ਹਾਰ ਤੋਂ ਜਿੱਤ ਵੱਲ - ਸੰਤੋਖ ਸਿੰਘ ਭਾਣਾ
Posted on:- 04-08-2015
ਅਸੀਂ ਹਰ ਵੇਲੇ ਮੌਤ ਅਤੇ ਨਾਕਾਮਯਾਬੀਆਂ ਦੇ ਡਰ ਤੋਂ ਹੀ ਭੈਅ ਭੀਤ ਹੋਏ ਰਹਿੰਦੇ ਹਾਂ, ਜਦਕਿ ਮੌਤ ਜਾਂ ਅਸਫਲਤਾ ਓਨੀ ਭਿਆਨਕ ਨਹੀਂ ਹੁੰਦੀ ਜਿੰਨੇ ਭਿਆਨਕ ਨਤੀਜੇ ਇੱਸ ਤੋਂ ਹੋਣ ਵਾਲੇ ਡਰ ਤੋਂ ਹੁੰਦੇ ਹਨ।ਮੌਤ ਤਾਂ ਸਾਨੂੰ ਇੱਕ ਵਾਰ ਮਾਰਦੀ ਹੈ, ਪਰ ਇਸਦਾ ਭੈਅ,ਇਸਦੀਆਂ ਸ਼ੰਕਾਵਾਂ ਸਾਨੂ ਹਰ ਪਲ ਹਰ ਛਿਣ ਮਾਰਦੀਆਂ ਹਨ ਅਤੇ ਸਾਡੇ ਸਮੁੱਚੇ ਜੀਵਨ ਨੂੰ ਨਰਕ `ਚ ਤਬਦੀਲ ਕਰ ਦਿੰਦੀਆਂ ਹਨ। ਜੇਕਰ ਸਾਡੀ ਇੱਛਾ ਸ਼ਕਤੀ ਦ੍ਰਿੜ ਹੈ ਤਾਂ ਸਾਹਮਣੇ ਖੜ੍ਹੀ ਮੌਤ ਨੂੰ ਵੀ ਟਾਲਿਆ ਜਾ ਸਕਦਾ ਹੈ।
ਕ੍ਰਿਕਟ ਦੇ ਮੁਕਾਬਲਿਆਂ `ਚ ਇੱਕ ਗੱਲ ਤਾਂ ਪੱਕੀ ਹੁੰਦੀ ਹੈ ਕਿ ਦੋਹਾਂ
ਵਿੱਚੋ ਇੱਕ ਟੀਮ ਦੀ ਹਾਰ ਤੈਅ ਹੈ। ਹਾਰਨ ਵਾਲੀ ਟੀਮ ਆਪਣੇ ਨਜ਼ਰੀਏ `ਚ ਬਦਲਾਅ ਲਿਆ ਕੇ
ਹਾਰ ਨੂੰ ਆਪਣੇ ਅਗਲੀ ਜਿੱਤ ਲਈ ਅਭਿਆਸ ਮੈਚ ਮੰਨੇ।ਵੈਸੇ ਵੀ ਕਿਸੇ ਵੀ ਟੀਮ ਲਈ ਆਪਣੀ
ਅਗਲੀ ਜਿੱਤ ਲਈ ਇੱਕਮਾਤਰ ਵਿਕਲਪ ਇਹੀ ਹੁੰਦਾ ਹੈ ਕਿ ਵੱਧ ਤੋਂ ਵੱਧ ਅਭਿਆਸ ਕੀਤਾ ਜਾਵੇ।
ਇੱਥੇ ਹਾਰ ਦਾ ਮਹੱਤਵ ਜਿੱਤ ਦੇ ਮਹੱਤਵ ਤੋਂ ਵੱਧ ਹੁੰਦਾ ਹੈ। ਪਿਛਲੇ ਮੈਚਾਂ ਦੀਆਂ
ਗਲਤੀਆਂ ਨੂੰ ਸੁਧਾਰ ਕੇ ਉਹ ਟੀਮਾਂ ਭਵਿੱਖ `ਚ ਅਣਗਿਣਤ ਜਿੱਤਾਂ ਹਾਸਿਲ ਕਰ ਸਕਦੀਆਂ ਹਨ।
ਅਜਿਹਾ ਹੋਣਾ ਸਦਾ ਹਰ ਨਾਲ ਹੀ ਸੰਭਵ ਹੁੰਦਾ ਹੈ।
ਅਸਫਲਤਾ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਹੁੰਦੀ ਹੈ, ਜਿਨ੍ਹਾਂ ਨੂੰ ਆਪਣੀ ਜ਼ਿੱਦ ਦਾ ਪੂਰਾ ਭਰੋਸਾ ਹੁੰਦਾ ਹੈ। ਉਹ ਹਾਰ ਨੂੰ ਸਿਰਫ ਇਸ ਲਈ ਕਬੂਲ ਕਰਦੇ ਹਨ ਕਿ ਇਸ ਨੂੰ ਜਿੱਤ `ਚ ਬਦਲਿਆ ਜਾ ਸਕੇ।
ਲੋਕਾਂ ਦੇ ਅਸਫਲ ਹੋਣ ਦਾ ਸੱਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਉਹ ਆਪਣੇ ਮਨ `ਚ ਆਪੂ ਪੈਦਾ ਕੀਤੇ ਡਰ ਤੋਂ ਈ ਡਰੇ ਹੋਏ ਹੁੰਦੇ ਹਨ। ਜਦਕਿ ਆਦਮੀ ਨੂੰ ਆਪਣੇ ਸਾਹਮਣੇ ਖੜ੍ਹੀ ਮੌਤ ਨੂੰ ਵੀ ਹਰਾਉਣ ਦਾ ਜਜ਼ਬਾ ਹੋਣਾ ਚਾਹੀਦਾ ਹੈ। ਜਿੱਤਾਂ ਹਾਸਿਲ ਕਰਨਾ ਸਿਰਫ ਕੋਸ਼ਿਸ਼ ਈ ਨਹੀਂ ਬਲਕਿ ਇਹ ਤਾਂ ਇੱਕ ਆਦਤ ਹੈ।ਜਿੱਤਦਾ ਉਹੀ ਹੈ ਜੋ ਜਿੱਤਣਾ ਜਾਣਦਾ ਹੈ।ਜਿੱਤ ਸਿਰਫ ਲੜਨ ਨਾਲ ਈ ਨਹੀਂ ਮਿਲਦੀ।ਜਿੱਤ ਤਾਂ ਜਿੱਤਣ ਦੀ ਪ੍ਰਬਲ ਇੱਛਾ ਨਾਲ ਮਿਲਦੀ ਹੈ।ਕੁਸ਼ਤੀ ਲੜਨ ਵਾਲਾ ਕੋਈ ਪਹਿਲਵਾਨ ਤਾਂ ਮੁੜ੍ਹਕਾ ਡੋਲ੍ਹ ਕੇ ਅਤੇ ਆਪਣੀ ਪੂਰੀ ਤਾਕ ਝੋਕ ਕੇ ਆਪਣੀ ਜਿੱਤ ਦਰਜ ਕਰਦਾ ਹੈ ਤੇ ਕੋਈ ਪਹਿਲਵਾਲ ਸਿਰਫ ਅੱਖਾ ਵਿਖਾ ਕੇ ਹੀ ਜਿੱਤ ਜਾਂਦਾ ਹੈ।ਉਹਦੀਆਂ ਅੱਖਾਂ ਦੀ ਚਮਕ ਆਪਣੇ ਵਿਰੋਧੀ ਦੀਆਂ ਅੱਖਾਂ ਥਾਣੀ ਉਹਦੇ ਦਿਮਾਗ `ਚ ਲਹਿ ਕੇ ਆਪਣੀ ਜਿੱਤ ਦੀ ਕਹਾਣੀ ਬਿਆਨ ਕਰ ਦਿੰਦੀ ਹੈ ਅਤੇ ਸਾਹਮਣੇ ਵਾਲਾ ਹਾਰ ਜਾਂਦਾ ਹੈ। ਯੁੱਧ ਦੇ ਬਾਰੇ `ਚ ਕਿਹਾ ਗਿਆ ਹੈ ਕਿ ਯੁੱਧ ਸਰੀਰ ਤੋਂ ਘੱਟ ਮਾਨਸਿਕ ਹੌਂਸਲੇ ਅਤੇ ਅਕਲ ਤੋਂ ਜ਼ਿਆਦਾ ਲੜਿਆ ਜਾਂਦਾ ਹੈ।ਮੱਲਾਂ ਮਾਰਨ ਲਈ ਆਤਮ ਵਿਸ਼ਵਾਸ ਦਾ ਮਹੱਤਵ ਸਭ ਤੋਂ ਜ਼ਰੂਰੀ ਹੈ। ਆਤਮ ਵਿਸ਼ਵਾਸ, ਭਾਵ ਆਪਣੇ ਕੰਮ ਪ੍ਰਤੀ ਦ੍ਰਿੜਤਾ। ਅਜਿਹਾ ਜਨੂੰਨ ਜੋ ਕੰਮ ਪੂਰਾ ਹੋਣ ਤੱਕ ਅਰੁੱਕ ਚਲਦਾ ਰਹੇ। ਅਜਿਹੀ ਇੱਛਾ ਸ਼ਕਤੀ ਜੋ ਹਰ ਪਲ ਜੂਝਣ ਦਾ ਹੌਸਲਾ ਬਖਸ਼ੇ। ਅਜਿਹੀ ਜੀਵਨ ਜਾਚ ਜੋ ਪੈਰ-ਪੈਰ `ਤੇ ਚੜ੍ਹਦੀਆਂ ਕਲਾਂ `ਚ ਰਹਿੰਦੀਆਂ ਸੁਚੱਜੀ ਜ਼ਿੰਦਗੀ ਜਿਉਣ ਦੇ ਰਾਹ ਲੱਭੇ।ਆਤਮ-ਵਿਸ਼ਵਾਸ ਉਹ ਸ਼ਕਤੀ ਹੈ ਜੋ ਤੁਹਾਨੂੰ ਹਾਰ ਤੋਂ ਜਿੱਤ ਵੱਲ ਲੈ ਜਾਂਦੀ ਹੈ। ਇਸੇ ਸ਼ਕਤੀ ਨਾਲ ਹੀ ਪਹਾੜਾਂ `ਚ ਸੁਰੰਗਾਂ ਅਤੇ ਸਮੁੰਦਰ `ਚ ਰਸਤੇ ਬਣਾਏ ਜਾ ਸਕਦੇ ਹਨ। ਆਤਮਵਿਸ਼ਵਾਸ ਨਾਲ ਹੀ ਵੱਡੇ-ਵੱਡੇ ਵਿਗਿਆਨਕਾਂ ਨੇ ਅਸੰਭਵ ਲੱਗਣ ਵਾਲੀਆਂ ਤਕਨੀਕਾਂ ਦੀ ਖੋਜ਼ ਕੀਤੀ ਹੈ। ਇਹ ਆਤਮ ਵਿਸ਼ਵਾਸ ਦਾ ਹੀ ਨਤੀਜਾ ਹੈ ਕਿ ਧਰਤੀ ਖੰਡਰ ਨਾ ਹੋਕੇ ਅੱਜ ਇਨਸਾਨ ਦੇ ਜਿਊਣ ਲਈ ਸਵਰਗ ਹੈ।ਹਾਰ ਦੇ ਬਾਵਜੂਦ ਹਾਰ ਤੋਂ ਸਿੱਖਿਆ ਲੈ ਕੇ ਮੁੱੜ ਕੋਸ਼ਿਸ਼ ਕਰਨ ਵਾਲੇ ਨੂੰ ਹੀ ਸਫਲਤਾ ਮਿਲਦੀ ਹੈ।ਹਾਰਨਾ ਕੌਈ ਮਾੜੀ ਗੱਲ ਨਹੀਂ, ਪਰ ਹਾਰ ਦੀ ਆਦਤ ਬਣਾ ਲੈਣਾ ਮਾੜੀ ਗੱਲ ਹੈ।ਨਦੀ ਦਾ ਪਾਣੀ ਜਦ ਝਰਨੇ ਦੇ ਰੂਪ ਵਿੱਚ ਡਿੱਗਦਾ ਹੈ ਤਾਂ ਉਚਾਈ ਤੋਂ ਡਿੱਗਣ ਦੇ ਬਾਵਜੂਦ ਸੱਟਾਂ ਖਾ ਕੇ ਵੀ ਉਹ ਹੋਰ ਤੇਜ਼ੀ ਨਾਲ ਅੱਗੇ ਵਹਿੰਦਾ ਤੁਰਿਆ ਜਾਂਦਾ ਹੈ।ਪੱਤਝੜ ਦੇ ਮੌਸਮ `ਚ ਪੇੜ ਤੋਂ ਜਿੰਨੇ ਪੱਤੇ ਡਿੱਗਦੇ ਹਨ, ਬਸੰਤ ਰੁੱਤ `ਚ ਉਸ ਤੋਂ ਦੁੱਗਣੇ ਪੱਤੇ ਪੇੜ `ਤੇ ਹੋਰ ਆ ਜਾਂਦੇ ਹਨ। ਸੰਪਰਕ: +91 98152 96475
heera sohal
Good