Thu, 21 November 2024
Your Visitor Number :-   7255847
SuhisaverSuhisaver Suhisaver

ਖੁਸ਼ਹਾਲ ਘਰ ਪਰਿਵਾਰ - ਸੰਤੋਖ ਸਿੰਘ ਭਾਣਾ

Posted on:- 12-11-2015

suhisaver

ਜੇਕਰ ਤੁਹਾਡੇ ਬੱਚੇ ਤੁਹਾਨੂੰ ਘਰ ਵੜਦਿਆਂ ਵੇਖਕੇ, ਪਾਪਾ-ਪਾਪਾ ਕਹਿਕੇ ਚੰਬੜਦੇ ਹਨ, ਤੁਹਾਡੇ ਮਾਂ-ਬਾਪ ਦੇ ਚਿਹਰਿਆਂ ਉੱਤੇ ਤੁਹਾਨੂੰ ਘਰ ਆਇਆਂ ਵੇਖਕੇ ਮੁਸਕਾਨ ਅਤੇ ਬੇ-ਫਿਕਰੀ ਦੀ ਲਹਿਰ ਦੌੜ ਜਾਂਦੀ ਹੈ, ਤੁਹਾਡੀ ਪਤਨੀ ਦੀਆਂ ਅੱਖਾਂ ਤੁਹਾਡੇ ਘਰ ਮੁੜਣ ਤੱਕ ਤੁਹਾਡੇ ਰਾਹਾਂ `ਤੇ ਵਿੱਛੀਆਂ ਰਹਿੰਦੀਆਂ ਹਨ ਤਾਂ ਤੁਸੀਂ ਸੱਚ-ਮੁੱਚ ਹੀ ਕਿਸਮਤ ਵਾਲੇ ਹੋ ਅਤੇ ਸਮਝੋ ਕਿ ਤੁਹਾਨੂੰ ਘਰ ਮਿਲ ਗਿਆ ਹੈ।ਤੁਸੀਂ ਘਰ ਬਣਾ ਲਿਆ ਹੈ।

ਬੱਚਿਆਂ ਦਾ ਤੁਹਾਡੇ ਨੇੜੇ ਢੁੱਕ-ਢੁੱਕ ਬੈਠਣਾਂ, ਫਰਮਾਇਸ਼ਾ ਪਾਉਣਾ, ਪਤਨੀ ਦਾ ਮੁਸਕਰਾ ਕੇ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨਾ, ਮਾਂ-ਬਾਪ ਦਾ ਤੁਹਾਡੇ ਕੋਲੋ ਹਾਲ-ਚਾਲ ਪੁੱਛਣਾ * ਇਹੀ ਤਾਂ ਹੈ ਪਿਆਰੇ ਜਿਹੇ ਘਰ ਦੀ ਨਿਸ਼ਾਨੀ।

ਜੇਕਰ ਤੁਸੀਂ ਆਪਣੇ ਮਾਤਾ-ਪਿਤਾ, ਭੈਣਾ ਭਰਾਵਾਂ, ਪਤਨੀ ਅਤੇ ਬੱਚਿਆਂ ਦਾ ਪੂਰਾ ਖਿਆਲ ਰੱਖਦੇ ਹੋ।ਉਨ੍ਹਾਂ ਦੀਆਂ ਲੋੜਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੂਰੀਆਂ ਕਰਦੇ ਹੋ। ਤੁਹਾਡੇ ਅਤੇ ਪਰਿਵਾਰ ਦੇ ਭਾਵਨਾਤਕ ਸੰਬੰਧ ਗੂੜ੍ਹੇ ਹਨ।ਜੇਕਰ ਇਨ੍ਹਾਂ ਸੰਬੰਧਾਂ ਦਾ ਅਧਾਰ ਸੁਆਰਥ ਨਹੀਂ, ਸਨੇਹ ਅਤੇ ਜ਼ੁੰਮੇਵਾਰੀ ਹੈ ਤਾਂ ਸੱਚਮੁੱਚ ਹੀ ਤੁਸੀਂ ਘਰ ਦੇ ਮਾਲਕ ਹੋ। ਤੁਹਾਡੇ ਉੱਤੇ ਕੁਦਰਤ ਮਿਹਰਬਾਨ ਹੈ ਅਤੇ ਤੁਹਾਨੂੰ ਬਜ਼ੁਰਗਾਂ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ।

ਕੀ ਤੁਸੀਂ ਇਨ੍ਹਾਂ ਕੰਧਾਂ, ਦਰਵਾਜ਼ਿਆਂ, ਕਮਰਿਆਂ , ਬਰਾਂਡਿਆਂ, ਛੱਤਾ ਅਤੇ ਫਰਸ਼ਾਂ ਨੂੰ ਘਰ ਸਮਝਦੇ ਹੋ ? ਨਹੀਂ ਨਾ? ਇਹ ਘਰ ਨਹੀਂ ਹੈ। ਜਿੱਥੇ ਹਰ ਵੇਲੇ ਕਲੇਸ਼ ਰਹਿੰਦਾ ਹੋਵੇ, ਘਰ`ਚ ਬਦ-ਇੰਤਜ਼ਾਮੀ ਅਤੇ ਇੱਕ ਦੂਜੇ ਨਾਲ ਮਨ-ਮੁਟਾਵ ਰਹਿੰਦਾ ਹੋਵੇ। ਕੋਈ ਇੱਕ ਦੂਜੇ ਦੀ ਸੁਣਦਾ ਨਾ ਹੋਵੇ। ਸਾਰੇ ਆਪਣੀ ਮਨ-ਮਰਜ਼ੀ ਦੇ ਮਾਲਿਕ ਹੋਣ। ਛੋਟੇ ਵੱਡਿਆਂ ਦਾ ਆਦਰ ਨਾ ਕਰਦੇ ਹੋਣ, ਵੱਡੇ ਛੋਟਿਆਂ ਦਾ ਖਿਆਲ ਨਾ ਰੱਖਦੇ ਹੋਣ। ਜਿੱਥੇ ਤਿਆਗ ਅਤੇ ਸਹਿਣਸ਼ੀਲਤਾ ਨਾ ਹੋਵੇ ਉਹ ਘਰ ਤੋ ਬਿਨਾਂ ਹੋਰ ਕੁਝ ਵੀ ਹੋ ਸਕਦਾ ਹੈ ਪਰ ਘਰ ਨਹੀਂ।

ਜੇਕਰ ਤੁਸੀਂ ਸੱਚ-ਮੁੱਚ ਹੀ ਘਰ ਚਾਹੁੰਦੇ ਹੋ---* ਘਰ,ਜਿੱਥੇ ਤੁਹਾਨੂੰ ਹੀ ਨਹੀਂ ਦੂਸਰੇ ਲੋਕਾਂ ਨੂੰ ਵੀ , ਜੋ ਤੁਹਾਡੀ ਮਿੱਤਰ ਮੰਡਲੀ ਹੋਵੇ ਜਾਂ ਰਿਸ਼ਤੇਦਾਰ, ਸ਼ਾਂਤੀ ਮਿਲਦੀ ਹੋਵੇ, ਬੈਠਣ ਜਾਂ ਰਹਿਣ ਨੂੰ ਜੀ ਕਰਦਾ ਹੋਵੇ, ਤਾਂ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਅਸਲ ਵਿੱਚ ਘਰ, ਪਰਿਵਾਰਕ ਮੈਂਬਰਾਂ ਦੇ ਪਰਸਪਰ ਨਿੱਘੇ ਭਾਵਨਾਤਮਕ ਸੰਬੰਧਾਂ , ਘਰ ਦੀਆਂ ਪਰੰਪਰਾਵਾਂ ਦੀਆਂ ਪਾਲਣਾ ਕਰਨ, ਬਜ਼ੁਰਗਾਂ ਪ੍ਰਤੀ ਆਦਰ-ਸਤਿਕਾਰ ਦੀ ਭਾਵਨਾਂ ਅਤੇ ਬੱਚਿਆਂ ਦੀ ਪੂਰਨ ਦੇਖਭਾਲ ਨਾਲ ਬਣਦਾ ਹੈ।

ਔਰਤਾਂ ਸੁਭਾਵਿਕ ਤੌਰ`ਤੇ ਬਹੁਤ ਭਾਵੁਕ ਅਤੇ ਸੰਵੇਦਨਸ਼ੀਲ ਹੁੰਦੀਆਂ ਹਨ।ਆਪਣੇ ਰੁੱਖੇ ਅਤੇ ਅਲੋਚਨਾਤਮਕ ਵਿਉਹਾਰ ਨਾਲ ਉਨ੍ਹਾਂ ਦੇ ਸਨੇਹ-ਸਰੋਤ ਨੂੰ ਨਾ ਸੁਕਾਓ।ਦੂਸਰਿਆਂ ਦੇ ਸਾਹਮਣੇ ਤਾਂ ਭੁੱਲਕੇ ਵੀ ਉਨਾਂ ਦੀ ਅਲੋਚਨਾ ਨਾ ਕਰੋ, ਬਲਕਿ ਜਦੋਂ ਕੋਈ ਤੁਹਡਾ ਰਿਸ਼ਤੇਦਾਰ ਜਾਂ ਹੋਰ ਨਜ਼ਦੀਕੀ ਉਹਦੀਆਂ ਕਮੀਆਂ ਲੱਭ ਰਿਹਾ ਹੋਵੇ ਤਾਂ ਔਰਤ ਦਾ ਪੱਖ ਲਓ, ਉਹਂਦੇ ਹੱਕ `ਚ ਖੜੋ ਕੇ ਉਹਦੀ ਵਡਿਆਈ ਕਰੋ। ਦੁਨੀਆਂ ਨੂੰ ਦੱਸ ਦਿਉ ਕਿ ਤੁਸੀਂ ਆਪਣੇ ਘਰ ਦੀ ਤਰੱਕੀ, ਬੱਚਿਆਂ ਦੀ ਦੇਖ-ਭਾਲ, ਆਪਣੇ ਮਾਤਾ-ਪਿਤਾ ਦੀ ਸੇਵਾ ਅਤੇ ਘਰ-ਗ੍ਰਹਿਸਥੀ ਪ੍ਰਤੀ ਕਿੰਨੇ ਸੁਚੇਤ ਹੋ।

ਕਈ ਵੇਰ ਅਸੀਂ ਬਾਹਰੋਂ ਥੱਕੇ-ਟੁੱਟੇ ਅਤੇ ਚਿੜਚਿੜੇ ਜਿਹੇ ਹੋਏ ਘਰ ਆਉਂਦੇ ਹਾਂ ਅਤੇ ਆਉਂਦਿਆਂ ਹੀ ਮਾੜੀ-ਮੋਟੀ ਗੱਲ `ਤੇ ਹੀ ਭਖ ਉੱਠਦੇ ਹਾਂ ਅਸੀਂ ਬਾਹਰ ਦਾ ਗੁੱਸਾ ਆਪਣੀ ਪਤਨੀ ਜਾਂ ਬੱਚਿਆਂ ਉੱਤੇ ਕੱਢਣ ਲੱਗ ਪੈਂਦੇ ਹਾਂ। ਇਹ ਬਹੁਤ ਵੱਡੀ ਮੂਰਖਤਾ ਹੈ। ਸਾਨੂੰ ਆਪਣੀਆਂ ਬਾਹਰ ਦੀਆਂ ਸਮੱਸਿਆਵਾਂ ਆਪਣੇ ਕਾਰਜ-ਖੇਤਰ ਦੀ ਚਾਰਦਿਵਾਰੀ ਅੰਦਰ ਹੀ ਛੱਡਕੇ ਆਉਣੀਆਂ ਚਾਹੀਦੀਆਂ ਹਨ।ਨਾ ਤਾਂ ਆਪਣੇ ਦਫਤਰ ਨੂੰ ਘਰ ਲੈਕੇ ਆੳ ਤੇ ਨਾ ਹੀ ਘਰ ਨੂੰ ਬਾਹਰ ਲੈਕੇ ਚਾੳ।

ਔਰਤਾਂ ਬਹੁਤ ਸਮਝਦਾਰ ਹੁੰਦੀਆਂ ਹਨ। ਉਹ ਤੁਹਾਡੀ ਅਰਥਿਕ ਹਾਲਤ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀਆਂ ਹੁੰਦੀਆਂ ਹਨ।ਉਹ ਤੁਹਾਡੀ ਸਮਰੱਥਾ ਤੋਂ ਵੱਧ ਕੁਝ ਨਹੀਂ ਚਾਹੁੰਦੀਆਂ ।ਜੇਕਰ ਤੁਸੀਂ ਇਹ ਸਮਝ ਜਾਉ ਕਿ ਉਹ ਕੀ ਚਾਹੁੰਦੀਆਂ ਹਨ ਤਾ ਇਹ ਤੁਹਾਡੀ ਸਮਝਦਾਰੀ ਦਾ ਕਮਾਲ ਹੋਵੇਗੇ। ਅਸਲ `ਚ ਉਹ ਤੁਹਾਡੀ ਪ੍ਰਸੰਸਾ-ਮਈ ਨਿਗ੍ਹਾ ਅਤੇ ਪਿਆਰ ਦੀਆਂ ਭੁੱਖਾਂ ਹੁੰਦੀਆਂ ਹਨ, ਭਾਵੇਂ ਇਹ ਝੂਠੀ ਹੀ ਕਿਉਂ ਨਾ ਹੋਵੇ।
                                    
                    ਸੰਪਰਕ: +91 98152 96475

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ