ਸ਼ਹੀਦ ਜਰਨੈਲ ਜੈਲੀ ਦੇ 31ਵੇਂ ਜਨਮ ਦਿਨ ’ਤੇ
ਜਦੋਂ ਮੌਸਮਾਂ 'ਚ ਖੌਲਦੇ ਤੂਫਾਨ ਹੋਣਗੇ, ਉਦੋਂ ਯਾਰ ਸਾਡੇ ਹੌਂਸਲੇ ਹੋਰ ਬਲਵਾਨ ਹੋਣਗੇ
ਅਸੀਂ ਜ਼ਿੰਦਗੀ ਨੂੰ ਜੀਵਿਆ ਹੈ ਯਾਰ ਇਸ ਤਰ੍ਹਾਂ, ਇਹਦੇ ਪਲ਼-ਪਲ਼ ਉਮਰਾਂ ਸਮਾਨ ਹੋਣਗੇ।
ਜੂਨ ਮਹੀਨਾ ਪੰਜਾਬ ਅੰਦਰ ਤਪਸ਼ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਬਾਰਿਸ਼ਾਂ ਦੀ ਬੂੰਦਾਂ-ਬਾਂਦੀ ਤੱਪਦੇ ਤਵੇ ’ਤੇ ਪੈਂਦੇ ਛਿੱਟਆਂ ਤੋਂ ਬਾਅਦ ਠਾਰ ਦੀ ਭਿਣਕ ਪਾਉਂਦੀ ਹੈ। ਪ੍ਰਕਿਰਤੀ ਦੇ ਨੇਮ ਵੀ ਬਦਲਦੇ ਹਨ, ਰੁੱਤਾਂ ਵੀ ਬਦਲਦੀਆਂ ਹਨ। ਇਸੇ ਮਹੀਨੇ ਲੋਕਾਂ ਦੇ ਨਾਇਕ ਨੂੰ ਜ਼ਰਵਾਣਿਆਂ ਨੇ ਤੱਤੀ ਤਵੀ ’ਤੇ ਬਿਠਾ ਸਿਰ ਤੇ ਰੇਤ ਪਾ ਕੇ ਆਪਣੀ ਜ਼ਾਬਰ ਪਰੰਪਰਾ ਨਿਭਾਈ ਪਰ ਨਾਇਕ ਤਾਂ ਆਖਿਰ ਨਾਇਕ ਹੁੰਦੇ ਹਨ, ਉਹ ਸਿਦਕੋਂ ਨਾ ਡੋਲਦੇ ਗ਼ਾਲਬਾਂ ਨੂੰ ਵੰਗਾਰਨ ਦੀਆਂ ਰਵਾਇਤਾਂ ਪਾਉਂਦੇ ਹਨ। ਇਸ ਤਪਸ ਦਾ ਸੇਕ ਪੰਜਾਬੀ ਜੂਨ 1984 ਵਿੱਚ ਹੰਢਾਅ ਰਹੇ ਸੀ, ਪਰ ਆਮ ਸਾਦਾ ਜੀਵਨ ਜਿਉਣ ਅਤੇ ਰੱਬ ਦੇ ਭਾਣੇ ਨੂੰ ਮੰਨਣ ਵਾਲੇ ਲੋਕਾਂ ਨੂੰ ਕਈ ਵਾਰ ਸਿਰ ਵਿੱਚ ਰੇਤ ਪਾਉਣ ਵਾਲਿਆਂ ਪ੍ਰਤੀ ਧੂੰਦਲਕੇ ਹੋ ਜਾਂਦੇ ਹਨ ਤੇ ਉਹ ਆਪਣੀ ਜ਼ਿੰਦਗੀ ਵਿਚੋਂ ਨਿੱਕੀਆ ਅਤੇ ਵੱਡੀਆਂ ਖੂਸ਼ੀਆਂ ਨੂੰ ਮਾਨਣਾ ਚਾਹੁੰਦੇ ਹਨ। ਅਜਿਹਾ ਇਕ ਸੰਗਰੂਰ ਜਿਲ੍ਹੇ ਦੇ ਛੋਟੇ ਜਿਹੇ ਕਸਬੇ ਖਨੌਰੀ ਦਾ ਪਰਿਵਾਰ ਇਸ ਸੇਕ ਤੋਂ ਪਾਸੇ ਹੱਟ 30 ਜੂਨ 1984 ਨੂੰ ਖੁਸ਼ੀ ਵਿਚ ਖਿਵਾ ਨਾ ਸੀ, ਜਦੋਂ ਬਾਪੂ ਭਗਵਾਨ ਸੂੰਹ(ਸਿੰਘ) ਦੇ ਘਰ ਪੋਤਰਾ ਹੋਇਆ, ਜਿਸ ਦਾ ਨਾਮ ਘਰਦਿਆਂ ਨੇ ਜਰਨੈਲ ਸਿੰਘ ਰੱਖਿਆ ਸੀ, ਜੋ ਅੱਗੇ ਜਾ ਕੇ ਜੈਲੀ ਨਾਮ ਨਾਲ ਮਕਬੂਲ ਹੋਇਆ, ਪਰ ਨਾਮ ਜੋ ਵੀ ਹੋਵੇ ਬੰਦੇ ਦੁਆਰਾ ਜ਼ਿੰਦਗੀ ਵਿੱਚ ਕੀਤੇ ਕਾਰਜ ਹੀ ਉਸਦੇ ਨਾਮ ਨੂੰ ਅਸਲੀ ਅਰਥ ਪ੍ਰਦਾਨ ਕਰਦੇ ਹਨ।
ਜੈਲੀ ਨੇ ਆਪਣੇ ਜਰਨੈਲ ਹੋਣ ਨੂੰ ਚੜਦੀ ਜਵਾਨੀ ਵਿਚ ਸਾਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜ਼ਿੰਦਗੀ ਦੇ ਸੋਲ੍ਹਵੇਂ ਵਰ੍ਹੇ ਵਿੱਚ ਮੂੱਛ-ਫੁੱਟ ਗੱਭਰੂ ਇਸ ਪੜਾਅ ਨੂੰ ਰੰਗੀਲਾ ਬਣਾਉਣ ਦੇ ਸੁਪਨੇ ਬੁਨਣ ਲਗਦੇ ਹਨ, ਜੈਲੀ ਇਸ ਪੜਾਅ ਤੇ ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦਾ ਅੰਗ ਬਣ ਗਿਆ ਸੀ ਤੇ ਉਸ ਨੇ ਫਰ ਕਦੇ ਪਿਛੇ ਮੁੜ ਕੇ ਨਾ ਵੇਖਿਆ।