Thu, 21 November 2024
Your Visitor Number :-   7252658
SuhisaverSuhisaver Suhisaver

ਵਿਵੇਕ ਸ਼ੋਕ ਨੂੰ ਯਾਦ ਕਰਦਿਆਂ… -ਸੰਦੀਪ ਰਾਣਾ ਬੁਢਲਾਡਾ

Posted on:- 05-01-2016

suhisaver

ਹੱਸਣਾ ਤੇ ਹਸਾਉਣਾ ਜੀਵਨ ਦੇ ਸਿਹਤਮੰਦ ਹੋਣ ਦੇ ਨਾਲ-ਨਾਲ ਰੂਹ ਨੂੰ ਇੱਕ ਵੱਖਰਾ ਸਕੂਨ ਦੇਣ ਦੀ ਵੀ ਕਲਾ ਹੈ।ਪ੍ਰੰਤੂ ਅੱਜ ਅਸੀਂ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇੰਨੇ ਗੁੰਮ ਹੋ ਚੁੱਕੇ ਹਾਂ ਕਿ ਆਪ ਤਾਂ ਕੀ ਹੱਸਣਾ ਸੀ ਦੂਜਿਆਂ ਦੇ ਹਾਸੇ ਖੋਹਣ ਤੇ ਦਿਨ ਰਾਤ ਲੱਗੇ ਹਾਂ।ਅੱਜ ਦੇ ਸਮੇਂ ਵਿੱਚ ਹੱਸਣਾ ਸਾਡੀ ਜ਼ਿੰਦਗੀ ਵਿੱਚੋਂ ਬਿਲਕੁੱਲ ਗੁੰਮ ਹੋ ਚੁੱਕਾ ਹੈ। ਹਾਸਿਆਂ ਦੀ ਜਗ੍ਹਾ ਸਿਰਫ ਬੁੱਲਾਂ ਵਿੱਚ ਮੁਸਕਰਾਉਣਾ ਹੀ ਰਹਿ ਗਿਆ ਹੈ, ਉਹ ਮੁਸਕਰਾਹਟ ਵੀ ਨਕਲੀ।ਪ੍ਰੰਤੂ ਕੁਝ ਕੁ ਲੋਕ ਦੁਨੀਆ ਵਿੱਚ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਜੀਵਨ ਦਾ ਮਕਸਦ ਹੀ ਦੂਸਰਿਆਂ ਨੂੰ ਖੁਸ਼ੀ ਦੇਣਾ ਅਤੇ ਹਸਾਉਣਾ ਹੁੰਦਾ ਹੈ।ਅਜਿਹੇ ਹੀ ਇੱਕ ਫਨਕਾਰ ਅਦਾਕਾਰ ਵਿਵੇਕ ਸ਼ੋਕ ਨੂੰ ਅਸੀਂ ਅੱਜ ਯਾਦ ਕਰ ਰਹੇਂ ਹਾਂ।ਜਿਸ ਨੇ ਪੂਰੀ ਉਮਰ ਪੰਜਾਬੀਅਤ ਦੀ ਸੇਵਾ ਕਰਦੇ ਹੋਏ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ।

ਵਿਵੇਕ ਸ਼ੋਕ ਇੱਕ ਅਜਿਹਾ ਅਦਾਕਾਰ ਸੀ, ਜਿਸ ਨੇ ਪੂਰੀ ਦੁਨੀਆਂ ਨੂੰ ਹਸਾਇਆ ਅਤੇ ਪੰਜਾਬੀ ਫਿਲਮ ਇੰਡਸਟਰੀ ਤੋਂ ਇਲਾਵਾਂ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।ਵਿਵੇਕ ਸ਼ੋਕ ਦਾ ਜਨਮ ਪਿਤਾ ਸਵ.ਧਰਮ ਸਿੰਘ ‘ਸ਼ੋਕ’ ਅਤੇ ਮਾਤਾ ਪਦਮਾ ਦੀ ਕੁੱਖੋਂ 21 ਜੂਨ 1963 ਨੂੰ ਪੰਜਾਬ ਅਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਇਆ।ਵਿਵੇਕ ਸ਼ੋਕ ਨੇ ਜਨਮ ਤੋਂ ਲੈ ਕੇ ਕਾਫੀ ਸਮਾਂ ਚੰਡੀਗੜ੍ਹ ਵਿੱਚ ਬਿਤਾਇਆ ਅਤੇ ਪੜਾਈ ਵੀ ਚੰਡੀਗੜ੍ਹ ਵਿੱਚ ਹੀ ਕੀਤੀ।


ਵਿਵੇਕ ਸ਼ੋਕ ਫਿਲਮੀ ਦੁਨੀਆਂ ਵਿੱਚ ਮਰਹੂਮ ਜਸਪਾਲ ਭੱਟੀ ਦੀ ਪ੍ਰੇਰਨਾ ਸਦਕਾ ਆਇਆ ਸੀ ਅਤੇ ਦੋਨਾਂ ਦੇ ਆਪਣਾ ਫਿਲਮੀ ਸਫਰ ਇੱਕਠੇ ਹੀ ਦੂਰਦਸ਼ਨ ਜਲੰਧਰ ਦੇ ਲੜੀਵਾਰ ਸੀਰੀਅਲ ਉਲਟਾ-ਪੁਲਟਾ ਤੋਂ ਸ਼ੁਰੂ ਕੀਤਾ ਅਤੇ ਇਸੇ ਉਲਟਾ ਪੁਲਟਾ ਨਾਲ ਇੱਕ ਵੱਖਰੀ ਪਹਿਚਾਣ ਬਣਾਈ।ਇਸ ਤੋਂ ਬਾਅਦ ਮਰਹੂਮ ਜਸਪਾਲ ਭੱਟੀ ਦੇ ਨਾਲ ਲੜੀਵਾਰ ਫਲਾਪ ਸ਼ੋਅ ਨੇ ਵਿਵੇਕ ਨੂੰ ਹੋਰ ਵੀ ਉਚਾਈਆਂ ਤੇ ਪਹੁੰਚਾ ਦਿਤਾ।ਇਸ ਤੋਂ ਬਆਦ ਵਿਵੇਕ ਸ਼ੋਕ ਇਕ ਕਮੇਡੀਅਨ ਦੇ ਰੂਪ ਵਿੱਚ ਫਿਲਮੀ ਦੂਨੀਆ ਦਾ ਜਾਣਿਆ ਪਹਿਚਾਣਇਆ ਚੇਹਰਾ ਬਣ ਗਿਆ।ਫਿਰ ਮਹਰੂਮ ਜਸਪਾਲ ਭੱਟੀ ਦੇ ਨਾਲ ਵਿਵੇਕ ਸ਼ੋਕ ਦੀ ਪਹਿਲੀ ਪੰਜਾਬੀ ਫਿਲਮ ‘ਮਾਹੋਲ ਠੀਕ ਹੈ’ ਰਲੀਜ ਹੋਈ।

ਇਸ ਫਿਲਮ ਨੇ ਵੀ ਆਪਣੇ ਸਮੇਂ ਵਿੱਚ ਕਾਫੀ ਵਾਹ-ਵਾਹ ਖੱਟੀ।ਵਿਵੇਕ ਸ਼ੌਕ ਦੇ ਅਲਫਾ ਟੀ.ਵੀ ਪੰਜਾਬੀ(ਅੱਜ ਕੱਲ ਜੀ ਪੰਜਾਬੀ) ਚੈਨਲ ਤੇ ‘ਪਟਾਕੇ ਠਾ’ ਪ੍ਰੋਗਰਾਮ ਨੂੰ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ।ਸਾਲ 1998 ਵਿੱਚ ਵਿਵੇਕ ਸ਼ੋਕ ਨੇ ਹਿੰਦੀ ਫਿਲਮ ‘ਬਰਸਾਤ ਕੀ ਰਾਤ’ ਰਾਹੀਂ ਆਪਣੀ ਐਂਟਰੀ ਬਾਲੀਵੁੱਡ ਵਿੱਚ ਕੀਤੀ,ਪ੍ਰੰਤੂ ਸਾਲ 2001 ਵਿੱਚ ਬਣੀ ਹਿੰਦੀ ਫਿਲਮ ਗ਼ਦਰ ਏਕ ਪ੍ਰੇਮ ਕਥਾ ਵਿੱਚ ਸੰਨੀ ਦਿਓਲ ਨਾਲ ਕੀਤੇ ਦਰਮਿਆਨੇ ਦੇ ਰੋਲ ਨੇ ਵਿਵੇਕ ਸ਼ੋਕ ਨੂੰ ਬਹੁਤ ਉਚਾਈਆਂ ’ਤੇ ਭੇਜ ਦਿੱਤਾ। ਗ਼ਦਰ ਫਿਲਮ ਵਿੱਚ ਵਿਵੇਕ ਸ਼ੋਕ ਵੱਲੋਂ ਨਿਭਾਇਆ ਦਰਿਮਾਨੇ ਦੇ ਰੋਲ ਨੂੰ ਲੋਕਾਂ ਨੇ ਬਹੁਤ ਪਾਸੰਦ ਕੀਤਾ।ਇਸ ਤੋਂ ਇਲਾਵਾ ਵਿਵੇਕ ਸ਼ੋਕ ਨੇ ਦਿੱਲੀ ਹਾਈਲਾਈਟ, ਇਤਰਾਜ਼, ਜ਼ਿੰਦਾ ਦਿਲ, ਹੋਤਾ ਹੈ ਦਿਲ ਪਿਆਰ ਮੇਂ ਪਾਗਲ, ਹਮਕੋ ਤੁੰਮ ਸੇ ਪਿਆਰ ਹੈ, ਬਰਸਾਤ, ਜ਼ਮੀਰ, ਅਬ ਤੁਮਾਹਰੇ ਹਵਾਲੇ ਵਤਨ ਸਾਥੀਓ, ਕੁਝ ਤੋਂ ਗੜਬੜ ਹੈ, ਹਵਸ, ਅੰਦਾਜ਼, ਕੋਈ ਮਿਲ ਗਿਆ ਹਿੰਦੀ ਫਿਲਮਾ ਵਿੱਚ ਆਪਣੀ ਅਦਾਕਾਰੀ ਨਾਲ ਆਪਣੇ ਸਰੋਤਿਆਂ ਦੇ ਖੂਬ ਢਿੱਡੀਂ ਪੀੜਾਂ ਪਾਈਆਂ ਅਤੇ ਇਸ ਤੋਂ ਇਲਾਵਾ ਪੰਜਾਬੀ ਫਿਲਮਾ ਵਿੱਚ ਮਿੰਨੀ ਪੰਜਾਬ, ਚੱਕ ਦੇ ਫੱਟੇ , ਅਸਾਂ ਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾਂ ਮਾਰਦੀ, ਸੱਜਣਾ ਵੇ ਸੱਜਣਾ ਤੋਂ ਇਲਾਵਾ ਕਰੀਬ 60-70 ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਵਿਵੇਕ ਸ਼ੋਕ ਨੇ ਕੁਝ ਫਿਲਮਾਂ ਵਿੱਚ ਬਤੌਰ ਨਿਰਦੇਸ਼ਕ ਵੀ ਕੰਮ ਕੀਤਾ।

ਪੰਜਾਬੀ ਗਾਇਕ ਅਤੇ ਅਦਾਕਾਰ ਜਸਬੀਰ ਜੱਸੀ ਦੀ ਪੰਜਾਬੀ ਫਿਲਮ “ਖੁਸ਼ੀਆਂ” ਵਿਵੇਕ ਸ਼ੋਕ ਦੀ ਆਖਰੀ ਫਿਲਮ ਸੀ, ਜੋ ਕਿ ਵਿਵੇਕ ਸ਼ੋਕ ਦੀ ਮੋਤ ਤੋਂ ਬਾਅਦ ਰਲੀਜ ਹੋਈ।

ਸ਼ਾਇਦ ਵਿਵੇਕ ਸ਼ੋਕ ਇਹ ਇੱਕ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਵਿਵੇਕ ਸ਼ੋਕ ਇੱਕ ਕਾਮੇਡੀ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਉੱਚ ਕੋਟੀ ਦਾ ਕਵੀ-ਗੀਤਾਕਾਰ ਵੀ ਸੀ।ਵਿਵੇਕ ਦੀਆਂ ਲਿਖਿਆਂ ਇਹ ਲਾਇਨਾਂ ਹਰ ਕਿਸੇ ਨੂੰ ਝਿਜੋੜ ਕੇ ਰੱਖ ਦਿੰਦੀਆਂ ਹਨ:-

ਮਸਜਿਦ ਤੋ ਹੁਈ ਹਾਸਿਲ ਹਮਕੋ, ਖਾਲੀ ਈਮਾਨ ਗਵਾ ਬੈਠੇ।
ਮੰਦਿਰ ਕੋ ਬਚਾਇਆ ਲੜ-ਭਿੜ ਕਰ,ਖਾਲੀ ਭਗਵਾਨ ਗਵਾ ਬੈਠੇ।
ਧਰਤੀ ਕੋ ਹਮ ਨੇ ਨਾਪ ਲੀਆ,  ਹਮ ਚਾਂਦ ਸਿਤਾਰੋਂ ਤੱਕ ਪਹੁੰਚੇ।
ਕੁਲ ਕਾਇਨਾਤ ਕੋ ਜੀਤ ਲੀਆ, ਖਾਲੀ ਇਨਸਾਨ ਗਵਾ ਬੈਠੇ।
ਮਜ਼ਹਬ ਕੇ ਠੇਕੇਦਾਰੋਂ ਨੇ, ਫਿਰ ਆਜ ਹਮੇਂ ਯੂੰ ਭੜਕਾਇਆ,
ਪੰਡਿਤ ਅੋਰ ਕਾਜੀ ਜ਼ਿੰਦਾ ਥੇ, ਹਮ ਅਪਣੀ ਜਾਨ ਗਵਾ ਬੈਠੇ।
ਸਰਹੱਦ ਜਬ-ਜਬ ਭੀ ਬੰਟਤੀ ਹੈ, ਦੋਨੋਂ ਨੁਕਸਾਨ ਉਠਾਤੇ ਹੈਂ।
ਹਮ ਪਾਕਿਸਤਾਨ ਗਵਾ ਬੈਠੇ, ਵੋ ਹਿੰਦੁਸਤਾਨ ਗਵਾ ਬੈਠੇ।

                
ਵਿਵੇਕ ਸ਼ੋਕ ਦੀਆਂ ਲਿਖੀਆਂ ਇਨ੍ਹਾਂ ਲਾਈਨਾ ਤੋਂ ਵਿਵੇਕ ਦੀ ਸੋਚ ਬਾਰੇ ਵੀ ਪਤਾ ਲੱਗ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਸਨ।ਮੈਨੂੰ(ਲੇਖਕ) ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਵਿਵੇਕ ਸ਼ੋਕ ਨੂੰ ਮਿਲਣ ਦਾ ਸੁਭਾਗਾ ਮੌਕਾ ਮਿਲਿਆ ਸੀ, ਤਾਂ ਮੈਂ ਵੀ ਉਨ੍ਹਾਂ ਵਿਚਲੇ ਨਿਮਰ ਸੁਭਾਅ ਨੂੰ ਦੇਖ ਕੇ ਪ੍ਰਭਾਵਿਤ ਹੋਏ ਬਿਨ੍ਹਾਂ ਨਹੀਂ ਰਹਿ ਸਕਿਆ। ਵਿਵੇਕ ਸ਼ੋਕ ਇੱਕ ਅਜਿਹੀ ਚੁੰਬਕ ਸੀ ਕਿ ਜੋ ਵੀ ਉਸ ਕੋਲ ਜਾਂਦਾ ਤੇ ਉਸ ਦਾ ਹੀ ਹੋ ਕੇ ਰਹਿ ਜਾਂਦਾ।ਵਿਵੇਕ ਸ਼ੌਕ ਇੱਕ ਸ਼ਹਿਰ ਦੀ ਤਰ੍ਹਾਂ ਲੋਕਾਂ ਨਾਲ ਵਿਚਰਿਆ ਜਿਸ ਵਿੱਚ ਹਰ ਕੋਈ ਆਪਣਾ ਦੁੱਖ ਦਰਦ ਸਾਂਝਾ ਕਰ ਸਕਦਾ ਸੀ।ਵਿਵੇਕ ਸ਼ੋਕ ਨੇ ਦੂਸਰਿਆਂ ਲਈ ਊਰਜਾ ਦਾ ਕੰਮ ਕੀਤਾ।

ਵਿਵੇਕ ਸ਼ੋਕ ਨੇ ਆਪਣੀ ਜ਼ਿੰਦਗੀ ਵਿੱਚ ਹਰੇਕ ਕਿਰਦਾਰ ਨੂੰ ਬਾਖੁਬੀ ਅਦਾ ਕੀਤਾ ਚਾਹੇ ਉਹ ਚੰਗੇ ਪਤੀ ਦਾ ਕਿਰਦਾਰ ਹੋਵੇ ਜਾ ਇੱਕ ਪਿਤਾ ਦਾ ਕਿਰਦਾਰ ਹੋਵੇ ਜਾਂ ਫਿਰ ਇੱਕ ਚੰਗੇ ਇਨਸਾਨ ਦਾ। ਹਰੇਕ ਕਿਰਦਾਰ ਵਿੱਚ ਆਪਣੇ ਆਪ ਨੂੰ ਬਾਖੂਬੀ ਫਿੱਟ ਕੀਤਾ।ਕਹਿੰਦੇ ਹਨ ਕਿ ਚੰਗਿਆਂ ਬੰਦਿਆਂ ਦੀ ਲੋੜ ਤਾਂ ਪ੍ਰਮਾਤਮਾ ਨੂੰ ਵੀ ਹੁੰਦੀ ਹੈ ਇਸੇ ਲਈ ਪ੍ਰਮਾਤਮਾ ਚੰਗੇ ਬੰਦਿਆਂ ਨੂੰ ਆਪਣੇ ਕੋਲ ਲੈ ਜਾਂਦਾ ਹੈ।ਲਗਦਾ ਹੈ ਇਸੇ ਲਈ ਹੀ ਵਿਵੇਕ ਸ਼ੋਕ ਨੇ 10 ਜਨਵਰੀ 2011 ਨੂੰ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਤਿੰਨ ਬੱਚੇ ਮੁਦਿਤਾ ਸ਼ੋਕ, ਸਾਦਿਕਾ ਸ਼ੋਕ ਅਤੇ ਸ਼ੁਨਿਸ਼ਠ ਸ਼ੋਕ ਨੂੰ ਛੱਡ ਕੇ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ।

            ਐਸਾ ਕੁਝ ਕਰਨੇ ਕੀ ਤੋਫੀਕ ਦੇ ਅੱਲ੍ਹਾ ਮੁਝੇ।
            ਇਸ ਸੇ ਪਹਿਲੇ ਕਿ,ਮੈਂ ਚਲ੍ਹਾ ਜਾਊ ਜ਼ਮਾਨੇ ਸੇ।
            ਮੇਰੇ ਹਰ ਜਾਨਨੇ ਵਾਲੋਂ ਕੋ “ਵਿਵੇਕ” ਐਸਾ ਲਗੇ।
            ਕਿ ਉਸੀ ਕਾ ਹੁਆ ਨੁਕਸਾਨ ਮੇਰੇ ਜਾਨੇ ਸੇ। (ਵਿਵੇਕ ਸ਼ੋਕ)
                               
                    ਸੰਪਰਕ: +91 97801 51700

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ