Thu, 21 November 2024
Your Visitor Number :-   7252661
SuhisaverSuhisaver Suhisaver

ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ

Posted on:- 26-08-2015

suhisaver

- ਤਰਸੇਮ ਬਸ਼ਰ

ਭਾਰਤੀ ਸੰਗੀਤ ਦੇ ਖੇਤਰ ਵਿੱਚ ਕੁਝ ਕੁ ਨਾ ਮਿੱਥ ਬਣੇ , ਹਰ ਘਰ ਦਾ ਹਿੱਸਾ ਬਣੇ । ਜਿਵੇਂ ਮਹੁੰਮਦ ਰਫੀ , ਮੁਕੇਸ਼ , ਕਿਸ਼ੋਰ ਕੁਮਾਰ , ਆਸ਼ਾ ਭੌਸਲੇ , ਲਤਾ ਮੰਗੇਸ਼ਕਰ ਤੇ ਉਸਤਾਦ ਨੁਸਰਤ ਫਤਹਿ ਅਲੀ ਖ਼ਾਨ । ਸਾਰੇ ਮਹਾਨ ਕਲਾਕਾਰ ਹਨ, ਬਿਨਾਂ ਸ਼ੱਕ, ਪਰ ਉਸਤਾਦ ਨੁਸਰਤ ਫਤਹਿ ਅਲੀ ਖਾਨ ਮੇਰੇ ਲਈ ਮਹਾਨਤਮ ਹਨ , ਇੱਕ ਪੰਜਾਬੀ ਹੋਣ ਦੇ ਨਾਤੇ। ਅੱਜ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਉਹਨਾਂ ਨੂੰ ਸੁਣਨ ਵਾਲੇ ਭਰੇ ਪਏ ਹਨ ਤੇ ਦੂਸਰੇ ਮਹਾਨ ਕਲਾਕਾਰਾਂ ਨਾਲੋਂ ਉਹਨਾਂ ਦੇ ਪੱਖ ਵਿੱਚ ਇਹ ਵਿਸ਼ੇਸ਼ਤਾ ਰਹੀ ਕਿ ਉਹ ਪੰਜਾਬੀ ਗਾਇਕ ਸਨ ਤੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਉਹਨਾਂ ਨੇ ਪੰਜਾਬੀ ਸੂਫੀ ਕਲਾਮ ਗਾਉਣ ਵਿੱਚ ਗੁਜ਼ਾਰਿਆ, ਜਦਕਿ ਰਫੀ ਮੁਕੇਸ਼ ਕਿਸ਼ੋਰ ਲਤਾ ਅਦਿ ਦੀ ਹਰਮਨ ਪਿਆਰਤਾ ਹਿੰਦੀ ਫਿਲਮ ਸੰਗੀਤ ਨਾਲ ਜੁੜੀ ਹੋਈ ਸੀ ।

ਪੰਜਾਬੀ ਦਾ ਇਹ ਮਹਾਨ ਸਪੂਤ, ਜਿਸਨੇ ਸਿ਼ਵ ਦੀ ਕਵਿਤਾ ਤੋਂ ਲੈ ਕੇ ਗੁਰਬਾਣੀ ਦੇ ਸ਼ਬਦ , ਗਜ਼ਲ, ਠੁਮਰੀ , ਲੋਕਗੀਤ , ਕਵਾਲੀ , ਸਮੇਤ ਬਹੁਤ ਸਾਰੀਆਂ ਵਿਧਾਵਾਂ ਵਿੱਚ ਆਪਣ ਕਲਾ ਦਾ ਲੋਹਾ ਮਨਵਾਇਆ ਦਾ ਜਨਮ 16 ਅਗਸਤ 1948 ਨੂੰ ਫੈਸਲਾਬਾਦ ਪਾਕਿਸਤਾਨ ਵਿੱਚ ਉਸ ਸਮੇਂ ਦੇ ਵਿੱਚ ਪ੍ਰਸਿੱਧ ਗਾਇਕ ਉਸਤਾਦ ਫਤਹਿ ਅਲੀ ਖਾਨ ਦੇ ਘਰ ਹੋਇਆ ।

ਉਸਤਾਦ ਫਤਹਿ ਅਲੀ ਖਾਨ ਦਾ ਤੁਆਰੁਫ਼ ਕਰਾਉਂਦਿਆ ਇਹ ਵੀ ਦੱਸ ਦਿਆਂ ਕਿ ਬਰਸਾਤ ਫਿਲਮ ਦੀ ਕਵਾਲੀ ‘‘ਯਹ ਇਸ਼ਕ ਇਸ਼ਕ ਹੈ ਇਸ਼ਕ ਇਸ਼ਕ’ ਉਹਨਾਂ ਦੀ ਰਚਨਾ ਸੀ । ਉਹ ਇਸ ਕਵਾਲੀ ਤੋਂ ਪਹਿਲਾਂ ਸੂਖ਼ੀ ਰਚਨਾ ‘‘ਮੇਰਾ ਇਹ ਚਰਖਾ ਨੌ ਲੱਖਾ ਕੁੜੇ ਨੂੰ ਇਸ ਤਰਜ਼ ਦੇ ਗਾਉਂਦੇ ਸਨ ।

ਉਸਤਾਦ ਫਤਹਿ ਅਲੀ ਖਾਂ ਦੇ ਬੇਟੇ ਨੁਸਰਤ ਨੂੰ ਸੰਗੀਤ ਦੇ ਉਸ ਵੇਲੇ ਦੇ ਹਾਲਾਤ ਨੂੰ ਦੇਖਦਿਆਂ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਨੁਸਰਤ ਦੀ ਰੁਚੀ ਰਾਗ ਵਿੱਦਿਆ , ਬੋਲ ਬੰਦਿਸ਼ ਵਿੱਚ ਸੀ । ਅਖੀਰ ਪਿਤਾ ਨੇ ਬੱਚੇ ਨੁਸਰਤ ਨੂੰ ਗਾਇਕੀ ਸਿਖਾਉਣੀ ਸ਼ੁਰੂ ਕੀਤੀ । ਸ਼ੁਰੂਆਤੀ ਦੌਰ ਹੀ ਸੀ ਕਿ ਸੰਨ 1964 ਵਿੱਚ ਫਤਹਿ ਅਲੀ ਖਾਨ ਦਾ ਦੇਹਾਂਤ ਹੋ ਗਿਆ । ਹੁਣ ਨੁਸਰਤ ਨੇ ਮੁਬਾਰਕ ਅਲੀ ਖਾਨ ਅਤੇ ਸਲਾਮਤ ਅਲੀ ਖਾਨ ਨਾਲ ਗਾਉਣਾ ਸ਼ੁਰੂ ਕੀਤਾ । ਅਥੱਕ ਰਿਆਜ਼ , ਬੇਕਿਸਾਲ ਲਗਨ ਤੇ ਸੰਗੀਤ ਅਰਾਧਨਾ ਨੇ ਜਲਦੀ ਹੀ ਨੁਸਰਤ ਨੂੰ ਪਾਕਿਸਤਾਨ ਵਿੱਚ ਸੰਗੀਤ ਦੇ ਚਮਕਦੇ ਸੂਰਜ ਦਾ ਖ਼ਿਤਾਬ ਦੇ ਦਿੱਤਾ ।

ਉਹ ਜ਼ਿਆਦਾਤਰ ਸੂਫੀ ਦਰਗਾਹਾਂ ਦੇ ਜਾਂ ਫਿਰ ਉਰਸ ਮੌਕੇ ਲੋਕਾਂ ਨੂੰ ਸੂਫੀ ਰਚਨਾਵਾਂ ਰਾਗਾਂ ਵਿੱਚ ਸੁਣਾ ਦੇ ਸਕੂਨ ਦਿੰਦੇ ਤੇ ਖੁਸ਼ ਹੁੰਦੇ ਉਹਨਾਂ ਦੇ ਛੋਟੇ ਭਰਾ ਜੋ ਅਕਸਰ ਨੁਸਰਤ ਫਤਹਿ ਅਲੀ ਖਾਨ ਜੋ ਵੀ ਰਚਨਾ ਲੈ ਕੇ ਆਉਂਦੇ ਉਹ ਅਰਥ ਭਰਭੂਰ ਹੁੰਦੀ ਤੇ ਢੁਕਵੇਂ ਰਾਗ ਵਿੱਚ ਗਾਈ ਗਈ ਹੁੰਦੀ ਸੀ । ਸ਼ਾਇਰੀ ਦੀ ਬਹੁਤ ਅੱਛੀ ਸਮਝ ਸੀ ਤੇ ਰਿਆਜ ਸਬੰਧੀ ਉਹ ਦੱਸਿਆ ਕਰਦੇ ਸਨ ਕਿ ਉਹ ਘਰ ਦੇ ਬੇਸਮੈਂਟ ਵਿੱਚ ਸਨ। ਢਾਸ ਕਮਰੇ ਵਿੱਚ ਸੰਗੀਤ ਅਰਾਧਦੇ ਸਨ ਤੇ ਕਈ ਵਾਰ ਕਈ ਕਈ ਦਿਨ , ਦਿਨ ਅਤੇ ਰਾਤ ਦਾ ਪਤਾ ਹੀ ਨਾ ਲਗਦਾ ।

ਸੂਫੀ ਰਚਨਾਵਾਂ ਨੂੰ ਬਾ-ਅਸਰ ਅਦਾਇਗੀ ਨਾਲ ਲੋਕਾਂ ਸਾਹਮਣੇ ਪੇਸ਼ ਕਰਨ ਵਿੱਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਤੇ ਇਸ ਵਿੱਚ ਅਤਿਅੰਤ ਸਫਲ ਵੀ ਰਹੇ । ਇਹ ਉਹਨਾਂ ਦੀ ਮਿਹਨਤ ਅਤੇ ਸੇਵਾ ਹੀ ਹੈ ਕਿ ਪੰਜਾਬੀ ਦੀ ਮਹਾਨ ਵਿਰਾਸਤ ਸੂਫੀ ਕਾਵਿ ਅੱਜ ਹਰਮਨ ਪਿਆਰਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ । ਉਹਨਾਂ ਦੀ ਕਲਾ ਦੀ ਮਹਿਕ ਬਾਹਰ ਦੇ ਦੇਸ਼ਾਂ ਤੱਕ ਵੀ ਪਹੁੰਚੀ । ਵਾਸਿੰਗਟਨ ਯੂਨੀਵਰਸਿਟੀ ਨੇ ਜਿੱਥੇ ਉਹਨਾਂ ਨੂੰ ਸੂਫੀ ਸੰਗੀਤ ਤੇ ਚਾਣਨ ਪਾਉਣ ਲਈ ਬੁਲਾਇਆ ਉੱਥੇ ਹੀ ਹਾਲੀਵੁੱਡ ਦੀਆਂ ਹਸਤੀਆਂ ਆਪਣੇ ਸੰਗੀਤ ਵਿੱਚ ਉਹਨਾਂ ਦੇ ਜਾਦੂਈ ਅਸਰ ਨੂੰ ਪ੍ਰਾਪਤ ਕਰਨ ਲਈ ਬੇਚੈਨ ਸਨ ਬੈਡਿਟ ਕੁਈਨ , ਡੈਡ ਮੈਨ ਵਾਕਿੰਗ , ਦਾ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਆਦਿ ਫਿਲਮਾਂ ਵਿੱਚ ਹਿੰਦੁਸਤਾਨੀ ਸੰਗੀਤ ਨੇ ਉਸਤਾਦ ਨੁਸਰਤ ਫਤਹਿ ਅਲੀ ਖਾਨ ਦੇ ਜ਼ਰੀਏ ਇਨ੍ਹਾਂ ਫਿਲਮਾਂ ਦੀ ਸ਼ੋਭਾ ਵਧਾਈ। ਇੱਥੋਂ ਤੱਕ ਕਿ ਲਾਸਟ ਟੈਂਪਟੇਸ਼ਨ ਆਫ ਕਰਾਈਸਟ ਦੇ ਸਭ ਤੋਂ ਸੰਵੇਦਨਾਤਮਕ ਦ੍ਰਿਸ਼ ਜਿਸ ਵਿੱਚ ਕਿ ਈਸਾ ਨੂੰ ਸੂਲੀ ਚੜਾਉਣ ਦਾ ਦ੍ਰਿਸ਼ ਫਿਲਮਾਇਆ ਗਿਆ ਸੀ , ਨੂੰ ਦਰਦ ਦੀ ਚਰਮ ਸੀਮਾ ਪ੍ਰਗਟਾਉਣ ਲਈ ਪਿੱਠ ਭੂੰਮੀ ਵਿੱਚ ਉਸਤਾਦ ਨੁਸਰਤ ਫਤਹਿ ਅਲੀ ਖਾਨ ਤੋਂ ਅਲਾਪ ਗਵਾਇਆ ਗਿਆ ਸੀ ।

ਹਿੰਦੁਸਤਾਨੀ ਫਿਲਮਾਂ ਵਿੱਚ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦਾ ਬੋਲਬਾਲਾ ਸੀ । ਉਹਨਾਂ ਦੀਆਂ ਤਰਜ਼ਾਂ ਤੇ ਬਣੇ ਗੀਤ ਪ੍ਰਸਿੱਧ ਹੋ ਚੁੱਕੇ ਸਨ । ਉਹ ਮੁੰਬਈ ਆਏ ਵੀ ਕੱਚੇ ਧਾਗੇ , ਔਰ ਪਿਆਰ ਹੋ ਗਿਆ ਆਦਿ ਕੁਝ ਫਿਲਮਾਂ ਹੀ ਕੀਤੀਆਂ ਸਨ ਪਰ ਰੱਬ ਨੇ ਉਹਨਾਂ ਨੂੰ ਇਸ ਤੋਂ ਵੱਧ ਸਮਾਂ ਨਾ ਦਿੱਤਾ । 16 ਅਗਸਤ 1997 ਨੂੰ ਲੰਡਨ ਵਿੱਚ ਉਹ ਅੱਲਾ ਨੂੰ ਪਿਆਰੇ ਹੋ ਗਏ । ਉਹਨਾਂ ਨੇ ਲੱਗਭੱਗ ਡੇਢ ਸੌ ਐਲਬਮਾਂ ਸਰੋਤਿਆਂ ਦੀ ਝੋਲੀ ਵਿੱਚ ਪਾਈਆਂ ਤੇ ਜਿਨ੍ਹਾਂ ਵਿੱਚ ਗਾਇਕੀ ਦਾ ਹਰ ਰੰਗ ਮੌਜੂਦ ਹੈ ਤੇ ਹਰ ਰਚਨਾ ਸਾਂਭਣਯੋਗ ਹੈ। ਭਾਵੇਂ ਕਿ ਉਹਨਾਂ ਨੂੰ ਜ਼ਿੰਦਗੀ ਵਿੱਚ ਹੀ ਸੰਗੀਤ ਅਤੇ ਪੰਜਾਬੀ ਮਾਂ ਬੋਲੀ ਦੀ ਕੀਤੀ ਸੇਵਾ ਬੇਮਿਸਾਲ ਹੈ , ਅਕਿਹ ਹੈ , ਸਲਾਮ ਉਸਤਾਦ ਨੁਸਰਤ ਫਤਹਿ ਅਲੀ ਖਾਨ...।

ਸੰਪਰਕ: +91 99156 20944

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ