Thu, 21 November 2024
Your Visitor Number :-   7255651
SuhisaverSuhisaver Suhisaver

ਨਵਾਂ ਵਰ੍ਹਾ ਨਵੀਆਂ ਉਮੰਗਾਂ ਦਾ ਪ੍ਰਤੀਕ - ਗੁਰਤੇਜ ਸਿੱਧੂ

Posted on:- 25-12-2015

suhisaver

ਉਂਝ ਤਾਂ ਹਰ ਦਿਨ ਨਵਾਂ ਸਾਲ ਹੀ ਹੁੰਦਾ ਹੈ, ਕਿਉਂਕਿ ਹਰ ਨਵਾਂ ਦਿਨ ਨਵੀਆਂ ਉਮੰਗਾਂ, ਸੁਪਨੇ ਲੈਕੇ ਆਉਂਦਾ ਹੈ, ਜਿਸ ਦੀ ਪ੍ਰਾਪਤੀ ਹਿਤ ਸਮੁੱਚੀ ਲੋਕਾਈ ਆਪਣੇ ਮੁਕਾਮ ਪਾਉਣ ਲਈ ਯਾਤਰਾ ਅਰੰਭਦੀ ਹੈ ਤੇ ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਹੈ। ਅਗਲੇ ਦਿਨ ਤੋਂ ਫਿਰ ਉਹੀ ਯਾਤਰਾ ਅਰੰਭ ਹੁੰਦੀ ਹੈ ਤੇ ਮੰਜਿਲਾਂ ‘ਤੇ ਪਹੁੰਚਣ ਦੀ ਆਸ ਲਗਾਏ ਰਾਹੀ ਲਗਾਤਾਰ ਪੰਧ ਨੂੰ ਨਿਬੇੜਨ ਦੀ ਕੋਸ਼ਿਸ਼ਾਂ ਕਰਦੇ ਹਨ।ਫਿਰ ਵੀ ਸੰਸਾਰ ਪੱਧਰ ‘ਤੇ ਇੱਕ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਦਾ ਹੈ। ਹਰ ਦਿਨ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ,ਉਹ ਚਾਹੇ ਧਾਰਮਿਕ ਜਾਂ ਸਮਾਂਜਿਕ ਹੋਵੇ।ਨਵਾਂ ਸਾਲ ਮਨਾਉਣ ਦੀ ਪਿਰਤ ਬੜੀ ਪੁਰਾਣੀ ਹੈ ਤੇ ਕਈ ਦੇਸ਼ਾਂ ਵਿੱਚ ਇੱਕ ਜਨਵਰੀ ਦੀ ਜਗ੍ਹਾ ਹੋਰ ਦਿਨ ਨੂੰ ਨਵਾਂ ਸਾਲ ਮਨਾਇਆ ਜਾਦਾ ਹੈ।

ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ।ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਮ ਰੱਖਿਆ।

ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸ਼ਕ ਜੂਲੀਅਸ ਸੀਜਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਘੋਸ਼ਿਤ ਕੀਤਾ।ਇੰਗਲੈਂਡ ਦੇ ਨਾਲ ਬਾਕੀ ਯੂਰਪੀ ਦੇਸ਼ਾਂ ਨੇ ਵੀ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਮੰਨ ਲਿਆ।ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੇਲੰਡਰ ਨੂੰ ਅਪਣਾਇਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ।ਈਸਾਈਆਂ ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ, ਕਿਉਂਕਿ 25 ਦਸੰਬਰ ਨੂੰ ਜੀਸਸ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ।ਸੰਨ 1990 ਤੋਂ ਇਹ ਪਰੰਪਰਾ ਸ਼ੁਰੂ ਹੋ ਗਈ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਜਾਣ ਲੱਗਾ ਜੋ ਈਸਾਈ ਧਰਮ ਦੇ ਸੰਤਾਂ ਨੂੰ ਇੱਕ ਸ਼ਰਧਾਂਜਲੀ ਦੇਣ ਦੀ ਪਿਰਤ ਹੈ।ਹੁਣ ਸੰਸਾਰ ਦੇ ਹਰ ਕੋਨੇ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖੁਸ਼ੀ ‘ਚ ਬਿਤਾਈ ਜਾਂਦੀ ਹੈ।

ਤਕਨਾਲੋਜੀ ਦੇ ਪ੍ਰਭਾਵ ਕਾਰਨ ਲੋਕ ਇੱਕ ਦੂਜੇ ਦੇ ਨੇੜੇ ਆਏ ਹਨ ਤੇ ਆਦਾਨ ਪ੍ਰਦਾਨ ਦੇ ਰਸਤੇ ਖੁੱਲੇ ਹਨ, ਜਿਸ ਕਾਰਨ ਸੱਭਿਆਚਾਰਕ ਸਾਂਝਾਂ ਦੀ ਪਿਰਤ ਪਈ ਹੈ।ਲੋਕਾਂ ਨੇ ਇੱਕ ਦੂਜੇ ਦੇ ਸੱਭਿਆਚਾਰ ਨੂੰ ਅਪਣਾਇਆ ਹੈ, ਜਿਸਦੀ ਪ੍ਰਤੱਖ ਮਿਸਾਲ ਨਵਾਂ ਸਾਲ ਹੈ।ਉਂਝ ਭਾਵੇ ਸੂਰਜ ਸਾਡੇ ਦੇਸ਼ ਵਿੱਚ ਫੁੱਟਦਾ ਹੈ, ਪਰ ਚਾਨਣ ਦੀ ਆਸ ਅਸੀ ਪੱਛਮ ਤੋਂ ਰੱਖਦੇ ਹਾਂ।ਉੱਧਰੋਂ ਆਉਂਦੀ ਰੋਸ਼ਨੀ ਸਾਨੂੰ ਪ੍ਰਭਾਵਿਤ ਕਰਦੀ ਹੈ ਅਤੇ ਅਸੀ ਉਸਦਾ ਪ੍ਰਭਾਵ ਖਿੜੇ ਮੱਥੇ ਕਬੂਲਦੇ ਹਾਂ।

ਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ‘ਤੇ ਦਸਤਕ ਦੇ ਦਿੱਤੀ ਹੈ ਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡੀ ਸੰਸਕ੍ਰਿਤੀ ਹੈ।ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈਕੇ ਆਉਂਦੀ ਹੈ, ਜਿਸਨੂੰ ਅਸੀ ਕਬੂਲਣਾ ਹੈ।ਨਵੀਂ ਚੀਜ਼ ਜੇਕਰ ਆਈ ਹੈ ਤਾਂ ਉਸਨੂੰ ਰੱਖਣ ਲਈ ਜਗ੍ਹਾ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ, ਸੋ ਜਗ੍ਹਾ ਪ੍ਰਬੰਧ ਕਾਰਨ ਪੁਰਾਣੇ ਅਤੇ ਫਾਲਤੂ ਸਮਾਂਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ। ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁਝ ਨਵਾਂ ਦੇਣਾ ਹੈ, ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ।ਨਵੀਨ ਅਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ।

ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਲਿਆ ਜਾਵੇ। ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜੇ ਪਾਣੀ ਵਾਂਗ ਹੁੰਦੀ ਹੈ, ਜਿਸ ਵਿੱਚੋਂ ਬੋਅ ਮਾਰਨੀ ਸੁਭਾਵਿਕ ਹੈ। ਨਵੇਂ ਵਰ੍ਹੇ ‘ਤੇ ਜ਼ਿੰਦਗੀ ਦਾ ਉਦੇਸ਼ ਮਿੱਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿੱਤ ਸਖਤ ਮਿਹਨਤ ਦਾ ਪੱਲਾ ਫੜਿਆ ਜਾਵੇ।ਨਿਸ਼ਾਨੇ ਮਿੱਥੇ ਬਿਨਾਂ ਮੰਜ਼ਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜਿਲਾਂ ਸਰ ਕਰਨ ਲਈ ਦ੍ਰਿੜ ਹੌਸਲੇ ਦੀ ਜ਼ਰੂਰਤ ਹੁੰਦੀ ਹੈ।ਦ੍ਰਿੜ ਹੌਸਲਾ ਜ਼ਿੰਮੇਵਾਰੀਆਂ ‘ਚੋਂ ਉਪਜਦਾ ਹੈ। ਜਿੰਨਾ ਕੋਈ ਇਨਸਾਨ ਜ਼ਿੰਮੇਵਾਰ ਹੋਵੇਗਾ, ਓਨਾ ਹੀ ਉਸਦਾ ਹੌਸਲਾ ਦ੍ਰਿੜ ਹੋਵੇਗਾ ਅਤੇ ਫੈਸਲਾ ਲੈਣ ਦੇ ਯੋਗ ਹੋਵੇਗਾ।

ਜ਼ਿੰਦਗੀ ਫੈਸਲਿਆਂ ਦੀ ਸਰਜ਼ਮੀਨ ਹੈ, ਜਿਹੋ ਜਿਹਾ ਫੈਸਲਾ ਲੈਕੇ ਅਸੀ ਬੀਜ ਪਾਵਾਂਗੇ ਉਹੋ ਜਿਹਾ ਬੂਟਾ ਉੱਗੇਗਾ। ਸੋ ਨਵੇਂ ਵਰ੍ਹੇ ਵਿੱਚ ਕੋਸ਼ਿਸ਼ ਕੀਤੀ ਜਾਵੇ ਕਿ ਸਹੀ ਸਮੇਂ ਸਹੀ ਫੈਸਲੇ ਕੀਤੇ ਜਾਣ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਲਈ ਫਤਵਾ ਸੁਣਾਵੇ।ਪਿੱਛੇ ਲਏ ਗਏ ਫੈਸਲਿਆਂ ਦੀ ਘੋਖ ਕਰਨ ਦਾ ਇਹ ਸਮਾਂ ਉੱਤਮ ਹੈ।ਜੇਕਰ ਅਸੀ ਘੋਖ ਪੜਤਾਲ ਕਰਾਗੇ ਤਾਂ ਲਾਜ਼ਮੀ ਸਾਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋਵੇਗਾ ਅਤੇ ਨਵੇਂ ਸਿਰਿਉਂ ਫੈਸਲੇ ਲੈਣ ‘ਚ ਅਸਾਨੀ ਹੋਵੇਗੀ।ਪੁਰਾਣੇ ਨੂੰ ਭੁੱਲਣਾ ਨਾਮੁਮਕਿਨ ਹੁੰਦਾ ਹੈ, ਫਿਰ ਵੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਅਸੀ ਵਰਤਮਾਨ ਦਾ ਹਿੱਸਾ ਬਣੀਏ।ਅਜੋਕਾ ਮਨੁੱਖ ਜਾਂ ਤਾਂ ਇਤਿਹਾਸ ਵਿੱਚ ਜਿਉਂਦਾ ਹੈ ਜਾਂ ਫਿਰ ਭਵਿੱਖ ਵਿੱਚ।ਸੋ ਇਹ ਅਤਿ ਲਾਜ਼ਮੀ ਹੈ ਕਿ ਅਸੀ ਵਰਤਮਾਨ ਵਿੱਚ ਜਿਉਣ ਦੀ ਜਾਚ ਸਿੱਖੀਏ ਤੇ ਪ੍ਰਣ ਕਰੀਏ ਵਰਤਮਾਨ ਵਿੱਚ ਜਿਉਣ ਦਾ।ਦੋਸਤਾਂ ਮਿੱਤਰਾਂ ਨਾਲ ਹੋਏ ਗਿਲੇ ਸਿਕਵੇ ਮਿਟਾਉਣ ਦਾ ਇਹ ਵਧੀਆ ਮੌਕਾ ਹੈ, ਇਸਨੂੰ ਗਵਾਇਆ ਨਾ ਜਾਵੇ।

ਅਕਸਰ ਜ਼ਿੰਦਗੀ ‘ਚ ਰਿਸ਼ਤਿਆਂ ਵਿੱਚ ਉਤਾਰ ਚੜਾਅ ਆਉਂਦੇ ਹਨ, ਅਗਰ ਸਮਾਂ ਰਹਿੰਦੇ ਇਨ੍ਹਾਂ ਨੂੰ ਨਾ ਸੁਲਝਾਇਆ ਜਾਵੇ ਤਾਂ ਸਿਉਂਕ ਵਾਂਗ ਇਹ ਗਿਲੇ ਸ਼ਿਕਵੇ ਰਿਸ਼ਤਿਆਂ ਨੂੰ ਚੱਟ ਕਰ ਜਾਦੇ ਹਨ।ਮਨੁੱਖੀ ਸੁਭਾਅ ਆਪਣੀਆਂ ਗਲਤੀਆਂ ਲਈ ਬਹੁਤ ਵੱਡਾ ਵਕੀਲ ਹੈ ਤੇ ਦੂਜਿਆਂ ਦੀ ਗਲਤੀ ਲਈ ਸਭ ਤੋਂ ਵੱਡਾ ਜੱਜ ਹੋ ਨਿੱਬੜਦਾ ਹੈ।ਹਰ ਇਨਸਾਨ ਦੇ ਸਿੱਕੇ ਵਾਂਗ ਦੋ ਪਹਿਲੂ ਹੁੰਦੇ ਹਨ ਤੇ ਅਸੀ ਇੱਕ ਪਹਿਲੂ ਨੂੰ ਮੱਦੇਨਜ਼ਰ ਰੱਖ ਕੇ ਉਸ ਬਾਰੇ ਫੈਸਲੇ ਸੁਣਾ ਦਿੰਦੇ ਹਾਂ ਜੋ ਉਸ ਨਾਲ ਬੇਇਨਸਾਫੀ ਹੁੰਦੀ ਹੈ।ਹਰ ਇਨਸਾਨ ਦੀ ਅਲਗ ਹਸਤੀ ਹੈ ਤੇ ਅਸੀ ਉਸਨੂੰ ਆਪਣੇ ਹੀ ਹਿਸਾਬ ਨਾਲ ਨਹੀਂ ਮਾਪ ਸਕਦੇ।

ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ ਪ੍ਰਸਥਿਤੀਆਂ ਤੇ ਹੋਰ ਕਾਰਨ ਹੁੰਦੇ ਹਨ ਉਸਨੂੰ ਅਜਿਹਾ ਬਣਾਉਣ ਲਈ।ਇਹ ਲਾਜ਼ਮੀ ਹੈ ਅਸੀ ਇਸ ਸੰਕਲਪ ਨੂੰ ਜ਼ਰੂਰ ਜ਼ਿੰਦਗੀ ਵਿੱਚ ਲਾਗੂ ਕਰੀਏ ਤੇ ਇਨਸਾਨ ਨੂੰ ਇਨਸਾਨ ਸਮਝਣ ਦੇ ਰਾਹ ਤੁਰੀਏ।ਜਾਣੇ ਅਣਜਾਣੇ ‘ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗ ਕੇ ਆਪਣੇ ਰਿਸ਼ਤਿਆਂ ਨੂੰ ਨਵੇਂ ਰਾਹਾਂ ਵੱਲ ਤੋਰੀਏ।

ਮੁੱਕਦੀ ਗੱਲ ਅਸੀ ਸਾਰੇ ਨਵੇਂ ਸਾਲ ਦੀ ਆਮਦ ‘ਤੇ ਆਪਣੀ ਸੋਚ ਨੂੰ ਨਵੇਂ ਆਯਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ।ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿਤ ਤਿੱਖੀ ਕਰੀਏ।ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ।ਗੰਦੀ ਰਾਜਨੀਤੀ, ਔਰਤਾਂ ‘ਤੇ ਹੁੰਦੇ ਅੱਤਿਆਚਾਰ, ਧਾਰਮਿਕ ਕੱਟੜਤਾ ਅਤੇ ਨਾਬਰਾਬਰਤਾ ਜਿਹੇ ਵਰਤਾਰੇ ਉਦੋਂ ਤੱਕ ਜਾਰੀ ਰਹਿਣਗੇ ਜਦ ਤੱਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ।ਜਦ ਨਵੇਂ ਵਰ੍ਹੇ ਨੂੰ ਗਲ ਲਗਾਉਣ ਲਈ ਅਸੀ ਇੰਨੇ ਉਤਾਵਲੇ ਹਾਂ ਤਾਂ ਲਾਜ਼ਮੀ ਹੀ ਸਾਨੂੰ ਪੁਰਾਣੇ ਭੇਦਭਾਵ, ਗਿਲੇ ਸ਼ਿਕਵੇ ਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ। ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ, ਜੋ ਮਨੁੱਖਤਾ ਲਈ ਹਿਤਕਾਰੀ ਹੋਵੇਗੀ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ