ਭਗਤ ਸਿੰਘ ਅੱਜ ਵੀ ਜੰਮਦੇ ਨੇ -ਪਰਮ ਪੜਤੇਵਾਲਾ
Posted on:- 24-09-2015
ਸ. ਖੇਮ ਸਿੰਘ ਦੇ ਪਰਿਵਾਰ ਦੀ ਜੜ੍ਹ ‘ਚੋਂ ਪੈਦਾ ਹੋਏ ਤਿੰਨ ਪੁੱਤਰ ਸੁਰਜਣ ਸਿੰਘ, ਅਰਜਣ ਸਿੰਘ ਤੇ ਮਿਹਰ ਸਿੰਘ। ਇਸ ਪਰਿਵਾਰ ਦਾ ਪਿੰਡ ‘ਨਾਰਲੀ’, ਜ਼ਿਲ੍ਹਾ ਲਾਹੌਰ ਸੀ। ਇਸ ਪਰਿਵਾਰ ਦੇ ਰੁੱਖ਼ ਬਣਨ ‘ਚ ਅਰਜਣ ਸਿੰਘ ਨੇ ਕਿਸ਼ਨ ਸਿੰਘ, ਸਵਰਨ ਸਿੰਘ ਤੇ ਅਜੀਤ ਸਿੰਘ ਵਰਗੇ ਮਜ਼ਬੂਤ ਤਣਿਆਂ ਵਾਲੇ ਪੁੱਤਰ੍ਹਾਂ ਨੂੰ ਜਨਮ ਦੇ ਕੇ ਬਹਾਰ ਲਿਆਂਦੀ। ਇੱਕ ਵਾਰ ਫਿਰ ਪੰਜਾਬ ਦੀ ਧਰਤੀ ‘ਤੇ ‘ਗੁਰੂ ਗੋਬਿੰਦ ਸਿੰਘ’ ਵਾਂਗ ਪਰਿਵਾਰ ਵਾਰਨ ਵਾਲਾ ਮਰਦ ਅਗੰਬੜਾ ਸ. ਅਰਜਣ ਸਿੰਘ ਪੰਜਾਬ ਦੀ ਧਰਤੀ ਨੂੰ ਮਹਿਕਾ ਰਿਹਾ ਸੀ। ਇਹ ਅਰਜਣ ਸਿੰਘ ਹੀ ਸੀ ਜਿਸ ਨੇ ਦੇਸ਼ ਪਿਆਰ ਦੇ ਮੁੱਢਲੇ ਕਦਮ ਪੁੱਟੇ ਤੇ ਆਉਂਦਿਆਂ ਸਾਲਾਂ ‘ਚ ਉਸਦਾ ਪੋਤਾ ‘ਭਗਤ ਸਿੰਘ’, ਅਰਜਣ ਸਿੰਘ ਦੇ ਜਿਊਦਿਆਂ ਜੀਅ, ਉਸ ਦੇ ਬੂਟੇ ਨੂੰ ਫਲ ਦੇ ਰੂਪ ‘ਚ ਉਹਨਾਂ ਦੇ ਬੁਢਾਪੇ ਦੇ ਸਾਹਮਣੇ, ਹੀ ‘ਇਨਕਲਾਬੀ ਵਿਚਾਰਾਂ’ ਦੀ ਅੱਗ ਨੂੰ ਸਾਰੇ ਭਾਰਤ ਦੇ ਕਰੋੜਾਂ ਕਿਰਤੀ ਵਰਗ ਦੇ ਲੋਕਾਂ ਦੇ ਦਿਲਾਂ ‘ਚ ਲਾ ਕੇ ਖ਼ੁਦ ਸ਼ਹੀਦ ਹੁੰਦਾ ਸਮਾਜ ਨੂੰ ਆਪਣੇ ਕਹੇ ਕਥਨ ਨਾਲ ਸੁਨੇਹਾ ਦਿੰਦਾ ਹੈ ਕਿ “ ਸਭ ਕਿਸੇ ਲਈ ਉਤਸ਼ਾਹਿਤ ਕਰਨ ਵਾਲਾ ਆਦਰਸ਼, ਉਦੇਸ਼ ਲਈ ਮਰਨਾਂ ਨਾ ਹੋ ਕੇ, ਉਦੇਸ਼ ਲਈ ਜਿਊਣਾ ਹੋਣਾ ਚਾਹੀਦਾ ਹੈ।”
ਭਗਤ ਸਿੰਘ ‘ਭਾਰਤ ਮਾਂ’ ‘ਵਿਦਿਆਵਤੀ’ ਦੀ ਕੁੱਖ਼ੋਂ 28 ਸਤੰਬਰ 1907, ਪਿੰਡ ਬੰਗਾਂ, ਚੱਕ ਨੰਬਰ 105 ਜੀ. ਬੀ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ‘ਚ ਜਨਮਿਆ। ਇਨਕਲਾਬੀ ਪਰਿਵਾਰ ‘ਚ ਦੇਸ਼ ਭਗਤੀ ਦੀ ਗੁੜਤੀ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਕੋਲੋਂ ਮਿਲੀ। ਭਗਤ ਸਿੰਘ ਨੇ ਕਦੇ ਆਪਣੇ ਚਾਚੇਆਂ ਨੂੰ ਨਹੀਂ ਦੇਖਿਆ ਕਿਉਕਿ ਇੱਕ ਚਾਚਾ ਅਜੀਤ ਸਿੰਘ ਅੰਗੇ੍ਰਜਾਂ ਵਿਰੁੱਧ ਅਜ਼ਾਦੀ ਦੀ ਲੜਾਈ ਲੜਨ ਕਾਰਨ ਕਦੇ ਦੇਸ਼ ਨਾ ਮੁੜ ਸਕਿਆ ਤੇ ਦੂਜਾ ਚਾਚਾ ਸਵਰਨ ਸਿੰਘ 23 ਸਾਲ ਦੀ ਉਮਰ ‘ਚ ਜੇਲ੍ਹ ਦੇ ਮਾੜੇ ਵਿਵਹਾਰ ਕਾਰਣ ਜੇਲ੍ਹ ‘ਚ ਹੀ ਸ਼ਹੀਦ ਹੋ ਗਏ ਸਨ। ਘਰ ‘ਚ ਚਾਚੀਆਂ ਨੇ ਭਗਤ ਸਿੰਘ ਨੂੰ ਹਮੇਸ਼ਾ ਆਪਣੀ ਜਵਾਨੀ ਦੀ ਪੀੜਾ ਦਾ ਅਹਿਸਾਸ ਕਰਵਾਈ ਰੱਖਿਆ।
“ਮਨੁੱਖ ਪਦਾਰਥਕ ਹਾਲਾਤਾਂ ਦੀ ਉਪਜ ਹੁੰਦਾ ਹੈ।” ਜਰਮਨੀ ਦੇ ਵਿਦਵਾਨ ਕਾਰਲ ਮਾਰਕਸ ਵੱਲੋਂ ਕਹੇ ਇਹ ਸ਼ਬਦ ਸਮਾਜ ਦੀ ਹਰ ਸਥਿਤੀ ‘ਤੇ ਲਾਗੂ ਹੁੰਦੇ ਹਨ ਤੇ ਭਗਤ ਸਿੰਘ ‘ਤੇ ਇਹ ਗੱਲ੍ਹ ਬਾਖ਼ੂਬੀ ਲਾਗੂ ਹੁੰਦੀ ਹੈ ਤਾਂ ਹੀ ਬਚਪਨ ‘ਚ ਖੇਡ-ਖੇਡ ‘ਚ ਖੇਤਾਂ ‘ਚ ਦਮੂਕਾਂ (ਬੰਦੂਕਾਂ) ਬੀਜਣ ਵਾਲਾ ਭਗਤ ਸਿੰਘ, ਜਦੋਂ 23 ਸਾਲ ਦੀ ਉਮਰ ‘ਚ ਭਾਰਤ ਦੇ ਇਨਕਲਾਬ ਦਾ ਨਿਸ਼ਾਨ ਬਣਦਾ ਹੈ ਤਾਂ ਉਹ ਦੁਨੀਆ ਦੇ ਇਨਕਲਾਬਾਂ ਨਾਲ ਸੰਬੰਧਤ ਕਿਤਾਬਾਂ ਨੂੰ ਜੇਲ ‘ਚ ਬੈਠਾ ਪੜ੍ਹ ਕੇ ‘ਪਰਮਗੁਣੀ’ ਬਣਦਾ ਹੈ। ਉਹ ਨਵੇਂ ਵਿਚਾਰ ਨੂੰ ਜਨਮ ਦਿੰਦਾ ਹੈ। ਉਸ ਦੀਆਂ ਕਰਨੀਆਂ, ਕਹਿਣੀਆਂ ਅਤੇ ਲਿਖਤਾਂ ਦਾ ਘੇਰਾ ਬਹੁਤ ਵਿਸ਼ਾਲ, ਬਹੁ-ਦਿਸ਼ਾਵੀ, ਬਹੁ-ਭਾਂਤੀ, ਪਰੰਤੂ ਬਹੁਤ ਗਾੜ੍ਹਾ ਹੈ। ਉਹ ਗੁੰਝਲਾਂ ਬੁਝਣ ਵਾਲਾ ਤੇ ਅਪ੍ਰਤੱਖ ਨੂੰ ਪ੍ਰਤੱਖ ਦਰਸਾਉਣ ਵਾਲਾ ਹੈ। ਉਸ ਦੇ ਪੜਨ ਦੀ, ਮਸਲੇ ਨੂੰ ਜਾਣ ਲੈਣ ਦੀ ਭੁੱਖ ਬਾਰੇ ਉਸ ਨੂੰ ਪੜਨ ਵਾਲੇ ਨੂੰ ਵੀ ਪਤਾ ਲੱਗਦਾ ਹੈ। ਉਸ ਦਾ ਸਾਥੀ ਸ਼ਿਵ ਵਰਮਾ ਲਿਖਦਾ ਹੈ, “ਭਗਤ ਸਿੰਘ ਕਿਤਾਬਾਂ ਪੜ੍ਹਦਾ ਨਹੀਂ, ਸਗੋਂ ਨਿਗਲਦਾ ਸੀ।” ਉਹ ਆਪਣਾ ਮਿਸ਼ਨ ਆਪ ਚੁਣਦਾ ਤੇ ਮਾਰਕਸ ਦੇ ਨੁਕਤੇ “ਦਾਰਸ਼ਨਿਕਾਂ ਨੇ ਵੱਖ-ਵੱਖ ਢੰਗ ਨਾਲ ਦੁਨੀਆ ਦੀ ਕੇਵਲ ਵਿਆਖਿਆ ਕੀਤੀ ਹੈ, ਪਰ ਅਸਲ ਮੁੱਦਾ ਇਸ ਨੁੰ ਬਦਲਣ ਦਾ ਹੈ।” ਤੱਕ ਦੇ ਸਫਰ ‘ਚ ‘ਪਰਮਗੁਣੀ ਭਗਤ ਸਿੰਘ’ ਦੇ ਰੂਪ ‘ਚ ਸਾਡੇ ਸਾਹਮਣੇ ਅੱਜ ਰਾਹ ਦਰਸਾਉਣ ਦਾ ਕੰਮ, ਆਪਣੀਆਂ ਲਿਖਤਾਂ ਰਾਹੀਂ ਬਾਖ਼ੂਬੀ ਕਰਦਾ ਹੈ।ਭਗਤ ਸਿੰਘ ਦੀ ਜ਼ਿੰਦਗੀ ‘ਚ ਘਟਨਾਵਾਂ ਬੜੀ ਤੇਜੀ ਨਾਲ ਵਾਪਰਦਿਆਂ ਹਨ। ਉਸ ਦੀ ਸੋਚ ਅਤੇ ਵਿਚਾਰਧਾਰਾ ਸਦਾ ਨਿਖਾਰ ਵੱਲ ਵਧਦੀ ਗਈ।ਉਸ ਦਾ ਦ੍ਰਿਸ਼ਟੀਕੋਣ ਪਦਾਰਥਵਾਦੀ ਹੈ। ਉਹ ਵਿਕਾਸ ਦੇ ਢੰਗ ‘ਚ ਅਧਿਆਤਮਵਾਦੀ ਨਹੀਂ, ਸਗੋਂ ਅਮਲ ‘ਚ ਵਿਰੋਧਵਿਕਾਸੀ ਹੈ। ਬਚਪਨ ‘ਚ ‘ਕਾਮਾਗਾਟਾਮਾਰੂ ਜਹਾਜ’ ਦੀ ਘਟਨਾਂ, ਗ਼ਦਰੀ ਬਾਬਿਆਂ ਦੇ ‘ਗ਼ਦਰ’ ਦਾ ਫ਼ੇਲ ਹੋਣਾ, ਉਸਨੂੰ ਇਨਕਲਾਬ ਦਾ ਮੁੱਢਲਾ ਗਿਆਨ ਦਿੰਦੇ ਹਨ। ਕਰਤਾਰ ਸਿੰਘ ਸਰਾਭੇ ਨਾਲ ਖੇਡਾਂ ਖੇਡਦੇ ਭਗਤ ਸਿੰਘ ਕੋਲੋਂ ਜਦੋਂ ਗ਼ਦਰ ਕਰਨ ਦੇ ਦੋਸ਼ ‘ਚ ਸਰਾਭੇ ਨੂੰ ਫ਼ਾਂਸੀ ਦੇ ਕੇ ਖੋਹ ਲਿਆ ਗਿਆ ਤਾਂ ਭਗਤ ਸਿੰਘ ਨੇ ਸਰਾਭੇ ਦੀ ਫੋਟੋ ਨੂੰ ਆਪਣੀ ਜੇਬ ਤੇ ਸਰਾਭੇ ਦੁਆਰਾ ਕਹੇ ਬੋਲ: “ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖ਼ੀ,
ਗੱਲਾਂ ਕਰਨੀਆਂ ਢੇਰ ਸੁਖ਼ਲਿਆਂ ਨੇ,
ਜਿੰਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।”
ਨੂੰ ਆਪਣੇ ਮੰਨ ‘ਚ ਸਾਰੀ ਜ਼ਿੰਦਗੀ ਲਈ ਵਸਾਈ ਰੱਖਿਆ।
ਇਸ ਸਮੇਂ ਦੇਸ਼ ਦੀ ਰਾਜਨੀਤਿਕ ਹਾਲਾਤਾਂ ਨੂੰ ਦੇਖਣ-ਪਰਖਣ ਦੇ ਨਾਲ ਨਾਲ ਵਿਸ਼ਵ ਪੱਧਰ ‘ਤੇ ਵੀ ਹਾਲਾਤ ਤੇਜੀ ਨਾਲ ਬਦਲ ਰਹੇ ਸਨ। ਰੂਸ ਨੇ 1917 ‘ਚ ਲੈਨਿਨ ਦੀ ਅਗਵਾਈ ‘ਚ ਮਜ਼ਦੂਰਾਂ-ਕਿਸਾਨਾਂ ਨਾਲ ਮਿਲ ਕੇ ਸਮਾਜਵਾਦ ਇਨਕਲਾਬ ਕੀਤਾ ਤੇ ਉਦੋਂ ਭਗਤ ਸਿੰਘ 10 ਸਾਲਾਂ ਦਾ ਸੀ। ਰੂਸ ‘ਚ ਸ਼ੋਸ਼ਣ ਰਹਿਤ ਸਰਕਾਰ ਸਾਰੀ ਦੁਨੀਆ ਨੂੰ ਇਨਕਲਾਬ ਦਾ ਸੁਨੇਹਾ ਦੇ ਰਹੀ ਸੀ। ਜਥੇਬਮੰਦ ਹੋ ਕੇ ਕਿਰਤੀਆਂ ਦੀ ਰਾਖੀ ਲਈ, ਭਾਰਤ ‘ਚ ਵੀ ਇਸ ਸਮਾਜਵਾਦੀ ਇਨਕਲਾਬ ਦੀ ਚਰਚਾ ਚੱਲਣ ਲੱਗੀ। ਅੰਗਰੇਜਾਂ ਦਾ ਥਾਂ-ਥਾਂ ‘ਤੇ ਵਿਰੋਧ ਹੋਣ ਲੱਗਾ ਤੇ ਵਿਰੋਧ ਦੀ ਰਫ਼ਤਾਰ ਹਰ ਰੋਜ਼ ਤੇਜ਼ ਹੁੰਦੀ ਗਈ। ਇੰਨਾਂ੍ਹ ਆਵਾਜਾਂ ਨੂੰ ਦਬਾਉਨ ਦੇ ਸਿਲਸਿਲੇ ‘ਚ ਹੀ ਅੰਗਰੇਜਾਂ ਨੇ 1919 ‘ਚ ਜਲਿਆਂਵਾਲਾ ਬਾਗ਼ ਦਾ ਹੱਤਿਆਕਾਂਡ ਕੀਤਾ। ਇਸ ਦੇ ਰੋਸ ‘ਚ ਭਗਤ ਸਿੰਘ ਨੇ ਸਮੂਹਿਕ ਤੌਰ ‘ਤੇ ਭਾਰਤ ਦੇ ਲੱਖਾਂ ਲੋਕਾਂ ਨਾਲ 1920 ਦੇ ਨਾ-ਮਿਲਵਰਤਨ ਅੰਦੋਲਨ ‘ਚ ਹਿੱਸਾ ਲਿਆ। ਪਰ 1922 ਦੀ ਚੌਰਾ- ਚੌਰੀ ਦੀ ਘਟਨਾ ਤੋਂ ਬਾਅਦ ਗਾਂਧੀ ਵੱਲੋਂ ਅੰਦੋਲਨ ਵਾਪਸ ਲੈਣ ‘ਤੇ ਭਗਤ ਸਿੰਘ ਦੇ ਮਨ ਨੂੰ ਹਿਲਾਇਆ। ਹੁਣ ਭਗਤ ਸਿੰਘ ਇਹ ਤਾਂ ਸਮਝ ਹੀ ਗਿਆ ਸੀ ਕਿ ਉਸ ਦਾ ਰਸਤਾ ‘ਗਾਂਧੀ ਤੇ ਕਾਂਗਰਸ’ ਦੇ ਅਜਾਦੀ ਪ੍ਰਾਪਤ ਕਰਨ ਦੇ ਰਸਤੇ ਤੋਂ ਵੱਖਰਾ ਸੀ। ਲੋੜ ਹੁਣ ਸਿਰਫ਼ ਇਨਕਲਾਬ ਲਈ ਸਿਧਾਂਤਕ ਸਮਝ ਬਣਾਉਣੀ ਤੇ ਇਨਕਲਾਬ ਲਈ ਸਾਥੀਆਂ ਨੂੰ ਲੱਭਣ ਦੀ ਸੀ।ਭਗਤ ਸਿੰਘ ਦੁਬਾਰਾ ਪੜਾਈ ਸ਼ੁਰੂ ਕਰ ਦਿੰਦਾ ਹੈ। ਲਾਲਾ ਲਾਜਪਤ ਰਾਏ ਵੱਲੋਂ ਚਲਾਏ ਨੈਸ਼ਨਲ ਕਾਲਜ ‘ਚ ਦਾਖਲ ਹੋਣ ਤੋਂ ਪਿੱਛੋਂ ਸੁਖਦੇਵ, ਯਸ਼ਪਾਲ, ਭਗਵਤੀ ਚਰਨ ਵੋਹਰਾ, ਰਾਮ ਕ੍ਰਿਸ਼ਨ ਆਦਿ ਕ੍ਰਾਂਤੀਕਾਰੀ ਸਾਥੀਆਂ ਦਾ ਸਾਥ ਤੇ ਇਤਿਹਾਸ ਦੇ ਪ੍ਰੋਫੈਸਰ ਜੈ ਚੰਦਰ ਵਿਦਿਆਲੰਕਾਰ ਦੇ ਗਿਆਨ ਨੇ ਭਗਤ ਸਿੰਘ ਨੂੰ ਇਨਕਲਾਬੀ ਚਿੰਤਕ ਬਣਨ ‘ਚ ਬਾਖ਼ੂਬੀ ਸਾਥ ਦਿੱਤਾ। ਉਹ ਫ਼ਲਸਫੇ ਨੂੰ ਜਾਨਣ ਲੱਗਾ। ਆਪਣੀ ਲਿਖਤ ‘ਚ ਉਹ ਕਹਿੰਦਾ ਹੈ, “ਜਿਥੇ ਸਿੱਧੇ ਸਬੂਤ ਨਹੀਂ ਮਿਲਦੇ, ਉਥੇ ਫ਼ਲਸਫੇ ਦਾ ਅਹਿਮ ਸਥਾਨ ਹੁੰਦਾ ਹੈ। ਫ਼ਲਸਫਾ ਰਾਹ ਦਰਸਾਉਂਦਾ ਹੈ।” ਹੁਣ ਭਗਤ ਸਿੰਘ ਜਥੇਬੰਦਕ ਸ਼ਬਦ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ੍ਹ ਸਮਝਣ ਲੱਗਾ। ਇਸ ਕਾਰਨ ਹੀ 1926 ‘ਚ ਭਗਵਤੀ ਚਰਨ ਵੋਹਰਾ ਨਾਲ ਮਿਲ ਕੇ ਲਾਹੌਰ ‘ਚ ‘ਨੌਜਵਾਨ ਭਾਰਤ ਸਭਾ’ ਦਾ ਗਠਨ ਕੀਤਾ ਜਿਥੇੇ ਪਹਿਲੀ ਵਾਰ ਦੇਸ਼ ‘ਚ ਸੰਪੂਰਨ ਅਜ਼ਾਦੀ ਦੀ ਮੰਗ ਰੱਖੀ। ਘਰ ਵਾਲੇ ਭਗਤ ਸਿੰਘ ਲਈ ਵਿਆਹ ਦੀਆਂ ਗੱਲਾਂ ਕਰਨ ਲੱਗੇ। ਪਰ ਭਗਤ ਸਿੰਘ ਦੇਸ਼ ‘ਚ ਵਾਪਰਦੇ ਪਦਾਰਥਕ ਹਾਲਾਤਾਂ ‘ਤੇ ਪਕੜ ਮਜਬੂਤ ਕਰਨ ਲਈ ਲਈ ਕਿਤਾਬਾਂ ਨੂੰ ਪੜਦਾ। ਵਿਆਹ ਤੋਂ ਬਚਨ ਲਈ ਭਗਤ ਸਿੰਘ ਬਿਨਾਂ ਕਿਸੇ ਨੂੰ ਦੱਸੇ ਕਾਨਪੁਰ ਚਲਾ ਗਿਆ। ਕੁਝ ਸਮਾਂ ਉਹ ਵਿਦਿਆਰਥੀਆਂ ‘ਚ ਕੰਮ ਕਰਨ ਲਈ ਕਿਸੇ ਸਕੂਲ ‘ਚ ਹੈੱਡਮਾਸਟਰ ਵੀ ਲੱਗਾ। ਪਿਤਾ ਦੀ ਇਨਕਲਾਬੀਆਂ ਨਾਲ ਵਾਕਫ਼ੀ ਹੋਣ ਕਰਕੇ, ਆਖ਼ਰ ਭਗਤ ਸਿੰਘ ਨੂੰ ਲਭ ਲਿਆ। ਮਿੱਤਰ੍ਹਾਂ ਦੇ ਕਹੇ ਭਗਤ ਸਿੰਘ ਘਰ ਆਉਂਦਾ ਤੇ ਬਿਮਾਰ ਦਾਦੀ ਦੀ ਖ਼ੂਬ ਸੇਵਾ ਕਰਦਾ।ਹੁਣ ਤੱਕ ਭਗਤ ਸਿੰਘ ਦੀਆਂ ਕਾਰਵਾਈਆਂ ਦੀਆਂ ਰਿਪੋਰਟਾਂ ਸਰਕਾਰੀ ਅਧਿਕਾਰੀਆਂ ਕੋਲ ਹੋਣ ਕਰਕੇ ਭਗਤ ਸਿੰਘ ਅਫ਼ਸਰਸ਼ਾਹੀ ਦੀ ਨਿਗਾ੍ਹ ‘ਚ ਸੀ। 1927 ‘ਚ ਦੁਸ਼ਹਿਰੇ ਬੰਬ ਕਾਂਡ ਦੇ ਝੂਠੇ ਦੋਸ਼ ‘ਚ ਪੁਲਸ ਨੇ ਭਗਤ ਸਿੰਘ ਨੂੰ ਫੜ ਲਿਆ ਤੇ ਕੈਦੀ ਬਣਾਉਣ ਲਈ ਪੂਰੀ ਵਾਹ ਲਗਾਈ। ਗ੍ਰਹਿ ਵਿਭਾਗ ਨੇ ਫਾਈਲ ਨੰਬਰ 130 ਦੇ ਪੰਨਾ ਨੰਬਰ 5 ‘ਚ ਦਰਜ ਕੀਤਾ, “ਭਗਤ ਸਿੰਘ ਹੀ ‘ਨੌਜਵਾਨ ਭਾਰਤ ਸਭਾ’ ਦਾ ਦਿਲ ਤੇ ਦਿਮਾਗ ਹੈ।” ਭਗਤ ਸਿੰਘ ਦੀ ਜੇਲ੍ਹ ‘ਚ ਮੰਝੇ ਵਾਲੀ ਫੋਟੋ ਇਸੇ ਸਮੇਂ ਦੀ ਹੈ।ਐਚ.ਆਰ.ਏ (ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ) ਦੇ ਮੈਂਬਰਾਂ ਨੇ ਸ਼ੁਰੂ-ਸ਼ੁਰੂ ‘ਚ ਰੂਸ ਦੇ ਇਨਕਲਾਬੀ ‘ਬਾਕੁਨਿਨ’ ਦੇ ਪ੍ਰਭਾਵ ‘ਚ ਕੰਮ ਕੀਤਾ, ਜਿਸ ਦਾ ਭਗਤ ਸਿੰਘ ਵੀ ਮੈਂਬਰ ਸੀ। ਭਗਤ ਸਿੰਘ ਦੀ ਜਮਾਤੀ ਚੇਤਨਤਾ ਉਸ ਦੀ ਹਰ ਇੱਕ ਕਾਰਵਾਈ ‘ਚ ਝਲਕਣ ਲੱਗ ਪਈ ਸੀ। ਉਹ ਭਾਰਤੀ ਪ੍ਰੋਲੇਤਾਰੀ ਨੂੰ ਨੇੜਿਓਂ ਸਮਝਣ ਲੱਗਾ। ਉਹ ਸਮਾਜ ਦੀ ਚਿੰਤਾ ਕਰਦਾ ਆਪਣੀ ਲਿਖਤਾਂ ‘ਚ ਲਿਖਦਾ ਹੈ, “ਸੱਭਿਅਤਾ ਦਾ ਮਹਾਨ ਢਾਂਚਾ ਜੇ ਵੇਲੇ ਸਿਰ ਨਾ ਸੰਭਾਲਿਆ ਗਿਆ ਤਾਂ ਢਹਿ ਢੇਰੀ ਹੋ ਜਾਵੇਗਾ। ਇਸ ਲਈ ਬੁਨਿਆਦੀ ਤਬਦੀਲੀ ਦੀ ਲੋੜ ਹੈ।” ਇਸ ਤਬਦੀਲੀ ਲਈ ਉਸ ਨੇ ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਮ ਸਮਾਜਵਾਦੀ ਸਮਝ ਨਾਲ ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, (ਐਚ.ਐਸ.ਆਰ.ਏ) ਰੱਖਣ ਦਾ ਪ੍ਰਸਤਾਵ ਪੇਸ਼ ਕੀਤਾ। ਜਿਸ ਨੂੰ ਸਮਾਜਵਾਦ ਦੀ ਸਮਝ ਨਾਲ ਸਭ ਨੇ ਪ੍ਰਵਾਨ ਕੀਤਾ। ਜਥੇਬੰਦਕ ਚੇਤਨਾ ਦਾ ਸਬੂਤ ਦਿੰਦਿਆਂ ਹੀ 1928 ‘ਚ ਭਗਤ ਸਿੰਘ ਨੇ ‘ਨੌਜਵਾਨ ਭਾਰਤ ਸਭਾ’ ਨਾਲ ‘ਵਿਦਿਆਰਥੀ ਸਪਤਾਹ’ ਮਨਾਇਆ ਤੇ ‘ਨੌਜਵਾਨ ਭਾਰਤ ਸਭਾ’ ਦੀ ‘ਲਾਹੌਰ ਵਿਦਿਆਰਥੀ ਯੂਨੀਅਨ’ ਦੀ ਸਥਾਪਨਾ ਕੀਤੀ। ਜਿਸ ਦਾ ਨਿਰੋਲ ਕੰਮ ਸ਼ਾਂਤੀ ਨਾਲ ਵਿਦਿਆਰਥੀਆਂ ‘ਚ ਕੰਮ ਕਰਨਾ ਸੀ। ਹਿੰਦੋਸਤਾਨ ਸ਼ੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਸਾਈਮਨ ਕਮਿਸ਼ਨ ਦਾ ਲਾਲਾ ਲਾਜਪਤ ਰਾਏ ਨਾਲ ਮਿਲ ਕੇ ਵਿਰੋਧ ਕੀਤਾ। ਜਿਸ ਦੇ ਲਾਠੀਚਾਰਜ ‘ਚ ਲਾਲਾ ਜੀ ਦੀ ਮੌਤ ਹੋ ਗਈ। ਐਚ.ਐਸ.ਆਰ.ਏ ਨੇ ਦੇਸ਼ ਦੀ ਇਜ਼ਤ ਲਈ ਸਾਂਡਰਸ ਨੂੰ ਮਾਰ ਦਿੱਤਾ। ਭਗਤ ਸਿੰਘ, ਰਾਜਗੁਰੂ, ਜੈ ਗੋਪਾਲ, ਚੰਦਰ ਸ਼ੇਖਰ ਆਜ਼ਾਰ ਤੇ ਸੁਖਦੇਵ ਨੇ ਸਾਂਝੇ ਐਕਸ਼ਨ ‘ਚ ਅੰਜਾਮ ਦਿੱਤਾ। ਉਹ ਖੂਨ ਖਰਾਬਾ ਕਰਨ ਦਾ ਵਿਰੋਧ ਕਰਦਾ ਸੀ। ਹਿੰਸਾ ਬਾਰੇ ਭਗਤ ਸਿੰਘ ਲਿਖਦਾ ਹੈ, “ ਦਹਿਸ਼ਤਗਰਦੀ ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿੱਚ ਗਹਿਰੇ ਨਾ ਜਾਣ ਬਾਰੇ ਇੱਕ ਪਛਤਾਵਾ ਹੈ। ਇਸ ਤਰ੍ਹਾਂ ਇਹ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ। ……. ਹਰ ਦੇਸ਼ ਦੇ ਵਿੱਚ ਇਸ ਦਾ ਇਤਿਹਾਸ ਨਾਕਾਮਯਾਬੀ ਦਾ ਇਤਿਹਾਸ ਹੈ। ……ਹਾਰ ਦਾ ਬੀਜ ਇਸ ਦੇ ਅੰਦਰ ਹੀ ਉਗਰਿਆ ਹੋਇਆ ਹੁੰਦਾ ਹੈ। ……. ਮੈਂ ਦਹਿਸ਼ਤ ਪਸੰਦ ਨਹੀਂ ਹਾਂ। ਮੈਂ ਇੱਕ ਇਨਕਲਾਬੀ ਹਾਂ।” ਅੰਗਰੇਜ਼ਾਂ ਨੇ ਦੇਸ਼ ‘ਚ ਲੋਕਾਂ ਦੀ ਆਵਾਜ ਨੂੰ ਦਬਾਉਣ ਲਈ ਪਾਰਲੀਮੈਂਟ ‘ਚ ਦੋ ਕਾਲੇ ਕਾਨੂੰਨ ‘ਪਬਲਿਕ ਸੇਫ਼ਟੀ ਬਿੱਲ’ ਤੇ ‘ਟਰੇਡ ਡਿਸਪਿਊਟ ਬਿੱਲ’ ਪਾਸ ਕਰਨ ਦਾ ਫੈਂਸਲਾ ਕੀਤਾ। ਭਗਤ ਸਿੰਘ ਵਿਚਾਰਕ ਪੱਖ ਤੋਂ ਮਜਬੂਤ ਹੋਣ ਕਰਕੇ ਅਸੈਂਬਲੀ ‘ਚ ਫ਼ਰਾਂਸ ਦੇ ਇਨਕਲਾਬੀ ‘ਬੇਲਾ’ ਦੇ ਵਾਂਗ ਦੇਸ਼ ਦੀ ਅਦਾਲਤ ਨੂੰ ਸਮਾਜਵਾਦੀ ਇਨਕਲਾਬੀ ਵਿਚਾਰਾਂ ਦੇ ਖਿਲਾਰ ਲਈ ਮੰਚ ਦੇ ਤੌਰ ‘ਤੇ ਵਰਤਨ ਬਾਰੇ ਸੋਚਦਾ। ਉਹ ‘ਬੇਲਾ’ ਦੇ ਵਿਚਾਰ ਤੋਂ ਬਹੁਤ ਪ੍ਰਭਾਵਿਤ ਸੀ। ਉਸ ਦੇ ਕੰਨਾਂ ‘ਚ ਬੇਲਾ ਦਾ ਅਦਾਲਤੀ ਬਿਆਨ ਹਮੇਸ਼ਾ ਗੂੰਜਦਾ ਰਹਿੰਦਾ: “ਮੈਂ ਮਜ਼ਦੂਰਾਂ ਦੇ ਮੁਜਾਹਰੇ ਕੀਤੇ, ਮੀਟਿੰਗਾਂ ਕੀਤੀਆਂ, ਬਿਆਨ ਦਿੱਤੇ ਪਰ ਸਰਕਾਰ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ।ਮੈਂ ਇਹ ਵੇਖ ਰਿਹਾ ਸੀ ਕਿ ਫਰਾਂਸੀਸੀ ਸਮਾਜ ਇੱਕ ਅਜਿਹੇ ਜਵਾਲਾਮੁਖੀ ਦੇ ਮੁਹਾਣੇ ‘ਤੇ ਬੈਠਾ ਹੈ, ਜਿਹੜਾ ਫੁੱਟ ਹੀ ਪੈਣਾ ਚਾਹੁੰਦਾ ਹੈ। ਇਸ ਬਾਰੇ ਇਹ ਸੋਚ ਕੇ ਕਿ ਇਸ ਬੌਲੇ੍ਹ ਸਮਾਜ ਨੂੰ ਜਗਾਉਣ ਲਈ ਇੱਕ ਉੱਚੀ ਅਵਾਜ ਦੀ ਲੋੜ ਹੁੰਦੀ ਹੈ, ਮੈਂ ਅਸੈਂਬਲੀ ‘ਚ ਬੰਬ ਧਮਾਕਾ ਕੀਤਾ। ਮੈਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ। ਅਦਾਲਤ ਮੈਨੂੰ ਜਿਹੜੀ ਸਜ਼ਾ ਦੇਵੇਗੀ, ਮੈਂ ਉਸ ਨੂੰ ਖਿੜੇ ਮੱਥੇ ਖੁਸ਼ੀ-ਖੁਸ਼ੀ ਪ੍ਰਵਾਨ ਕਰਾਂਗਾ।”ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਲੋਕਾਂ ‘ਚ ਆਜਾਦੀ ਦੀ ਤੜਪ ਵਧਾਉਣ ਲਈ 8 ਅਪ੍ਰੈਲ 1929 ਨੂੰ 12:30 ਮਿੰਟ ‘ਤੇ ਅਸੈਂਬਲੀ ‘ਚ ਦੋ ਬੰਬ ਸੁੱਟੇ ਤੇ ਮਕਸਰ ਤੋਂ ਜਾਣੂ ਕਰਵਾਉਣ ਲਈ ‘ਇਨਕਲਾਬ-ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਪਰਚੇ ਸੁੱਟੇ ਤੇ ਗ੍ਰਿਫਤਾਰੀਆਂ ਦਿੱਤੀਆਂ। ਥੋੜੇ੍ਹ ਸਮੇਂ ‘ਚ ਹੀ ਐਚ.ਐਸ.ਆਰ.ਏ ਜਿਆਦਾਤਰ ਸਰਗਰਮੀਏ ਫੜੇ ਗਏ। ਅਦਾਲਤਾਂ ‘ਚ ਕੇਸਾਂ ਦੀ ਸੁਣਵਾਈ ਦਾ ਝੂਠਾ ਖ਼ੇਲ ਖੇਡਿਆ ਗਿਆ। ਇਨਕਲਾਬੀਆਂ ਨੇ ਬੇਲਾ ਵਾਂਗੂ ਅਦਾਲਤ ਦੇ ਮੰਚ ਨੂੰ ਵਰਤਿਆ। ਨਾਲ ਹੀ 15 ਮਈ 1929 ਤੋਂ ਜੇਲ੍ਹ ਸੁਧਾਰਾਂ ਲਈ ਅੰਦੋਲਨ ਆਰੰਭਿਆ। ਜਬਰੀ ਭੁੱਖ ਹੜਤਾਲ ਤੜਵਾਉਣ ਲਈ ਬੁਰੀ ਤਰ੍ਹਾਂ੍ਹ ਕੁੱਟਣ, ਪਾਣੀ ਦੀ ਥਾਂ ਦੁੱਧ ਰੱਖਣ ਤੋਂ ਲੈ ਕੇ ਨਾਸਾਂ ਰਾਹੀਂ ਦੁੱਧ ਪਾਉਣ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ। ਪਰ ਅਸੂਲਾਂ ਦੇ ਪਿਆਰਿਆਂ ਨੇ ਸਿਧਾਂਤ ਦਾ ਲੜ ਨਾ ਛੱਡਿਆ। 116 ਦਿਨਾਂ ਦੀ ਹੜਤਾਲ ਤੋਂ ਬਾਅਦ ਆਖਰ ਅੰਗਰੇਜਾਂ ਦੇ ਗੋਢੇ ਲੱਗ ਗਏ। ਲੋਕਾਂ ‘ਚ ਜੋਸ਼ ਭਰ ਗਿਆ ਤੇ ਹਰ ਥਾਂ ਭਗਤ ਸਿੰਘ ਵੱਲੋਂ ਫੈਲਾਇਆ ਇਨਕਲਾਬ ਦਾ ਨਾਅਰਾ ਗੂੰਜਣ ਲੱਗਾ। ਭਗਤ ਸਿੰਘ ਇਨਕਲਾਬ ਦੇ ਨਾਅਰੇ ਬਾਰੇ ਲਿਖਦਾ ਹੈ, “ਤੁਸੀਂ ‘ਇਨਕਲਾਬ-ਜਿੰਦਾਬਾਦ’ ਦੇ ਨਾਅਰੇ ਲਗਾਉਂਦੇ ਹੋ। ਮੈਂ ਇਹ ਮੰਨ ਕੇ ਤੁਰਦਾਂ ਹਾਂ ਕਿ ਤੁਸੀਂ ਇਸ ਦੇ ਮਤਲਬ ਸਮਝਦੇ ਹੋ। ਅਸੈਂਬਲੀ ਬੰਬ ਕੇਸ ਵਿੱਚ ਦਿੱਤੀ ਗਈ ਸਾਡੀ ਪਰਿਭਾਸ਼ਾ ਮੁਤਾਬਿਕ, ਇਨਕਲਾਬ ਦਾ ਭਾਵ ਮੌਜੂਦਾ ਸਮਾਜਕ ਢਾਂਚੇ ਦੀ ਤਬਦੀਲੀ ਅਤੇ ਸਮਾਜਵਾਦ ਦੀ ਸਥਾਪਤੀ ਹੈ। ਇਸ ਮੰਤਵ ਲਈ ਸਾਡਾ ਫੌਰੀ ਆਸ਼ਾ, ਤਾਕਤ ਹਾਸਲ ਕਰਨਾ ਹੈ। ਅਸਲ ਵਿੱਚ ‘ਰਿਆਸਤ’ ਯਾਨੀ ਸਰਕਾਰੀ ਮਸ਼ੀਨਰੀ ਰਾਜ ਕਰਦੀ ਜਮਾਤ ਦੇ ਹੱਥਾਂ ਵਿੱਚ, ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਹੋਰ ਅੱਗੇ ਵਧਾਉਣ ਦਾ ਸੰਦ ਹੀ ਹੈ। ਅਸੀਂ ਇਸ ਸੰਦ ਨੂੰ ਖੋਹ ਕੇ ਆਪਣੇ ਆਦਰਸ਼ਾਂ ਦੀ ਪੂਰਤੀ ਲਈ ਵਰਤਣਾ ਚਾਹੁੰਦੇ ਹਾਂ। ਸਾਡੇ ਆਦਰਸ਼ ਹਨ ਸਮਾਜਿਕ ਸਿਰਜਣਾ ਨਵੇਂ ਢੰਗ ਨਾਲ, ਯਾਨੀ ਕਿ ‘ਮਾਰਕਸੀ ਢੰਗ’ ਤਰੀਕੇ ਉੱਤੇ। ਇਸੇ ਮੰਤਵ ਲਈ ਅਸੀਂ ਸਰਕਾਰੀ ਮਸ਼ੀਨਰੀ ਨੂੰ ਵਰਤਣਾ ਚਾਹੁੰਦੇ ਹਾਂ। ਲਗਾਤਾਰ ਜਨਤਾ ਨੂੰ ਸਿੱਖਿਆ ਦਿੰਦੇ ਰਹਿਣਾ ਹੈ ਤਾਂ ਕਿ ਆਪਣੇ ਸਮਾਜਿਕ ਪ੍ਰੋਗਰਾਮ ਦੀ ਪੂਰਤੀ ਲਈ ਇੱਕ ਸੁਖਾਵਾਂ ਅਤੇ ਅਨੁਕੂਲ ਵਾਤਾਵਰਨ ਬਣਾਇਆ ਜਾ ਸਕੇ। ਅਸੀਂ ਉਨ੍ਹਾਂ ਨੂੰ ਘੋਲਾਂ ਦੇ ਦੌਰਾਨ ਹੀ ਵਧੀਆ ਟ੍ਰੇਨਿੰਗ ਅਤੇ ਵਿੱਦਿਆ ਦੇ ਸਕਦੇ ਹਾਂ।ਮੁਕੱਦਮਾ ਚਲਦਾ ਗਿਆ। 1 ਮਈ 1930 ਲਾਹੌਰ ਸ਼ਾਜਸ਼ ਕੇਸ ਲਈ ਤੇ 7 ਅਕਤੂਬਰ 1930 ਨੂੰ ਵਿਸ਼ੇਸ਼ ਟ੍ਰਿਬੂਨਲ ਨੇ ਆਪਣੇ 68 ਪੰਨਿਆਂ ‘ਚ ਭਗਤ ਸਿੰਘ, ਰਾਜਗੁਗੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਸੈਂਬਲੀ ਬੰਬ ‘ਚ ਪਹਿਲਾਂ ਹੀ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੂੰ ਉਮਰ ਕੈਦ ਸੁਣਾਈ ਜਾ ਚੁੱਕੀ ਸੀ। ਭਗਤ ਸਿੰਘ ਲਿਖਦਾ ਹੈ, “ ਇਨਸਾਨੀ ਉਨੱਤੀ ਦਾ ਲਾਜ਼ਮੀ ਅਸੂਲ ਹੈ ਕਿ ਪੁਰਾਣੀ ਚੀਜ਼, ਨਵੀਂ ਚੀਜ਼ ਲਈ ਥਾਂ ਖਾਲੀ ਕਰਦੀ ਜਾਵੇ।”ਦੁਰਗਾ ਦਾਸ ਲਾਈਬ੍ਰੇਰੀ ‘ਚੋਂ ਲੱਗੀ ਪੜਨ ਦੀ ਅੱਗ ਜੇਲ੍ਹ ‘ਚ ਲਾਟਾਂ ਦੇ ਰੂਪ ‘ਚ ਬਲੀ। ਭਗਤ ਸਿੰਘ ਨੇ ਜੇਲ੍ਹ ‘ਚ ਚਾਰਲਸ ਡਿਕਨਜ਼, ਲੈਨਿਨ, ਸਟਾਲਿਨ, ਬਾਕੁਨਿਨ, ਟੇਮੋਰ, ਸਚਿੰਦਰ ਨਾਥ ਸਾਨਿਆਲ, ਰੀਡਰ, ਕਾਰਲ ਮਾਰਕਸ, ਗੋਰਕੀ ਆਦਿ ਨੂੰ ਚੰਗੀ ਤਰ੍ਹਾਂ ਪੜਿਆ।ਭਗਤ ਸਿੰਘ ਨੇ ਕਾਰਲ ਮਾਰਕਸ ਦੀ ‘ਪੂੰਜੀ’, ‘ਕਮਿਊਨਿਸਟ ਮੈਨੀਫੈਸਟੋ ਦੀ ਭੂਮਿਕਾ’, ਏਂਗਲਜ ਦੀ ‘ਪਰਿਵਾਰ ਨਿੱਜੀ ਜਾਇਦਾਦ’ ਤੇ ‘ਰਾਜ ਦੀ ਉਤਪਤੀ’, ਲੈਨਿਨ ਦੀ ‘ਰਾਜ ਅਤੇ ਕ੍ਰਾਂਤੀ’ ਨੂੰ ਚੰਗੀ ਤਰ੍ਹਾਂ ਪੜਿਆ। (ਵੇਖੋ- ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਡਾਇਰੀ)
ਆਪਣੀਆਂ ਲਿਖਤਾਂ ‘ਚ ਨੌਜਵਾਨਾਂ ਦੇ ਨਾਮ ਸੁਨੇਹੇ ‘ਚ ਭਗਤ ਸਿੰਘ ਸਾਨੂੰ ਕਹਿੰਦਾ ਹੈ-ਭਗਤ ਸਿੰਘ ਲਿਖਦਾ ਹੈ, “ਮੈਂ ਇੱਕ ਕ੍ਰਾਂਤੀਕਾਰੀ ਹਾਂ, ਜਿਸ ਦੇ ਕੁਝ ਨਿਸ਼ਚਿਤ ਵਿਚਾਰ ਹਨ, ਇੰਨਾਂ੍ਹ ਵਿਚਾਰਾਂ ਤੇ ਆਦਰਸ਼ਾਂ ਨਾਮ ਬੱਝਾ ਹੋਇਆ ਲੰਬਾ ਪ੍ਰੋਗਰਾਮ ਹੈ। …… ਕ੍ਰਾਂਤੀ ਲਈ ਖੂਨੀ ਲੜਾਈ ਲੜਨੀਆਂ ਤੇ ਹਿੰਸਾ ਪੈਦਾ ਕਰਨ ਦੀ ਖ਼ਾਸ ਜਰੂਰਤ ਨਹੀਂ ਹੁੰਦੀ, ਬੰਬ ਤੇ ਪਿਸਤੋਲ ਦੀ ਵੀ ਨਹੀਂ। ਕ੍ਰਾਂਤੀ ਤੋਂ ਸਾਡਾ ਮਤਲਬ ਵੱਖ-ਵੱਖ ਵਰਗਾਂ ਦੇ ਸਮਾਜ ਵਿੱਚ ਅਮਲੀ ਪਰਿਵਰਤਨ ਤੋਂ ਹੈ। ਕ੍ਰਾਂਤੀ ਤੋਂ ਸਾਡਾ ਮਤਲਬ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਹੈ, ਜੋ ਇਸ ਤਰ੍ਹਾਂ੍ਹ ਦੇ ਸੰਕਟਾਂ ਤੋਂ ਲੋਕਾਂ ਨੂੰ ਮੁਕਤ ਕਰੇ। ਜਿਵੇਂ ਸ਼ੋਸ਼ਣ, ਪੀੜਾ, ਦਰਿੱਦਰਤਾ ਨਾ-ਬਰਾਬਰੀ, ਗਰੀਬੀ।”ਉਹ ਨੌਜਵਾਨਾਂ ਨੂੰ ਕਹਿੰਦਾ “ਇਸ ਸਮੇਂ ਅਸੀ ਨੌਜਵਾਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਬੰਬ ਤੇ ਪਿਸਤੌਲ ਚੁੱਕਣ। ਅੱਜ ਵਿਦਿਆਰਥੀਆਂ ਦੇ ਸਾਹਮਣੇ ਇਸ ਤੋਂ ਵੀ ਮਹੱਤਵਪੂਰਨ ਕੰਮ ਹੈ। ਨੌਜਵਾਨਾਂ ਨੂੰ ਕ੍ਰਾਂਤੀ ਦਾ ਇਹ ਸੰਦੇਸ਼ ਦੇਸ਼ ਦੇ ਕੋਨੇ-ਕੋਨੇ ‘ਚ ਪਹੁੰਚਾਉਣਾ ਹੈ, ਫੈਕਟਰੀਆਂ ਕਾਰਖ਼ਾਨਿਆਂ ‘ਚ ਤੇ ਪਿੰਡਾਂ ਦੀਆਂ ਖ਼ਸਤਾ ਝੋਂਪੜਿਆਂ ‘ਚ ਰਹਿਣ ਵਾਲੇ ਕਰੋੜਾਂ ਲੋਕਾਂ ‘ਚ, ਇਸ ਕ੍ਰਾਂਤੀ ਦੀ ਅੱਗ ਜਗਾਉਣੀ ਹੈ। ਜਿਸ ਨਾਲ ਅਜ਼ਾਦੀ ਆਵੇਗੀ ਤੇ ਇੱਕ ਮਨੁੱਖ ਹੱਥੋਂ ਦੂਜੇ ਮਨੁੱਖ ਦਾ ਸ਼ੋਸ਼ਣ ਖਤਮ ਹੋਵੇ।”ਕਿਸਾਨਾਂ ਤੇ ਮਜ਼ਦੂਰਾਂ ਬਾਰੇ ਭਗਤ ਸਿੰਘ ਲਿਖਦਾ ਹੈ, “ਪਿੰਡਾਂ ਤੇ ਕਾਰਖਾਨਿਆਂ ਦੇ ਕਿਸਾਨ ਤੇ ਮਜ਼ਦੂਰ ਹੀ ਅਸਲੀ ਕ੍ਰਾਂਤੀਕਾਰੀ ਸੈਨਿਕ ਹਨ। ਕਾਂ੍ਰਤੀ ਰਾਸ਼ਟਰੀ ਹੋਵੇ ਜਾਂ ਸਮਾਜਵਾਦੀ, ਜਿੰਨਾਂ ਸ਼ਕਤੀਆਂ ‘ਤੇ ਅਸੀਂ ਨਿਰਭਰ ਹੋ ਸਕਦੇ ਹਾਂ, ਉਹ ਕਿਸਾਨ ਤੇ ਮਜ਼ਦੂਰ ਹਨ।”ਫ਼ਾਂਸੀ ਤੋਂ ਇੱਕ ਦਿਨ ਪਹਿਲਾਂ, 23 ਮਾਰਚ 1931 ਨੂੰ ਲਾਹੌਰ ਦੇ ਬਜਾਰਾਂ ‘ਚ ਰੂਸ ਦੇ ਇਨਕਲਾਬੀ ਲੈਨਿਨ ਦੇ ਜੀਵਨ ਸੰਘਰਸ਼ ਦੀ ਜੀਵਨੀ ਦੀ ਕਿਤਾਬ ਮਿਲ ਰਹੀ ਸੀ। ਸਵੇਰ ਦੀ ਅਖ਼ਬਾਰ ‘ਚ ਕਿਤਾਬ ਦੇ ਇਸ਼ਤਿਹਾਰ ਬਾਰੇ ਪੜਦਾ ਭਗਤ ਸਿੰਘ ਉਸੇ ਸਮੇਂ ਪ੍ਰਾਣਨਾਥ ਕੋਲੋਂ ਪੱਤਰ ਲਿਖ ਕੇ ਕਿਤਾਬ ਮੰਗਵਾਉਂਦਾ ਹੈ। ਸਰਕਾਰ ਭਗਤ ਸਿੰਘ ਦੀ ਪ੍ਰਸਿੱਧਤਾ ਤੇ ਲੋਕਾਂ ਦੇ ਵਿਦਰੋਹ ਦੇ ਡਰ ਕਰਕੇ ਫ਼ਾਂਸੀ ਦੇ ਲਈ 24 ਮਾਰਚ ਦੇ ਮੁਕਰਰ ਦਿਨ ਦੀ ਥਾਂ ਸਾਰੇ ਕਾਨੂੰਨਾਂ ਨੂੰ ਛਿੱਕੇ ਢੰਗ ਕੇ 23 ਮਾਰਚ ਨੂੰ ਇਤਿਹਾਸ ਦੀ ਚਾਲ ਨੂੰ ਤੇਜ਼ ਕਰਨ ਦਾ ਕੰਮ ਕਰਨ ਲਈ ਫ਼ਾਂਸੀ ਦਾ ਪ੍ਰਬੰਧ ਕਰਦੀ ਹੈ। ਲਾਹੌਰ ਜੇਲ੍ਹ ਦੀ 14 ਨੰਬਰ ਕੋਠੀ ‘ਚ ਬੈਠਾ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ, ਜਦ ਜੇਲਰ ਭਗਤ ਸਿੰਘ ਨੂੰ ਕਹਿੰਦਾ ਕਿ ਫ਼ਾਂਸੀ ਦਾ ਸਮਾਂ ਹੋ ਗਿਆ ਹੈ ਤਾਂ ਭਗਤ ਸਿੰਘ ਕਹਿੰਦਾ, “ਦੋ ਮਿੰਟ ਜੇਲਰ ਸਾਹਿਬ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।” ਇੰਨਾਂ ਕਹਿੰਦਾ ਭਗਤ ਸਿੰਘ ਕਿਤਾਬ ਦਾ ਪੰਨਾਂ, ਆੳਣ ਵਾਲਿਆਂ ਨਸਲਾਂ ਦੇ ਲਈ ਮੋੜਦਾ ਸਾਡੇ ਜਿੰਮੇ ਸਮਾਜਵਾਦ ਦੀ ਸਥਾਪਤੀ ਦਾ ਕੰਮ ਸੌਂਪ ਕੇ 7 ਵੱਜ ਕੇ 33 ਮਿੰਟ ‘ਤੇ ਵਿਦਾ ਹੋ ਜਾਂਦਾ ਹੈ। ਉਸ ਦੀਆਂ ਲਿਖਤਾਂ, ਐਨਰਜੀ ਦੇ ਸਿਧਾਂਤਕ ਰੂਪ ‘ਚ ਸਾਰੀ ਦੁਨੀਆਂ ਦੇ ਕਿਰਤੀਆਂ ਲਈ ਰਾਹ ਦਰਸਾਉਂਦਾ ਦਾ ਕੰਮ ਕਰ ਰਹੀਆਂ ਹਨ।ਭਗਤ ਸਿੰਘ ਦੇ ਬੋਲ, “ਵਿਅਕਤੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਵਿਚਾਰਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਇਤਿਹਾਸ ਇਸ ਗੱਲ਼੍ਹ ਦਾ ਗਵਾਹ ਹੈ ਕਿ ਸਮਾਜ ਵਿੱਚ ਉੱਠਣ ਵਾਲੇ ਇਨਕਲਾਬੀ ਵਿਚਾਰਾਂ ਨੂੰ ਹਾਕਮਾਂ ਦੇ ਜਬਰੋ-ਜ਼ੁਲਮ ਨਾਲ ਨਹੀਂ ਰੋਕਿਆ ਜਾ ਸਕਿਆ।” ਭਗਤ ਸਿੰਘ ਦੀਆਂ ਲਿਖਤਾਂ ਸੱਚਮੁੱਚ ਹੀ ਦੁਨੀਆ ਦੇ ਸਰਮਾਏਦਾਰੀ ਪ੍ਰਬੰਧ ਦੇ ਖ਼ਾਤਮੇ ਤੇ ਸਮਾਜਵਾਦ ਦੀ ਸਥਾਪਤੀ ਦਾ ਰਾਹ ਦਰਸਾਉਂਦੀਆਂ ਹਨ। ਉਸ ਨੇ ਕਿਹਾ ਸੀ, “ਇਨਕਲਾਬ, ਹੁਣ ਭਵਿੱਖਬਾਣੀ ਜਾਂ ਸੰਭਾਵਨਾ ਨਹੀਂ, ਸਗੋਂ ਅਮਲੀ ਰਾਜਨੀਤੀ ਹੈ, ਜਿਸ ਨੂੰ ਸੋਚੀ ਸਮਝੀ ਯੋਜਨਾ ਅਤੇ ਬੇਤਰਸ ਅਮਲ ਰਾਂਹੀਂ ਕਾਮਯਾਬ ਕੀਤਾ ਜਾ ਸਕਦਾ ਹੈ। ਇਸ ਦੇ ਪਹਿਲੂਆਂ ਤੇ ਤਤਪਰਤਾ ਬਤਰੇ, ਇਸ ਦੇ ਤਰੀਕੇ ਬਾਰੇ ਕੋਈ ਵਿਚਾਰਧਾਰਕ ਉਲਝਣ ਨਹੀਂ ਹੋਣੀ ਚਾਹੀਦੀ ਹੈ।” ਅੱਜ ਲ਼ੋੜ ਹੈ ਨੌਜਵਾਨਾਂ ਨੂੰ ਭਗਤ ਸਿੰਘ ਵਾਂਗ ਪੜ੍ਹ ਕੇ ਚਿੰਤਕ ਬਣਨ ਦੀ ਕਿਉਂਕਿ ਭਾਰਤੀ ਕਿਰਤੀਆਂ ਦੀਆਂ ਮਾਂਵਾਂ ਅੱਜ ਵੀ ਭਗਤ ਸਿੰਘ ਜੰਮਦਿਆਂ ਹਨ। ਲੋੜ ਸਿਰਫ਼ ਆਪਣੇ ਅੰਦਰ ਝਾਤੀ ਮਾਰਨ ਦੀ ਹੈ।ਸੰਪਰਕ: +91 75080 53857