ਸ਼ਹੀਦ ਭਗਤ ਸਿੰਘ ਦੀ ਵਿਦਵਤਾ ਦਾ ਮੇਰੇ ਜੀਵਨ ਉੱਤੇ ਪ੍ਰਭਾਵ -ਹਰਗੁਣਪ੍ਰੀਤ ਸਿੰਘ
Posted on:- 29-09-2015
ਜਿਸ ਤਰ੍ਹਾਂ ਸਾਡੇ ਦੇਸ਼ ਵਿਚ ਅਤੇ ਖਾਸ ਕਰਕੇ ਪੰਜਾਬ ਵਿਚ ਪੈਦਾ ਹੋਇਆ ਕੋਈ ਵੀ ਵਿਅਕਤੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ, ਉਸੇ ਪ੍ਰਕਾਰ ਮੇਰੇ ਜੀਵਨ ਉਤੇ ਵੀ ਭਗਤ ਸਿੰਘ ਦਾ ਬਹੁਤ ਅਦਭੁੱਤ ਪ੍ਰਭਾਵ ਰਿਹਾ ਹੈ।ਪੰਜਾਬ ਦੇ ਨੌਜਵਾਨ ਭਗਤ ਸਿੰਘ ਦੇ ਸ਼ਹੀਦੀ ਅਤੇ ਜਨਮ ਦਿਹਾੜਿਆਂ ਉਤੇ ਭਗਤ ਸਿੰਘ ਵਾਂਗ ਵੇਸ਼ਭੂਸ਼ਾ ਬਣਾ ਕੇ ਤੇ ਹੱਥ ਵਿਚ ਤਿਰੰਗਾ ਫ਼ੜ੍ਹ ਕੇ ਫ਼ੋਟੋਆਂ ਤਾਂ ਆਮ ਖਿਚਾਉਂਦੇ ਦੇਖੇ ਜਾ ਸਕਦੇ ਹਨ ਪਰੰਤੂ ਉਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਕਿ ਭਗਤ ਸਿੰਘ ਹਰ ਵੇਲੇ ਗਿਆਨ ਪ੍ਰਾਪਤੀ ਲਈ ਤਤਪਰ ਰਹਿੰਦੇ ਸਨ ਅਤੇ ਬਹੁਤ ਤੇਜ਼ ਰਫਤਾਰ ਨਾਲ ਪੁਸਤਕਾਂ ਪੜ੍ਹ ਲੈਂਦੇ ਸਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਅੰਗਰੇਜ਼ ਹਾਕਮਾਂ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਭਗਤ ਸਿੰਘ ਨੂੰ ਮਿਥੇ ਸਮੇਂ ਤੋਂ ਗਿਆਰਾਂ ਘੰਟੇ ਪਹਿਲਾਂ ਹੀ ਫਾਂਸੀ ਲਾਉਣ ਦਾ ਫੈਸਲਾ ਸੁਣਾ ਦਿੱਤਾ ਤਾਂ ਭਗਤ ਸਿੰਘ ਤੋਂ ਆਖਰੀ ਖਾਹਿਸ਼ ਪੁੱਛਣ ਉਤੇ ਉਸਨੇ ਇਹੀ ਕਿਹਾ ਕਿ ਉਸ ਨੂੰ ਲੈਨਿਨ ਦੀ ਪੁਸਤਕ ਦਾ ਇਕ ਕਾਂਡ ਤਾਂ ਖਤਮ ਕਰ ਲੈਣ ਦਿਓ।
ਇਹ ਤੱਥ ਜਾਣ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਇਨਸਾਨ ਦੀ ਜੀਵਨ ਲੀਲਾ ਕੁਝ ਸਮੇਂ ਬਾਅਦ ਹੀ ਸਮਾਪਤ ਹੋਣ ਵਾਲੀ ਹੋਵੇ ਉਹ ਆਖਰੀ ਸਮੇਂ ਵੀ ਕਿਤਾਬਾਂ ਪ੍ਰਤੀ ਇੰਨਾ ਲਗਾਓ ਰੱਖੇ।ਆਪਣੀ ਫਾਂਸੀ ਤੋਂ ਕੁਝ ਦਿਨ ਪਹਿਲਾਂ ਭਗਤ ਸਿੰਘ ਨੇ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਨੂੰ ਮਿਲਣ ਉਪਰੰਤ ਉਸ ਨੂੰ ਚਿੱਠੀ ਵਿਚ ਲਿਖਿਆ ਸੀ, “ਅਜ਼ੀਜ਼ ਕੁਲਤਾਰ! ਅੱਜ ਤੁਹਾਡੀਆਂ ਅੱਖਾਂ ਵਿਚ ਹੰਝੂ ਵੇਖ ਕੇ ਮੈਨੂੰ ਬੜਾ ਦੁਖ ਹੋਇਆ।ਤੁਹਾਡੀਆਂ ਗੱਲਾਂ ਵਿਚ ਬਹੁਤ ਦਰਦ ਸੀ।ਮੈਂ ਤੁਹਾਡੇ ਅੱਥਰੂ ਨਹੀਂ ਦੇਖ ਸਕਦਾ।ਬਰਖੁਰਦਾਰ, ਲਗਨ ਨਾਲ ਆਪਣੀ ਪੜ੍ਹਾਈ ਕਰੋ ਤੇ ਸਿਹਤ ਦਾ ਖਿਆਲ ਰੱਖੋ।ਹੌਂਸਲਾ ਰੱਖੋ, ਹੋਰ ਕੀ ਕਹਾਂ?” ਮੇਰੇ ਦਾਦਾ ਸਵਰਗਵਾਸੀ ਗਿਆਨੀ ਭਵਖੰਡਨ ਸਿੰਘ ਜੀ ਅਤੇ ਪਿਤਾ ਸਟੇਟ ਐਵਾਰਡੀ ਸ. ਰੂਪਇੰਦਰ ਸਿੰਘ ਦੇ ਅਧਿਆਪਕ ਹੋਣ ਕਰਕੇ ਸਾਡੇ ਘਰ ਦਾ ਮਾਹੌਲ ਸਾਹਿਤਕ ਰਿਹਾ ਹੈ ਅਤੇ ਘਰ ਵਿਚ ਹੀ ਨਿਜੀ ਲਾਇਬ੍ਰੇਰੀ ਹੋਣ ਕਰਕੇ ਉਥੇ ਵੱਖ-ਵੱਖ ਮਹਾਪੁਰਖਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ।ਇਨ੍ਹਾਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਵਿਚੋਂ ਦੋ ਤਸਵੀਰਾਂ ਸਰਦਾਰ ਭਗਤ ਸਿੰਘ ਦੀਆਂ ਵੀ ਹਨ ਜਿਨ੍ਹਾਂ ਨੂੰ ਮੈਂ ਬਚਪਨ ਵਿਚ ਬੜੀ ਦਿਲਚਸਪੀ ਨਾਲ ਦੇਖਦਾ ਹੁੰਦਾ ਸੀ ਕਿਉਂਕਿ ਇਕ ਤਸਵੀਰ ਵਿਚ ਉਨ੍ਹਾਂ ਨੇ ਪੱਗੜੀ ਬੰਨ੍ਹੀ ਹੁੰਦੀ ਅਤੇ ਦੂਸਰੀ ਤਸਵੀਰ ਵਿਚ ਟੋਪੀ ਪਾਈ ਹੁੰਦੀ ਸੀ।ਮੈਂ ਕਿੰਨਾ-ਕਿੰਨਾ ਚਿਰ ਦੋਨੋਂ ਤਸਵੀਰਾਂ ਵਾਲੇ ਭਗਤ ਸਿੰਘ ਦੇ ਚਿਹਰੇ ਮਿਲਾਉਂਦਾ ਰਹਿੰਦਾ।ਪਰ ਜਿਉਂ-ਜਿਉਂ ਸਮਾਂ ਗੁਜ਼ਰਨ ਦੇ ਨਾਲ ਮੈਨੂੰ ਭਗਤ ਸਿੰਘ ਦੇ ਜੀਵਨ ਸਬੰਧੀ ਰਚਨਾਵਾਂ ਪੜ੍ਹਨ ਅਤੇ ਉਨ੍ਹਾਂ ਬਾਰੇ ਬਣੀਆਂ ਫਿਲਮਾਂ ਵੇਖਣ ਦਾ ਮੌਕਾ ਮਿਲਦਾ ਗਿਆ ਤਿਉਂ-ਤਿਉਂ ਮੇਰੇ ਮਨ ਵਿਚ ਭਗਤ ਸਿੰਘ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਹੋਰ ਵੱਧਦੀ ਗਈ।ਭਗਤ ਸਿੰਘ ਦੇ ਮੁਸੀਬਤਾਂ ਭਰੇ ਸਮੇਂ ਵਿਚ ਵੀ ਆਤਮਵਿਸ਼ਵਾਸ ਨਾਲ ਭਰੇ ਰਹਿਣ ਦੀ ਭਾਵਨਾ ਨੇ ਮੇਰੇ ਉਤੇ ਉਸ ਸਮੇਂ ਬਹੁਤ ਡੂੰਘਾ ਅਸਰ ਪਾਇਆ ਜਦੋਂ ਅੱਜ ਤੋਂ ਲਗਭਗ ਬਾਰਾਂ ਸਾਲ ਪਹਿਲਾਂ ਮੈਨੂੰ ਬਲੱਡ ਕੈਂਸਰ ਜੈਸੀ ਖੌਫਨਾਕ ਬਿਮਾਰੀ ਨੇ ਆ ਘੇਰਿਆ ਸੀ ਅਤੇ ਮੇਰਾ ਲਗਭਗ ਚਾਰ ਸਾਲ ਪੀ.ਜੀ.ਆਈ ਵਿਖੇ ਇਲਾਜ ਚੱਲਦਾ ਰਿਹਾ ਸੀ।ਸਾਡਾ ਇਕ ਪੈਰ ਪਟਿਆਲੇ ਹੁੰਦਾ ਸੀ ਤੇ ਦੂਜਾ ਚੰਡੀਗੜ੍ਹ।ਇਸ ਉਲਝੇਵਿਆਂ ਭਰੇ ਰੁਝੇਵੇਂ ਕਾਰਨ ਮੈਂ ਮਾਰਚ 2004 ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਨਹੀਂ ਸੀ ਬੈਠ ਸਕਿਆ।ਉਨ੍ਹਾਂ ਦਿਨਾਂ ਵਿਚ ਮੈਨੂੰ ਕਈ ਮਹਾਪੁਰਖਾਂ ਦੇ ਜੀਵਨ ਸਬੰਧੀ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ ਜਿਨ੍ਹਾਂ ਵਿਚੋਂ ਭਗਤ ਸਿੰਘ ਦੀ ਮਹਾਨ ਸ਼ਖਸੀਅਤ ਅਤੇ ਵਿਚਾਰਧਾਰਾ ਨੇ ਮੈਨੂੰ ਨਵਾਂ ਜੋਸ਼ ਤੇ ਹਿੰਮਤ ਪ੍ਰਦਾਨ ਕੀਤੀ।ਮੈਂ ਸੋਚਿਆ ਜੇ ਸਰਦਾਰ ਭਗਤ ਸਿੰਘ ਜੇਲ੍ਹ ਦੀ ਕਾਲ ਕੋਠੜੀ ਵਿਚ ਬਹਿ ਕੇ ਅਤੇ ਦੁਖ-ਤਸੀਹੇ ਝੱਲ ਕੇ ਵੀ ਕਿਤਾਬਾਂ ਪੜ੍ਹਨਾ ਅਤੇ ਲਿਖਣਾ ਜਾਰੀ ਰੱਖ ਸਕਦੇ ਸਨ ਤਾਂ ਮੈਂ ਕਿਉਂ ਨਹੀਂ ਪੜ੍ਹ ਸਕਦਾ। ਮੈਂ ਜ਼ਿੱਦ ਕਰਕੇ ਦੁਬਾਰਾ ਸਕੂਲ ਵਿਚ ਦਾਖਲਾ ਲੈ ਲਿਆ।ਸਰੀਰਕ ਕਮਜ਼ੋਰੀ ਅਤੇ ਸਖਤ ਦਵਾਈਆਂ ਦੇ ਪ੍ਰਭਾਵ ਕਾਰਨ ਭਾਵੇਂ ਮੈਂ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਦਾ, ਪ੍ਰੰਤੂ ਜਦੋਂ ਵੀ ਸਿਹਤ ਆਗਿਆ ਦਿੰਦੀ ਸੀ, ਸਕੂਲ ਜਾ ਕੇ ਅਧਿਆਪਕ ਸਾਹਿਬਾਨ ਦੇ ਖਾਲੀ ਪੀਰੀਅਡਾਂ ਵਿਚ ਉਨ੍ਹਾਂ ਤੋਂ ਲੋੜੀਂਦੀ ਅਗਵਾਈ ਹਾਸਲ ਕਰ ਲੈਂਦਾ ਸੀ।ਦੇਖਦੇ ਹੀ ਦੇਖਦੇ ਸਮਾਂ ਲੰਘਦਾ ਗਿਆ ਤੇ ਮਾਰਚ 2005 ਦੀ ਪ੍ਰੀਖਿਆ ਆਰੰਭ ਹੋ ਗਈ।ਆਪਣੇ ਅਧਿਆਪਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਸਾਰੇ ਇਮਤਿਹਾਨ ਦਿੱਤੇ ਗਏ।ਜਦੋਂ ਨਤੀਜਾ ਆਇਆ ਤਾਂ ਸਾਡੇ ਘਰ ਅਤੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਦਾ ਕਾਰਨ ਇਹ ਸੀ ਕਿ ਮੈਂ ਬਹੁਤ ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਸਵੀਂ ਵਿਚ 78.46 ਫੀਸਦੀ ਅੰਕ ਪ੍ਰਾਪਤ ਕਰ ਲਏ ਸਨ।ਇਸ ਸਫ਼ਲਤਾ ਨਾਲ ਮਿਲੇ ਆਤਮ ਵਿਸ਼ਵਾਸ ਸਦਕਾ ਹੀ ਮੈਂ ਗਿਆਰ੍ਹਵੀਂ ਜਮਾਤ ਤੋਂ ਐਮ.ਫ਼ਿਲ. ਪੱਤਰਕਾਰੀ ਅਤੇ ਜਨਸੰਚਾਰ ਤੱਕ ਲਗਾਤਾਰ ਫਸਟ ਆਉਣ ਦੇ ਨਾਲ-ਨਾਲ ਵੱਖ-ਵੱਖ ਉੱਚ ਕੋਟੀ ਦੇ ਪੰਜਾਬੀ ਅਖ਼ਬਾਰਾਂ ਲਈ ਤਿੰਨ ਸੌ ਦੇ ਕਰੀਬ ਪ੍ਰੇਰਕ ਰਚਨਾਵਾਂ ਲਿਖੀਆਂ ਅਤੇ ਸਾਲ 2008 ਵਿਚ ਇਕ ਕਿਤਾਬ ‘ਮੁਸੀਬਤਾਂ ਤੋਂ ਨਾ ਘਬਰਾਓ’ ਵੀ ਲਿਖੀ।ਪਰ ਸਭ ਤੋਂ ਵੱਧ ਖੁਸ਼ੀ ਮੈਨੂੰ ਉਦੋਂ ਹੋਈ ਜਦੋਂ ਸਤੰਬਰ 2009 ਵਿਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਲੁਧਿਆਣਾ ਵੱਲੋਂ ਸਰਦਾਰ ਭਗਤ ਸਿੰਘ ਦੇ ਜੀਵਨ ਸਬੰਧੀ ਕਰਵਾਏ ਗਏ ਰਾਜ ਪੱਧਰੀ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਉਤੇ ਮੈਨੂੰ ਸਰਦਾਰ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਹੱਥੋਂ ਸਨਮਾਨ ਪ੍ਰਾਪਤ ਹੋਇਆ।ਸ਼ਹੀਦ ਭਗਤ ਸਿੰਘ ਦਾ ਸਮੁੱਚਾ ਜੀਵਨ ਅਤੇ ਉਨ੍ਹਾਂ ਦਾ ਉਚੇਰੀ ਪੜ੍ਹਾਈ ਅਤੇ ਚੰਗੀ ਸਿਹਤ ਦਾ ਸੰਦੇਸ਼ ਉਨ੍ਹਾਂ ਵਿਹਲੜ, ਨਸ਼ਈ ਅਤੇ ਕੰਮਚੋਰ ਨੌਜਵਾਨਾਂ ਲਈ ਵੰਗਾਰ ਹੈ ਜਿਹੜੇ ਸਭ ਪ੍ਰਕਾਰ ਦੀਆਂ ਸੁਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਪੜ੍ਹਾਈ ਵਿਚ ਰੁਚੀ ਨਹੀਂ ਦਿਖਾਉਂਦੇ ਅਤੇ ਮਾਪਿਆਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਅਜਾਈਂ ਰੋਲ ਦਿੰਦੇ ਹਨ।ਕਿਸੇ ਵਿਅਕਤੀ ਦਾ ਪ੍ਰਭਾਵ ਹੀ ਉਸਦਾ ਜੀਵਨ ਹੁੰਦਾ ਹੈ ਅਤੇ ਇਸ ਪ੍ਰਭਾਵ ਦੇ ਅਭਾਵ ਦਾ ਨਾਂ ਹੀ ਮੌਤ ਹੈ।ਭਗਤ ਸਿੰਘ ਦਾ ਸਰੀਰ ਭਾਵੇਂ ਸਾਡੇ ਦਰਮਿਆਨ ਮੌਜੂਦ ਨਹੀਂ ਪਰੰਤੂ ਉਸ ਦੀ ਸੋਚ ਅਤੇ ਸ਼ਖਸੀਅਤ ਅੰਬਰਾਂ ਜਿੰਨੀ ਉੱਚੀ ਹੈ ਜੋ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਦੇ ਮਨਾਂ ਵਿਚ ਹਮੇਸ਼ਾਂ ਰਸੀ, ਵਸੀ ਤੇ ਧਸੀ ਰਹੇਗੀ।ਸੰਪਰਕ: +91 94636 19353