ਲੰਬੀ ਉਮਰ ਲਈ ਪਹਿਲਾਂ ਹਾਸੇ ਮਾਣੋ -ਅਮਰਜੀਤ ਟਾਂਡਾ
Posted on:- 29-12-2015
ਲੰਬੀ ਉਮਰ ਮਾਨਣ ਲਈ ਪਹਿਲਾਂ ਹਾਸੇ ਨੂੰ ਹੀ ਲਈਏ। ਇਹ ਤਾਂ ਕਿਉਂਕਿ ਹੱਸਣਾ ਕਈ ਦੁੱਖ ਦੂਰ ਕਰਦਾ ਹੈ-ਇਹ ਮਨੁੱਖ ਦੇ ਪ੍ਰਮੁੱਖ ਗੁਣਾਂ ’ਚੋਂ ਇਕ ਵਧੀਆ ਗੁਣ ਹੈ। ਘੁੱਗੀ ਭਗਵੰਤ ਭੱਲੇ ਦੇ ਸ਼ੋਅ ਨੂੰ ਸਾਰੇ ਦੌੜਦੇ ਹਨ ਕਿਉਂ? ਓਥੇ ਰੋਂਦਾ ਵੀ ਹੱਸ ਪੈਂਦਾ ਹੈ। ਮਿਹਰ ਮਿੱਤਲ ਵਗੈਰ ਫਿਲਮ ਨਹੀਂ ਸੀ ਵਿਕਦੀ।ਮੇਰੇ ਨਿੱਕੇ ਭਰਾ ਬਲਵੀਰ ਟਾਂਡਾ ਦਾ ਉਹ ਦੋਸਤ ਵੀ ਹੈ। ਮੇਰਾ ਕਾਲਮ ਵੀ ਉਲੱਟਾ ਪੁਲਟਾ ਸੀ, ਹੁਣ ਹੁੰਦਾ ਹੈ-ਦੋ ਤੇਰੀਆਂ ਦੋ ਮੇਰੀਆਂ -ਗੱਲਾਂ ਗੱਲਾ ’ਚ ਹੀ ਹਾਸਾ ਹੁੰਦਾ ਹੈ, ਸਾਰੇ ਮੇਰਾ ਕਾਲਮ ਪੜ੍ਹਦੇ ਨੇ-ਖਾਸ ਕਰ ਔਰਤਾਂ। ਹਾਸਾ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਸਹਿਜ ਹੀ ਇਸ ਨੂੰ ਛੱਡਿਆ ਨਹੀਂ ਜਾ ਸਕਦਾ । ਹਰ ਕੋਈ ਹੱਸਮੁੱਖ ਕੋਲ ਬੈਠੇਗਾ, ਰੋਂਦੂ ਕੋਲ ਕੋਈ ਨਹੀਂ ਬੈਠ ਕੇ ਰਾਜ਼ੀ। ਸਗੋਂ ਲੋਕ ਬੁਰਾ ਬੋਲਦੇ ਨੇ ਉਸਨੂੰ।
ਹਾਸਾ ਦਾਰੂ ਵਰਗਾ ਸਰੂਰ ਹੈ, ਜ਼ਿੰਦਗੀ ਨੂੰ ਮਾਨਣ ਦਾ ਸੁਪਨਾ। ਗ਼ਮ ਮਾਰਦਾ ਹੈ, ਖਾਰਦਾ ਹੈ। ਹਾਸਾ ਬੇਪਰਵਾਹ ਕਰਦਾ ਹੈ। ਅੰਤਰ-ਮਨ ਤੋਂ ਚਿਹਰੇ 'ਤੇ ਮੁਸਕਾਨ ਦੀ ਲਕੀਰ ਸਿਰਫ ਹਾਸੇ ਨਾਲ ਹੀ ਕਿੱਚੀ ਜਾ ਸਕਦੀ ਹੈ। ਚਿਹਰੇ 'ਤੇ ਗੰਭੀਰਤਾ ਅਤੇ ਤਣਾਅ ਦੇ ਕਾਰਨ ਵਟ ਦਿਖਾਈ ਦੇਣ ਲਗਦੇ ਹਨ,ਪਰ ਹੱਸਣ ਨਾਲ ਚਿਹਰਾ ਖਿੜ੍ਹਦਾ ਹੈ-ਝੁਰੜੀਆਂ ਖਤਮ।
ਹਾਸਾ ਲੰਗਰ ਵਾਂਗ ਮੁਫਤ ਹੈ-ਫਿਰ ਮਾਣੋ। ਮੈਂ ਆਪਣੇ ਮੋਟੇ ਗਾਹਕ ਦੋਸਤ ਨੂੰ ਜਾਂਦਾ ਹੀ ਕਹਿ ਦਿੰਦਾ ਹਾਂ ਹੌਲੀ ਜੇਹੀ ਕਿ ਯਾਰ ਇਹ ਭਾਰ ਕਿਵੇਂ ਘਟਾਇਆ-ਮੈਨੂੰ ਵੀ ਦੱਸ-ਤਾਂ ਉਹ ਇੰਜਣ ਵਾਂਗ ਹੱਸਦਾ ਹੱਸਦਾ ਹਿੱਲਣ ਲੱਗ ਜਾਂਦਾ ਹੈ। ਆਮ ਲੋਕ ਘਰ ’ਚ ਸਫ਼ਾਈ ਰੱਖਦੇ ਹੀ ਨਹੀਂ-ਤਾਂ ਹਾਸੇ ਨਾਲ ਕਹਿਣਾ ਪੈ ਜਾਂਦਾ ਕਿ ਏਨੀ ਸਫ਼ਾਈ ਰੱਖਣ ਨਾਲ ਫਿਰ ਕਿਵੇਂ ਤੇਰੇ ਘਰ ਕੀੜੇ ਮਕੌੜੇ ਆ ਗਏ। ਉਹ ਮੁਸਕਰਾ ਕੇ ਰਹਿ ਜਾਂਦਾ ਹੈ। ਆਪਣੇ ਘਰਾਂ ਚ ਲੋਕ ਪਲਾਸਟਕ ਦੇ ਲਫਾਫੇ ਏਨੇ ਜਮਾਂ ਕਰ ਲੈਂਦੇ ਹਨ ਕਿ ਕਾਕਰੋਚ ਲੁਕ ਛੁਪ ਵਧ ਜਾਂਦੇ ਹਨ-ਮੈਂ ਪੁੱਛਦਾ ਹਾਂ ਕਿ ਕੀ ਸਾਰੇ ਸਟੋਰ ਬੰਦ ਹੋ ਰਹੇ ਹਨ ਕਿ ਲਫਾਫੇ ਏਨੇ ਜਮਾਂ ਕਰ ਕੇ ਰੱਖ ਲਏ ਨੇ। ਉਹ ਹੱਸਣਗੇ-ਤੇ ਕਹਿਣਗੇ ਨਹੀਂ ਭਾ ਜੀ-ਇਹ ਗੱਲ ਨਹੀਂ ਹੈ। ਓਦਾਂ ਹੀ ਰੱਖ ਲਈਦੇ ਨੇ-। ਏਦਾਂ ਹੀ ਲੋਕ ਕਿਸੇ ਦੇ ਘਰ ਜਾ ਕੇ ਲੋਹੜੇ ਦੇ ਟਿਸ਼ੂ ਖਿੱਚਣਗੇ, ਦੋ ਵਾਰ ਫਲੱਸ਼ ਚਲਾਣਗੇ-30 ਲਿਟਰ ਪਾਣੀ ਖਤਮ-ਅਗਲੇ ਦਾ ਬਿੱਲ ਵਧਾਉਣ ਲਈ। ਘੱਟ ਪੜ੍ਹੀਆਂ ਅੰਗਰੇਜ਼ੀ ਬਹੁਤ ਬੋਲਦੀਆਂ ਨੇ-ਬੁੱਢੀਆਂ ਵੀ-ਤੇ ਉਹ ਵੀ ਲੰਗਰ ਹਾਲ 'ਚ।
ਹੱਸਣ ਨਾਲ ਚਿੰਤਾਮੁਕਤੀ, ਮੁਸ਼ਕਿਲ ਹਾਲਤ ਚੋਂ ਸਹਿਜਤਾ ਨਾਲ ਤਰਨਾ ਹੁੰਦਾ ਹੈ । ਮੁਸਕਾਨ ਵਾਂਗ। ਹਾਸਾ ਪੂਰੇ ਘਰ ਵਿਚ ਮਾਹੌਲ ਨੂੰ ਤਣਾਅ ਮੁਕਤ ਕਰ ਦਿੰਦਾ ਹੈ । ਅਜਿਹੀ ਕਲਾ ਹੈ, ਜੋ ਦਿਲ ਨੂੰ ਦਿਲ ਦੇ ਨਾਲ ਬਿਨਾਂ ਕਿਸੇ ਤਾਰ ਦੇ ਜੋੜਦੀ ਹੈ । ਹਾਸਾ ਰੰਗ, ਧਰਮ, ਜਾਤ ਵਿਚ ਸੀਮਤ ਨਹੀਂ ਕਰ ਸਕਿਆ ।
ਪੰਜਾਬੀਆਂ ਦਾ ਹਾਸਾ ਨਫਰਤ ਈਰਖਾ ਡੀਕ ਗਈ ਹੈ। ਮਜ਼ਦੂਰੀ ਕਰਦਿਆਂ ਸਾਰਾ ਦਿਨ ਦੀ ਥਕਾਵਟ ਦੇ ਬਾਵਜੂਦ ਵੀ ਹਾਸਾ ਛਣਕਦਾ ਹੈ, ਢੋਲਕੀ ਵੱਜਦੀ ਗੀਤ ਗਾਏ ਜਾਂਦੇ ਹਨ ਤੇ ਭਜਨ ਦੀਆਂ ਲੰਮੀਆਂ ਹੇਕਾਂ ਦੀ ਆਵਾਜ਼ 'ਚੋਂ ਵਿਆਹ ਵਰਗੀ ਖੁਸ਼ਬੂ ਆਉਂਦੀ ਹੈ। ਗੁੱਸਾ ਕਰਦੇ ਹਾਂ ਤਾਂ ਸਾਡੇ ਚਿਹਰੇ 'ਤੇ ਲਗਭਗ 34 ਮਾਸਪੇਸ਼ੀਆਂ ਨੂੰ ਕੰਮ ਕਰਨਾ ਪੈਂਦਾ ਹੈ, ਪਰ ਮੁਸਕਰਾਉਣ ਵੇਲੇ ਸਿਰਫ 17 ਮਾਸਪੇਸ਼ੀਆਂ ਹੀ ਕੰਮ ਕਰਦੀਆਂ ਹਨ ।ਜੀਵਨ ਨੂੰ ਤਣਾਅਮੁਕਤ ਰੱਖਣ ਲਈ ਮੁਸਕਰਾਉਣਾ ਅਤੇ ਹੱਸਣਾ ਚਾਹੀਦਾ ਹੈ ਵਿਗਿਆਨ ਦਾ ਵੀ ਇਹ ਮੰਨਣਾ ਹੈ।
ਤੰਦਰੁਸਤੀ ਲਈ ਹੱਸਣਾ ਵੀ ਓਨਾ ਹੀ ਲਾਜ਼ਮੀ ਹੈ ਜੀਵਨ ਲਈ ਭੋਜਨ ਜਿੰਨਾ ਜ਼ਰੂਰੀ ਹੈ। ਹੱਸਣਾ ਗੁੱਸਾ ਕਰਨ ਤੋਂ ਵਧੇਰੇ ਆਸਾਨ ਅਤੇ ਲਾਭਦਾਇਕ ਹੈ । ਇਹ ਬਲੱਡ ਪਰੈਸਰ, ਤਨਾਅ ਹਾਰਮੋਨਜ਼ ਘਟਾਉਂਦਾ ਹੈ। ਦਿਲ ਨੂੰ ਤਾਕਤ ਤੇ ਸਰੀਰ ਚ ਅੱਛੇ ਸੈੱਲ ਬਣਦੇ ਹਨ, ਜੋ ਬੀਮਾਰੀ ਨੂੰ ਰੋਕਦੇ ਨੇ,ਜਿਵੇਂ ਗਰਮ ਖਾਲਸੇ ਸਰਕਾਰ ਬਾਦਲਾਂ ਨੂੰ। ਹੱਸਣ ਨਾਲ ਅੰਦਰ ਇੰਡੌਰਫਿਨ ,ਕੁਦਰਤੀ ਦਰਦ ਕਿੱਲਰ ਹੈ, ਰਿਸਦਾ ਹੈ ਜੋ ਦਰਦ ਨੂੰ ਘਟਾਉਂਦਾ ਹੈ। ਅੰਗਰੇਜ਼ ਹੱਸ ਕੇ ਮਿਲਦੇ ਨੇ ਪਰ ਸਾਡੇ ਮੂੰਹ ਵੱਟ ਕੇ ਲੰਘਦੇ ਨੇ। ਸੋ ਜ਼ਿੰਦਗੀ ਵਿਚ ਆਪਣੇ-ਆਪ ਨੂੰ ਹੱਸਮੁੱਖ ਬਣਾਈ ਰੱਖੋ । ਹੱਸਣ ਖੇਡਣ ਵਾਲੇ ਦੇ ਨੇੜੇ ਬੀਮਾਰੀ ਵੀ ਨਹੀਂ ਫਟਕਦੀ।
ਜੇ ਕਿਤੇ ਔਰਤਾਂ ਬੰਦੇ ਨੂੰ ਵੀ ਕਦੇ ਹੱਸਣ ਦੇਣ ਤਾਂ ਕਈ ਘਰ ਵਸਦੇ ਰਹਿ ਸਕਦੇ ਹਨ। ਇਹ ਘਰ ਘਰ ਜੋ ਠਾਣੇਦਾਰਨੀਆਂ ਨੇ, ਇਹਨਾਂ ਦੀ ਬਦਲੀ ਵੀ ਨਹੀਂ ਕਦੇ ਹੁੰਦੀ ਕਿ ਬੰਦਾ ਜ਼ਰਾ ਖੁੱਲ੍ਹ ਕੇ ਹੱਸ ਤਾਂ ਸਕੇ।
heera sohal
Ha ha ha ha ha......................langer wangu free