ਸਾਡੀ ਸਿੱਖਿਆ ਪ੍ਰਣਾਲੀ - ਸੰਤੋਖ ਸਿੰਘ ਭਾਣਾ
Posted on:- 27-11-2015
ਸਾਡੇ ਦੇਸ਼ ਦੀ ਸਿੱਖਿਆ ਪ੍ਰਣਾਲੀ ਵੀ ਅਜੀਬ ਹੈ। ਸਾਰਿਆਂ ਨੂੰ ਇੱਕ ਹੀ ਸਾਂਚੇ `ਚ ਢਾਲਦੀ ਜਾ ਰਹੀ ਹੈ। ਕਿਸੇ ਦੇ ਦਿਮਾਗ ਦਾ ਪੱਧਰ ਕਿੰਨਾਂ ਵੀ ਉੱਚਾ ਨੀਵਾਂ ਕਿਉਂ ਨਾ ਹੋਵੇ, ਬੱਸ ਇੱਕ ਹੀ ਵਿਸ਼ੇ ਨੂੰ ਥੋੜੇ ਬਹੁਤੇ ਫਰਕ ਨਾਲ ਪੜ੍ਹਾਇਆ ਜਾ ਰਿਹਾ ਹੈ ਅਤੇ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸਦਾ ਤਾਂ ਜ਼ਿੰਦਗੀ `ਚ ਕੋਈ ਉਪਯੋਗ ਹੈ ਈ ਨਹੀਂ। ਕਿਉਂਕਿ ਸਿਧਾਂਤ ਹੀ ਸਿਧਾਂਤ ਪੜ੍ਹਿਆ ਪਰ ਉਸਨੂੰ ਜ਼ਿੰਦਗੀ `ਚ ਇਸਤੇਮਾਲ ਕਰਨ ਦਾ ਤਾ ਤਰੀਕਾ ਸਿਖਾਇਆ ਹੀ ਨਹੀਂ ਗਿਆ ਜਾਂ ਫਿਰ ਉਸਨੂੰ ਜ਼ਿੰਦਗੀ ਦੇ ਕ੍ਰਿਆਤਮਕ ਖੇਤਰ `ਚ ਇਸਤੇਮਾਲ ਕਰਨ ਦੀ ਕਿਧਰੇ ਕੋਈ ਗੁੰਜਾਇਸ਼ ਈ ਨਹੀਂ।
ਜਦੋਂ ਤੁਸੀਂ ਪੜ੍ਹਾਈ ਖਤਮ ਕਰਨ ਤੋ ਬਾਅਦ ਕੋਈ ਵਪਾਰ ਕਰਨ ਲੱਗਦੇ ਹੋ, ਖੇਤੀਬਾੜੀ ਵੱਲ ਹੁੰਦੇ ਹੋ ਜਾਂ ਨੌਕਰੀ ਕਰਨ ਬਾਰੇ ਸੋਚਦੇ ਹੋ ਤਾਂ ਸੋਚੋ ਕਿ ਕਿਹੜੀ ਕਲਾਸ ਤੱਕ ਦੀ ਪੜ੍ਹਾਈ ਨਾਲ ਤੁਹਾਡਾ ਕੰਮ ਚੱਲ ਸਕਦਾ ਸੀ। ਵੱਧ ਤੋ ਵੱਧ ਹਾਈ ਸਕੂਲ? ਤਾਂ ਫਿਰ ਅੱਗੇ ਦੀ ਪੜ੍ਹਾਈ ਕਿਉਂ ਕੀਤੀ? ਐਨੇ ਸਾਲ ਕਿਉਂ ਬਰਬਾਦ ਕੀਤੇ? ਕੁਝ ਲੋਕਾਂ ਦਾ ਤਰਕ ਹੁੰਦਾ ਹੇ ਕਿ ਪੜ੍ਹਾਈ ਕਰਨ ਦਾ ਉਦੇਸ਼ ਨੌਕਰੀ ਪ੍ਰਾਪਤ ਕਰਨਾ ਹੀ ਨਹੀਂ ਬਲਕਿ ਗਿਆਨ ਪ੍ਰਾਪਤ ਕਰਨਾ ਵੀ ਹੁੰਦਾ ਹੈ।
ਪਹਿਲੀ ਗੱਲ ਤਾਂ ਇਹ ਕਿ ਕੀ ਆਤਮ ਨਿਰਭਰ ਹੋਣ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੀ ਕਾਬਲੀਅਤ ਤੁਹਾਡੇ `ਚ ਐਨੇ ਸਾਲ ਸਿੱਖਿਆ ਪ੍ਰਾਪਤ ਕਰਨ ਤੋ ਬਾਅਦ ਪੈਦਾ ਹੋਈ? ਦੂਸਰਾ, ਤੁਹਾਡੇ ਪਰਿਵਾਰ `ਚ ਜੋ ਕੰਮ-ਕਾਰ ਪੀੜ੍ਹੀਆਂ ਤੋ ਹੁੰਦਾ ਆ ਰਿਹਾ ਹੈ, ਕੀ ਉਹਦੇ ਕਾਬਿਲ ਤੁਸੀਂ ਬਣ ਸਕੇ ਹੋ? ਤੀਸਰਾ, ਕੀ ਇਸ ਸਿੱਖਿਆ ਨੇ ਤੁਹਾਨੂੰ ਸੱਚਮੁੱਚ ਗਿਆਨਵਾਨ ਬਣਾ ਦਿੱਤਾ ਹੈ? ਕੀ ਤੁਹਾਡੀ ਨੈਤਿਕਤਾ ਅਤੇ ਧਾਰਮਿਕਤਾ `ਚ ਕੋਈ ਵਾਧਾ ਹੋਇਆ ਹੈ ਜਾਂ ਦੋਹਾਂ ਦਾ ਹੀ ਪਤਨ ਹੋ ਗਿਆ ਹੈ?ਕਿਧਰੇ ਅਜਿਹਾ ਤਾ ਨਹੀਂ ਕਿ ਘਰ ਦੇ ਜਿਹਡੇ ਸੰਸਕਾਰ ਤੁਹਾਡੇ `ਚ ਥੋੜੇ ਬਹੁਤ ਸਨ ਉਹ ਵੀ ਉਡਨ-ਸ਼ੂਅ ਹੋ ਗਏ ਹਨ? ਤੁਹਾਨੂੰ ਆਪਣੀ ਸੱਭਿਅਤਾ , ਸੰਸਕ੍ਰਿਤੀ ਦੀਆਂ ਕੋਈ ਚੰਗੀਆਂ ਗੱਲਾਂ ਦਾ ਗਿਆਨ ਹੋਇਆ ਜਾਂ ਇਹ ਸਭ ਕੁਝ ਅੰਧ-ਵਿਸ਼ਵਾਸ ਅਤੇ ਦਕੀਆਨੂਸੀ ਲੱਗਦਾ ਹੈ?ਵਿੱਦਿਆ ਖਤਮ ਕਰਨ ਤੋ ਬਾਅਦ ਕੀ ਤੁਸੀ ਆਪਣਾ ਦੇਸ਼, ਦੇਸ ਦੀ ਸੰਸਕ੍ਰਿਤੀ, ਇਤਿਹਾਸ, ਰੀਤੀ-ਰਿਵਾਜ ਅਤੇ ਅਚਾਰ-ਵਿਹਾਰ ਨੂੰ ਸਮਝਣ ਲੱਗ ਪਏ ਹੋ ਜਾਂ ਸਭ ਕੁਝ ਢੌਗ ਲੱਗਣ ਲੱਗ ਪਿਆ ਹੈ?ਕੀ ਤੁਸੀਂ ਸਮਝ ਗਏ ਹੋ ਕਿ ਤੁਹਾਡੇ ਬਜੂਰਗ ਤੁਹਾਡੇ ਲਈ ਕਿਹੜੀ ਵਿਰਾਸਤ ਛੱਡ ਕੇ ਗਏ ਹਨ? ਮਿਲਜੁਲ ਕੇ ਪਿਆਰ ਮੁਹੱਬਤ ਨਾਲ ਰਹਿਣਾ, ਜ਼ੋ ਸਾਡੀ ਸੰਸਕ੍ਰਿਤੀ ਦਾ ਅਧਾਰ ਹੈ, ਕੀ ਤੁਹਾਡੀ ਸਿੱਖਿਆ ਨੇ ਤੁਹਾਨੂੰ ਇਹ ਸਮਝਾ ਦਿੱਤਾ ਹੈ? ਕੀ ਤੁਸੀਂ ਦੂਸਰੇ ਧਰਮਾਂ, ਦੂਸਰੇ ਸਮਾਜਾਂ ਅਤੇ ਵਿਰੋਧੀ ਵਿਚਾਰਧਾਰਾ ਦੇ ਪ੍ਰਤੀ ਸਹਿਣਸ਼ੀਲ ਹੋ ਗਏ ਹੋ? ਜੇਕਰ ਨਹੀਂ ਤਾਂ ਸਮਝੋ ਕਿ ਤੁਸੀਂ ਐਨੇ ਸਾਲਾਂ ਦੀ ਸਿੱਖਿਆ ਪ੍ਰਾਪਤ ਕਰਕੇ ਵਿਅਰਥ ਹੀ ਸਮਾਂ ਬਰਬਾਦ ਕੀਤਾ ਹੈ।ਜ਼ਿੰਦਗੀ `ਚ ਸਫਲ ਹੋਣ ਲਈ ਕੁਝ ਗੁਣਾਂ ਦੀ ਜ਼ਰੂਰਤ ਹੁੰਦੀ ਹੈ, ਜਿਸਦੀ ਤੁਸੀਂ ਇਸ ਵਿੱਦਿਆ ਤੋਂ ਉਮੀਦ ਨਹੀਂ ਕਰ ਸਕਦੇ।ਇਹ ਤੁਹਾਨੂੰ ਨਾ ਤਾਂ ਹਾਲਾਤ ਨੂੰ ਸਮਝਣ ਦੀ ਸੂਝਬੂਝ ਦਿੰਦੀ ਹੈ ਅਤੇ ਨਾ ਹੀ ਜ਼ਿੰਦਗੀ ਦੀਆਂ ਮੁਸ਼ਕਿਲਾ ਨਾਲ ਸੰਘਰਸ਼ ਕਰਨ ਦੀ ਸ਼ਕਤੀ ਦਿੰਦੀ ਹੈ।ਸੱਚਾਈ ਤਾਂ ਇਹ ਹੈ ਕਿ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਹੈ ਤਾਂ ਜ਼ਿੰਦਗੀ ਦੀ ਅਸਲ ਪੜ੍ਹਾਈ ਤਾਂ ਠੋਕਰਾਂ ਖਾ-ਖਾ ਕੇ ਆਦਮੀ ਸਿੱਖਦਾ ਹੈ ਅਤੇ ਇਹੀ ਸੱਚੀ ਪੜ੍ਹਾਈ ਹੁੰਦੀ ਹੈ ਅਤੇ ਜਦੋਂ ਉਹ ਕੁਝ ਬਣ ਜਾਂਦਾ ਹੈ ਤਾਂ ਸਮਝ ਆਉਂਦਾ ਹੈ ਕਿ ਵਿਅਰਥ ਹੀ ਐਨੇ ਸਾਲ ਬਰਬਾਦ ਕੀਤੇ।ਪੜ੍ਹਾਈ ਕੀ ਸੀ ਇਹ? ਇਹ ਤਾਂ ਡਿਗਰੀ ਪ੍ਰਾਪਤ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਤਰਕੀਬਾਂ ਸਨ। ਸੰਪਰਕ: +91 98152 96475
Sukhwinder Singh
Sukhwinder Singh