ਪੈਸੇ ਬਣਾਉਣ ਦੀ ਅੰਨ੍ਹੀ ਦੌੜ ’ਚ ਰੁਲਦੇ ਰਿਸ਼ਤੇ -ਭੁਪਿੰਦਰ ਸਿੰਘ
Posted on:- 19-07-2015
ਅੱਜ ਦਾ ਯੁੱਗ ਕੰਪਿਊੇਟਰ ਯੁੱਗ ਕਿਹਾ ਜਾਂਦਾ ਹੈ, ਇੱਕੀਵੀਂ ਸਦੀ ਵਿੱਚ ਮਨੁੱਖ ਨੇ ਪੈਰ ਪਾਇਆ ਹੈ। ਅੱਜ ਦਾ ਮਨੁੱਖ ਬਹੁਤ ਹੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਮਨੁੱਖ ਦੀ ਸੋਚ ਅਤੇ ਵਿਗਿਆਨ ਦੀਆਂ ਖੋਜਾਂ ਨੇ ਚੰਦਰਮਾ ’ਤੇ ਪਲਾਟ ਕੱਟਣ ਦੀ ਤਿਆਰੀ ਕੀਤੀ ਹੈ। ਪੈਸੇ ਦੀ ਅੰਨ੍ਹੀ ਦੌੜ ਵਿੱਚ ਆਦਮੀ ਹਫ਼ ਰਿਹਾ ਹੈ। ਹਰ ਕੋਈ ਚਾਹੁੰਦਾ ਹੈ ਕਿ ਮੇਰੇ ਕੋਲ ਦੂਸਰੇ ਕੋਲੋਂ ਪੈਸਾ ਜ਼ਿਆਦਾ ਹੋਵੇ।
ਇੰਟਰਨੈੱਟ, ਮੋਬਾਈਲ, ਫੇਸਬੁੱਕ ਤੇ ਵਟਸਐਪ ਵਰਗੀਆਂ ਸਹੂਲਤਾ ਨੇ ਦੁਨੀਆ ਨੂੰ ਇੱਕ ਘਰ ਬਣਾ ਦਿੱਤਾ। ਅੱਜ-ਕੱਲ੍ਹ ਅਸੀਂ ਘਰ ਬੈਠੇ ਕਿਤੇ ਵੀ ਦੂਰ ਦੇ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦਾ ਹਾਲ ਚਾਲ ਮਿੰਟਾਂ-ਸਕਿੰਟਾਂ ਵਿੱਚ ਜਾਣ ਲੈਂਦੇ ਹਾਂ। ਪਰ ਇਸ ਤਰੱਕੀ ਦੀ ਦੌੜ ਵਿੱਚ ਅਸੀਂ ਬਹੁਤ ਕੁਝ ਭੁੱਲ ਗਏ ਹਾਂ ਤੇ ਬਹੁਤ ਕੁਝ ਭੁੱਲਦੇ ਜਾ ਰਹੇ ਹਾਂ। ਇਸ ਵਿੱਚ ਆਉਂਦੇ ਹਨ ਰਿਸ਼ਤੇ ਨਾਤੇ, ਰਿਸ਼ਤੇ ਕੁਝ ਖੂਨ ਦੇ ਤੇ ਕੁੱਝ ਧਰਮ ਦੇ ਹੁੰਦੇ ਹਨ। ਪੈਸੇ ਦੀ ਦੌੜ ਨੇ ਅਜੋਕੇ ਮਨੁੱਖ ਨੂੰ ਕੁਝ ਇਸ ਕਦਰ ਅੰਨ੍ਹਾ ਕਰ ਦਿੱਤਾ ਹੈ ਕਿ ਉਹ ਪੈਸੇ ਨੂੰ ਹੀ ਸਭ ਕੁਝ ਮੰਨ ਕੇ ਬਹਿ ਗਿਆ ਹੈ। ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ, ਕਿਸੇ ਵੀ ਅਖਬਾਰ ਨੂੰ ਖੋਲ੍ਹ ਕੇ ਦੇਖ ਲਵੋਂ ਜਾਂ ਕਿਸੇ ਟੀ.ਵੀ.ਚੈੱਨਲ ਦੀ ਨਿਊਜ਼ ਤੁਹਾਨੂੰ ਦੱਸ ਵਿੱਚੋਂ ਛੇ ਖਬਰਾਂ ਰਿਸ਼ਤਿਆਂ ਦੇ ਘਾਣ ਦੀਆਂ ਜ਼ਰੂਰ ਪੜ੍ਹਨ-ਦੇਖਣ ਨੂੰ ਮਿਲ ਜਾਣਗੀਆਂ। ਕਿਤੇ ਜ਼ਮੀਨ ਦੇ ਟੁਕੜੇ ਖਾਤਿਰ ਭਰਾ ਨੇ ਭਰਾ ਨੂੰ ਕਤਲ ਕਰ ਦਿੱਤਾ ਤੇ ਕਿਤੇ ਪੁੱਤਰ ਨੇ ਮਾਂ ਨੂੰ ਪੈਸੇ ਨਾ ਦੇਣ ਕਰਕੇ ਮਾਰ ਦਿੱਤਾ। ਕੋਈ ਅਣਵਿਆਹੀ ਕਲਯੁਗੀ ਮਾਂ ਨੇ ਬੱਚੇ ਨੂੰ ਜਨਮ ਦੇ ਕੇ ਕੂੜੇ ਦੇ ਢੇਰ ਉੱਤੇ ਸੁੱਟ ਦਿੱਤਾ, ਆਪਣਾ ਪਾਪ ਛੁਪਾਉਣ ਖਾਤਰ ਉਸ ਮਾਸੂਮ ਨੂੰ ਕਾਵਾਂ-ਕੁੱਤਿਆਂ ਦੇ ਹਵਾਲੇ ਕਰਕੇ ਚਲੇ ਗਈ। ਕੀ ਇਹ ਰਿਸ਼ਤਿਆਂ ਦਾ ਘਾਣ ਨਹੀਂ ਹੈ ਤਾਂ ਹੋਰ ਕੀ ਹੈ?
ਇਹੋ ਜਿਹੀਆਂ ਖਬਰਾਂ ਤਾਂ ਆਮ ਹੀ ਪੜ੍ਹਨ ਸੁਣਨ ਨੂੰ ਮਿਲ ਜਾਦੀਆਂ ਨੇ ਕਿ ਪਿਉ ਨੇ ਪੁੱਤ ਨੂੰ ਜਾਂ ਪੁੱਤ ਨੇ ਪਿਉ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿ ਜ਼ਮੀਨ ਦਾ ਹਿੱਸਾ ਥੋੜਾ ਜਿਹਾ ਵੱਧ ਚਲਾ ਗਿਆ। ਸਿਆਣੇ ਕਹਿੰਦੇ ਨੇ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਪਰ ਅੱਜ ਦੀ ਦੁਨੀਆ ਵਿੱਚ ਇਹ ਸਭ ਕੁਝ ਸੱਚ ਹੈ, ਕਿਉਂਕਿ ਪਿਛਲੇ ਦਿਨੀਂ ਪੰਜਾਬੀ ਅਖਬਾਰ ਦੀ ਇੱਕ ਸੁਰਖੀ ਪੜ੍ਹ ਕੇ ਰੂਹ ਕੰਬ ਉਠੀ ਸੀ,ਕਿ ਇੱਕ ਕਲਯੁਗੀ ਮਾਂ ਨੇ ਆਪਣੀ ਮਾਸੂਮ ਬੱਚੀ ਦੇ ਰੋਣ ਤੋਂ ਗੁੱਸੇ ਵਿੱਚ ਆ ਕੇ ਉਸ ਦਾ ਗਲਾ ਦਬਾ ਕੇ ਮਾਰ ਦਿੱਤਾ। ਇਹ ਤਾਂ ਖੂਨ ਦਾ ਰਿਸ਼ਤਾ ਸੀ, ਖੌਰੇ ਉਸ ਮਾਂ ਨੂੰ ਤਰਸ ਕਿਉਂ ਨਾ ਆਇਆ। ਇੱਕ ਸਰਦਾ ਪੁੱਜਦਾ ਗੁਆਂਢੀ, ਗਰੀਬ ਗੁਆਂਢੀ ਦੀ ਕਦੇ ਸਾਰ ਨਹੀ ਲਵੇਗਾ ਸਗੋਂ ਉਸ ਦੇ ਘਰ ਬਾਰ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।ਅੱਜ-ਕੱਲ੍ਹ ਦੀ ਦੋਸਤੀ ਦਾ ਰਿਸ਼ਤਾ ਵੀ ਸਿਰਫ ਮਤਲਬ ਦਾ ਰਿਸ਼ਤਾ ਰਹਿ ਗਿਆ ਹੈ, ਮਤਲਬ ਜੇ ਤੁਹਾਡੇ ਕੋਲ ਖੂਬ ਸਾਰਾ ਪੈਸਾ ਹੈ ਤਾਂ ਤੁਹਾਡੇ ਦੋਸਤ ਵੀ ਓਨੇ ਹੀ ਹੋਣਗੇ। ਪਰ ਜਦੋਂ ਪੈਸਾ ਖਤਮ ਹੋ ਗਿਆਂ ਤਾਂ ਕੋਈ ਵੀ ਮਿੱਤਰ ਤੁਹਾਡਾ ਹਾਲ ਚਾਲ ਨਹੀਂ ਪੁੱਛੇਗਾ। ਸਹਿਣਸ਼ੀਲਤਾ ਅਤੇ ਇਨਸਾਨੀਅਤ ਦਮ ਤੋੜ ਰਹੀਆਂ ਨੇ, ਹਰ ਕੋਈ ਦੂਸਰੇ ਨੂੰ ਠਿੱਬੀ ਲਾ ਕੇ ਅੱਗੇ ਵਧਣਾ ਚਾਹੁੰਦਾ ਹੈ। ਰਿਸ਼ਤਿਆਂ ਦੀ ਡੋਰ ਹੁੰਦੀ ਕੱਚੀ ਹੁੰਦੀ ਹੈ। ਇਨਸਾਨ ਦੀ ਜ਼ਿੰਦਗੀ ਵਿੱਚ ਰਿਸ਼ਤਿਆਂ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੈ। ਅੱਜ ਦੇ ਜ਼ਮਾਨੇ ਵਿੱਚ ਭੈਣ ਵੀ ਗਰੀਬ ਭਰਾ ਦੇ ਵਿਹੜੇ ਰੱਖੜੀ ਲੈ ਕੇ ਨਹੀਂ ਜਾਂਦੀ। ਕਿਉਂਕਿ ਉਥੋਂ ਕੁਝ ਮਿਲਣ ਦੀ ਆਸ ਨਹੀਂ ਹੁੰਦੀ, ਸੋ ਅੱਜ ਲੋੜ ਹੈ ਰਿਸ਼ਤਿਆਂ ਨੂੰ ਸੰਭਾਲਣ ਦੀ। ਜੇ ਇਨ੍ਹਾਂ ਰਿਸ਼ਤਿਆਂ ਨੂੰ ਨਾ ਸਾਂਭਿਆ ਗਿਆ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਇਨਸਾਨ ਇਕੱਲਾ ਰਹਿ ਜਾਵੇਗਾ। ਉਸ ਕੋਲ ਸਿਰਫ ਪੈਸਾ ਹੀ ਬਚੇਗਾ। ਪੈਸੇ ਨਾਲ ਅਸੀਂ ਮਖਮਲੀ ਬਿਸਤਰਾ ਤਾਂ ਖਰੀਦ ਸਕਦੇ ਹਾਂ ਪਰ ਨੀਂਦ ਨਹੀਂ। ਸੰਪਰਕ:+91 97814 67037