“ਆਓ ਜਦੋਂ ਤੱਕ ਆਪਾਂ ਜਵਾਨ ਅਤੇ ਮਘਦੇ ਜੋਸ਼ ਨਾਲ ਭਰਪੂਰ ਹਾਂ, ਆਜ਼ਾਦੀ ਲਈ ਸੰਗਰਾਮ ਕਰੀਏ।” -ਫਰੈਡਰਿਕ ਏਂਗਲਜ
ਫਰੈਡਰਿਕ ਏਂਗਲਜ 28 ਨਵੰਬਰ, 1820 ਨੂੰ ਪ੍ਰਸ਼ੀਆ ਦੇ ਰ੍ਹੀਨੇ ਪ੍ਰਾਂਤ ਦੇ ਇੱਕ ਨਗਰ ਬਾਰਮੇਨ ‘ਚ ਜਨਮਿਆ। ਪਰਿਵਾਰ ਦਾ ਪਿਛੋਕੜ ਸੂਤ-ਕੱਤਾਂ ਦੇ ਇੱਕ ਅਮੀਰ ਖਾਨਦਾਨ ਨਾਲ ਸੀ। ਏਂਗਲਜ ਦੀ ਮਾਂ ਅਲਿਜ਼ਬੈਥ ਤੇ ਉਸਦਾ ਨਾਨਾ ਗੇਰਹਾਰਡ ਬੇਰਨਹਾਰਡ ਸੀ। ਫਰੈਡਰਿਕ ਦੇ ਅੱਠ ਭੈਣ-ਭਰਾ ਸਨ, ਜਿਨ੍ਹਾਂ ‘ਚੋਂ ਉਹ ਆਪਣੀ ਭੈਣ ਮਾਰੀ ਦੇ ਬਹੁਤ ਨੇੜੇ ਸੀ। ਸਾਰਿਆਂ ‘ਚੋਂ ਇਕੱਲੇ ਫਰੈਡਰਿਕ ਨੇ ਹੀ ਵੱਖਰਾ ਰਾਹ ਚੁਣਿਆ। ਏਲੀਆਨੋਰ, ਮਾਰਕਸ ਦੀ ਧੀ ਲਿਖਦੀ ਹੈ, “ਇਸ ਪਰਿਵਾਰ ‘ਚ ਸ਼ਾਇਦ ਕਦੇ ਕੋਈ ਅਜਿਹਾ ਨਹੀਂ ਸੀ ਜਨਮਿਆ, ਜਿਸ ਨੇ ਬਿਲਕੁਲ ਹੀ ਵੱਖਰਾ ਰਾਹ ਚੁਣਿਆ। ਫਰੈਡਰਿਕ ਨੂੰ ਅਵੱਸ਼ ਹੀ ਉਸ ਦੇ ਪਰਿਵਾਰ ਨੇ ‘ਗੰਦੀ ਬੱਤਖ’ ਸਮਝਿਆ ਹੋਵੇਗਾ। ਸ਼ਾਇਦ ਉਹ ਹਾਲੇ ਤੱਕ ਵੀ ਨਹੀਂ ਸਮਝੇ ਹੋਣੇ ਕਿ ਉਹ ‘ਬੱਤਖ’ ਅਸਲ ‘ਚ ਇੱਕ ‘ਰਾਜ ਹੰਸ’ ਸੀ।”ਏਂਗਲਜ ਭੂਰੇ ਵਾਲਾਂ ਵਾਲਾ, ਲੰਬੇ ਕੱਦ, ਸੁਡੌਲ ਸ਼ਰੀਰ, ਸੰਗਰਾਮੀਏ ਰੂਪ ਤੇ ਠਰ੍ਹਮੇ ਵਾਲੇ ਅੰਗ੍ਰੇਜੀ ਸਲੀਕਿਆਂ ਦਾ ਮਾਲਕ ਸੀ। ਏਂਗਲਜ ਦੇ ਆਲੇ ਦੁਆਲੇ ਦੇ ਮਾਹੌਲ ਨੇ ਉਸ ਨੂੰ ਚਿੰਤਨ ਦੇ ਅਵਸਰ ਦਿੱਤੇ। ਉਸ ਨੇ ਘਰ ਸਕੂਲ, ਜਿਮਨਾਜਿਅਮ ਅਤੇ ਸਮਾਜ ‘ਚ ਵਿਚਰਦਿਆਂ ਜਿੱਧਰ ਵੀ ਤੱਕਿਆ ਡੂੰਘੀ ਧਾਰਮਿਕ ਕੱਟੜਤਾ ਦੇਖੀ, ਜਿਸ ਨੇ ਉਸ ਦੀ ਸੂਝ ਨੂੰ ਹੋਰ ਵਿਕਸਿਤ ਕੀਤਾ।