Thu, 21 November 2024
Your Visitor Number :-   7256210
SuhisaverSuhisaver Suhisaver

ਮਾਸਟਰ ਖੇਤਾ ਸਿੰਘ ਲਈ ਬਣੀ ਮਾਨਵਤਾ ਦੀ ਗੁੜਤੀ ਮੁਸਲਮਾਨ ਕੁੜੀ -ਗੁਰਚਰਨ ਸਿੰਘ ਪੱਖੋਕਲਾਂ

Posted on:- 18-12-2015

suhisaver

ਅੱਸੀ ਸਾਲ ਦੀ ਉਮਰ ਦੇ ਨੇੜੇ ਪਹੁੰਚੇ ਨੌਜਵਾਨਾਂ ਨਾਲੋਂ ਵੀ ਵੱਧ ਹਿੰਮਤ ਦ੍ਰਿੜਤਾ ਦਲੇਰੀ ਅਤੇ ਸਾਊ ਸਿਆਣੇ ਸੁਭਾਅ ਦੇ ਮਾਲਕ ਮਾਸਟਰ ਖੇਤਾ ਸਿੰਘ ਵਰਤਮਾਨ ਸਮੇਂ ਵੀ ਸਮਾਜ ਦਾ ਗੰਦ ਸਾਫ ਕਰਨ ਲਈ ਜੂਝਦੇ ਹੋਏ ਦੇਖਕੇ ਹੈਰਾਨ ਹੋ ਜਾਈਦਾ ਹੈ । ਇਸ ਮਹਾਨ ਮਨੁੱਖ ਦਾ ਜੀਵਨ ਚਰਿਤਰ ਤੇ ਝਾਤ ਮਾਰਦਿਆਂ ਹੀ ਸੋਨੇ ਅਤੇ ਹੀਰੇ ਮੋਤੀਆਂ ਵਰਗੇ ਜ਼ਿੰਦਗੀ ਦੇ ਗੁਣ ਤਜਰਬੇ ਲੱਭਦੇ ਹਨ। ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਪੰਜਾਬ ਸੁਮੇਲ ਸਿੰਘ ਦੇ ਸਰਪ੍ਰਸਤ ਵਜੋਂ ਉਹਨਾਂ ਨਾਲ ਵਿਚਰਦਿਆਂ ਜਿੱਥੇ ਉਹਨਾਂ ਦਾ ਆਚਰਣ ਹੀ ਬਿਨਾਂ ਬੋਲਿਆਂ ਬਹੁਤ ਕੁਝ ਸਿਖਾ ਦਿੰਦਾ ਹੈ, ਉੱਥੇ ਉਹਨਾਂ ਦੇ ਜ਼ਿੰਦਗੀ ਦੇ ਕੁਝ ਪੰਨੇ ਪਲਟਣ ਦਾ ਸੁਭਾਗ ਪਰਾਪਤ ਹੋਇਆ ਹੈ। ਇਸ ਤਰ੍ਹਾਂ ਦਾ ਸਮਾਜ ਪੱਖੀ ਵਿਅਕਤੀ ਆਪਣੇ ਬਜ਼ੁਰਗਾਂ ਕੋਲੋਂ ਬਚਪਨ ਦੇ ਸਾਲਾਂ ਵਿੱਚ ਹੀ ਇਨਸਾਨੀਅਤ ਦੀ ਗੁੜਤੀ ਲੈਕੇ ਵੱਡਾ ਹੋਇਆ ਹੈ।

1947 ਦੇ ਹੱਲਿਆਂ ਵਾਲੇ ਸਾਲ ਵਿੱਚ ਨੌਂ ਸਾਲ ਦੀ ਉਮਰ ਵਿੱਚ ਹੀ ਕੁਦਰਤ ਨੇ ਮਹਾਨ ਕੰਮ ਕਰਵਾਉਣਾ ਸੁਰੂ ਕਰ ਲਿਆ ਸੀ ਖੇਤਾ ਸਿੰਘ ਕੋਲੋਂ। ਭਾਦੋਂ ਦੇ ਗਰਮ ਹੁੰਮਸ ਭਰੇ ਕਾਲੀ ਹਨੇਰੀ ਵਾਲੇ ਅਜ਼ਾਦੀ ਦੇ ਦਿਨਾਂ ਵਿੱਚ ਜਦ ਖੇਤਾ ਸਿੰਘ ਆਪਣੇ ਘਰਾਂ ਦੇ ਬਾਹਰ ਕਿਸੇ ਦਰਖਤ ਦੇ ਥੱਲੇ ਪੜ ਰਿਹਾ ਸੀ, ਤਦ ਉਸ ਸਮੇਂ ਸਾਰੀ ਰਾਤ ਦੀਆਂ ਕਿਸੇ ਪਾਥੀਆਂ ਵਾਲੇ ਗੁਹਾਰੇ  ਵਿੱਚ ਦੰਗਾਈ ਫਿਰਕੂ ਇਨਸਾਨਾਂ ਤੋਂ ਡਰਕੇ ਲੁਕੀਆਂ ਹੋਈਆਂ ਮੁਸਲਮਾਨ ਮਾਂ ਧੀ ਬੇਹੋਸ਼ ਹੋਕੇ ਧੜੱਮ ਕਰਕੇ ਬਾਹਰ ਡਿੱਗ ਪਈਆਂ ਜਿਸਦਾ ਖੜਕਾ ਜਦ ਇਸ 9 ਸਾਲਾ ਖੇਤਾ ਸਿੰਘ ਨੂੰ ਸੁਣਿਆਂ ਤਦ ਇਸਨੇ ਆਪਣੇ ਬਜ਼ੁਰਗਾਂ ਨੂੰ ਜਾਕੇ ਦੱਸਿਆ ਕਿ  ਮੁਸਲਮਾਨਾਂ ਦੀਆਂ ਇਸਤਰੀਆਂ ਗੁਹਾਰੇ ਕੋਲ ਡਿੱਗੀਆਂ ਪਈਆਂ ਹਨ।

ਇਸਦੇ ਮਹਾਨ ਬਜ਼ੁਰਗਾਂ ਨੇ ਉਹਨਾਂ ਨੂੰ ਚੁੱਕ ਕੇ ਘਰ ਲਿਆਂਦਾ ਪਾਣੀ ਵਗੈਰਾ ਦੇਕੇ ਹੋਸ਼ ਵਿੱਚ ਲਿਆਂਦਾ ਅਤੇ ਖਾਣਾ ਦਿੱਤਾ। ਦੰਗਾਈਆਂ ਤੋਂ ਬਚਾਉਣ ਲਈ ਮਾਂ ਅਤੇ ਨੌਜਵਾਨ ਧੀ ਨੂੰ ਘਰ ਵਿੱਚ ਬਣੀ ਪੜਛੱਤੀ ਤੇ ਲੁਕਾ ਦਿੱਤਾ ਅਤੇ ਉਹਨਾਂ ਉੱਪਰ ਮੋਟੀਆਂ ਪਟੀਆਂ ਦਾ ਪਰਦਾ ਕਰ ਦਿੱਤਾ । ਭਿਆਨਕ ਗਰਮੀ ਵਿੱਚ ਉਹ ਵਿਚਾਰੀਆਂ ਜ਼ਿੰਦਗੀ ਲਈ ਇਸ ਨੂੰ ਸਹਿੰਦੀਆਂ ਰਹੀਆਂ। ਪਰ ਚੁਗਲਖੋਰਾਂ ਨੇ ਦੰਗਾਈ ਇਹਨਾਂ ਦੇ ਘਰ ਤੇ ਚੜਾ ਲਿਆਂਦੇ।

ਖੇਤਾ ਸਿੰਘ ਦਾ ਇੱਕ ਬਜ਼ੁਰਗ ਦਲੇਰ ਅਤੇ ਖਾੜਕੂ ਸੁਭਾਅ ਦਾ ਸੀ, ਜਿਸ ਕੋਲ ਤੋੜੇਦਾਰ ਬੰਦੂਕ ਵੀ ਸੀ। ਉਸਨੇ ਆਪਣੇ ਭਰਾ ਨੂੰ ਦੰਗਾਈਆਂ ਨੂੰ ਗੱਲੀਂ ਲਾਉਣ ਨੂੰ ਕਿਹਾ ਅਤੇ ਆਪ ਰਾਈਫਲ ਵਿੱਚ ਬਰੂਦ ਭਰ ਲਿਆਇਆ। ਦੰਗਾਈ ਜਦ ਨਾ ਹੀ ਮੁੜੇ ਅਤੇ ਘਰ ਦੇ ਅੰਦਰ ਤੱਕ ਆ ਵੜੇ ਤਦ ਇਹਨਾਂ ਦੇ ਰਾਈਫਲ ਵਾਲੇ ਬਜ਼ੁਰਗ ਨੇ ਲਲਕਾਰਾ ਮਾਰਿਆ ਕਿ ਹੁਣ ਅੱਗੇ ਪੈਰ ਉਹ ਪੁੱਟੇ ਜਿਸਨੇ ਮੌਤ ਵਿਆਹੁਣੀ ਹੈ। ਇੱਕ ਦੰਗਾਈ ਨੇ ਜਦ ਅੱਗੇ ਵਧਣ ਦੇ ਲਈ ਪੈਰ ਪੁੱਟਿਆ ਤਦ ਇਸਦੇ ਚਾਚੇ ਨੇ ਗੋਲੀ ਚਲਾ ਦਿੱਤੀ ਅਤੇ ਸਾਰੇ ਦੰਗਾਈ ਭੱਜਣ ਵਿੱਚ ਹੀ ਭਲਾਈ ਸਮਝਣ ਲੱਗੇ।
                      
ਇਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਭੱਜਣ ਤੋਂ ਬਾਅਦ ਵੀ ਸੋਚਿਆ ਕਿ ਇਹ ਵੱਡੀ ਧਾੜ ਲੈਕੇ ਦੁਬਾਰਾ ਵੀ ਆ ਸਕਦੇ ਨੇ ਸੋ ਕਿਉਂ ਨਾ ਪਹਿਲਾਂ ਬਜ਼ੁਰਗ ਔਰਤ ਦੀ ਥਾਂ ਇਸ ਨੌਜਵਾਨ ਕੁੜੀ ਨੂੰ ਬਚਾਇਆ ਜਾਵੇ ਅਤੇ ਉਸਨੂੰ ਕਿਸੇ ਤਰ੍ਹਾਂ ਨੇੜੇ ਦੇ ਪਿੰਡ ਰਿਸ਼ਤੇਦਾਰ ਦੇ ਘਰ ਛੱਡ ਆਈਏ। ਉਸ ਵਕਤ ਇਹਨਾਂ ਦੇ ਘਰ ਪਿੰਡ ਦਾ ਸਭ ਤੋਂ ਪਹਿਲਾ ਤੇਜ਼ ਰਫਤਾਰ ਸਾਧਨ ਸਾਈਕਲ ਹੁੰਦਾ ਸੀ। ਇਹਨਾਂ ਦੇ ਬਜ਼ੁਰਗ ਨੇ ਸਾਈਕਲ ਤੇ ਉਸ ਕੁੜੀ ਨੂੰ ਬਿਠਾ ਲਿਆ ਅਤੇ ਸਾਈਕਲ ਦੇ ਮੂਹਰੇ ਡੰਡੇ ਤੇ ਨੌ ਸਾਲ ਦੇ ਖੇਤਾ ਸਿੰਘ ਨੂੰ  ਬਿਠਾ ਲਿਆ ਅਤੇ ਸਮਝਾਇਆ ਕਿ ਜੇ ਤੈਨੂੰ ਕੋਈ ਪੁੱਛੇ ਕਿ ਇਹ ਕੁੜੀ ਕੌਣ ਹੈ ਤਦ ਤੂੰ ਵੀ  ਇਹ ਕਹਿਣਾ ਕਿ ਮੇਰੀ ਵੱਡੀ ਭੈਣ ਕੋਲੇ ਬੱਚਾ ਹੋਇਆ ਉੱਥੇ ਮੇਰੀ ਛੋਟੀ ਭੈਣ ਨੂੰ ਛੱਡਣ ਚੱਲੇ ਹਾਂ। ਇਹ ਹੀ ਪਹਿਲੀ ਇਨਸਾਨੀਅਤ ਦੀ ਗੁੜਤੀ ਬਚਪਨ ਵਿੱਚ ਇਸਦੇ ਬਜ਼ੁਰਗਾਂ ਨੇ ਦਿੱਤੀ ਸੀ।

ਕੁਝ ਦਿਨਾਂ ਬਾਅਦ ਇਸਤਰੀਆਂ ਦੇ ਵਾਰਸ ਵੀ ਭਾਲਦੇ ਹੋਏ ਲੁਕਦੇ ਛਿਪਦੇ ਆ ਪਹੁੰਚੇ । ਇਹਨਾਂ ਵਕਤਾਂ ਮਾਰਿਆਂ ਬੰਦਿਆਂ ਅਤੇ ਇਸ ਮਾਂ ਧੀ ਨੂੰ ਪਾਕਿਸਤਾਨੀ ਜਾਣ ਵਾਲੇ ਜਥਿਆਂ ਨਾਲ ਰਲਾਕੇ ਆਇਆ ਅਤੇ ਇਹ ਪਰਿਵਾਰ ਮਾਨਵਤਾ ਦਾ ਝੰਡਾ ਬਰਦਾਰ ਬਣਿਆ। ਕੁਝ ਸਾਲਾਂ ਬਾਅਦ ਇਸ ਮੁਸਲਮਾਨ ਮਾਂ ਧੀ ਦੇ ਬਜ਼ੁਰਗ ਅਮਨ ਹੋ ਜਾਣ ਤੋਂ ਬਾਅਦ ਇਸਦੇ ਪਰਿਵਾਰ ਅਤੇ ਬਜ਼ੁਰਗਾਂ ਦਾ ਧੰਨਵਾਦ ਕਰਨ ਆਏ ਸਨ।  
                                                     
ਅੱਸੀ ਸਾਲ ਦੀ ਉਮਰ ਵਿੱਚ ਜ਼ਿਲ੍ਹਾ ਮਾਨਸਾ ਬਠਿੰਡਾ ਦੇ ਮੌੜ ਮੰਡੀ ਕੋਲ ਵਸਦੇ ਪਿੰਡ ਘੁੰਮਣ ਦਾ ਵਸਨੀਕ ਮਾਸਟਰ ਖੇਤਾ ਸਿੰਘ ਅਧਿਆਪਕ ਹੁੰਦਾ ਹੋਇਆ ਵੀ ਨਕਸਲਬਾੜੀ ਲਹਿਰ ਵਿੱਚ ਹਮਦਰਦ ਬਣਕੇ ਲੋਕ ਹਿੱਤਾਂ ਲਈ ਜੂਝਦਾ ਰਿਹਾ ਹੈ। ਇਸ ਲਹਿਰ ਦੇ ਫੇਲ ਹੋਣ ਤੇ ਇੰਟਰਨੈਸਨਲ ਡੈਮੋਕਰੇਟਿਕ ਪਾਰਟੀ ਬਣਾਕੇ ਆਮ ਲੋਕਾਂ ਦੀ ਕਿਸਮਤ ਬਦਲਣ ਲਈ ਲੜਦਾ ਰਿਹਾ। ਪਿਛਲੇ ਸਮੇਂ ਵਿੱਚ ਆਮ ਲੋਕਾਂ ਦੀ ਭਲਾਈ ਦੇ ਨਾਂ ਤੇ ਉੱਠੀ ਆਮ ਆਦਮੀ ਪਾਰਟੀ ਦੀ ਪੰਜਾਬ ਸਟੇਟ ਚੋਣ ਕੰਪੇਨ ਕਮੇਟੀ ਦਾ ਮੁੱਖ ਆਗੂ ਰਿਹਾ ਪਰ ਚੋਣ ਜਿੱਤਣ ਬਾਅਦ ਪਾਰਟੀ ਆਗੂ ਇਸ ਨਿਧੜਕ ਲੋਕ ਹਿੱਤੂ ਇਨਸਾਨ ਤੋਂ ਕਿਨਾਰਾ ਕਰ ਗਈ।

ਵਰਤਮਾਨ ਸਮੇਂ ਪੰਜਾਬ ਸਾਂਝੀਵਾਲਤਾ ਜੱਥੇ ਦਾ ਸਰਪ੍ਰਸਤ ਬਣਕੇ ਪੰਜਾਬ ਦੇ ਲੋਕਾਂ ਦੀ ਏਕਤਾ ਅਤੇ ਸ਼ਾਂਝੀਵਾਲਤਾ ਬਣਾਉਂਦਿਆਂ ਲੋਕ ਪੱਖੀ ਸਿਆਸਤ ਅਤੇ ਸਰਕਾਰ ਬਨਾਉਣ ਲਈ ਯਤਨ ਕਰ ਰਿਹਾ ਹੈ। ਇਹੋ ਜਿਹੇ ਇਨਸਾਨੀਅਤ ਦੀ ਗੁੜਤੀ ਲੈਕੇ ਜ਼ਿੰਦਗੀ ਗੁਜ਼ਾਰਨ ਵਾਲਾ ਵਿਅਕਤੀ ਨੌਜਵਾਨ ਵਰਗ ਦਾ ਰਾਹ ਦਸੇਰਾ ਬਣਿਆ ਹੋਇਆ ਹੈ, ਪਰਮਾਤਮਾ ਇਸ ਨੂੰ ਲੰਬੀ ਤੰਦਰੁਸਤੀ ਭਰੀ ਉਮਰ ਬਖਸ਼ੇ ਦੀ ਦੁਆ ਮੱਲੋ ਮੱਲੀ ਕਰਨ ਨੂੰ ਜੀ ਕਰ ਹੀ ਆਉਂਦਾ ਹੈ।

 ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ