Thu, 21 November 2024
Your Visitor Number :-   7254456
SuhisaverSuhisaver Suhisaver

ਮੈਨੂੰ ਇਕ ਅਧਿਆਪਕ ਵਜੋਂ ਯਾਦ ਰੱਖਿਆ ਜਾਵੇ: ਅਬਦੁਲ ਕਲਾਮ

Posted on:- 26-08-2015

suhisaver

-ਹਰਗੁਣਪ੍ਰੀਤ ਸਿੰਘ
            
ਭਾਰਤ ਦੇ 11 ਵੇਂ ਰਾਸ਼ਟਰਪਤੀ ਡਾ. ਅਵੁਲ ਪਾਕਿਰ ਜੈਨੁਲਾਬਦੀਨ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਤਾਮਿਲਨਾਡੂ ਦੇ ਧਨੁਸ਼ਕੋਡੀ ਪਿੰਡ ਵਿੱਚ ਇਕ ਮੱਧਵਰਗੀ ਪਰਿਵਾਰ ਵਿੱਚ ਹੋਇਆ।ਅਬਦੁਲ ਕਲਾਮ ਦੇ ਪਿਤਾ ਜੈਨੁਲਾਬਦੀਨ ਇਕ ਗਰੀਬ ਮਲਾਹ ਸਨ ਜੋ ਬਹੁਤਾ ਪੜ੍ਹੇ-ਲਿਖੇ ਨਹੀਂ ਸਨ, ਪਰੰਤੂ ਬੜੇ ਨੇਕ ਦਿਲ ਅਤੇ ਸ਼ਰੀਫ਼ ਇਨਸਾਨ ਸਨ।ਉਨ੍ਹਾਂ ਵੱਲੋਂ ਦਿੱਤੇ ਗਏ ਉੱਚੇ-ਸੁੱਚੇ ਸੰਸਕਾਰਾਂ ਨੇ ਹੀ ਆਪ ਦੇ ਆਚਾਰ-ਵਿਹਾਰ ਉਤੇ ਬਹੁਤ ਗਹਿਰਾ ਪ੍ਰਭਾਵ ਪਾਇਆ।ਕਲਾਮ ਆਪਣੇ ਪੰਜ ਭਰਾਵਾਂ ਅਤੇ ਪੰਜ ਭੈਣਾਂ ਨਾਲ ਤਿੰਨ ਪਰਿਵਾਰਾਂ ਵਾਲੇ ਇਕ ਵੱਡੇ ਅਤੇ ਸੰਯੁਕਤ ਪਰਿਵਾਰ ਵਿਚ ਰਹਿੰਦੇ ਸਨ।ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੀ ਪੰਚਾਇਤੀ ਪਾਠਸ਼ਾਲਾ ਵਿਚ ਹਾਸਲ ਕੀਤੀ।ਆਪ ਬਹੁਤ ਮਿਹਨਤੀ ਵਿਦਿਆਰਥੀ ਸਨ ਜਿਨ੍ਹਾਂ ਦੀ ਗਣਿਤ ਵਿਚ ਵਿਸ਼ੇਸ਼ ਰੁਚੀ ਸੀ।ਆਪ ਦਾ ਵਿਦਿਆਰਥੀ ਜੀਵਨ ਬਹੁਤ ਮੁਸ਼ਕਿਲਾਂ ਭਰਿਆ ਰਿਹਾ ਕਿਉਂਕਿ ਅੱਠ ਸਾਲ ਦੀ ਛੋਟੀ ਉਮਰ ਵਿਚ ਹੀ ਆਪਣੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਨ੍ਹਾਂ ਨੂੰ ਤੜਕੇ ਉੱਠ ਕੇ ਅਖ਼ਬਾਰ ਵੰਡਣ ਦਾ ਕੰਮ ਵੀ ਕਰਨਾ ਪੈਂਦਾ ਸੀ।

ਕਲਾਮ ਸ਼ੁਰੂ ਤੋਂ ਹੀ ਪਾਇਲਟ ਬਣਨ ਦੇ ਚਾਹਵਾਨ ਸਨ ਜਿਸ ਲਈ ਉਨ੍ਹਾਂ ਨੇ ਏਅਰੋਨਾਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕੀਤੀ ਸੀ।ਉਨ੍ਹਾਂ ਨੇ ਹਵਾਈ ਫ਼ੌਜ ਵਿਚ ਭਰਤੀ ਹੋਣ ਦੀ ਕੋਸ਼ਿਸ਼ ਤਾਂ ਕੀਤੀ ਪਰ ਅੱਠ ਉਮੀਦਵਾਰਾਂ ਦੀ ਚੋਣ ਲਈ ਹੋਈ ਪ੍ਰੀਖਿਆ ਵਿਚ ਉਨ੍ਹਾਂ ਨੂੰ ਨੌਵਾਂ ਸਥਾਨ ਮਿਲਿਆ ਜਿਸ ਕਰਕੇ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਾ ਹੋਇਆ।ਪਰੰਤੂ ਆਪ ਨਿਰਾਸ਼ ਨਾ ਹੋਏ ਅਤੇ ਲਗਾਤਾਰ ਮਿਹਨਤ ਕਰਦੇ ਰਹੇ।ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਤੋਂ ਫ਼ਿਜ਼ਿਕਸ ਵਿਚ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।


ਫ਼ਿਰ ਸੰਨ 1960 ਵਿੱਚ ਮਦਰਾਸ ਇੰਸਟੀਚਿਊਟ ਆਫ ਟੇਕਨੋਲਜੀ ਤੋਂ ਆਕਾਸ਼ ਵਿਗਿਆਨ ਵਿਚ ਡਿਗਰੀ ਪ੍ਰਾਪਤ ਕੀਤੀ।ਉਨ੍ਹਾਂ ਨੇ ਕੁਝ ਦੇਰ ਮਸ਼ਹੂਰ ਅੰਤਰਿਕਸ਼ ਵਿਗਿਆਨੀ ਵਿਕਰਮ ਸਾਰਾਭਾਈ ਦੀ ਯੋਗ ਅਗਵਾਈ ਵਿਚ ਵੀ ਕੰਮ ਕੀਤਾ।ਸੰਨ 1969 ਵਿੱਚ ਉਹ ਇੰਡੀਅਨ ਸਪੇਸ ਰਿਸਰਚ ਐਸੋਸੀਏਸ਼ਨ ਵਿੱਚ ਆਏ ਜਿੱਥੇ ਉਨ੍ਹਾਂ ਨੇ ਭਾਰਤ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ‘ਐਸਐਲਵੀ-3’ ਯਾਨ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਜਿਸਦੇ ਫ਼ਲਸਰੂਪ ਜੁਲਾਈ 1980 ਵਿੱਚ ‘ਰੋਹਿਣੀ’ ਉਪਗ੍ਰਹਿ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।ਉਨ੍ਹਾਂ ਨੇ ਕਈ ਮਿਸਾਈਲਾਂ ਖਾਸ ਕਰਕੇ ‘ਅਗਨੀ’ ਅਤੇ ‘ਪ੍ਰਿਥਵੀ’ ਬਣਾਉਣ ਵਿਚ ਵਡਮੁੱਲਾ ਯੋਗਦਾਨ ਪਾਇਆ।ਉਹ ਸੰਨ 1992 ਤੋਂ 1999 ਤੱਕ ਪ੍ਰਧਾਨ ਮੰਤਰੀ ਦੇ ਮੁੱਖ ਵਿਗਿਆਨੀ ਸਲਾਹਕਾਰ ਰਹੇ ਅਤੇ ਇਸੇ ਸਮੇਂ ਦੌਰਾਨ ਪੋਖਰਨ-2 ਦੇ ਪ੍ਰਮਾਣੂ ਤਜ਼ਰਬਿਆਂ ਵਿਚ ਵੀ ਉਨ੍ਹਾਂ ਨੇ ਬਹੁਤ ਮਹੱਤਵਪੂਰਨ ਰੋਲ ਨਿਭਾਇਆ।

ਕਲਾਮ 25 ਜੁਲਾਈ 2002 ਨੂੰ ਰਾਸ਼ਟਰਪਤੀ ਚੋਣਾਂ ਜਿੱਤ ਕੇ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ।ਆਪਣੇ ਸਿਆਸੀ ਰੁਝੇਵਿਆਂ ਦੇ ਬਾਵਜੂਦ ਵੀ ਉਹ ਰਾਸ਼ਟਰਪਤੀ ਭਵਨ ਵਿਖੇ ਆਮ ਲੋਕਾਂ ਅਤੇ ਖਾਸ ਕਰ ਬੱਚਿਆਂ ਨੂੰ ਮਿਲਣ ਲਈ ਸਮਾਂ ਕੱਢ ਹੀ ਲੈਂਦੇ ਸਨ।ਉਹ ਜਦੋਂ ਵੀ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਤਾਂ ਉਨ੍ਹਾਂ ਨੂੰ ਹਮੇਸ਼ਾ ਇਕਾਗਰਤਾ ਨਾਲ ਅੱਗੇ ਵੱਧਣ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਸਨ।ਉਨ੍ਹਾਂ ਦਾ ਮੰਨਣਾ ਸੀ ਕਿ ਸਾਨੂੰ ਮੁਸੀਬਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਸਾਹਮਣਾ ਕਰਨ ਸਮੇਂ ਹੀ ਸਾਨੂੰ ਆਪਣੇ ਅੰਦਰਲੀ ਛੁਪੀ ਪ੍ਰਤਿਭਾ ਅਤੇ ਸ਼ਕਤੀ ਦਾ ਅਹਿਸਾਸ ਹੁੰਦਾ ਹੈ।ਉਨ੍ਹਾਂ ਮੁਤਾਬਿਕ ਸਵੈ ਵਿਸ਼ਵਾਸ ਅਤੇ ਮਿਹਨਤ ਰੂਪੀ ਦਵਾਈ ਹੀ ਅਸਫ਼ਲਤਾ ਰੂਪੀ ਬੀਮਾਰੀ ਨੂੰ ਖਤਮ ਕਰ ਸਕਦੀ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਜੇ ਅਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹਾਂ ਤਾਂ ਸਾਨੂੰ ਸੂਰਜ ਵਾਂਗ ਸੇਕ ਵਿਚ ਜਲਣਾ ਵੀ ਆਉਣਾ ਚਾਹੀਦਾ ਹੈ ਭਾਵ ਸਫ਼ਲਤਾ ਹਾਸਲ ਕਰਨ ਲਈ ਅਣਥੱਕ ਮਿਹਨਤ ਵੀ ਕਰਨੀ ਆਉਣੀ ਚਾਹੀਦੀ ਹੈ।ਉਨ੍ਹਾਂ ਅਨੁਸਾਰ ਅਸਲੀ ਸੁਪਨੇ ਉਹ ਨਹੀਂ ਹੁੰਦੇ ਜੋ ਸੁੱਤੇ ਹੋਏ ਦੇਖੇ ਜਾਂਦੇ ਹਨ ਬਲਕਿ ਖੁੱਲ੍ਹੀਆਂ ਅੱਖਾਂ ਨਾਲ ਨੀਂਦ ਤਿਆਗ ਕੇ ਵੇਖੇ ਗਏ ਸੁਪਨੇ ਹੀ ਇਨਸਾਨ ਨੂੰ ਮੰਜ਼ਿਲ ਉਤੇ ਪਹੁੰਚਾਉਂਦੇ ਹਨ।ਉਨ੍ਹਾਂ ਦਾ ਅਧਿਆਪਕਾਂ ਨੂੰ ਇਹ ਸੰਦੇਸ਼ ਸੀ ਕਿ ਉਹ ਵਿਦਿਆਰਥੀਆਂ ਵਿਚ ਰਚਨਾਤਮਕ ਰੁਚੀਆਂ ਪੈਦਾ ਕਰਨ ਕਿਉਂਕਿ ਰਚਨਾਤਮਕਤਾ ਅਤੇ ਨਵੀਂ ਸੋਚ ਨਾਲ ਹੀ ਹਰ ਖੇਤਰ ਵਿਚ ਵਿਕਾਸ ਸੰਭਵ ਹੋ ਸਕਦਾ ਹੈ।

ਉਨ੍ਹਾਂ ਦੇ ਜੀਵਨ ਦੀ ਖਾਸ ਗੱਲ ਇਹ ਰਹੀ ਕਿ ਉਨ੍ਹਾਂ ਦੀ ਸੰਪੂਰਨ ਪੜ੍ਹਾਈ ਭਾਰਤ ਦੇ ਹੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਹੋਈ।ਡਾ. ਕਲਾਮ ਦੇ ਪ੍ਰੇਰਨਾਮਈ ਵਿਚਾਰ ਨਾ ਕੇਵਲ ਵਿਦਿਆਰਥੀਆਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਲਿਆਉਂਦੇ ਹਨ ਬਲਕਿ ਅਧਿਆਪਕਾਂ ਵਿਚ ਵੀ ਆਪਣੇ ਫ਼ਰਜ਼ਾਂ ਨੂੰ ਪਛਾਣਨ ਲਈ ਪ੍ਰੇਰਿਤ ਕਰਦੇ ਹਨ।ਉਨ੍ਹਾਂ ਨੂੰ ਜਦੋਂ ਇਕ ਵਾਰ ਪੁੱਛਿਆ ਗਿਆ ਕਿ ਉਹ ਆਪਣੇ ਆਪ ਨੂੰ ‘ਮਿਸਾਈਲ ਮੈਨ’, ‘ਲੋਕਾਂ ਦੇ ਰਾਸ਼ਟਰਪਤੀ’, ‘ਭਾਰਤ ਰਤਨ,’ ‘ਮਹਾਨ ਵਿਗਿਆਨੀ’ ਜਾਂ ਹੋਰ ਕਿਹੜੇ ਨਾਂ ਨਾਲ ਸੰਬੋਧਨ ਹੋਣਾ ਪਸੰਦ ਕਰਨਗੇ ਤਾਂ ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਅਧਿਆਪਕ ਦੇ ਤੌਰ ਉਤੇ ਯਾਦ ਕੀਤਾ ਜਾਣਾ ਚਾਹੀਦਾ ਹੈ।ਉਹ ਆਪਣੇ ਭਾਸ਼ਣਾਂ ਵਿਚ ਅਕਸਰ ਆਪਣੇ ਅਧਿਆਪਕਾਂ ਦਾ ਜ਼ਿਕਰ ਕਰਕੇ ਉਨ੍ਹਾਂ ਨੂੰ ਸਤਿਕਾਰ ਦਿੰਦੇ ਰਹਿੰਦੇ ਸਨ।ਉਹ ਕਹਿੰਦੇ ਸਨ ਕਿ ਅਧਿਆਪਨ ਸਭ ਤੋਂ ਮਹਾਨ, ਰੋਚਕ ਅਤੇ ਚੁਣੌਤੀਪੂਰਨ ਕਿੱਤਾ ਹੈ ਅਤੇ ਪਰਮਾਤਮਾ ਨੇ ਕੁਝ ਮਹਾਨ ਅਧਿਆਪਕਾਂ ਜ਼ਰੀਏ ਹੀ ਉਨ੍ਹਾਂ ਉਤੇ ਬਖਸ਼ਿਸ਼ ਕੀਤੀ ਅਤੇ ਉਨ੍ਹਾਂ ਦੇ ਜੀਵਨ ਨੂੰ ਸਹੀ ਸੇਧ ਦਿੱਤੀ ਹੈ।

ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਪੂਰੀ ਹੋਣ ਉਪਰੰਤ ਵੀ ਉਨ੍ਹਾਂ ਨੇ ਪੜ੍ਹਨਾ-ਪੜ੍ਹਾਉਣਾ ਜਾਰੀ ਰੱਖਿਆ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸ਼ਿਲਾਂਗ, ਅਹਿਮਦਾਬਾਦ, ਹੈਦਰਾਬਾਦ, ਬੈਂਗਲੌਰ, ਤਿਰੁਵਨੰਤਪੁਰਮ ਆਦਿ ਥਾਵਾਂ ਦੀਆਂ ਵੱਖ-ਵੱਖ ਵਿਦਿਅਕ, ਵਿਗਿਆਨਕ ਅਤੇ ਤਕਨੀਕੀ ਸੰਸਥਾਵਾਂ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਤੌਰ ਉਤੇ ਜਾਂਦੇ ਰਹਿੰਦੇ ਸਨ।27 ਜੁਲਾਈ 2015 ਨੂੰ ਆਪਣੇ ਜੀਵਨ ਦੇ ਅਖੀਰਲੇ ਦਿਨ ਅਤੇ ਅਖੀਰਲੇ ਸਮੇਂ ਵੀ ਉਹ ਸ਼ਿਲਾਂਗ ਦੇ ਆਈ.ਆਈ.ਐਮ ਵਿਖੇ ਵਿਦਿਆਰਥੀਆਂ ਨੂੰ ਹੀ ਸੰਬੋਧਨ ਕਰ ਰਹੇ ਸਨ।ਸੋ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਡਾ. ਕਲਾਮ ਦੇ ਮਹਾਨ ਮਿਸ਼ਨ, ਸੋਚ ਅਤੇ ਸੰਦੇਸ਼ ਨੂੰ ਅੱਗੇ ਲਿਜਾਈਏ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਵਿਕਸਤ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਕਰੀਏ।

ਸੰਪਰਕ: +91 94636 19353

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ