸਕੱਤਰ ਪਿੱਛੇ ਜਿਹੇ ਹੋਈਆਂ ਚੋਣਾਂ ਜਿੱਤ ਕੇ ਬਣੇ ਹੋ ।ਡਾ. ਕਰਮਜੀਤ ਸਿੰਘ ਜੀ ਦੀ ਸਾਹਿਤ ਰਚਨਾ
ਆਪ ਜੀ ਦੀ ਜ਼ਿੰਦਗੀ ਦਾ ਸਭ ਤਾਂ ਯਾਦਗਾਰੀ ਪਲ ਸਾਹਿਤ ਨਾਲ ਹੀ ਜੁੜਿਆ ਹੈ । ਉਹ ਇਹ ਹੈ ਕਿ ਆਪ ਜੀ ਨੇ ਆਪਣੇ ਵਿਆਹ ਤੇ ਹੀ ਲੋਕ ਗੀਤਾਂ ਨੂੰ ਇਕੱਠਾ ਕਰਨਾ ਆਰੰਭ ਕੀਤਾ ਸੀ । ਉਂਝ ਆਪ ਜੀ ਨੇ 1978 ਵਿੱਚ ਗੁਰੂ ਅਰਜਨ ਬਾਣੀ ਵਿੱਚ ਸਰੋਦੀ ਅੰਸ਼, 1982 ਵਿੱਚ ਦੇਸ਼ ਦੁਆਬਾ, 1985 ਵਿੱਚ ਧਰਤ ਦੁਆਬੇ ਦੀ ਤੇ ਬੇਸੁਰਾ ਮੌਸਮ, 1989 ਵਿੱਚ ਮਿੱਟੀ ਦੀ ਮਹਿਕ, 1990 ਵਿੱਚ ਕੋਇਲਾਂ ਕੂਕਦੀਆਂ ਤੇ ਮੋਰੀ ਰੁਣ-ਝੁਣ ਲਾਇਆ, 1995 ਵਿੱਚ ਬੰਗਾਲ ਦੀ ਲੋਕਧਾਰਾ. 2001 ਵਿੱਚ ਰਜਨੀਸ਼ ਬੇਨਕਾਬ, 2002 ਵਿੱਚ ਹਿੰਦੀ ਰਜਨੀਸ਼ ਬੇਨਕਾਬ ਤੇ ਲੋਕ ਗੀਤਾਂ ਦੀ ਪੈੜ, 2003 ਵਿੱਚ ਲੋਕ ਗੀਤਾਂ ਦੇ ਨਾਲ-ਨਾਲ, 2005 ਵਿੱਚ ਕੂੰਜਾਂ ਪ੍ਰਦੇਸਣ, 2006 ਵਿੱਚ ਟਾਵਰਜ਼ ਵਸਤੂ ਵਿਧੀ ਤੇ ਦਰਿਸ਼ਟੀ, 2009 ਵਿੱਚ ਪੰਜਾਬੀ ਰੁਬਾਈ ਤੇ ਪੰਜਾਬੀ ਲੋਕਧਾਰਾ ਸਮੀਖਿਆ, ਪੁਸਤਕਾਂ ਰਚੀਆਂ ਹਨ । ਉਪਰੋਕਤ ਤਾਂ ਇਲਾਵਾ ਬੱਚਿਆਂ ਤੇ ਨਵਸਾਖਰਾਂ ਲਈ 1994 ਵਿੱਚ ਪੰਜਾਬੀ ਲੋਕਗੀਤ ਦੇਵਨਾਗਰੀ ਵਿੱਚ, 2002 ਵਿੱਚ ਕਿਸੇ ਨੂੰ ਡੱਸਣਾ ਨਹੀਂ ਫੁੰਕਾਰਾ ਛੱਡਣਾ ਨਹੀਂ ਤੇ ਬੁੱਲੇ ਸ਼ਾਹ , 2009 ਵਿੱਚ ਕੁਲਫੀ ਆਦਿ ਪੁਸਤਕਾਂ ਦੀ ਵੀ ਰਚਨਾ ਕੀਤੀ ।ਆਪ ਜੀ 10 ਸਾਲ ਤਿਮਾਹੀ ਰਸਾਲੇ ' ਸਾਹਿਤ ਧਾਰਾ ' ਦੇ ਚੀਫ਼ ਐਡੀਟਰ ਰਹੇ । 1997 ਤੋਂ ਲੈ ਕੇ ਹੁਣ ਤੱਕ ਆਪ ਜੀ ਰਸਾਲੇ ' ਚਿਰਾਗ ' ਦੇ ਐਡੀਟਰੀ ਬੋਰਡ ਵਿੱਚ ਹੋ । ਹੁਣ ਤੱਕ 25-26 ਦੇ ਕਰੀਬ ਵਿਦਿਆਰਥੀਆਂ ਆਪ ਜੀ ਦੀ ਯੋਗ ਅਗਵਾਈ ਵਿੱਚ ਪੀ. ਐੱਚ. ਡੀ. ਦੀ ਅਤੇ 120-25 ਦੇ ਕਰੀਬ ਵਿਦਿਆਰਥੀਆਂ ਨੇ ਐੱਮ. ਫਿੱਲ. ਦੀ ਡਿਗਰੀ ਲਈ ਹੈ । ਆਪ ਜੀ ਆਪਣੀ ਰੌਸ਼ਨੀ ਨਾਲ ਹੋਰ ਕਈ ਚਿਰਾਗ ਰੌਸ਼ਨ ਕਰ ਰਹੇ ਹੋ ।ਡਾ. ਕਰਮਜੀਤ ਸਿੰਘ ਜੀ ਦੇ ਮਾਣ-ਸਨਮਾਨ
ਆਪ ਜੀ ਨੂੰ ਸਾਹਿਤ ਸਭਾ ਦਸੂਹਾ ਵੱਲੋਂ ਦੋ ਵਾਰ ਮੁਜਰਮ ਦਸੂਹੀ ਐਵਾਰਡ ਦਿੱਤਾ ਗਿਆ ਹੈ । 2002 ਵਿੱਚ ਹਰਿਆਣਾ ਸਾਹਿਤ ਅਕੈਡਮੀ ਨੇ ਪੁਸਤਕ ' ਲੋਕਗੀਤਾਂ ਦੀ ਪੈੜ ' ਨੂੰ 10000 ਰੁਪਏ ਇਨਾਮ ਦਿੱਤਾ ਸੀ । ਹਰਿਆਣਾ ਸਾਹਿਤ ਅਕੈਡਮੀ ਵੱਲੋਂ ਹੀ 2012 ਵਿੱਚ ਆਪ ਜੀ ਨੂੰ ਭਾਈ ਸੰਤੋਖ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਸ। ਹੁਣੇ-ਹੁਣੇ 03/01/2016 ਨੂੰ ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਨੇ ਆਪ ਜੀ ਨੂੰ ਤਲਵਿੰਦਰ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਹੈ । ਆਪ ਜੀ ਦਾ ਸਭ ਤੋਂ ਵੱਡਾ ਸਨਮਾਨ ਲੇਖਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ. ) ਦਾ ਸੂਬੇ ਦਾ ਜਨਰਲ ਸਕੱਤਰ ਹੋਣਾ ਹੈ ।ਉਪਰੋਕਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਡਾ. ਕਰਮਜੀਤ ਸਿੰਘ ਜੀ ਨੇ ਜਿੱਥੇ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਬਹੁਤ ਸਾਰਾ ਸਾਹਿਤ ਪਾਇਆ ਹੈ, ਉੱਥੇ ਆਪਣੇ ਮਾਂ ਬੋਲੀ ਪੰਜਾਬੀ ਦੇ ਗਿਆਨ ਦੀ ਰੌਸ਼ਨੀ ਨਾਲ ਕਈ ਚਿਰਾਗ ਵੀ ਰੌਸ਼ਨ ਕੀਤੇ ਹਨ ਜੋ ਅੱਗੇ ਵੀ ਚਾਨਣ ਵੰਡ ਰਹੇ ਹਨ । ਕਾਵਿ ਸ਼ਾਸ਼ਤਰ ਅਤੇ ਲੋਕਧਾਰਾ ਵਿੱਚ ਵਿਸ਼ੇਸ਼ ਕਾਰਜ ਕਰਨ ਵਾਲੇ ਡਾ. ਕਰਮਜੀਤ ਸਿੰਘ ਸੱਚਮੁੱਚ ਹੀ ਮਾਂ ਬੋਲੀ ਪੰਜਾਬੀ ਦੇ ਸਰਵਣ ਪੁੱਤਰ ਹਨ । ਅੰਤ ਵਿੱਚ ਉਹਨਾਂ ਦੁਆਰਾ ਮਾਂ ਬੋਲੀ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਦੇ ਹੋਰ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ ।ਸੰਪਰਕ: +91 98552 07071