ਗੁਲਾਮ ਭਾਰਤ ਵਿੱਚ ਅਜ਼ਾਦੀ ਦਾ ਝੰਡਾ ਲਹਿਰਾਉਣ ਵਾਲੇ ਨੇਤਾ ਸੁਭਾਸ਼ ਚੰਦਰ ਬੋਸ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 19-01-2016
ਭਾਰਤ ਦੀ ਅਜ਼ਾਦੀ ਲਈ ਚੱਲੇ ਲੰਮੇ ਸੰਘਰਸ਼ ਵਿੱਚ ਬਹੁਤ ਸਾਰੇ ਨੇਤਾਵਾਂ ਦਾ ਯੋਗਦਾਨ ਮੰਨਿਆ ਜਾਂਦਾ ਹੈ । ਕਿਸੇ ਦਾ ਗਰਮ ਖਿਆਲੀ ਵਜੋਂ ਅਤੇ ਕਿਸੇ ਦਾ ਨਰਮ ਖਿਆਲੀ ਵਜੋਂ । ਅਜ਼ਾਦ ਹਿੰਦ ਫੌਜ ਦੇ ਪ੍ਰਸਿੱਧ ਆਗੂ ਸੁਭਾਸ਼ ਚੰਦਰ ਬੋਸ ਜੀ ਅਜ਼ਾਦੀ ਦਾ ਸੰਗਰਾਮ ਲੜਨ ਵਾਲੇ ਨੇਤਾਵਾਂ ਵਿਚੋਂ ਇੱਕ ਹਰਮਨ ਪਿਆਰੇ ਆਗੂ ਸਨ । ਭਾਰਤ ਦੇ ਲੋਕ ਉਹਨਾਂ ਨੂੰ ਸਤਿਕਾਰ ਨਾਲ ਨੇਤਾ ਜੀ ਹੀ ਕਹਿ ਕੇ ਬੁਲਾਉਂਦੇ ਸਨ ।
ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, 1897 ਵਿੱਚ ਉੜੀਸਾ ਦੇ ਸ਼ਹਿਰ ਕੱਟਕ ਵਿੱਚ ਵਕੀਲ ਜਾਨਕੀ ਨਾਥ ਬੋਸ ਦੇ ਘਰ ਹੋਇਆ । ਉਹਨਾਂ ਦੀ ਮਾਤਾ ਜੀ ਦਾ ਨਾਮ ਪ੍ਰਭਵਤੀ ਦੇਵੀ ਸੀ । ਦਸਵੀਂ ਕੱਟਕ ਵਿੱਚ ਹੀ ਕਰਨ ਤੋਂ ਬਾਦ ਉਹ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਏ । ਉਥੇ ਇੱਕ ਅੰਗਰੇਜ਼ ਪ੍ਰੋਫੈਸਰ ਔਟੇਨ ਨੇ ਭਾਰਤੀਆਂ ਦੀ ਸ਼ਾਨ ਖਿਲਾਫ਼ ਬੇਇੱਜ਼ਤੀ ਭਰੇ ਸ਼ਬਦ ਕਹੇ ਤਾਂ ਗੁੱਸੇ ਵਿੱਚ ਜਮਾਤ ਵਿੱਚ ਹੀ ਨੇਤਾ ਜੀ ਉਸਦੇ ਥੱਪੜ ਜੜ ਦਿੱਤਾ । ਉਹਨਾਂ ਨੂੰ ਕਾਲਜ ਤੋਂ ਕੱਢ ਦਿੱਤਾ ਗਿਆ ।
ਫ਼ਿਰ ਆਪ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ.ਏ.ਆਨਰਜ਼ ਕੀਤੀ । 1919 ਵਿੱਚ ਆਪ ਇੰਗਲੈਂਡ ਚਲੇ ਗਏ । ਉਥੇ ਉਹਨਾਂ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕੀਤਾ । ਉਹਨਾਂ ਦੇ ਜੀਵਨ ਸਾਥਣ ਅਮੀਲੀ ਸਚੇਨਕਲ ਸਨ । ਉਹਨਾਂ ਦੀ ਬੇਟੀ ਦਾ ਨਾਮ ਅਨੀਤਾ ਬੋਸ ਪਫਾਫ ਸੀ । ਉਹ 18 ਅਗਸਤ 1945 ਨੂੰ ਹਵਾਈ ਜਹਾਜ਼ ਰਾਹੀਂ ਫਾਰਮੂਸਾ ਪਹੁੰਚੇ । ਉਥੇ ਤਾਈਹੂਕ ਹਵਾਈ ਅੱਡੇ ਤੇ ਉਡਾਨ ਭਰਨ ਸਮੇਂ ਹਵਾਈ ਜਹਾਜ਼ ਨੂੰ ਅੱਗ ਲੱਗ ਗਈ, ਜਿਸ ਕਰਕੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ । ਕੁਝ ਸਮੇਂ ਬਾਦ ਉਹਨਾਂ ਦੀ ਮੌਤ ਹੋ ਗਈ ।1921 ਵਿੱਚ ਇੰਗਲੈਂਡ ਦਾ ਸ਼ਹਿਜਾਦਾ ਭਾਰਤ ਆਇਆ । ਕਾਂਗਰਸ ਦੇ ਆਗੂ ਹੋਣ ਕਰਕੇ ਨੇਤਾ ਜੀ ਦੀ ਜਿੰਮੇਵਾਰੀ ਲਾਈ ਗਈ ਕਿ ਜਦ ਪ੍ਰਿੰਸ ਆਫ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿੱਚ ਹੜਤਾਲ ਕਰਵਾਈ ਜਾਵੇ । ਹੜਤਾਲ ਮੁਕੰਮਲ ਤੌਰ ਤੇ ਹੋਈ ਪਰ ਨੇਤਾ ਜੀ ਗਿਰਿਫਤਾਰ ਕਰ ਲਏ ਗਏ । ਅੱਠ ਮਹੀਨਿਆਂ ਬਾਦ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ । 1929 ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ । 1930 ਵਿੱਚ ਉਹ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ । 1938 ਵਿੱਚ ਉਹ 51 ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ । 20 ਜੂਨ 1940 ਨੂੰ ਉਹ ਵੀਰ ਸਾਵਰਕਰ ਨੂੰ ਮਿਲੇ । ਨੇਤਾ ਜੀ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਅਜ਼ਾਦ ਹਿੰਦ ਫੌਜ ਦਾ ਪੁਨਰਗਠਨ ਕੀਤਾ । 21 ਅਕਤੂਬਰ 1943 ਨੂੰ ਅਜ਼ਾਦ ਹਿੰਦ ਫੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਕਰ ਦਿੱਤਾ । ਉਹਨਾਂ ਦਾ ਨਾਅਰਾ ਸੀ, ' ਦਿੱਲੀ ਚੱਲੋ ' । 30 ਦਸੰਬਰ 1943 ਨੂੰ ਨੇਤਾ ਜੀ ਨੇ ਸਤੁੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ । ਉਹ 1945 ਤੱਕ ਅਜ਼ਾਦ ਹਿੰਦ ਫੌਜ ਦੇ ਜਰਨਲ ਰਹੇ ।ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਗੁਲਾਮ ਭਾਰਤ ਵਿੱਚ ਹੀ ਅਜ਼ਾਦੀ ਦਾ ਝੰਡਾ ਝੁਲਾ ਦਿੱਤਾ ਸੀ । ਸਾਨੂੰ ਵੀ ਅਤੇ ਸਾਡੇ ਨੇਤਾਵਾਂ ਨੂੰ ਵੀ ਅੱਜ ਨੇਤਾ ਜੀ ਦੇ ਜਨਮ ਦਿਵਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਵੀ ਜਾਤਪਾਤ ਦੇ, ਧਰਮਾਂ ਦੇ, ਊਚਨੀਚ ਦੇ ਸਭ ਤਰ੍ਹਾਂ ਦੇ ਭੇਦ ਭਾਵ ਮਿਟਾ ਕੇ ਭਾਰਤ ਦੀ ਸਤੁੰਤਰਾ ਨੂੰ ਸਾਰਥਿਕ ਬਣਾਉਣ ਲਈ ਲੋੜੀਂਦੇ ਕਦਮ ਚੁੱਕੀਏ । ਇਹੀ ਨੇਤਾ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ । ਜੈ ਹਿੰਦ ।ਸੰਪਰਕ: +91 98552 07071