ਸਮਾਜਵਾਦ ਵਿਚ ਮਸ਼ੀਨ ਤੋਂ ਪ੍ਰਾਪਤ ਵਿਹਲੇ ਸਮੇਂ ਦਾ ਉਪਯੋਗ - ਰਾਹੁਲ ਸੰਕਰਤਾਇਨ
Posted on:- 21-06-2015
ਅਨੁਵਾਦ: ਸੁਮੀਤ ਸ਼ੰਮੀ
ਸੰਪਰਕ: +91 94636 28811
ਵਿਗਿਆਨਕ ਸਮਾਜਵਾਦ ਜੀਵਨ ਦੀਆਂ ਸਾਰੀਆਂ ਲੋੜਾਂ ਨੂੰ ਪੈਦਾ ਕਰਨ ਵਿਚ ਮਸ਼ੀਨ ਦਾ ਪੂਰਨ ਤੌਰ ’ਤੇ ਉਪਯੋਗ ਕਰਨ ਦੇ ਪੱਖ ਵਿਚ ਹੈ। ਉਹ ਇਹ ਵੀ ਚਾਹੁੰਦਾ ਹੈ ਕਿ ਮਸ਼ੀਨਾਂ ਵਿਚ ਦਿਨੋਂ ਦਿਨ ਸੁਧਾਰ ਹੁੰਦਾ ਰਹੇ, ਜਿਸਦਾ ਮਤਲਬ ਹੈ ਕਿ ਚੀਜ਼ਾਂ ਪੈਦਾ ਕਰਨ ਵਿਚ ਘੱਟ ਤੋਂ ਘੱਟ ਸਮਾਂ ਲੱਗੇ। ਹੋ ਸਕਦਾ ਹੈ ਕਿ ਅਜਿਹਾ ਸਮਾਂ ਆਵੇ ਜਦੋਂ ਸੰਸਾਰ ਦੇ ਸਾਰੇ ਕੰਮ ਕਰਨ ਯੋਗ ਮਨੁੱਖਾਂ ਦੀ ਇੱਕ ਘੰਟੇ ਦੀ ਮਿਹਨਤ ਹੀ ਉਹਨਾਂ ਦੇ ਜੀਵਨ ਦੀਆਂ ਸਾਰੀਆਂ ਮਹੱਤਵਪੂਰਨ ਚੀਜ਼ਾਂ ਰੋਟੀ, ਕਪੜਾ, ਮਕਾਨ, ਸੜਕ, ਬਾਗ, ਸਕੂਲ, ਥੀਏਟਰ ਆਦਿ ਲਈ ਬਹੁਤ ਹੋਵੇ। ਅਜਿਹੀ ਸੂਰਤ ਵਿਚ 8 ਘੰਟੇ ਸੌਣ ਲਈ ਰੱਖ ਕੇ ਬਾਕੀ 15 ਘੰਟੇ ਆਦਮੀ ਕੀ ਕਰੇਗਾ? ਕੀ ਕੰਮ ਨਾ ਹੋਣ ਕਰਕੇ ਵਿਹਲਾ ਆਦਮੀ ਤਰ੍ਹਾਂ-ਤਰ੍ਹਾਂ ਦੇ ਲੜਾਈ-ਝਗੜਿਆਂ ਵਿਚ ਆਪਣਾ ਸਮਾਂ ਨਹੀਂ ਲਗਾਵੇਗਾ? ਕੀ ਉਸ ਨਾਲ ਭੱਵਿਖ ਦੀ ਸ਼ਾਂਤੀ ਅਤੇ ਸੁਖ ਦਾ ਸੁਪਨਾ ਹੋਰ ਝੂਠਾ ਨਹੀਂ ਹੋ ਜਾਵੇਗਾ?
ਸਾਨੂੰ ਅਜਿਹੇ ਸਵਾਲ ਕਰਨ ਵਾਲਿਆਂ ’ਤੇ ਹੈਰਾਨੀ ਹੁੰਦੀ ਹੈ। ਜੋ ਲੋਕ ਖੁਦ ਉਪਦੇਸ਼ ਦਿੰਦੇ ਹਨ ਕਿ ਮਨੁੱਖ ਦਾ ਜੀਵਨ ਸਿਰਫ ਪੇਟ ਭਰਨ ਵਿਚ ਲੱਗੇ ਰਹਿਣ ਲਈ ਨਹੀਂ ਹੈ, ਇਹ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਹਨ। ਜਿਨ੍ਹਾਂ ਦੇ ਸਵਰਗ ਦੀ ਕਲਪਣਾ ਹੀ ਹੈ ਕਿ ਉੱਥੇ ਮਨੁੱਖ ਨੂੰ ਸਾਰੀਆਂ ਚੀਜ਼ਾਂ ਪ੍ਰਾਪਤ ਹਨ ਮਨੁੱਖ ਨੂੰ ਕੰਮ ਬਿਲਕੁਲ ਨਹੀਂ ਕਰਨਾ ਪੈਂਦਾ, ਉਹੀ ਲੋਕ ਹੁਣ ਇਸ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਹਨ। ਸੰਭਵ ਹੈ ਕਿ ਉਹਨਾਂ ਦਾ ਵਿਚਾਰ ਹੋਵੇ ਕਿ ਸਮਾਜਵਾਦੀ ਤਾਂ ਧਾਰਮਿਕ ਪਾਠ-ਪੂਜਾ ਨੂੰ ਵੀ ਨਹੀਂ ਮੰਨਦੇ, ਫਿਰ ਉਹਨਾਂ ਕੋਲ ਬੇਰੁਜ਼ਗਾਰਾਂ ਦੇ ਸਮੇਂ ਨੂੰ ਘੱਟ ਕਰਨ ਦਾ ਕੀ ਹੱਲ ਹੋ ਸਕਦਾ ਹੈ?
ਨਹੀਂ ਜਨਾਬ! ਧਾਰਮਿਕ ਪਾਠ ਪੂਜਾ ਨੂੰ ਨਾ ਮੰਨਦੇ ਹੋਏ ਵੀ ਸਮਾਜਵਾਦੀ ਬਹੁਤ ਸਾਰੇ ਕੰਮ ਦੱਸ ਸਕਦੇ ਹਨ। ਇਹ ਮਨੱਖ ਦੇ ਕਰਨ ਵਾਲੇ ਕੰਮਾਂ ਨੂੰ ਦੋ ਭਾਗਾਂ ਵਿਚ ਵੰਡਦੇ ਹਨ- ਇਕ ਉਹ ਕੰਮ ਜੋ ਸਭ ਲਈ ਜ਼ਰੂਰੀ ਹੈ ਅਤੇ ਦੂਜਾ ਕੰਮ ਉਹ ਜਿਸਨੂੰ ਮਨੁੱਖ ਆਪਣੀ ਖੁਸ਼ੀ ਨਾਲ ਕਰਦਾ ਹੈ। ਮਨੁੱਖ ਆਪਣੇ ਸਮਾਜ ਦੇ ਜੀਵਨ ਧਾਰਨ ਲਈ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ, ਉਹਨਾਂ ਨੂੰ ਪੈਦਾ ਕਰਨ ਦਾ ਕੰਮ ਮਾਨਸਿਕ ਅਤੇ ਸਰੀਰਿਕ ਯੋਗਤਾ ਦੇ ਅਨੁਸਾਰ ਹਰੇਕ ਮਨੁੱਖ ਨੂੰ ਕਰਨਾ ਜ਼ਰੂਰੀ ਹੈ। ਮਸ਼ੀਨਾਂ ਦੀ ਵਰਤੋਂ ਨਾਲ ਕੰਮ ਦੇ ਸਮੇਂ ਨੂੰ ਘਟਾ ਕੇ ਇਕ ਘੰਟਾ ਕਰ ਦੇਣ ਦਾ ਮਤਲਬ ਹੈ ਕਿ ਜ਼ਰੂਰੀ ਕੰਮ ਦੇ ਲਈ ਸਿਰਫ ਇਕ ਘੰਟੇ ਦਾ ਰਹਿ ਜਾਣਾ। ਵਿਅਕਤੀਗਤ ਸੁਤੰਤਰਤਾ ਪੇ੍ਰਮੀਆਂ ਨੂੰ ਤਾਂ ਇਸ ਨਾਲ ਖੁਸ਼ ਹੋਣਾ ਚਾਹੀਦਾ ਹੈ, ਬਾਕੀ 15 ਘੰਟਿਆਂ ਦੇ ਕੰਮ ਲਈ ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਉਸ ਸਮੇਂ ਆਪਣੀ-ਆਪਣੀ ਇੱਛਾ ਦੇ ਮੁਤਾਬਿਕ ਮਨੁੱਖ ਸਾਹਿਤ, ਸੰਗੀਤ ਅਤੇ ਕਲਾ ਦਾ ਨਿਰਮਾਣ ਕਰ ਸਕਦਾ ਹੈ ਜਾਂ ਉਸਦਾ ਆਨੰਦ ਲੈ ਸਕਦਾ ਹੈ। ਸਿਹਤ ਅਤੇ ਸਾਹਸ ਦੇ ਖੇਡ ਅਤੇ ਯਾਤਰਾ ਕਰ ਸਕਦਾ ਹੈ। ਆਕਾਸ਼, ਧਰਤੀ ਅਤੇ ਸਮੁੰਦਰ ਦੀਆਂ ਯਾਤਰਾਵਾਂ ਕੀ ਮਨੁੱਖ ਲਈ ਗਿਆਨ ਭਰਪੂਰ ਨਹੀਂ ਹੋਣਗੀਆਂ? ਮਨੁੱਖ ਪਸ਼ੂ ਪੰਛੀ ਅਤੇ ਹੋਰ ਛੋਟੇ ਵੱਡੇ ਜੰਤੂਆਂ ਦੇ ਮਨੋਵਿਗਿਆਨ ਦਾ ਖੋਜ ਜਾਂ ਅਧਿਐਨ ਕਰ ਸਕਦਾ ਹੈ। ਫਲਸਫੇ ਅਤੇ ਵਿਗਿਆਨ ਸਬੰਧੀ ਖੋਜ ਕੰਮਾਂ ਵਿਚ ਲੱਗ ਸਕਦਾ ਹੈ। ਚਿਕਿਤਸਾ ਸਬੰਧੀ ਨਾ ਹੱਲ ਹੋਈਆਂ ਕਿੰਨੀਆਂ ਹੀ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਯਾਤਰਾਵਾਂ, ਮਨੋਰੰਜਨ ਦੇ ਸਾਧਨ ਅਤੇ ਥਿਏਟਰ ਅਜਿਹੀਆਂ ਚੀਜ਼ਾਂ ਹਨ ਜਿੰਨ੍ਹਾਂ ਨੂੰ ਮਨੁੱਖ ਜਿੰਨ੍ਹਾਂ ਚਾਹੇ ਉਹਨਾਂ ਸਮਾਂ ਦੇ ਸਕਦਾ ਹੈ। ਫਿਰ ਕੀ ਤੁਸੀਂ ਵਿਸ਼ਵਾਸ ਦਵਾਉਂਦੇ ਹੋ ਕਿ ਉਸ ਸਮੇਂ ਕੁਦਰਤੀ ਉਥਲ-ਪੁਥਲ, ਭੁਚਾਲ, ਸੋਕਾ, ਹੜ੍ਹ ਆਉਣਾ ਆਦਿ ਨਹੀਂ ਹੋਣਗੇ। ਉਹਨਾਂ ਦੇ ਹੋਣ ਤੇ ਪੁਨਰ ਨਿਰਮਾਣ ਦੇ ਲਈ ਮਨੁੱਖ ਨੂੰ ਆਪਣੀ ਸਾਰੀ ਸ਼ਕਤੀ ਦੇ ਨਾਲ ਬਰਾਬਰ ਰਹਿਣਾ ਪਵੇਗਾ। ਸੂਚਨਾ ਮਿਲਦੇ ਹੀ ਇਕ ਜਗ੍ਹਾ ਤੋਂ ਮਨੁੱਖਾਂ ਦਾ ਦੂਜੀ ਜਗ੍ਹਾ ਮਦਦ ਲਈ ਭੱਜਣਾ ਪਵੇਗਾ ਕਿਉਂਕਿ ਉਸ ਸਮੇਂ ਦਾ ਸਾਰਾ ਮਨੁੱਖੀ ਸਮਾਜ ਹੀ ਇਕ ਪਰਿਵਾਰ ਹੋਵੇਗਾ।
ਜ਼ਰਾ ਧਿਆਨ ਤਾਂ ਦੇਵੋ, ਜਦੋਂ ਅੱਜਕਲ੍ਹ ਮਨੁੱਖ ਹਰ ਵੇਲੇ ਕੰਮ ਦੀ ਚੱਕੀ ਵਿਚ ਪਿਸ ਕੇ ਕਲਾ ਅਤੇ ਸਾਹਿਤ ਦੀ ਸਿਰਜਣਾ ਜਾਂ ਮੁਲਾਂਕਣ ਦੇ ਆਨੰਦ ਦੇ ਲਈ ਸਮਾਂ ਨਹੀਂ ਕੱਢ ਸਕਦਾ ਅਤੇ ਜਿੰਨ੍ਹਾਂ ਕੁਝ ਕੁ ਲੋਕਾਂ ਨੂੰ ਅਜਿਹੇ ਮੌਕੇ ਮਿਲਦੇ ਵੀ ਹਨ, ਉਹ ਵੀ ਅਮੀਰ ਲੋਕਾਂ ਨੂੰ ਸੰਤੁਸ਼ਟ ਕਰਨ ਦੇ ਲਈ ਉਸ ਸਮੇਂ ਦਾ ਅਜਿਹੀਆਂ ਚੀਜ਼ਾਂ ਦੇ ਨਿਰਮਾਣ ਕਰਨ ਵਿਚ ਉਪਯੋਗ ਕਰਦੇ ਹਨ, ਜਿਸ ਨਾਲ ਦੂਜੇ ਮਨੁੱਖਾਂ ਦੇ ਸਰੀਰ ਅਤੇ ਮਨ ਭਟਕਦੇ ਹੁੰਦੇ ਹਨ; ਵਿਹਲੇ ਸਮੇਂ ਅਤੇ ਹੁਨਰ ਦੀ ਵਰਤੋਂ ਦੇ ਰਾਹ ਮਨੁੱਖ ਲਈ ਖੁੱਲ ਜਾਣ ਤੇ ਉਸ ਸਮੇਂ ਮਨੁੱਖ ਧਰਤੀ ਦੇ ਹਰੇਕ ਹਿੱਸੇ ਨੂੰ ਸੋਹਣਾ ਬਣਾ ਦੇਵੇਗਾ। ਜੋ ਕਲਾ ਦਾ ਆਨੰਦ ਅੱਜਕਲ੍ਹ ਗਿਣੇ-ਚੁਣੇ ਲੋਕਾਂ ਦੇ ਕੋਲ ਹੈ, ਉਹ ਉਸ ਸਮੇਂ ਸਰਵਜਨਕ ਹੋ ਜਾਵੇਗਾ। ਮਨੁੱਖ ਦੀ ਵਿਧਾ ਅਤੇ ਸੰਸਕ੍ਰਿਤੀ ਦਾ ਸਤਰ ਉਸ ਸਮੇਂ ਅੱਜ ਤੋਂ ਬਹੁਤ ਉੱਚਾ ਹੋ ਜਾਵੇਗਾ। ਅੱਜ ਕੱਲ੍ਹ ਮਨੁੱਖ ਦਾ ਕਿੰਨਾਂ ਸਮਾਂ ਵਿਅਰਥ ਜਾ ਰਿਹਾ ਹੈ? ਮਨੁੱਖ ਦਾ ਹੁਨਰ ਸੁੱਤਾ ਪਿਆ ਹੈ। ਇਸ ਸਾਰੀ ਵਿਅਰਥ ਜਾਣ ਵਾਲੀ ਮਿਹਨਤ, ਸਮੇਂ ਤੇ ਹੁਨਰ ਦੀ ਜਦੋਂ ਮਨੁੱਖ ਸੁਤੰਤਰਤਾਪੂਰਵਕ ਚੰਗੀ ਤਰ੍ਹਾਂ ਵਰਤੋਂ ਕਰੇਗਾ ਤਾਂ ਸੰਸਾਰ ਉਸ ਝੂਠੇ ਸਵਰਗ ਤੋਂ ਕਿਤੇ ਜ਼ਿਆਦਾ ਸੋਹਣਾ, ਸੁਖਦਾਇਕ ਅਤੇ ਸੰਤੁਸ਼ਟ ਹੋਵੇਗਾ। ਜਿਸਦੀ ਕਲਪਣਾ ਨੂੰ ਸਾਹਮਣੇ ਰੱਖ ਕੇ ਧਰਮ ਦੇ ਪੈਰੋਕਾਰ ਆਪਣੇ ਭੋਲੇ ਭਾਲੇ ਸੇਵਕਾਂ ਨੂੰ ਫਸਾਉਂਦੇ ਹਨ।
ਤੁਸੀਂ ਸਾਡੇ ਇਸ ਕਥਨ ਨੂੰ ਕਲਪਣਾ ਦੇ ਸੰਸਾਰ ਵਿਚ ਵਿਚਰਨਾ ਕਹੋਗੇ; ਪਰ ਸੱਚ ਦੱਸੋ ਕੀ ਤੁਹਾਡਾ ਸਵਾਲ ਵੀ ਅਜਿਹਾ ਨਹੀਂ ਹੈ?
ਸਮਾਜਵਾਦੀ ਝੰਡੇ ਦੇ ਹੇਠਾਂ ਆ ਕੇ ਰਾਸ਼ਟਰ ਦੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਜਾਗਰਿਤ ਹੋ ਕੇ ਕੀ ਕਰ ਸਕਦੀਆਂ ਹਨ, ਇਹ ਤੁਹਾਨੂੰ ਸੰਸਾਰ ਦੇ ਸਮਾਜਵਾਦੀ ਦੇਸ਼ ਵੱਲ ਇਕ ਝਾਤ ਮਾਰਨ ਤੇ ਪਤਾ ਲੱਗ ਜਾਵੇਗਾ। ਹੁਣ ਵੀ ਉਸਦੇ ਅੰਦਰੂਨੀ ਵਿਰੋਧ ਖਤਮ ਹੋ ਗਏ ਹਨ ਅਤੇ ਬਾਹਰ ਤਾਂ ਇਸਦੇ ਵਿਰੁੱਧ ਜ਼ਬਰਦਸਤ ਸਾਜਿਸ਼ਾਂ ਦਾ ਬਜ਼ਾਰ ਗਰਮ ਹੈ। ਪਰੰਤੂ ਇਹਨਾਂ ਹੋਣ ਤੇ ਵੀ ਇਹੀ ਨਹੀਂ ਹੈ ਕਿ ਕਿਸੇ ਸਮੇਂ ਵਪਾਰਕ-ਧੰਦੇ ਵਿਚ ਬਹੁਤ ਜ਼ਿਆਦਾ ਪਛੜਿਆ ਦੇਸ਼ ਅੱਜ ਮਿੱਟੀ ਦੇ ਤੇਲ ਅਤੇ ਲੋਹੇ ਦੇ ਉਤਪਾਦਨ ਵਿਚ ਹੀ ਸਭ ਤੋਂ ਪਹਿਲੇ ਨੰਬਰ ਤੇ ਹੈ, ਬਿਜਲੀ ਦੇ ਉਤਪਾਦਨ ਵਿਚ ਵੀ ਜਲਦੀ ਹੀ ਅਜਿਹਾ ਹੋਣ ਵਾਲਾ ਹੈ, ਬਲਕਿ ਵਿਗਿਆਨਕ ਖੋਜਾਂ ਵਿਚ ਵੀ ਉਸਨੇ ਬਹੁਤ ਤਰੱਕੀ ਕੀਤੀ ਹੈ। ਉਸਨੂੰ ਮਨੋਵਿਗਿਆਨ ਦੀ ਖੋਜ ਵਿਚ ਪਾਵਲੋਵ ਦੀਆਂ ਖੋਜਾਂ ਦਾ ਮਾਨ ਮਿਲਿਆ ਹੋਇਆ ਹੈ। ਪਾਵਲੋਵ, ਬਰਟੰਡਰ ਰਸਲ ਦੇ ਮਤ ਨਾਲ ਸੰਸਾਰ ਦੇ ਸੱਤ ਪ੍ਰਤਿਭਾਸ਼ਾਲੀ ਲੋਕਾਂ ਵਿਚੋਂ ਇਕ ਹੈ। ਚਿਕਿਤਸਾ ਵਿਗਿਆਨ ਵਿਚ ਦਿਲ ਦੀ ਗਤੀ ਦੇ ਬੰਦ ਹੋਣ ਨਾਲ ਮਰੇ ਹੋਏ ਲੋਕਾਂ ਨੂੰ ਦੁਬਾਰਾ ਜਿਉਂਦੇ ਕਰਨ ਦਾ ਕਾਰਨਾਮਾਂ ਵੀ ਉੱਥੇ ਹੋ ਚੁੱਕਿਆ ਹੈ। ਦੂਜੇ ਵਿਗਿਆਨਾਂ ਦੇ ਖੇਤਰ ਵਿਚ ਵੀ ਉਹ ਦੇਸ਼ ਅੱਗੇ ਵਧਦਾ ਜਾ ਰਿਹਾ ਹੈ। ਸਾਹਿਤ ਅਤੇ ਨਾਟਕ ਕਲਾ ਵਿਚ ਤਾਂ ਅੱਜ ਸੰਸਾਰ ਵਿਚ ਉਸਦਾ ਸਿੱਕਾ ਚੱਲਦਾ ਹੈ। ਜਿਸ ਤਰ੍ਹਾਂ ਉੱਥੇ ਹਰੇਕ ਬੱਚੇ ਦੀ ਸਿੱਖਿਆ ਜ਼ਰੂਰੀ ਹੀ ਨਹੀਂ ਹੈ, ਬਲਕਿ ਮਾਨਸਿਕ ਝੁਕਾਅ ਨੂੰ ਦੇਖ ਕੇ ਸਿੱਖਿਆ ਦੇਣ ਦਾ ਵੀ ਉੱਤਮ ਪ੍ਰਬੰਧ ਹੈ ਅਤੇ ਜਿਵੇਂ ਹੁਨਰਮੰਦਾਂ ਦੇ ਲਈ ਦੇਸ਼ ਦੇ ਕੋਨੇ-ਕੋਨੇ ਵਿਚੋਂ ਲੱਭ ਕੇ ਵਿਸ਼ੇਸ਼ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਸ ਨਾਲ ਇਹੀ ਉਮੀਦ ਰੱਖਣੀ ਚਾਹੀਦੀ ਹੈ ਕਿ ਕੁਝ ਹੀ ਸਮੇਂ ਵਿਚ ਵਿਗਿਆਨ ਅਤੇ ਉਸਦੇ ਕਾਰਨਾਮਿਆਂ ਦੀ ਮਦਦ ਨਾਲ ਸਮਾਜਵਾਦੀ ਦੇਸ਼ ਬਹੁਤ ਅੱਗੇ ਵਧ ਜਾਵੇਗਾ।
ਇਸ ਤਰ੍ਹਾਂ ਮਸ਼ੀਨਾਂ ਵਿਚ ਮਸ਼ੀਨਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਨਾਲ ਪੈਦਾ ਹੋਇਆ ਵਿਹਲਾ ਸਮਾਂ ਕੋਈ ਅਜਿਹੀ ਸਮੱਸਿਆ ਨਹੀਂ ਹੈ ਜਿਸ ਤੋਂ ਡਰ ਕੇ ਅਸੀਂ ਆਪਣੇ ਹੌਂਸਲੇ ਨੂੰ ਛੱਡ ਬੈਠੀਏ। ਇਨ੍ਹੀ ਗੱਲ ਅਸੀਂ ਪੈਦਾ ਹੋਣ ਵਾਲੀਆਂ ਸ਼ੰਕਾਵਾਂ ਦੇ ਹੱਲ ਲਈ ਕਹੀ। ਸਮਾਜਵਾਦ ਹਾਲਾਤਾਂ ਦੇ ਮੁਤਾਬਿਕ ਬੁੱਧੀ ਦੀ ਆਜ਼ਾਦਾਨਾ ਵਰਤੋਂ ਦਾ ਅੱਜ ਵੀ ਹਾਮੀ ਹੈ ਅਤੇ ਹਮੇਸ਼ਾ ਰਹੇਗਾ ਵੀ। ਲੱਖਾਂ ਸਾਲਾਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਦਾ ਕੀ ਰੂਪ ਹੋਵੇਗਾ, ਇਹ ਤਾਂ ਸਾਨੂੰ ਪਤਾ ਨਹੀਂ, ਇਸ ਲਈ ਹੁਣੇ ਤੋਂ ਉਹਨਾਂ ਨਾਲ ਮੱਥਾ ਭਕਾਈ ਕਰਨ ਦੀ ਕੀ ਲੋੜ ਹੈ? ਹਾਂ ਗਿਆਨ ਸੁਤੰਤਰਤਾ ਦੇ ਜਿਸ ਸੰਸਾਰ ਦੀ ਉਹ ਇਸ ਸਮੇਂ ਨੀਂਹ ਰੱਖ ਰਿਹਾ ਹੈ, ਉਸਦੇ ਬਲ ਤੇ ਆਪਣੇ ਵਿਸ਼ਾਲ ਗਿਆਨ ਅਤੇ ਚਿਰਾਂ ਦੇ ਤਜ਼ਰਬਿਆਂ ਦੇ ਭਰੋਸੇ ਉਸ ਸਮੇਂ ਦੇ ਲੋਕ ਆਪਣੇ ਆਪ ਉਹਨਾਂ ਦੇ ਹੱਲ ਸੋਚ ਲੈਣਗੇ।