ਉਸਨੇ ਮਿਹਨਤ ਨਾਲ ਐਨੀ ਸਫ਼ਲਤਾ ਪ੍ਰਾਪਤ ਕੀਤੀ ਕਿ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਉਸ ਦੀ ਮਿਸਾਲ ਦਿਆ ਕਰਦੇ ਸਨ ਕਿਉਂਕਿ ਮਿਹਨਤ ਨਾਲ ਉਸ ਕੋਲ ਪੈਸਾ, ਐਸ਼ੋ-ਆਰਾਮ ਤੇ ਨੌਕਰ-ਚਾਕਰ ਸਨ। ਕਾਮਯਾਬੀ ਹਾਸਲ ਕਰਨ ਉਪਰੰਤ ਵੀ ਉਹ ਹੰਕਾਰ ਤੋਂ ਦੂਰ ਰਿਹਾ। ਸਹਿਜਵੀਰ ਦੇ ਮਨ ਵਿੱਚ ਗਰੀਬਾਂ ਪ੍ਰਤੀ ਬਹੁਤ ਪਿਆਰ ਸੀ। ਉਹ ਹਮੇਸ਼ਾਂ ਚਾਹੁੰਦਾ ਸੀ ਕਿ ਉਹ ਆਪਣਾ ਵਿਆਹ ਕਿਸੇ ਗਰੀਬ ਘਰ ਦੀ ਲੜਕੀ ਨਾਲ ਕਰਵਾਏਗਾ।
ਇੱਕ ਦਿਨ ਸਹਿਜਵੀਰ ਕਮਰੇ ਚ ਆਰਾਮ ਕਰ ਰਿਹਾ ਸੀ। ਅੱਖ ਲਗਦੇ ਹੀ ਦਰਵਾਜ਼ੇ ਤੋਂ ਠੱਕ ਠੱਕ ਹੁੰਦੀ ਹੈ ਤੇ ਝੱਟ ਉੱਠ ਬੈਠਦਾ ਹੈ। ਉਸਦੇ ਪਿਤਾ ਜੀ ਕੋਲ ਆ ਕੇ ਕਹਿਣ ਲੱਗੇ,“ ਬੇਟਾ ਮੇਰੇ ਮਿੱਤਰ ਦੀ ਇੱਕ ਲੜਕੀ ਹੈ ਜੇ ਤੂੰ ਆਖੇਂ ਤਾਂ ਵਿਆਹ ਲਈ ਗੱਲ ਅੱਗੇ ਵਧਾਈਏ।“ ਸਹਿਜਵੀਰ ਕਹਿੰਦਾ ਹੈ,“ ਜਿਵੇਂ ਤੁਹਾਨੂੰ ਠੀਕ ਲੱਗੇ।“ ਸਮਾਂ ਪੈ ਕੇ ਸਹਿਜਵੀਰ ਦਾ ਵਿਆਹ ਓਹੀ ਕੁੜੀ (ਨਵਨੀਤ) ਨਾਲ ਹੋ ਜਾਂਦਾ ਹੈ। ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦੇ ਹਨ। ਸਹਿਜਵੀਰ ਸਮਾਜ ਸੇਵੀ ਬਣ ਚੁੱਕਾ ਸੀ ਉਹ ਲੋੜਵੰਦਾ ਦੀ ਮੱਦਦ ਕਰਦਾ ਰਹਿੰਦਾ। ਜਾਸਮੀਨ ਲੋੜਵੰਦਾਂ ਨੂੰ ਮਦਦ ਦਿਲਾਉਣ ਲਈ ਉਸ ਕੋਲ ਲੈਕੇ ਆਇਆ ਕਰਦੇ ਸੀ। ਉਹ ਉਸੇ ਪਿੰਡ ਦੀ ਕੁੜੀ ਸੀ।
ਜਾਸਮੀਨ ਖੂਬਸੂਰਤ, ਚੁਸਤ-ਚਾਲਾਕ ਅਤੇ ਬੜੇ ਤਿੱਖੇ ਸੁਭਾ ਵਾਲੀ ਲੜਕੀ ਸੀ। ਸਹਿਜਵੀਰ ਦੀ ਦੌਲਤ ਹਥਿਆਉਣ ਲਈ ਜਾਸਮੀਨ ਨੇ ਹੌਲੀ ਹੌਲੀ ਉਸਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਲਿਆ ਅਤੇ ਉਸਦੇ ਪੈਸੇ ਨਾਲ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਣ ਲੱਗੀ। ਮੁਫ਼ਤ ਦੀ ਮਾਇਆ ਆਉਣ ਕਾਰਨ ਜਾਸਮੀਨ ਨੇ ਆਪਣੀਆਂ ਲੋੜਾਂ ਕਾਫ਼ੀ ਵਧਾ ਲਈਆਂ। ਸਹਿਜਵੀਰ, ਜਾਸਮੀਨ ਦੇ ਜਾਲ ਵਿੱਚ ਫ਼ਸ ਕੇ ਆਪਣਾ ਸਭ ਕੁੱਝ ਲੁਟਾ ਬੈਠਾ। ਆਖੀਰ ਨੌਬਤ ਇਹ ਆ ਗਈ ਕਿ ਉਸਨੂੰ ਆਪਣਾ ਘਰ ਵੀ ਗਹਿਣੇ ਰੱਖਣਾ ਪੈ ਗਿਆ। ਪਰਿਵਾਰ ਸਮੇਤ ਬੇ-ਘਰਾ ਹੋ ਕਿ ਸੜਕ ਤੇ ਆ ਗਿਆ।
ਸਹਿਜਵੀਰ ਪਰਿਵਾਰ ਸਮੇਤ ਕੁਝ ਲੋੜਵੰਦ ਚੀਜ਼ਾਂ ਲੈ ਕੇ ਕਾਰ ਚ ਬੈਠ ਜਾਂਦਾ ਹੈ। ਉਹ ਨਵੀਂ ਰਿਹਾਇਸ਼ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ। ਜਾਂਦਾ ਹੋਇਆ ਆਪਣੇ ਮਨ ਵਿੱਚ ਪਛਤਾਵਾ ਕਰ ਰਿਹਾ ਸੀ ਕਿ ਇੱਕ ਕੁੜੀ ਦੇ ਝੂਠੇ ਪਿਆਰ ਵਿੱਚ ਫਸ ਕੇ ਉਹ ਆਪਣੇ ਪਰਿਵਾਰ ਦੀ ਬਰਬਾਦੀ ਦਾ ਕਾਰਨ ਬਣਿਆ। ਸੋਚਦਾ ਹੈ ਪਰ “ਹੁਣ ਪਛਤਾਉਣ ਦਾ ਕੀ ਫਾਇਦਾ, ਜਦ ਚਿੜੀਆ ਚੁਗ ਗਈ ਖੇਤ“ ਭੁੱਬਾਂ ਮਾਰ ਕੇ ਆਸਮਾਨ ਵੱਲ ਵੇਖਣ ਲਗਦਾ ਹੈ।
ਅਚਾਨਕ ਮੌਸਮ ਖ਼ਰਾਬ ਹੋ ਗਿਆ। ਤੇਜ਼ ਹਵਾਵਾਂ ਅਤੇ ਮੀਂਹ ਕਾਫੀ ਤੇਜ਼ ਹੋ ਚੁੱਕਾ ਸੀ। ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇੱਕ ਦਰਖ਼ਤ ਵਿੱਚ ਜਾ ਵੱਜੀ ਅਤੇ ਫਰੰਟ ਸ਼ੀਸ਼ਾ ਟੁੱਟ ਗਿਆ।
ਇੱਕ ਦਮ ਸਹਿਜਵੀਰ ਦੀ ਅੱਖ ਖੁੱਲਦੀ ਹੈ ਤੇ ਪਸੀਨੇ ਪਸੀਨੇ ਹੋਇਆ ਬਿਸਤ ਤੋਂ ਉੱਠ ਕੇ ਵੇਖਦਾ ਹੈ ਕਿ ਇਹ ਸਭ ਕੁਝ ਇੱਕ ਸੁਪਣੇ ਵਿੱਚ ਹੋ ਗਿਆ ਸੀ। ਕਮਰੇ ਵਿੱਚ ਚਾਰੇ ਪਾਸੇ ਨਿਗਾਹ ਮਾਰ ਕੇ ਆਪਣੇ ਆਪ ਨੂੰ ਤੱਸਲੀ ਦਿੰਦਾ ਹੈ ਕਿ ਸਭ ਕੁਝ ਠੀਕ ਠਾਕ ਹੈ।
ਦਰਵਾਜ਼ੇ ਤੇ ਫਿਰ ਠਕ ਠਕ ਹੁੰਦੀ ਹੈ। ਉਸਦੇ ਪਿਤਾ ਜੀ ਆ ਕੇ ਪੁੱਛਦੇ ਹਨ ਕਿ ,“ਮੇਰੇ ਮਿੱਤਰ ਦੀ ਇੱਕ ਸੁੰਦਰ ਕੁੜੀ ਹੈ ਜੇ ਤੈਨੂੰ ਠੀਕ ਲੱਗੇ ਤਾਂ ਦੱਸ ਤੇਰਾ ਵਿਆਹ ਕਰ ਦੇਈਏ?“ ਸਹਿਜਵੀਰ ਇੱਛਾ ਪ੍ਰਗਟਾਉਂਦਾ ਹੈ, “ਮੈਂ ਕਿਸੇ ਗਰੀਬ ਘਰ ਦੀ ਲੜਕੀ ਨਾਲ ਸ਼ਾਦੀ ਕਰਾਉਣਾ ਚਾਹੁੰਦਾ ਹਾਂ ਜੇ ਤੁਹਾਡੀ ਨਿਗਾਹ ਵਿੱਚ ਹੋਵੇ ਤਾਂ ਵੇਖ ਲਵੋ, ਨਾਲੇ ਆਪਣੇ ਪਿਤਾ ਨੂੰ ਆਪਣੇ ਦੋਸਤ ‘ਸਰਬਜੀਤ‘ ਦੀ ਭੈਣ ‘ਸਿਮਰਨ‘ ਬਾਰੇ ਦੱਸਦਾ ਹੈ। ਸਿਮਰਨ ਅਪਾਹਜ ਹੋਣ ਦੇ ਬਾਵਜੂਦ ਸੁੰਦਰ, ਹੋਣਹਾਰ, ਸੁਸ਼ੀਲ ਹੈ। ਉਸ ਕੋਲ ਕਈ ਵਿਸ਼ਵ ਪੱਧਰ ਦੀਆਂ ਪ੍ਰਾਪਤੀਆਂ ਹਨ। ਉਹ ਇੱਕ ਸਫ਼ਲ ਅਤੇ ਪ੍ਰਸਿੱਧ ਲੇਖਕ ਵੀ ਹੈ। ਮੈਂ ਉਸ ਨੂੰ ਪਸੰਦ ਵੀ ਕਰਦਾ ਹਾਂ।“ ਉਸ ਦੇ ਪਿਤਾ ਜੀ ਕਹਿੰਦੇ ਹਨ,“ਬੇਟੇ ਜੇ ਤੂੰ ਸਿਮਰਨ ਨਾਲ ਵਿਆਹ ਕਰਵਾ ਕੇ ਖ਼ੁਸ਼ ਹੈ ਤਾਂ ਅਸੀਂ ਵੀ ਤੇਰੇ ਨਾਲ ਹਾਂ।“
ਸੰਪਰਕ: +91 95929 01529