ਬੁੱਘੀ ਪੁਰਾ ਪਿਛੋਕੜ ਦੇ ਕੈਨੇਡਾ ਨਿਵਾਸੀ ਨੌਜਵਾਨ ਹਰਨੂਰ ਗਿੱਲ ਦੀ ਬੱਲੇ ਬੱਲੇ
Posted on:- 13-01-2016
ਬੁੱਘੀ ਪੁਰਾ, ਮੋਗ਼ਾ, ਪਿਛੋਕੜ ਦੇ ਕੈਨੇਡਾ ਨਿਵਾਸੀ ਨੌਜਵਾਨ ਹਰਨੂਰ ਗਿੱਲ ਨੇ ਪੰਜਾਬੀਆਂ ਦਾ ਨਾਂ ਸਾਰੀ ਦੁਨੀਆ ਵਿੱਚ ਚਮਕਾਇਆ ਹੈ।ਹਾਂਗ ਕਾਂਗ ਵਿੱਚ ਜਨਮੇ ਭਾਰਤੀ ਮੂਲ ਦੇ ਹਰਨੂਰ ਗਿੱਲ ਚਾਰ ਸਾਲ ਦੀ ਉਮਰੇ ਸੰਨ 2002 ਵਿੱਚ ਆਪਣੇ ਪਰਿਵਾਰ ਨਾਲ ਆ ਕੇ ਕੈਨੇਡਾ ਵਸ ਗਏ। ਕੈਨੇਡਾ ਆਉਣ ਉਪਰੰਤ ਇਸ ਨੌਜਵਾਨ ਨੇ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਆਪਣੇ ਵਿਦਿਆਰਥੀ ਜੀਵਨ ਵਿੱਚ ਕੀਤਾ, ਉਹਨਾਂ ਮੁਸ਼ਕਿਲਾਂ ਨੂੰ ਸਕਾਰਾਤਮਕ ਢੰਗ ਨਾਲ ਨਜਿੱਠਦੇ ਹੋਏ ਹਰਨੂਰ ਨੇ ਸਮਾਜਸੇਵਾ ਕਰਨ ਦਾ ਬੀੜਾ ਹੀ ਨਹੀਂ ਚੁੱਕਿਆ ਸਗੋਂ ਸੰਸਾਰ ਭਰ ਦੇ ਨੌਜਵਾਨਾਂ ਵਿੱਚ ਇਹ ਸੁਨੇਹਾ ਵੀ ਪਹੁੰਚਾਇਆ ਕਿ ਵਾਲੰਟੀਅਰ ਜਾਂ ਸੇਵਾਦਾਰ ਬਣਨ ਵਿਚ ਉਮਰ ਕੋਈ ਰੁਕਾਵਟ ਨਹੀਂ ਹੁੰਦੀ।
"ਸਮਾਜਸੇਵਾ ਕਰਨ ਦਾ ਉਤਸ਼ਾਹ ਪਰਿਵਾਰ ਤੋਂ ਹੀ ਮਿਲਿਆ ਜੋ ਕਿ ਮੇਰੇ ਜੀਵਨ ਦਾ ਇੱਕ ਮਕਸਦ ਥਣ ਗਿਆ ਹੈ", ਹਰਨੂਰ ਗਿੱਲ ਨੇ ਦੱਸਿਆ। ਬੱਚਿਆਂ ਅਤੇ ਨੌਜਵਾਨਾਂ ਨੂੰ ਲੋਕ ਤੇ ਦੇਸ਼ ਸੇਵਾ ਵਰਗੀ ਉਸਾਰੂ ਸੋਚ ਅਪਨਾਉਣ ਲਈ ਚੌਦਾਂ (14) ਸਾਲ ਦੀ ਉਮਰ ਵਿੱਚ ਹਰਨੂਰ ਨੇ 'ਪੀਸ ਵੈੱਲਕਮ ਕਲੱਬ' ਦੀ ਸਥਾਪਨਾ 29 ਫਰਵਰੀ 2012 ਨੂੰ ਕੀਤੀ। ਇਸ ਕਲੱਬ ਦਾ ਮਿਸ਼ਨ ਅੱਲ੍ਹੜਾਂ ਅਤੇ ਨੌਜਵਾਨਾਂ ਨੂੰ ਵਾਲੰਟੀਅਰ ਬਣਾ ਕੇ ਮਨੁੱਖਤਾ ਤੇ ਦੇਸ ਲਈ ਕੰਮ ਕਰਨ ਲਈ ਪ੍ਰੇਰਣਾ ਹੈ। ਕਰੀਬ 8 ਤੋਂ 18 ਸਾਲ ਤੱਕ ਦੇ ਬੱਚੇ ਅਤੇ ਨੌਜਵਾਨ ਇਸ ਕਲੱਬ ਦੇ ਮੈਂਬਰ ਹਨ। ਇਸ ਅਨੋਖੇ ਗਰੁੱਪ ਰਾਹੀਂ ਕੰਮ ਕਰਵਾਉਣ ਵਾਲੇ ਲੋਕ ਲੰਮੇ ਸਮੇਂ ਤੋਂ ਇਸ ਨਾਲ ਜੁੜੇ ਹੋਏ ਹਨ।
ਜੱਗਬਾਣੀ ਅਖ਼ਬਾਰ ਦੀ ਇੱਕ ਰਿਪੋਰਟ ਅਨੁਸਾਰ ਇਸ ਸਮੂਹ ਵਲੋਂ ਵੱਖ-ਵੱਖ ਸਮੇਂ 'ਤੇ ਕਈ ਈਵੇਂਟਸ ਕਰਵਾਏ ਜਾਂਦੇ ਹਨ। ਇਸ ਕਲੱਬ ਨਾਲ ਜੁੜੇ ਨੌਜਵਾਨਾਂ ਦਾ ਮੰਨਣਾ ਹੈ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਆਪਣੇ ਸਮੇਂ ਅਤੇ ਊਰਜਾ ਦੀ ਵਰਤੋਂ ਦੁਨੀਆਂ ਵਿਚ ਕੁਝ ਵੱਖਰਾ ਕਰਨ ਲਈ ਕਰਨੀ ਚਾਹੀਦੀ ਹੈ। ਮਹਿਕ ਬੰਸਾਲੀ, ਕਨਿਸ਼ਕ ਵਰਮਾ, ਜਪਨੀਤ ਕਿਹਲ, ਅਦਿੱਤਯ ਜਿੰਦਲ, ਭੰਵਰਪ੍ਰੀਤ ਧਾਲੀਵਾਲ, ਦਵਿੰਦਰ ਸਿੰਧਰ, ਰੁਬਿੰਦਰ ਸਿੰਧਰ, ਹਰਕਮਲ ਸਿੱਧੂ, ਗੁਰਕੀਰਤ ਸਰਾਂ ਅਤੇ ਗੁਰਕਰਨ ਖੋਸਾ ਵਰਗੇ ਯੂਥ ਅੰਬੈਸਡਰ ਜਿਥੇ ਨੌਜਵਾਨ ਪੀੜ੍ਹੀ ਨੂੰ ਇਸ ਕਲੱਬ ਨਾਲ ਜੁੜਨ ਲਈ ਪ੍ਰੇਰਦੇ ਹਨ ਉਥੇ ਵਾਤਾਵਰਣ ਸ਼ੁੱਧਤਾ, ਸਿਹਤ, ਵਿੱਦਿਆ ਬਾਰੇ ਜਾਗਰੂਕ ਕਰਨ ਤੋਂ ਇਲਾਵਾ ਗਰੀਬੀ ਦੀ ਮਾਰ ਝੱਲ ਰਹੇ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਨ ਵਰਗੇ ਸ਼ਲਾਘਾਯੋਗ ਕੰਮ ਕਰ ਰਹੇ ਹਨ। ਇਸ ਕਲੱਬ ਦੇ ਮੈਂਬਰ ਜਿਥੇ ਨੌਜਵਾਨਾਂ ਨੂੰ ਕੁਝ ਨਵਾਂ ਤੇ ਚੰਗਾ ਕਰਨ ਲਈ ਪ੍ਰੇਰਦੇ ਹਨ ਉਥੇ ਮਨੁੱਖਤਾ ਦਾ ਪਾਠ ਵੀ ਪੜ੍ਹਾਉਂਦੇ ਹਨ।
ਆਪਣੇ ਕੰਮਾਂ ਕਰਕੇ ਕੁਝ ਹੀ ਸਮੇਂ ਵਿਚ ਇਹ ਕਲੱਬ ਫੇਸਬੁੱਕ ਦੀ ਦੁਨੀਆ ਵਿਚ ਕਾਫੀ ਹਰਮਨ ਪਿਆਰਾ ਬਣ ਗਿਆ ਹੈ। ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਸ 'ਪੀਸ ਵੈੱਲਕਮ ਕਲੱਬ' ਨੂੰ ਮੈਗਜੀਨਾਂ ਤੇ ਅਖਬਾਰਾਂ ਰਾਹੀਂ ਸਭ ਦੇ ਸਾਹਮਣੇ ਲਿਆਉਣ ਦੀ ਲੋੜ ਹੈ ਤਾਂ ਜੋ ਵੱਧ ਤੋਂ ਨੌਜਵਾਨ ਇਸ ਕਲੱਬ ਦੇ ਮੈਂਬਰ ਬਣ ਕੇ ਦੇਸ ਦੇ ਭਵਿੱਖ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਦੇ ਸਕਣ।
'ਪੀਸ ਵੈੱਲਕਮ ਕਲੱਬ' ਦਾ ਬਾਨੀ (ਫਾਊਂਡਰ) ਸਤਾਰਾਂ (17) ਸਾਲਾ, ਹਰਨੂਰ ਗਿੱਲ ਦੇਸ਼ ਵਿਦੇਸ਼ਾਂ ਵਿਚ ਜਾਣਿਆ ਜਾਣ ਵਾਲਾ ਨੌਜਵਾਨ ਲਿਖਾਰੀ ਅਤੇ ਬੁਲਾਰਾ ਹੈ ਜਿਸਦਾ ਵਿਸ਼ਵਾਸ਼ ਹੈ ਕਿ ਨੌਜਵਾਨ ਭਵਿੱਖ਼ ਦੇ ਨਹੀਂ ਸਗੋਂ ਵਰਤਮਾਨ ਸਮੇਂ ਦੇ ਨੇਤਾ ਹਨ ਅਤੇ ਉਹਨਾਂ ਨੂੰ ਵਧ ਚੜ੍ਹ ਕੇ ਸਮਾਜ ਸੇਵਾ ਕਰਨੀ ਚਾਹੀਦੀ ਹੈ। ਹਰਨੂਰ ਨੂੰ ੳਸਦੇ ਸ਼ਲਾਘਾਯੋਗ ਉਪਰਾਲਿਆਂ ਲਈ ਕੁਈਨ ਜੁਬਲੀ ਮੈਡਲ, ਇੰਟਰਨੈਸ਼ਨਲ 'ਡਾਇਨਾ'ਅਵਾਰਡ, ਪੰਜਾਥੀ ਪ੍ਰੈਸ ਕਲੱਬ ਆਫ਼ ਕੈਨੇਡਾ ਅਵਾਰਡ, ਅਤੇ ਭਾਰਤ ਗੌਰਵ ਸਨਮਾਨ ਨਾਲ ਨਿਵਾਜਿਆ ਜਾ ਚੁੱਕਿਆ ਹੈ।
ਹਰਨੂਰ ਵੱਲੋਂ ਇਹ ਸਮਾਜਸੇਵਾ ਦਾ ਸੁਨੇਹਾ ਮਾਪਿਆਂ ਲਈ ਵੀ ਹੈ। ਜੇਕਰ ਮਾਪੇ ਸਮਾਜਸੇਵਾ ਕਰਨਗੇ ਤਾਂ ਥੱਚੇ ਵੀ ਸਮਾਜ ਚ' ਆਪਣਾ ਯੋਗਦਾਨ ਪਾਉਣ ਲਈ ਪੇ੍ਰਤ ਹੋਣਗੇ।
ਕੈਨੇਡਾ ਵਿੱਚ ਨਵੇਂ ਆਏ ਅੱਲ੍ਹੜਾਂ ਅਤੇ ਨੌਜਵਾਨਾਂ ਲਈ ਹਰਨੂਰ ਗਿੱਲ ਇੱਕ ਮਿਸਾਲ ਹੈ।
ਹਰਨੂਰ ਗਿੱਲ ਦਾ ਇਹ ਕਹਿਣਾ ਕਿ ਵਾਲੰਟੀਅਰ ਜਾਂ ਸੇਵਾਦਾਰ ਬਣਨ ਵਿਚ ਉਮਰ ਕੋਈ ਰੁਕਾਵਟ ਨਹੀਂ ਹੁੰਦੀ, ਉਸਦੀ ਕਥਨੀ ਨੂੰ ਹਰਨੂਰ ਦੀ ਸਖਸ਼ੀਅਤ ਸਹੀ ਸਾਬਤ ਕਰਦੀ ਹੈ।