ਕਿੱਧਰ ਗਈ ਬੱਚਿਆਂ ਦੀ ਮਾਸੂਮੀਅਤ? - ਸੰਤੋਖ ਸਿੰਘ ਭਾਣਾ
Posted on:- 11-09-2015
ਅੱਜ ਟੀ.ਵੀ ਸੰਸਕ੍ਰਿਤੀ ਨੇ ਹਰੇਕ ਘਰ `ਚ ਘੁਸਪੈਠ ਕਰ ਲਈ ਹੈ।ਸਾਡੇ ਛੋਟੇ ਛੋਟੇ ਬੱਚਿਆਂ ਦੇ ਚਿਹਰਿਆ `ਤੋਂ ਮਾਸੂਮੀਅਤ ਮਿਟਦੀ ਜਾ ਰਹੀ ਹੈ। ਉਹ ਉਨ੍ਹਾਂ ਗੱਲਾਂ ਨੂੰ ਸਿੱਖ ਰਹੇ ਹਨ ਜੋ ਉਨਾਂ ਦੇ ਦਿਮਾਗ ਉੱਤੇ ਅਜਿਹਾ ਡੂੰਘਾ ਪ੍ਰਭਾਵ ਪਾ ਰਹੀਆਂ ਹਨ ਜੋ ਉਨ੍ਹਾਂ ਦੀ ਸਮਝ ਤੋਂ ਪਰ੍ਹੇ ਹਨ। ਜਿਸਦੇ ਸਿੱਟੇ ਵਜੋਂ, ਮਨੋਵਿਗਿਆਨੀਆਂ ਦੇ ਕਹਿਣ ਅਨੁਸਾਰ,ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਮਾਨਸਿਕ ਰੋਗ ਹੁੰਦੇ ਜਾ ਰਹੇ ਹਨ, ਜਿਵੇਂ ਭੈ-ਭੀਤ ਹੋ ਜਾਣਾ, ਭਮੱਤਰ ਜਾਣਾ, ਬਿਸਤਰੇ `ਤੇ ਪਿਸ਼ਾਬ ਨਿਕਲ ਜਾਣਾ, ਮਾਨਸਿਕ ਸੰਤੁਲਤ ਵਿਗੜ ਜਾਣਾ, ਦੌਰੇ ਪੈਣਾ ਪੜ੍ਹਾਈ `ਚ ਰੁਚੀ ਨਾ ਰਹਿਣਾ, ਖੇਡਣ-ਕੁੱਦਣ `ਚ ਦਿਲਚਸਪੀ ਨਾ ਲੈਣਾ ਆਦਿ।
ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੰਦਰੁਸਤ ਰਹਿਣ, ਸਹੀ ਢੰਗ ਨਾਲ ਵਿਕਸਿਤ ਹੋਣ ਤਾ ਪਹਿਲਾਂ ਸਾਨੂੰ ਆਪਣੇ ਆਪ `ਤੇ ਕਾਬੂ ਰੱਖਣਾ ਪਵੇਗਾ। ਇਹ ਜੋ ਤੁਸੀਂ ਕੰਮ ਤੋਂ ਆਉਂਦਿਆਂ ਹੀ ਟੀ.ਵੀ ਖੋਲ੍ਹਕੇ ਅਰਾਮ ਕਰਨ ਲਈ ਬਹਿ ਜਾਂਦੇ ਹੋ ਅਤੇ ਸੋਚਦੇ ਹੋ ਕਿ ਸਾਡੇ ਦਿਮਾਗ ਉੱਤੇ ਕੰਮ ਦਾ ਜਿਹੜਾ ਬੋਝ ਹੈ ਉਹ ਟੀ.ਵੀ ਉੱਤੇ ਕੋਈ ਮੰਨਰੋਜਨ ਫਿਲਮ ਵੱਖਕੇ ਦੂਰ ਹੋ ਜਾਵੇਗਾ ਤਾਂ ਇਹ ਪੂਰੀ ਤਰ੍ਹਾਂ ਇਸ ਲਈ ਗਲਤ ਹੈ ਕਿ ਅੱਜ ਦੀਆਂ ਫਿਲਮਾਂ ਵਿੱਚ ਸੈਕਸ ਅਤੇ ਹਿੰਸਾ ਦੋ ਹੀ ਪ੍ਰਮੁੱਖ ਵਿਸ਼ੇ ਹਨ। ਹਾਸਾ-ਮਜ਼ਾਕ ਵੀ ਬਹੁਤ ਫੂਹੜ ਕਿਸਮ ਦਾ ਹੁੰਦਾ ਹੈ।
ਬੱਚਿਆ ਨੂੰ ਕਿਹੜੀ ਚੀਜ਼ ਵਿਖਾਈ ਜਾਵੇ ਕਿਹੜੀ ਨਹੀਂ, ਇਸ ਬਾਰੇ ਸੋਚਣਾ ਪਵੇਗਾ ਨਹੀਂ ਤਾਂ ਤੁਹਾਡਾ ਸਾਰਾ ਹੀ ਪਰਿਵਾਰ ਸੰਵੇਦਨਹੀਂਣਤਾ ਅਤੇ ਭਾਵਨਾਤਮਕ ਸੰਬੰਧਾਂ ਤੋਂ ਹੀਣਾ ਹੋ ਜਾਵੇਗਾ। ਬੱਸ ਤਿੰਨ ਗੱਲਾਂ ਰਹਿ ਜਾਣਗੀਆਂ , ਸੈਕਸ, ਹਿੰਸਾ ਅਤੇ ਧਨ-ਦੌਲਤ ਦੀ ਲਾਲਸਾ। ਇਸ ਤੋਂ ਅੱਗੇ ਬੱਸ ਕੁਝ ਨਹੀਂ ਹੋਵੇਗਾ।ਅੱਜ ਸਾਡੇ ਪਿੰਡ ਵੀ ਇਸ ਤੋਂ ਬਚ ਨਹੀਂ ਸਕੇ। ਕੇਬਲ ਟੀ.ਵੀ ਅਤੇ ਇੰਨਟਰਨੈਟ ਰਾਹੀਂ ਤੁਸੀਂ ਪੂਰੇ ਸੰਸਾਰ `ਚ ਹੋਣ ਵਾਲੇ ਕਿਸੇ ਵੀ ਪ੍ਰਸਾਰਣ ਨੂੰ ਝੱਟ-ਪੱਟ ਵੱਖ ਸਕਦੇ ਹੋ। ਸਾਡੇ ਬੱਚੇ ਇੱਕਲੇ ਬੈਠੇ ਇੰਨਰਨੈੱਟ ਤੇ ਕੀ ਵੇਖ ਰਹੇ ਹਨ? ਇਸ ਵੱਲ ਅਸੀ ਕਦੇ ਧਿਆਨ ਹੀ ਨਹੀਂ ਦਿੰਦੇ । ਇਹ ਸਾਡੀ ਸੱਭਿਅਤਾ ਉੱਤੇ ਪੱਛਮ ਦਾ ਸਿੱਧਾ ਹਮਲਾ ਹੈ।ਜੇਕਰ ਇਸ ਉੱਤੇ ਵੇਲਾ ਰਹਿੰਦਿਆਂ ਕਾਬੂ ਨਾ ਪਾਇਆ ਗਿਆ ,ਤਾਂ ਸਾਡੀ ਪ੍ਰਾਚੀਨ ਸੰਸਕ੍ਰਿਤੀ , ਜਿਹੜੀ ਅਨੇਕਾਂ ਭਿਆਨਕ ਹਮਲਿਆਂ ਦ ਬਾਵਜੂਦ ਜਿਉਂਦੀ ਰਹੀ, ਅਨੇਕਾਂ ਅੱਤਿਆਚਾਰਾਂ ਅਤੇ ਜ਼ਖਮਾਂ ਨੂੰ ਸਹਿਣ ਕਰਨ ਯੋਗ ਰਹੀ, ਹੁਣ ਖਤਮ ਹੋਣ ਦੇ ਕੰਢੇ ਪਹੁੰਚ ਜਾਵੇਗੀ। ਅਸੀਂ ਪੱਛਮੀ ਸੱਭਿਅਤਾ ਨਕਲ ਬਣਕੇ ਰਹਿ ਜਾਵਾਂਗੇ।
ਜੇਕਰ ਅਸੀ ਵੱਡੇ ਸ਼ਹਿਰਾਂ ਦੇ ਕਾਲਜਾਂ `ਚ ਜਾ ਕੇ ਆਪਣੇ ਬੱਚਿਆਂ ਦੇ ਪਹਿਰਾਵੇ ਨੂੰ ਵੇਖੀਏ,ਉਨ੍ਹਾਂ ਦੀ ਗੱਲਬਾਤ ਨੂੰ ਸੁਣੀਏ ਤਾ ਇਹ ਵਿਸ਼ਵਾਸ ਈ ਨਹੀਂ ਹੁੰਦਾ ਕਿ ਕੀ ਇਹ ਭਾਰਤੀ ਨੌਜੁਆਨ ਹੀ ਹਨ ? ਕਲੱਬਾਂ ਹੋਟਲਾਂ ਦੀ ਜਿੰਦਗੀ ਨੂੰ ਵੇਖੋਗੇ ਤਾਂ ਲੱਗੇਗਾ ਕਿ ਅਸੀਂ ਭਾਰਤ `ਚ ਨਹੀਂ ਕਿਸੇ ਯੂਰਪੀਨ ਦੇਸ਼ `ਚ ਰਹਿ ਰਹੇ ਹਾਂ।
ਤੁਸੀਂ ਆਪਣੇ ਆਪ ਨੂੰ ਹਾਲਾਤ ਅਤੇ ਸਮੇਂ ਅਨੁਸਾਰ ਬਦਲੋ ਜ਼ਰੂਰ ਪਰ ਆਪਣੀ ਸੰਸਕ੍ਰਿਤੀ ਨੂੰ ਨਾ ਬਦਲੋ।ਸਾਡਾ ਚੱਰਿੱਤਰ, ਵਿਚਾਰ-ਵਿਹਾਰ, ਪਰੰਪਰਾ ਅਤੇ ਆਸਥਾ ਕਦੇ ਵੀ ਖਤਮ ਨਹੀਂ ਹੋਣੇ ਚਾਹੀਦੇ। ਆਪਣੇ ਬਜ਼ੁਰਗਾਂ ਕੋਲੋਂ ਜਿਹੜੀ ਅਮਾਨਤ ਸਾਨੂੰ ਵਿਰਾਸਤ `ਚ ਮਿਲੀ ਹੈ, ਉਸ ਉੱਤੇ ਪੂਰਨ ਵਿਸ਼ਵਾਸ ਰੱਖਕੇ, ਉਸਦੀ ਸੁਰੱਖਿਆ ਕਰਨੀ ਚਾਹੀਦੀ ਹੈ। ਉਸਨੂੰ ਜੇਕਰ ਅਸੀ ਮੁੱਢੋਂ ਈ ਨਕਾਰ ਦੇਵਾਂਗੇ ਤਾ ਫਿਰ ਸਾਡੇ ਕੋਲ ਬਚੇਗਾ ਕੀ ? ਅਸੀਂ ਇਸ ਸੰਸਾਰ`ਚ ਇੰਜ ਹੋ ਜਾਵਾਂਗੇ ਜਿਵੇਂ ਤੇਜ਼ ਤੂਫਾਨ ਤੋਂ ਬਾਅਦ ਏਧਰ ਓਧਰ ਉੱਡਦੇ ਫਿਰਦੇ ਅਵਾਰਾ ਪੱਤੇ। ਸੰਪਰਕ: +91 98152 96475