Thu, 21 November 2024
Your Visitor Number :-   7256164
SuhisaverSuhisaver Suhisaver

ਨਾ ਭੁੱਲਣ ਯੋਗ 'ਕਲਾਮ' –ਮਿੰਟੂ ਬਰਾੜ

Posted on:- 16-08-2015

suhisaver

ਉਹ ਫ਼ਰਸ਼ ਤੋਂ ਉੱਠਿਆ ਤੇ ਅਰਸ਼ ਨੂੰ ਛੂਹਿਆ, ਨਹੀਂ ਇਹ ਕਥਨ ਸਹੀ ਨਹੀਂ ਲਗਦਾ। ਫ਼ਰਸ਼ ਤਾਂ ਖ਼ੁਦ ਆਪਣੇ ਆਪ ਜੀ ਇਕ ਪਲੇਟਫ਼ਾਰਮ ਹੈ ਤੇ ਅਰਸ਼ ਨੂੰ ਛੂਹ ਲੈਣਾ ਵੀ ਸੰਪੂਰਨਤਾ ਨਹੀਂ। ਉਹ ਤਾਂ ਉਸ ਜ਼ਮੀਨ ਤੋਂ ਉੱਠਿਆ ਸੀ ਜਿਸ ਤੇ ਫ਼ਰਸ਼ ਲਾਉਣਾ ਵੀ ਸੁਖਾਲਾ ਨਹੀਂ ਸੀ ਤੇ ਉਸ ਨੇ ਅਸਮਾਨ ਨੂੰ ਸਿਰਫ਼ ਛੁਹ ਕੇ ਨਹੀਂ ਛੱਡਿਆ, ਉਸ ਨੇ ਤਾਂ ਅਸਮਾਨ ਭੇਦ ਕੇ ਉਸ ਪਾਰ ਦੇ ਰਹੱਸ ਜਾਣੇ ਤੇ ਸੰਪੂਰਨ ਹੋ ਗਿਆ।

ਪ੍ਰੇਰਨਾ ਤੋਂ ਲੈ ਕੇ ਪ੍ਰੇਰਨਾ ਸਰੋਤ ਬੰਨ੍ਹਣ ਦਾ ਰਾਹ ਕੋਈ ਇਕੋ ਦਿਨ 'ਚ ਹੀ ਤੈਅ ਨਹੀਂ ਹੋ ਜਾਂਦਾ। ਵੱਡੇ ਪਰਵਾਰ 'ਚ, ਗ਼ਰੀਬੀ ਦੀ ਜੂਨ 'ਚ ਸੁਰਤ ਸਾਂਭਣ ਵਾਲਾ ਇਨਸਾਨ, ਜੇ ਅਸਮਾਨ ਦੇ ਪਾਰ ਨੂੰ ਜਾਣਨ ਦੀ ਚਾਹਤ ਦਰਸਾਉਂਦਾ ਹੈ ਤਾਂ ਉਸ ਦਾ ਆਲਾ ਦੁਆਲਾ ਉਸਨੂੰ ਮਜ਼ਾਕ ਦਾ ਪਾਤਰ ਬਣਾ ਕੇ ਛੱਡ ਦਿੰਦਾ ਹੈ। ਪਰ ਕਲਾਮ ਸਾਹਿਬ ਨੇ ਔਕਾਤ ਤੋਂ ਬਾਹਰ ਹੋ ਕੇ, ਜਾਗਦਿਆਂ ਸੁਪਨੇ ਵੀ ਲਏ ਤੇ ਉਨ੍ਹਾਂ ਨੂੰ ਸਾਕਾਰ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਾਹ ਵੀ ਖੋਲ੍ਹ ਦਿਖਾਏ।

ਉਨ੍ਹਾਂ ਨੂੰ ਯਾਦ ਰੱਖਣ ਦੀ ਸਾਨੂੰ ਕਦੇ ਲੋੜ ਨਹੀਂ ਪੈਣੀ ਕਿਉਂਕਿ ਯਾਦ ਹਮੇਸ਼ਾ ਭੁਲਾਉਣ ਯੋਗ ਨੂੰ ਕੀਤਾ ਜਾਂਦਾ ਹੈ। ਅੱਜ ਦੇ ਕਲਾਮ ਜਿਹਾ ਬਣਨਾ ਹਰ ਕੋਈ ਲੋਚਦਾ ਪਰ ਕਲਾਮ ਦੇ ਬੀਤੇ ਕੱਲ੍ਹ ਤੋਂ ਪਰ੍ਹੇ ਰਹਿ ਕੇ। ਅਸੀਂ ਆਪਣੀ ਅਸਫਲਤਾ ਨੂੰ ਮਜਬੂਰੀ ਦਾ ਲਿਬਾਸ ਪਵਾ ਕੇ ਪੱਲਾ ਝਾੜ ਦਿੰਦੇ ਹਾਂ। ਕਲਾਮ ਸਾਹਿਬ ਦਾ ਜੀਵਨ ਸਾਡੀਆਂ ਮਜਬੂਰੀਆਂ ਨੂੰ ਬਹਾਨੇ ਸਾਬਤ ਕਰਨ 'ਚ ਇਕ ਅਹਿਮ ਮਿਸਾਲ ਹੈ।  ਚਲੋ ਇਕ-ਇਕ ਕਰਕੇ ਪੜਚੋਲ ਦੇ ਹਾਂ ਇਨ੍ਹਾਂ ਬਹਾਨਿਆਂ ਨੂੰ।

ਬਹਾਨਾ ਨੰਬਰ ਇਕ: ਪੀੜ੍ਹੀ ਦਰ ਪੀੜ੍ਹੀ ਇਕ ਬਹਾਨਾ ਚੱਲ ਰਿਹਾ ਹੈ, ਉਹ ਹੈ ਕਿ ''ਬਚਪਨ ਦੀ ਗ਼ਰੀਬੀ ਮਾਰ ਗਈ ਨਹੀਂ ਤਾਂ ਮੈਂ ਵੀ ਕੁਝ ਕਰ ਵਿਖਾਉਣਾ ਸੀ।''
ਸੋ ਇਸ ਬਹਾਨੇ ਲਈ ਦਲੀਲ ਇਹ ਹੈ ਕਿ ''ਅਬਦੁਲ ਕਲਾਮ ਵੀ ਤਾਂ ਉਸੇ ਗ਼ਰੀਬੀ ਨੂੰ ਲਿਤਾੜ ਕੇ ਦੇਸ਼ ਦੇ ਪਹਿਲੇ ਨਾਗਰਿਕ ਬਣੇ।''


ਬਹਾਨਾ ਨੰਬਰ ਦੋ: ''ਮਾਂ ਬਾਪ ਅਨਪੜ੍ਹ ਸਨ, ਉਨ੍ਹਾਂ ਨੇ ਸਹੀ ਸਿੱਖਿਆ ਨਹੀਂ ਦਿੱਤੀ ਜਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਪੜ੍ਹਾਈ ਦਾ ਕੀ ਮੁੱਲ ਹੁੰਦਾ।''
ਅਬਦੁਲ ਕਲਾਮ ਦਾ ਬਾਪ ਕਦੇ ਵੀ ਸਕੂਲ ਨਹੀਂ ਸੀ ਗਿਆ ਤੇ ਅਨਪੜ੍ਹ ਬਾਪ ਵੱਲੋਂ ਦਿੱਤੇ ਸੰਸਕਾਰਾਂ ਨੂੰ ਕਲਾਮ ਸਾਹਿਬ ਆਪਣੇ ਆਖ਼ਰੀ ਭਾਸ਼ਣ ਤੱਕ ਦੁਨੀਆ ਨਾਲ ਸਾਂਝਾ ਕਰਦੇ ਰਹੇ। ਜਿਸ ਵਿਚੋਂ ਉਨ੍ਹਾਂ ਦਾ ਇਕ ਜ਼ਿਕਰਯੋਗ ਕਥਨ; ''ਪਿਤਾ ਜੀ ਕਹਿੰਦੇ ਸਨ ਕਿ ਜੋ ਆਦਮੀ ਆਪਣੀ ਮਦਦ ਆਪ ਨਹੀਂ ਕਰਦਾ ਉਸ ਦੀ ਮਦਦ ਭਲਾ ਕੋਈ ਕਿਉਂ ਕਰੇਗਾ।''

ਤੀਜਾ ਬਹਾਨਾ: ''ਬਚਪਨ 'ਚ ਟੁੱਟੇ ਭੱਜੇ ਸਰਕਾਰੀ ਸਕੂਲਾਂ ਦੇ, ਨਾ-ਸਮਝ ਅਧਿਆਪਕਾਂ ਨੇ ਸਾਡੀ ਤਾਂ ਨਿਓ ਹੀ ਮਾੜੀ ਰੱਖ ਦਿੱਤੀ। ਨਹੀਂ ਤਾਂ ਅੱਜ ਨੂੰ ਅਸੀਂ ਵੀ ਕੁਝ ਬਣ ਜਾਣਾ ਸੀ।'' ਹੁਣ ਸਵਾਲ ਇਹ ਹੈ ਇਹਨਾਂ ਲੋਕਾਂ ਨੂੰ ਕਿ  ''ਨਹੀਂ।''
ਪਰ ਕਲਾਮ ਸਾਹਿਬ ਨੇ ਪਿੰਡ ਦੀ ਪੰਚਾਇਤ ਵੱਲੋਂ ਚਲਾਏ ਜਾਂਦੇ ਪੰਜਵੀਂ ਦੇ ਸਕੂਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਉਹ ਬੜੇ ਮਾਣ ਨਾਲ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੇ ਪਹਿਲੇ ਸਿੱਖਿਅਕ 'ਇਦੁਰਾਈ ਸੁਲੇਮਾਨ' ਨੇ ਉਨ੍ਹਾਂ ਨੂੰ ਜ਼ਿੰਦਗੀ 'ਚ ਕਾਮਯਾਬ ਹੋਣ ਲਈ ਅਤੇ ਮਨ ਚਾਹੇ ਨਤੀਜੇ ਲੈਣ ਲਈ ਇਹ ਤਿੰਨ ਸੂਤਰੀ ਮੰਤਰ ਦਿਤਾ ਸੀ ਕਿ ਤੀਬਰ ਇੱਛਾ, ਵਿਸ਼ਵਾਸ ਅਤੇ ਆਸ਼ਾ ਦਾ ਪੱਲਾ ਨਾ ਛੱਡਿਓ। ਕੀ ਤੁਹਾਡੇ ਮੁੱਢਲੇ ਅਧਿਆਪਕ ਦੇ ਕਹੇ ਕੋਈ ਲਫਜ ਤੁਹਾਨੂੰ ਵੀ ਯਾਦ ਹਨ?

ਬਹਾਨਾ ਨੰਬਰ ਚਾਰ: ''ਜਿਹੜਾ ਵਕਤ ਪੜ੍ਹਨ ਦਾ ਸੀ ਉਦੋਂ ਤਾਂ ਕੰਮ ਕਰਨਾ ਪਿਆ ਸੋ ਕਿਥੋਂ ਕੁਝ ਬਣ ਜਾਂਦੇ!''
ਪਰ ਕਲਾਮ ਸਾਹਿਬ ਤਾਂ ਬੜੇ ਮਾਣ ਨਾਲ ਦੱਸਦੇ ਸਨ ਕਿ ਵੱਡੇ ਪਰਵਾਰ ਦਾ ਪੇਟ ਪਾਲਨ ਲਈ ਬਾਪੂ ਜੀ ਦੀ ਕਮਾਈ ਕਾਫ਼ੀ ਨਹੀਂ ਸੀ, ਸੋ ਇਸ ਲਈ ਮੈਂ ਆਪਣੀ ਪੜ੍ਹਾਈ ਲਈ ਅਤੇ ਪਰਵਾਰ ਲਈ ਛੋਟੀ ਉਮਰੇ ਅਖ਼ਬਾਰ ਵੰਡਣਾ ਸ਼ੁਰੂ ਕਰ ਲਿਆ ਸੀ।''

ਬਹਾਨਾ ਨੰਬਰ ਪੰਜ: ''ਘੱਟ ਗਿਣਤੀ(ਮੁਸਲਿਮ) ਕਬੀਲੇ ਦੇ ਘਰ ਜੰਮਣ ਕਾਰਨ ਉਹ ਮੌਕੇ ਨਹੀਂ ਮਿਲੇ ਜਿਸ ਨਾਲ ਕਿ ਕੁਝ ਕਰ ਦਿਖਾਉਂਦੇ।''
ਪਰ ਸੁਣਿਆ ਕਲਾਮ ਸਾਹਿਬ ਨੇ ਇਕ ਹਿੰਦੂ ਵਸੋਂ ਵਾਲੇ ਇਲਾਕੇ ਰਾਮੇਸ਼ਵਰਮ 'ਚ, ਇਕ ਮੁਸਲਿਮ ਪਰਵਾਰ ਦੇ ਘਰ ਜਨਮ ਲਿਆ, ਧਰਮ ਤੋਂ ਉੱਚੇ ਕਰਮ ਕੀਤੇ ਤੇ ਇਕ ਇਨਸਾਨ ਹੋ ਨਿੱਬੜੇ। ਜਿਸ ਦਾ ਸਬੂਤ; ਉਨ੍ਹਾਂ ਦੇ ਤੁਰ ਜਾਣ ਤੇ ਸਿੱਖ ਨੇ ਹੰਝੂ ਕੇਰੇ, ਹਿੰਦੂ ਨੇ ਆਂਸੂ ਬਹਾਏ, ਮੁਸਲਮਾਨ ਨੇ ਨੀਰ ਚੋਇਆ ਤੇ ਈਸਾਈ ਨੇ ਅੱਥਰੂਆਂ ਨਾਲ ਅੱਖਾਂ ਨਮ ਕੀਤੀਆਂ।

ਅਗਲੇ ਬਹਾਨੇ ਤੇ ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਧਰਮ ਕਰਮ ਤੇ ਹੋਰ ਗੱਲ ਹੋ ਜਾਏ। ਆਲੇ ਦੁਆਲੇ ਤੋਂ ਸੁਣਿਆ ਕਿ ਧਰਮ ਤੇ ਵਿਗਿਆਨ ਦੀ ਆਪਸ ਵਿਚ ਨਹੀਂ ਬਣਦੀ! ਧਰਮ ਨੂੰ ਤਰਕ ਦੀ ਦਲੀਲ ਨਾਲ ਛੋਟਾ ਕੀਤਾ ਜਾਂਦਾ। ਇਕ ਵਿਗਿਆਨੀ ਤੋਂ 'ਆਸਤਿਕਤਾ' ਦੀ ਉਮੀਦ ਨਹੀਂ ਕੀਤੀ ਜਾਂਦੀ। ਅਕਸਰ ਇਹ ਬਹਿਸ ਦੇ ਮੁੱਦੇ ਬਣਦੇ ਹਨ। ਇਕ ਪਾਸੇ ਬਾਬਾ ਨਾਨਕ ਜੀ ਨੂੰ ਤਰਕਸ਼ੀਲ ਦਰਸਾਇਆ ਜਾਂਦਾ ਹੈ ਤੇ ਦੂਜੇ ਪਾਸੇ ਉਨ੍ਹਾਂ ਦੇ ਪਹਿਲੇ ਫ਼ਲਸਫ਼ੇ ਯਾਨੀ 'ਇਕ' ਦੀ ਹੋਂਦ ਤੇ ਤਰਕ ਕੀਤੇ ਜਾਂਦੇ ਹਨ। ਚਲੋ ਇਹ ਇਕ ਵੱਖਰਾ ਮੁੱਦਾ ਤੇ ਇਸ ਤੇ ਹਰ ਰੋਜ ਇਸ ਮੁੱਦੇ ਤੇ ਸਿੰਘ ਫਸਦੇ ਦੇਖਦੇ ਹਾਂ। ਅੱਜ ਦੇ ਮੁੱਦੇ 'ਚ ਰਹਿ ਕੇ ਜੇ ਗੱਲ ਕੀਤੀ ਜਾਵੇ ਤਾਂ ਅਬਦੁਲ ਕਲਾਮ ਨੇ ਆਪਣੇ ਜੀਵਨ ਜਾਚ ਨਾਲ ਇਹਨਾਂ ਸਾਰੀਆਂ ਬਹਿਸਾਂ ਨੂੰ ਵਿਰਾਮ ਚਿੰਨ੍ਹ ਲਾ ਦਿਤਾ ਕਿ ਵਿਗਿਆਨੀ ਹੁੰਦੇ ਹੋਏ ਵੀ ਉਹ 'ਇਕ' ਦੀ ਹੋਂਦ ਤੋਂ ਮੁਨਕਰ ਨਹੀਂ ਹਨ ਤੇ ਉਨ੍ਹਾਂ ਕਿਹਾ ਕਿ ''ਰੱਬ ਹਰ ਕਿੱਤੇ ਹੈ।''

ਬਹਾਨਾ ਨੰਬਰ ਛੇ: ''ਵਿਰੋਧੀ ਲੱਤਾਂ ਖਿੱਚਣੋਂ ਬਾਜ ਨਹੀਂ ਆਏ, ਨਹੀਂ ਤਾਂ ਅਸੀਂ ਵੀ ਕੁਝ ਕਰ ਦਿਖਾਉਂਦੇ।''
ਪਰ ਮੈਂ ਸੁਣਿਆ ਕਲਾਮ ਸਾਹਿਬ ਜਿੱਥੇ ਵੀ ਗਏ, ਉੱਥੇ ਉਨ੍ਹਾਂ ਦੀ ਇਨਸਾਨੀਅਤ, ਲਿਆਕਤ ਅਤੇ ਕਾਬਲੀਅਤ ਦੇਖ ਕੇ ਵਿਰੋਧੀ ਵੀ ਉਨ੍ਹਾਂ ਦੇ ਨਾਲ ਹੋ ਤੁਰੇ। ਸਬੂਤ ਸਭ ਦੇ ਸਾਹਮਣੇ ਹੈ ਕਿ ਉਹ ਰਾਸ਼ਟਰਪਤੀ ਬਣੇ, ਉਹ ਵੀ ਇੱਕ ਤਰਫ਼ਾਂ ਮੁਕਾਬਲੇ ਨਾਲ। ਰਾਸ਼ਟਰਪਤੀ ਤਾਂ ਹੁਣ ਤੱਕ 'ਤੇਰਾਂ' ਬਣ ਚੁੱਕੇ ਹਨ ਪਰ 'ਲੋਕ ਰਾਸ਼ਟਰਪਤੀ' ਕਹਾਉਣ ਦਾ ਹੱਕ ਸਿਰਫ਼ ਕਲਾਮ ਸਾਹਿਬ ਨੂੰ ਮਿਲਿਆ। ਸੁਣਨ 'ਚ ਤਾਂ ਇਹ ਵੀ ਆਇਆ ਕਿ ਹੁਣ ਤੱਕ ਦੇ ਉਹ ਪਹਿਲੇ ਰਾਸ਼ਟਰਪਤੀ ਹਨ ਜਿਨ੍ਹਾਂ ਦਾ ਸਮਾਨ ਰਾਸ਼ਟਰਪਤੀ ਭਵਨ ਲਿਆਉਣ ਲਈ ਨਾ ਟਰੱਕ ਦੀ ਲੋੜ ਪਈ ਸੀ ਤੇ ਨਾ ਕਾਰਜਕਾਲ ਦੀ ਸਮਾਪਤੀ ਤੇ ਟਰੱਕਾਂ ਦੇ ਕਾਫ਼ਲੇ ਦੀ ਲੋੜ ਪਈ, ਜੋ ਅਕਸਰ ਪੈਂਦੀ ਹੈ। ਕਹਿੰਦੇ ਹਨ ਕਿ ਕਲਾਮ ਸਾਹਿਬ ਦੇ ਰਾਸ਼ਟਰਪਤੀ ਭਵਨ ਆਉਣ ਵੇਲੇ ਵੀ ਤੇ ਜਾਣ ਵੇਲੇ ਵੀ ਸਮਾਨ 'ਚ ਸਾਰਿਆਂ ਤੋਂ ਵੱਡੀ ਗਠੜੀ ਕਿਤਾਬਾਂ ਦੀ ਸੀ।

ਬਹਾਨਾ ਨੰਬਰ ਸੱਤ: ''ਜਜ਼ਬਾਤੀ ਤੇ ਧਰਮੀ ਬੰਦਾ ਵਿਗਿਆਨੀ ਨਹੀਂ ਹੋ ਸਕਦਾ।''
ਪਰ ਕਲਾਮ ਸਾਹਿਬ ਦੀਆਂ ਕਵਿਤਾਵਾਂ ਦੱਸਦਿਆਂ ਹਨ ਕਿ ਉਹ ਬਹੁਤ ਹੀ ਜਜ਼ਬਾਤੀ ਸਨ। ਇਕ ਕੋਮਲ ਹਿਰਦੇ ਵਾਲਾ ਕਵੀ, ਇਕ ਗਿਆਨ ਵਰਧਕ ਲੇਖਕ। ਪਰ ਲੋਕਾਂ ਨੇ ਉਨ੍ਹਾਂ ਨੂੰ ਜਾਣਿਆ ਇਕ 'ਮਿਸਾਈਲ ਮੈਨ' ਦੇ ਨਾਂ ਨਾਲ। ਏਨੀ ਦਲੀਲ ਬਹੁਤ ਆ ਬਹਾਨੇ ਨੰਬਰ ਸੱਤ ਦੀ ਤਾਂ।

ਇਕ ਹੋਰ ਅਹਿਮ ਗੱਲ ਪਰ ਇਸ ਨੂੰ ਬਹਾਨਾ ਨਹੀਂ ਕਹਿ ਸਕਦੇ। ਉਹ ਇਹ ਕਿ ਅਕਸਰ ਅਸੀਂ ਕਹਿੰਦੇ ਹਾਂ ਕਿ ਬੱਸ ਇਕ ਬਾਰ ਗੁੱਲੀ ਦੰਨ ਪੈ ਜਾਣ ਦਿਓ ਫੇਰ ਦੇਖਿਓ ਕਿਵੇਂ ਆਲੇ ਦੁਆਲੇ ਦੀ ਗ਼ਰੀਬੀ ਚੁੱਕਦੇ।
ਇਸ ਮਾਮਲੇ 'ਚ ਕਲਾਮ ਸਾਹਿਬ ਨੇ ਕਮਾਲ ਹੀ ਕਰ ਦਿੱਤੀ। ਉਨ੍ਹਾਂ ਨੇ ਗ਼ਰੀਬੀ ਚੁੱਕੀ ਪਰ ਧਨ ਦੌਲਤ ਨਾਲ ਨਹੀਂ ਬਲਕਿ ਵਿਚਾਰਾਂ ਨਾਲ। ਭਾਵੇਂ ਅੱਜ ਵੀ ਉਨ੍ਹਾਂ ਦਾ ਪਰਵਾਰ ਛੋਟੇ ਛੋਟੇ ਕੰਮ ਕਰ ਕੇ ਆਪਣਾ ਬਸੇਵਾ ਕਰ ਰਿਹਾ, ਪਰ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆ ਨੂੰ ਚੰਗੇ ਵਿਚਾਰਾਂ ਨਾਲ ਮਾਲੋ-ਮਾਲ ਕਰ ਦਿੱਤਾ। ਖ਼ੁਦ ਗ਼ਰੀਬੀ 'ਚ ਜੰਮੇ, ਅਥਾਹ ਨਾਂ, ਇੱਜ਼ਤ, ਪਿਆਰ ਕਮਾਇਆ ਤੇ ਇਹਨਾਂ ਚੀਜ਼ਾਂ ਲਈ ਫ਼ਾਨੀ ਜਹਾਨ ਛੱਡਣ ਵਕਤ ਕਿਸੇ ਇਕ ਦੇ ਨਾਂ ਵਸੀਅਤ ਕਰਨ ਦੀ ਲੋੜ ਨਹੀਂ ਪੈਂਦੀ। ਇਹ ਤਾਂ ਸਰਬ ਸਾਂਝੀਆਂ ਹੁੰਦੀਆਂ। ਸੂਤਰ ਦੱਸਦੇ ਹਨ ਕਿ ਉਨ੍ਹਾਂ ਦੇ ਜਾਣ ਮਗਰੋਂ ਕੁਝ ਜੋੜੇ ਕੱਪੜਿਆਂ ਦੇ, ਵੱਡੀ ਗਿਣਤੀ ਵਿਚ ਕਿਤਾਬਾਂ, ਇਕ ਵੈੱਬਸਾਈਟ ਤੇ ਟਵਿਟਰ ਦਾ ਅਕਾਉਂਟ ਮਿਲਿਆ। ਆਪਣੀ ਪੈਨਸ਼ਨ ਤਾਂ ਉਹ ਪਿਛਲੇ ਅੱਠ ਸਾਲਾਂ ਤੋਂ ਆਪਣੇ ਪਿੰਡ ਦੇ ਨਾਂ ਕਰ ਚੁੱਕੇ ਸਨ। ਇਕ ਫਲੈਟ ਸੀ ਜੋ ਉਨ੍ਹਾਂ ਆਪਣੇ ਜਿਊਂਦੇ ਜੀਅ ਇਕ ਵਿਗਿਆਨਕ ਅਦਾਰੇ ਨੂੰ ਦੇ ਦਿੱਤਾ ਸੀ।

ਅੱਜ ਦੇ ਲੇਖ ਦਾ ਆਖ਼ਰੀ ਬਹਾਨਾ: ''ਟੀਸੀ ਹਾਸਿਲ ਕਰ ਲੈਣ ਤੋਂ ਬਾਅਦ ਔਖਾ ਹੁੰਦਾ ਛੋਟੇ ਰੁਤਬਿਆਂ ਤੇ ਕੰਮ ਕਰਨਾ।''
ਪਰ ਅਬਦੁਲ ਕਲਾਮ ਨੇ ਇਸ ਰੀਤ ਨੂੰ ਵੀ ਤੋੜ ਦਿਖਾਇਆ। ਸਭ ਤੋਂ ਵੱਡੇ ਲੋਕਤੰਤਰ ਦੇ ਰਾਸ਼ਟਰਪਤੀ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਜਦੋਂ ਉਨ੍ਹਾਂ ਆਪਣਾ ਕਾਰਜਕਾਲ ਖ਼ਤਮ ਕੀਤਾ ਤਾਂ ਉਨ੍ਹਾਂ ਕਈ ਥਾਂ ਵਿਜ਼ਟਿੰਗ ਪ੍ਰੋਫ਼ੈਸਰ ਦੀ ਭੂਮਿਕਾ ਸਵੀਕਾਰ ਕੀਤੀ। ਨਹੀਂ ਤਾਂ ਮੇਰੇ ਵਰਗਾ ਕਹਿ ਦਿੰਦਾ ਕਿ ਸਰਪੰਚੀ ਕਰ ਕੇ ਹੁਣ ਅਸੀਂ ਮੈਂਬਰੀ ਥੋੜ੍ਹਾ ਬਣਾਂਗੇ।

ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ 'ਚੰਨ' ਨੂੰ ਚਾਹੁਣ ਵਾਲਿਆਂ ਜਿੰਨੀ ਹੈ। ਪਰ ਚੰਨ ਤੇ ਥੁੱਕਣ ਵਾਲੀਆਂ ਦੀ ਹੋਂਦ ਨੂੰ ਵੀ ਮਿਟਾਇਆ ਨਹੀਂ ਜਾ ਸਕਦਾ। ਜਿੱਥੇ ਅੱਜ ਇਕ ਪਾਸੇ ਕਲਾਮ ਸਾਹਿਬ ਨੂੰ ਚਾਹੁਣ ਵਾਲਿਆਂ ਦੀਆਂ ਟਿੱਪਣੀਆਂ ਨਾਲ ਦੁਨੀਆ ਭਰ ਦਾ ਸੋਸ਼ਲ ਮੀਡੀਆ ਭਰਿਆ ਪਿਆ ਹੈ, ਉੱਥੇ ਨਾ ਚਾਹੁਣ ਵਾਲੇ ਵੀ ਆਪਣਾ ਕੰਮ ਕਰ ਰਹੇ ਹਨ। ਇਹਨਾਂ ਵਿਚੋਂ ਇਕ ਨਾਂ ਦੀ ਇੱਥੇ ਚਰਚਾ ਕਰਨੀ ਚਾਹਾਂਗਾ ਉਹ ਹੈ ਪਾਕਿਸਤਾਨੀ ਸਮਕਾਲੀ ਪ੍ਰਮਾਣੂ ਵਿਗਿਆਨੀ ਅਬਦੁਲ ਕਾਦਰ ਖਾਨ। ਮੈਨੂੰ ਨਹੀਂ ਲਗਦਾ ਕਿ ਤੁਸੀਂ ਇਸ ਇਨਸਾਨ ਨੂੰ ਨਾ ਜਾਣਦੇ ਹੋ। ਬਿਲਕੁਲ ਸਹੀ ਇਹ ਉਹੀ ਵਿਗਿਆਨੀ ਹੈ। ਜਿਸ ਦੀ ਚਰਚਾ ਇਸ ਕਰਕੇ ਘੱਟ ਹੈ ਕਿ ਇਸ ਨੇ ਪਾਕਿਸਤਾਨ ਨੂੰ ਪ੍ਰਮਾਣੂ ਸ਼ਕਤੀ ਦਿੱਤੀ ਬਲਕਿ ਇਸ ਕਰਕੇ ਜ਼ਿਆਦਾ ਹੋ ਰਹੀ ਹੈ ਕਿ ਇਸ ਨੇ ਹੋਰਨਾ ਮੁਲਕਾਂ ਨੂੰ ਇਹ ਤਕਨੀਕ ਚੋਰੀ ਵੇਚ ਦਿੱਤੀ। ਇਹੋ ਜਿਹਾ ਇਨਸਾਨ ਅਬਦੁਲ ਕਲਾਮ ਸਾਹਿਬ ਦਾ ਹਮਨਾਮੀਂ ਜਾਂ ਸਮਕਾਲੀ ਤਾਂ ਹੋ ਸਕਦਾ ਪਰ ਉਨ੍ਹਾਂ ਦੇ ਹਾਣ ਦਾ ਹੋਣ ਲਈ ਪਤਾ ਨਹੀਂ ਕਿੰਨੇ ਜਨਮ ਹੋਰ ਲੈਣੇ ਪੈਣ। ਹੋਰ ਵੀ ਕਈ ਹਨ ਚੰਨ ਤੇ ਥੁੱਕਣ ਵਾਲਿਆਂ 'ਚ, ਜਿਵੇਂ ਇਕ ਬੀਬੀ 'ਕਵਿਤਾ ਸ੍ਰੀਵਾਸਤਵ' ਕਹਿ ਰਹੀ ਸੀ ਕਿ ਕਲਾਮ ਨੂੰ ਵਿਗਿਆਨੀ ਕਹਿਣਾ ਵਿਗਿਆਨ ਦੀ ਕੁਤਾਹੀ ਹੈ ਅਤੇ ਸਿਆਸਤ ਦਾ ਤਾਂ ਉਨ੍ਹਾਂ ਨੂੰ 'ਉੜਾ-ਆੜਾ' ਵੀ ਨਹੀਂ ਸੀ ਆਉਂਦਾ, ਫੇਰ ਉਨ੍ਹਾਂ ਨੂੰ ਚੰਗਾ ਰਾਸ਼ਟਰਪਤੀ ਵੀ ਕਿਵੇਂ ਕਿਹਾ ਜਾ ਸਕਦਾ ਹੈ। ਕੁਝ ਕੁ ਕਹਿ ਰਹੇ ਹਨ ਕਿ ਉਹ ਤਾਂ ਜਣੇ ਖਣੇ ਦੇ ਪੈਰੀਂ ਪੈਂਦੇ ਫਿਰਦੇ ਸੀ ਸੋ ਉਹ ਕਾਹਦਾ 'ਤਰਕੀ' ਹੋਏ। ਚਲੋ ਛੱਡੋ ਇਹਨਾਂ ਲੋਕਾਂ ਨੂੰ ਥੁੱਕਣ ਦਿਓ ਕਿਉਂਕਿ ਸਭ ਤੋਂ ਛੇਤੀ ਨਤੀਜੇ ਚੰਨ ਤੇ ਥੁੱਕਣ ਵਾਲੇ ਨੂੰ ਮਿਲਦੇ ਹੁੰਦੇ ਹਨ।

ਨੌਜਵਾਨ ਵਰਗ ਦੇ ਚਹੇਤੇ ਕਲਾਮ ਸਾਹਿਬ ਨੂੰ ਸਭ ਤੋਂ ਵੱਧ ਆਸਾਂ ਨੌਜਵਾਨਾਂ ਤੋਂ ਹੀ ਸਨ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਲਏ ਗਏ '੨੦੨੦ ਇੰਡੀਆ' ਦੇ ਸੁਪਨੇ ਨੂੰ ਨੌਜਵਾਨ ਹੀ ਸਾਕਾਰ ਕਰਨਗੇ। ਕਲਾਮ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਮੌਕਿਆਂ ਦੀ ਉਡੀਕ 'ਚ ਬੈਠਣ ਦੀ ਥਾਂ ਉੱਦਮ ਕੀਤਾ ਜਾਵੇ ਤੇ ਉੱਦਮ ਕਰੇਂਦਿਆ ਹਰ ਦਿਲ 'ਚੋਂ ਇਹੀ ਆਵਾਜ਼ ਆਵੇ ਕਿ ''ਅਬਦੁਲ ਤੁਸੀਂ ਸਾਡੇ ਲਈ ਨਾ ਭੁਲਣ ਯੋਗ ਕਲਾਮ ਸੀ, ਹੋ, ਤੇ ਰਹੋਂਗੇ।''

Comments

heera

Marvllous

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ