ਗੱਜਣਵਾਲਾ ਕਰਤਾਰਾ - ਮਿੰਟੂ ਬਰਾੜ
Posted on:- 04-12-2015
ਆਹ ਯਾਰ ਗੱਜਣਵਾਲਾ ਸੁਖਮਿੰਦਰ ਸਿੰਘ ਤਾਂ ਸੁਣਿਆ ਸੀ, ਪਰ ਆਹ ਗੱਜਣਵਾਲਾ ਕਰਤਾਰਾ ਕੌਣ ਆ ਗਿਆ?
ਇਨਸਾਨੀ ਫ਼ਿਤਰਤ ਰਹੀ ਹੈ ਕਿ ਜਿਸ ਚੀਜ਼ ਦੀ ਘਾਟ ਬੰਦੇ ਦੇ ਜੀਵਨ ਵਿਚ ਰਹਿ ਜਾਂਦੀ ਹੈ ਉਹ ਲਾਲਸਾ ਉਸ ਦੇ ਵਿਚੋਂ ਗਾਹੇ-ਵਗਾਹੇ ਪਰਗਟ ਹੁੰਦੀ ਰਹਿੰਦੀ ਹੈ। ਭਾਵੇਂ ਉਹ ਸ਼ਬਦੀ ਰੂਪ 'ਚ ਹੋਵੇ ਭਾਵੇਂ ਵਿਵਹਾਰਿਕ ਰੂਪ 'ਚ ਹੋਵੇ। ਸੋ ਇਹਨਾਂ ਲਾਲਸਾਵਾਂ ਦੀ ਪੂਰਤੀ ਕਰਨ ਲਈ ਇਨਸਾਨ ਕੋਲ ਦੋ ਮਾਰਗ ਹੁੰਦੇ ਹਨ। ਜਾਂ ਤਾਂ ਉਹ ਇਸ ਕਾਬਿਲ ਬਣ ਜਾਵੇ ਕਿ ਉਹ ਖ਼ੁਦ ਉਨ੍ਹਾਂ ਲੋੜਾਂ ਦੀ ਪੂਰਤੀ ਕਰ ਸਕੇ ਜਾਂ ਫੇਰ ਉਹ ਇਸ ਘਾਟ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਰਾਹੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੁਣ ਅੱਗੇ ਲੋੜਾਂ ਵੀ ਦੋ ਕਿਸਮ ਦੀਆਂ ਹੁੰਦੀਆਂ ਹਨ ਇਕ ਪਦਾਰਥਿਕ ਅਤੇ ਦੂਜੀਆਂ ਰੂਹਾਨੀਅਤ। ਪਦਾਰਥਿਕ ਲੋੜਾਂ ਦੀ ਇੱਛਾ ਤਾਂ ਬੰਦਾ ਮਿਹਨਤ ਕਰ ਕੇ ਪੂਰੀਆਂ ਕਰ ਲੈਂਦਾ ਹੈ। ਪਰ ਰੂਹ ਦੀ ਤ੍ਰਿਪਤੀ ਲਈ ਉਸ ਕੋਲ ਫੇਰ ਦੋ ਹੀ ਸਾਧਨ ਹੁੰਦੇ ਹਨ। ਜਿਨ੍ਹਾਂ ਵਿਚੋਂ ਇਕ ਤਾਂ ਹੈ 'ਸਾਧਨਾ' ਮਤਲਬ ਆਪਣੇ ਆਪ ਨੂੰ ਸਾਧ ਲੈਣਾ ਹੈ ਤੇ ਦੂਜੀ ਹੈ, ਤੀਜੀ ਧਿਰ ਰਾਹੀਂ ਆਪਣੀ ਰੂਹ ਨੂੰ ਸ਼ਾਂਤ ਕਰਨਾ। ਕੱਚ ਘਰੜ ਗਿਆਨ 'ਚੋਂ ਨਿਕਲਿਆ ਪ੍ਰਵਚਨ ਕੁੱਝ ਜ਼ਿਆਦਾ ਹੀ ਹੋ ਗਿਆ ਮੁੱਦੇ 'ਤੇ ਆਉਂਦੇ ਹਾਂ।
ਉੱਘੇ ਕਾਲਮਨਵੀਸ ਅਤੇ ਰੀਸਰਚ ਸਕਾਲਰ ਚੰਡੀਗੜ੍ਹ 'ਗੱਜਣਵਾਲਾ ਸੁਖਮਿੰਦਰ ਸਿੰਘ' ਅੱਜ ਕੱਲ੍ਹ ਫੇਰ ਆਪਣੇ ਬੱਚਿਆਂ ਕੋਲ ਆਸਟ੍ਰੇਲੀਆ ਆਏ ਹੋਏ ਹਨ। ਅੱਜ ਤੜਕੇ ਤੜਕੇ ਉਨ੍ਹਾਂ ਨੇ ਖ਼ੁਸ਼ਖ਼ਬਰੀ ਸੁਣਾਈ ਕਿ ਉਨ੍ਹਾਂ ਦੇ ਘਰ ਪੋਤੇ ਦੀ ਆਮਦ ਹੋਈ ਹੈ। ਵਧਾਈਆਂ ਦੇਣ ਤੋਂ ਬਾਅਦ ਉਨ੍ਹਾਂ ਨਾਲ ਕੁਝ ਦੇਰ ਖੁੱਲ੍ਹ ਕੇ ਗੱਲਾਂ ਹੋਈਆਂ। ਜਿਨ੍ਹਾਂ ਵਿਚੋਂ ਪੋਤੇ ਦੇ ਨਾਮਕਰਨ ਦੀ ਗੱਲ ਨੇ ਇਹ ਲੇਖ ਲਿਖਣ ਲਈ ਪ੍ਰੇਰਿਆ।
ਜਿਵੇਂ-ਜਿਵੇਂ ਨਵੇਂ ਯੁੱਗ ਦਾ ਅਗਾਜ਼ ਹੋ ਰਿਹਾ ਤਿਵੇਂ-ਤਿਵੇਂ ਪੁਰਾਣੇ ਯੁੱਗ ਦੀਆਂ ਯਾਦਾਂ ਵਲਵਲੇ ਬਣ ਕੇ ਸਾਡਾ ਅੰਦਰ ਹਲੂਣਦਿਆਂ ਹਨ। ਅੱਜ ਤੋਂ ਅੱਧੀ ਸਦੀ ਤੋਂ ਵੀ ਪਹਿਲਾਂ ਜਦੋਂ ਇਕ ਛੋਟੇ ਜਿਹੇ ਤੇ ਅਣਗੌਲੇ ਪਿੰਡ 'ਗੱਜਣਵਾਲਾ' ਵਿਚ ਸ. ਮੇਜਰ ਸਿੰਘ ਦੇ ਘਰ ਕਿਲਕਾਰੀ ਗੂੰਜੀ ਹੋਣੀ ਹੈ ਤਾਂ ਦਾਦੇ ਮੇਜਰ ਸਿੰਘ ਦੇ ਅੰਦਰੋਂ ਇਹ ਆਵਾਜ਼ ਨਿਕਲੀ ਹੋਣੀ ਹੈ ਕਿ ਮੈਂ ਆਪਣੇ ਪੋਤੇ ਨੂੰ ਪਿੰਡ 'ਚ ਨਹੀਂ ਰੁਲਨ ਦੇਣਾ। ਪੜਾਵਾਂਗੇ, ਲਿਖਾਵਾਂਗੇ ਤੇ ਸ਼ਹਿਰੀ ਬਣਾਵਾਂਗੇ। ਇਸ ਲਈ ਨਾਮ ਵੀ ਸ਼ਹਿਰੀ ਜਿਹਾ ਹੋਣਾ ਚਾਹੀਦਾ। 'ਸੁਖਮਿੰਦਰ ਸਿੰਘ' ਨਾਮਕਰਨ ਕੀਤਾ ਉਨ੍ਹਾਂ ਆਪਣੇ ਪੋਤੇ ਦਾ। ਪੋਤੇ ਨੇ ਵੀ ਨਾਂ ਦੀ ਡੋਰ ਫੜ ਕੇ ਬਜ਼ੁਰਗਾ ਦੇ ਸੁਪਨੇ ਸਾਕਾਰ ਕੀਤੇ। ਪੜ੍ਹਿਆ ਲਿਖਿਆ ਤੇ ਸ਼ਹਿਰੀ ਬਣਿਆ। ਉਸ ਵਕਤ ਦਾਦੇ ਨੂੰ ਅਹਿਮ ਸੀ ਕਿ ਜੇ ਨਾਂ ਗੰਡਾ ਸਿੰਘ ਜਾਂ ਝੰਡਾ ਸਿੰਘ ਰੱਖ ਦਿਤਾ ਤਾਂ ਕਿਤੇ ਸਾਡਾ ਖ਼ਾਨਦਾਨ ਪੇਂਡੂ ਬਣ ਕੇ ਨਾ ਰਹਿ ਜਾਵੇ। ਸਮੇਂ ਦੇ ਹਾਣ ਦਾ ਰਹਿਣ ਲਈ ਆਧੁਨਿਕ ਨਾਮਕਰਨ ਕੀਤਾ ਗਿਆ। ਬਾਅਦ ਵਿਚ ਇਸੇ ਸੁਖਮਿੰਦਰ ਸਿੰਘ ਨੇ ਦਾਦੇ ਵੱਲੋਂ ਦਿੱਤੇ ਸੁਖਮਿੰਦਰ ਨਾਂ ਅੱਗੇ ਆਪਣੇ ਪਿੰਡ 'ਗੱਜਣਵਾਲਾ' ਦਾ ਨਾਂ ਜੋੜ ਕੇ ਜਨਮ ਭੋਏਂ ਦਾ ਕਰਜ ਮੋੜਨ ਦੀ ਸਫਲ ਕੋਸ਼ਿਸ਼ ਕੀਤੀ।
ਵਕਤ ਨੇ ਸੁਖਮਿੰਦਰ ਸਿੰਘ ਨੂੰ ਦਾਦੇ ਵਾਲਾ ਜਾਮਾ ਪੁਆ ਦਿੱਤਾ। ਹੁਣ ਫ਼ਿਕਰ ਕਰਨ ਦਾ ਟਾਈਮ ਇਸ ਦਾਦੇ ਸੀ। ਇਸ ਆਧੁਨਿਕ ਦਾਦੇ ਨੂੰ ਵੀ ਆਪਣੀਆਂ ਆਉਣ ਵਾਲੀਆਂ ਪੀੜਿਆ ਪ੍ਰਤੀ ਇਕ ਸਹਿਮ ਤੇ ਅਹਿਮ ਸੱਤਾ ਰਿਹਾ ਸੀ। ਬੱਸ ਫ਼ਰਕ ਏਨਾ ਕੁ ਸੀ ਕਿ ਜਿੱਥੇ ਸੁਖਮਿੰਦਰ ਦੇ ਜਨਮ ਤੇ ਦਾਦੇ ਦੀ ਸੋਚ ਪਿੰਡ ਦੇ ਪਿਛੜੇ ਪਣ 'ਚੋਂ ਪੋਤੇ ਨੂੰ ਕੱਢਣ ਦੀ ਸੀ, ਉੱਥੇ ਅੱਜ ਦੇ ਇਸ ਦਾਦੇ ਦੀ ਸੋਚ ਵਿਦੇਸ਼ੀ ਚਕਾਚੌਂਧ ਵਿਚ ਦੁਨੀਆਂ ਦੇ ਪਹਿਲੇ ਨੰਬਰ ਦੇ ਸ਼ਹਿਰ ਮੈਲਬਾਰਨ 'ਚ ਵਿਚ ਰਹਿੰਦੀਆਂ ਆਪਣੀਆਂ ਪੀੜ੍ਹੀਆਂ ਨੂੰ ਆਪਣੇ ਪਿੰਡ ਦੀਆਂ ਗਲੀਆਂ ਦੀ ਯਾਦ 'ਚ ਲਬਰੇਜ਼ ਰੱਖਣ ਦੀ ਹੈ। ਸੋ ਅੱਜ ਜਦੋਂ ਗੱਜਣਵਾਲਾ ਸੁਖਮਿੰਦਰ ਸਿੰਘ ਦੇ ਘਰ ਪੋਤੇ ਨੇ ਜਨਮ ਲਿਆ ਤਾਂ ਮੈਂ ਵਧਾਈ ਦੇਣ ਲਈ ਜਦੋਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਦੇ ਦਿਲ ਦੀ ਹੂਕ ਆਖ਼ਿਰ ਬਾਹਰ ਆ ਹੀ ਗਈ। ਜਦੋਂ ਮੈਂ ਨਵੇਂ ਆਏ ਜੀਅ ਦੇ ਨਾਂ ਬਾਰੇ ਪੁੱਛਿਆ ਤਾਂ ਕਹਿੰਦੇ! ''ਓਏ ਯਾਰ ਮਿੰਟੂ ਬਰਾੜਾ, ਮੇਰੀ ਪੋਤੀ ਤਾਂ ਕੋਈ ਹੋਰ ਹੀ ਆਧੁਨਿਕ ਜਿਹਾ ਨਾਂ ਲੈ ਰਹੀ ਆ ਪਰ ਮੈਂ ਤਾਂ ਸਾਰੇ ਟੱਬਰ ਨੂੰ ਕਹਿ ਦਿੱਤਾ ਵੀ ਮੈਂ ਤਾਂ ਇਸ ਨੂੰ 'ਕਰਤਾਰਾ' ਹੀ ਕਹਾਂਗਾ।'' ਮੈਂ ਥੋੜ੍ਹਾ ਜਿਹਾ ਹੱਸਿਆ ਤਾਂ ਬਾਈ ਜੀ ਕਹਿੰਦੇ ''ਯਾਰ ਤੂੰ ਮੈਨੂੰ ਇਹ ਦੱਸ ਕੀ 'ਓਏ ਕਰਤਾਰਿਆ ਓਏ' ਕਹਿਣ ਨਾਲ ਰੂਹ ਰੱਜਦੀ ਹੈ ਕਿ 'ਓਏ ਜੋਜਫ ਓਏ' ਕਹਿ ਕੇ?'' ਮੈਂ ਕਿਹਾ ਗੱਲ ਤਾਂ ਬਾਈ ਤੁਹਾਡੀ ਠੀਕ ਹੈ ਪਰ ਮਨੋ ਨਾ ਮੰਨੋ ਜਿੱਥੇ ਤੁਹਾਡੇ ਦਾਦੇ ਨੇ ਤੁਹਾਡੇ 'ਚੋਂ ਪਿੰਡ ਕੱਢਣ ਦੀ ਖ਼ਾਹਿਸ਼ ਨਾਲ ਤੁਹਾਨੂੰ 'ਸੁਖਮਿੰਦਰ' ਨਾਂ ਦਿੱਤਾ ਸੀ, ਉੱਥੇ ਤੁਸੀਂ ਆਪਣੇ ਪੋਤੇ ਦਾ ਨਾਂ 'ਕਰਤਾਰਾ' ਰੱਖ ਕੇ ਉਸ ਵਿਚ ਪਿੰਡ ਨੂੰ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਵੇਲੇ-ਵੇਲੇ ਦੇ ਰਾਗ ਹੁੰਦੇ ਹਨ, ਉਸ ਵਕਤ ਸ ਮੇਜਰ ਸਿੰਘ ਆਪਣੀ ਥਾਂ ਤੇ ਸਹੀ ਸੀ ਅੱਜ ਸੁਖਮਿੰਦਰ ਸਿੰਘ ਵੀ ਸਹੀ ਨਾਮਕਰਨ ਕਰ ਕੇ ਆਪਣਾ ਫ਼ਰਜ਼ ਨਿਭਾ ਰਿਹਾ ਹੈ। ਪਤਾ ਨਹੀਂ ਜਦੋਂ ਨੂੰ ਕਰਤਾਰੇ ਨੇ ਦਾਦਾ ਬਣਨਾ ਉਦੋਂ ਕਿਹੋ ਜਿਹਾ ਵਕਤ ਹੋਵੇਗਾ। ਪਰ ਇਹ ਗੱਲ ਪੱਕੀ ਹੈ ਕਿ ਸੋਚਣਾ ਉਸ ਨੂੰ ਵੀ ਨਾਮਕਰਨ ਦੇ ਵਿਸ਼ੇ ਤੇ ਪਵੇਗਾ। ਚਲੋ ਜੀ ਜੋ ਵੀ ਹੈ ਇਸ ਆਧੁਨਿਕ ਯੁੱਗ, ਆਧੁਨਿਕ ਸ਼ਹਿਰ 'ਚ ਜਨਮੇ ਪੇਂਡੂ 'ਗੱਜਣਵਾਲਾ ਕਰਤਾਰ ਸਿਓਂ' ਦਾ ਸਵਾਗਤ ਹੈ ਤੇ ਪਰਵਾਰ ਨੂੰ ਲੱਖ ਲੱਖ ਮੁਬਾਰਕਾਂ।