Thu, 21 November 2024
Your Visitor Number :-   7253537
SuhisaverSuhisaver Suhisaver

ਦੱਸੋ ਮੈਂ ਕੋਈ ਕਹਾਣੀ ਲਿਖੀ - ਰਮੇਸ਼ ਸੇਠੀ ਬਾਦਲ

Posted on:- 06-06-2015

suhisaver

ਅਖੇ ਇਹਨੂੰ ਕਹੋ ਕਿ ਇਹ ਕਹਾਣੀਆਂ ਨਾ ਲਿਖਿਆ ਕਰੇ। ਇਸ ਦੀਆਂ ਕਹਾਣੀਆਂ ਸਾਨੂੰ ਸੂਲ ਵਾਂਗੂ ਚੁੱਭਦੀਆਂ ਹਨ। ਸਾਡੀ ਬਦਨਾਮੀ ਹੁੰਦੀ ਹੈ, ਸਮਾਜ ਵਿੱਚ ਤੇ ਰਿਸ਼ਤੇਦਾਰੀ ਵਿੱਚ ਵੀ । ਹੋਰ ਤਾਂ ਹੋਰ ਅਸੀ ਸਹੁਰਿਆਂ ਵਿੱਚ ਤੇ ਕੁੜਮਾਂਚਾਰੀ ਵਿੱਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ।ਇਹ ਤਾਂ ਓਹੀ ਸਾਗੀ ਲਿੱਖ ਦਿੰਦਾ ਹੈ, ਜੋ ਤਕਰੀਬਨ ਸਾਡੇ ਨਾਲ ਹੀ ਵਾਪਰਿਆ ਹੁੰਦਾ ਹੈ। ਇਸ ਦੀ ਹਰ ਕਹਾਣੀ ਹੂ ਬ ਹੂ ਸਾਡੇ ਤੇ ਢੁਕਦੀ ਹੈ।ਇਸ ਨੂੰ ਲਿਖਣੋ ਹਟਾਓੁ। ਨਹੀਂ ਤਾਂ ਫਿਰ....। ਨਹੀਂ ਤਾਂ ਫਿਰ ਕੀ? ਗੱਲ ਸਾਫ ਸੀ । ਨਹੀਂ ਤਾਂ ਫਿਰ ਸਾਨੂੰ ਰੋਕਣਾ ਆਉਂਦਾ ਹੈ। ਇੱਕ ਦਿਨ ਨਿੱਕੇ ਦੇ ਮੂੰਹੋਂ ਆਖਿਰ ਨਿਕਲ ਹੀ ਗਿਆ।ਉਹ ਬਾਹਲਾ ਤੱਤਾ ਸੀ। ਹਾਹੋ ਤੱਤਾ ਤਾਂ ਆਪੇ ਹੋਣਾ ਸੀ ਉਹ ਵੱਡੇ ਦੀਆਂ ਉਗਲਾਂ ’ਤੇ ਜੋ ਚੜਿਆ ਸੀ। ਵੱਡਾ ਦੂਜਿਆਂ ਨੂੰ ਮੂਹਰੇ ਲਾ ਕੇ ਆਪ ਮਹਾਂ ਸ਼ਰੀਫ ਬਣ ਜਾਂਦਾ ਹੈ ਹਰ ਵਾਰੀ ।

ਮੈਂ ਕੋਈ ਕਹਾਣੀ ਲਿਖੀ ਤੁਹਾਡੇ ’ਤੇ ਕਦੇ ? ਦੱਸੋ?  ਮੈਂ ਤਾਂ ਸਮਾਜ ਦੇ ਵਤੀਰੇ ’ਤੇ ਲਿਖਦਾ ਹਾਂ । ਓਹੀ ਕੁਝ ਲਿਖਦਾ ਹਾਂ, ਜੋ ਸਮਾਜ ਵਿੱਚ ਵਾਪਰ ਰਿਹਾ ਹੈ। ਅੱਜ ਰਿਸ਼ਤਿਆਂ ਦਾ ਮਿਆਰ ਡਿੱਗ ਰਿਹਾ ਹੈ।ਸਾਡੇ ਰਿਸ਼ਤੇ ਵਰੋਲੇ ਵਾਂਗੂ ਉੱਡ ਰਹੇ ਹਨ। ਸਾਡਾ ਇਖਲਾਕ ਖਤਮ ਹੋ ਗਿਆ ਹੈ। ਅਸੀ ਸਿਰਫ ਆਪਣੇ ਬਾਰੇ ਹੀ ਸੋਚਣ ਲੱਗ ਪਏ ਹਾਂ। ਸਾਨੂੰ ਪਾਲਣ ਵਾਲੇ ਮਾਂ ਪਿਉ ਨਜ਼ਰ ਨਹੀਂ ਆਉਂਦੇ। ਸਾਨੂੰ ਸਿਰਫ ਤੇ ਸਿਰਫ ਆਪਣੀ ਔਲਾਦ ਦਿਸਦੀ ਹੈ। ਜਾਂ ਸਾਨੂੰ ਆਪਣੇ ਸਹੁਰੇ ਨਜ਼ਰ ਆਉਂਦੇ ਹਨ। ਅਸੀ ਉਹ ਸਭ ਭੁੱਲ ਗਏ ਹਾਂ ਜੋ ਤਕਲੀਫਾਂ ਸਾਡੇ ਮਾਂ ਬਾਪ ਨੇ ਸਾਨੂੰ ਇਸ ਮੁਕਾਮ ’ਤੇ ਪਹੁੰਚਾੳੇਣ ਲਈ ਉਠਾਈਆਂ।ਤੇ ਸਾਡੇ ਲਈ ਉਹਨਾਂ ਨੇ ਕੀ ਕੀ ਨਹੀਂ ਕੀਤਾ।ਜਦੋਂ ਧੀਆਂ ਬੇਗਾਨੀਆਂ ਹੋ ਗਈਆਂ ਹਨ। ਜੇ ਇਹ ਸਾਰੀਆਂ ਗੱਲਾਂ ਸੱਚ ਹਨ ਤੇ ਤੁਹਾਡੇ ਤੇ ਢੁਕਦੀਆਂ ਹਨ ਤਾਂ ਮੇਰਾ ਕੀ ਕਸੂਰ?

ਕਹਾਣੀ ਦੇ ਪਾਤਰ ਵੀ ਤਾਂ ਸਮਾਜ ਦਾ ਹੀ ਅੰਗ ਹੁੰਦੇ ਹਨ। ਤੇ ਸਮਾਜ ਵਿੱਚ ਹੀ ਵਿਚਰਦੇ ਹਨ। ਜੇ ਮੇਰੇ ਕਿਸੇ ਪਾਤਰ ਦਾ ਕਿਰਦਾਰ ਤੁਹਾਡੇ ਨਾਲ ਮੇਲ ਖਾ ਗਿਆ ਤਾਂ ਮੇਰਾ ਕੀ ਕਸੂਰ? ਬਾਕੀ ਰਹੀ ਗੱਲ ਸਾਨੂੰ ਰੋਕਣਾ ਆਉਂਦਾ ਹੈ ਵਾਲੀ। ਕਲਮ ਕਦੇ ਨਹੀਂ ਰੁਕਦੀ। ਨਾ ਇਹ ਕਦੇ ਝੁਕਦੀ ਹੈ। ਬਸ ਤੁਸੀ ਆਪਣਾ ਕਿਰਦਾਰ ਬਦਲੋ।ਇਹ ਚੇਤਾਵਨੀ ਤੁਹਾਨੂੰ ਹੀ ਨਹੀਂ ਸਮਾਜ ਦੇ ਹਰ ਉਸ ਸ਼ਖਸ ਨੂੰ ਹੈ, ਜਿਸ ਦਾ ਵਿਵਹਾਰ ਤੁਹਾਡੇ ਵਰਗਾ ਹੈ।

ਕਹਾਣੀਆਂ ਤਾਂ ਪਹਿਲਾਂ ਹੁੰਦੀਆਂ ਸੀ।ਮੇਰੀ ਮਾਂ ਸੁਣਾਉਂਦੀ ਹੁੰਦੀ ਸੀ। ਰਾਕਸ਼ਾਂ ਦੈਂਤਾਂ ਭੂਤਾਂ ਤੇ ਰਾਜੇ ਰਾਣੀਆਂ ਦੀਆਂ ਕਹਾਣੀਆਂ। ਕਿਵੇਂ ਦੈਂਤ ਜਿਉਂਦੇ ਬੱਚੇ ਭੁੰਨ ਕੇ ਖਾ ਜਾਂਦੇ ਸਨ। ਪਰੀਆਂ ਦੀਆਂ ਕਹਾਣੀਆਂ। ਕਿੰਨੀਆਂ ਸੋਹਣੀਆਂ ਹੁੰਦੀਆਂ ਸਨ ਪਰੀਆਂ? ਰਾਜੇ ਰਾਣੀਆਂ ਦੀਆਂ ਕਹਾਣੀਆਂ।। ਪਰ ਹੁਣ ਉਹ ਤਾਂ ਰਹੇ ਨਹੀਂ ।ਉਹਨਾਂ ਦੀ ਥਾਂ ਤੁਹਾਡੇ ਤੇ ਮੇਰੇ ਵਰਗੇ ਪਾਤਰ੍ਹਾਂ ਨੇ ਲੈ ਲਈ। ਕਹਾਣੀਆਂ ਦੇ ਪਾਤਰ ਵੀ ਸਮਾਜ ਵਿੱਚੋਂ ਹੀ ਹੁੰਦੇ ਹਨ। ਉਹ ਚੰਗੇ ਵੀ ਹੋ ਸਕਦੇ ਹਨ। ਮਾੜੇ ਵੀ। ਜੇ ਤੁਹਾਨੂੰ ਲਗਦਾ ਹੈ ਕਿ ਇਹ ਗਲਤ ਹਨ ਤਾਂ ਤੁਸੀ ਨਾ ਪੜੋ।ਕਿਉਂ ਪੜ੍ਹਦੇ ਹੋ ਤੁਸੀ? ਪਰ ਉਹ ਕਿੱਥੇ ਮੰਨਣ ਵਾਲੇ ਸਨ। ਆਪ ਹੀ ਲੋਕਾਂ ਕੋਲੇ ਰੋਲਾ ਪਾਉਣ ਲੱਗ ਪਏ । ਤੇ ਲਿਖੀਆਂ ਕਹਾਣੀਆਂ ਦਾ ਖੁਦ ਹੀ ਪ੍ਰਚਾਰ ਕਰਨ ਲੱਗ ਪਏ। ਤੇ ਆਪਣੀਆਂ ਚਾਲਾਂ ਚਲਦੇ ਰਹੇ। ਕੋਣ ਸਮਝਾਏ ਕਾਕਾ ਇਹ ਕੀ ਕਰ ਰਹੇ ਹੋ ਤੁਸੀ। ਤੁਸੀ ਤਾਂ ਆਪਣੀ ਬਦਨਾਮੀ ਆਪ ਹੀ ਕਰ ਰਹੇ ਹੋ। ਜਿਸ ਨੂੰ ਨਹੀਂ ਵੀ ਪਤਾ ਹੁਣ ਉਹ ਵੀ ਤੁਹਾਨੂੰ ਕਹਾਣੀ ਦੇ ਪਾਤਰ੍ਹਾਂ ਵਜੋਂ ਯਾਦ ਕਰੇਗਾ।

ਹੁਣ ਮੈਨੂੰ ਦੱਸੋ ਉਸ ਦਿਨ ਮੈਂ ਕੋਈ ਕਹਾਣੀ ਲਿਖੀ, ਜਿਸ ਦਿਨ ਤੂੰ ਕਿਹਾ ਸੀ ਕਿ ਤੁਸੀ ਤਾਂ ਜੀ ਐਵੇ ਹੀ ਬੋਲੀ ਜਾਂਦੇ ਹੋ। ਤੁਹਾਨੂੰ ਤਾਂ ਉਈਂ ਬੋਲਣ ਦੀ ਆਦਤ ਹੈ। ਤੇ ਪਤਾ ਨਹੀਂ ਕੀ ਕੁਝ ਕਿਹਾ ਸੀ ਮੈਨੂੰ। ਆਪਣੀ ਬੇਇੱਜ਼ਤੀ ਮੈਂ ਪਾਣੀ ਦੀ ਤਰ੍ਹਾਂ ਪੀ ਗਿਆ। ਪਰ ਤੂੰ ਬੇਇੱਜ਼ਤੀ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ ਆਪਣੇ ਇਸੇ ਵੱਡੇ ਭਰਾ ਦੀ ਸ਼ਹਿ ’ਤੇ। ਇਹ ਵੀ ਤਾਂ ਚੁੱਪ ਕਰ ਗਿਆ ਸੀ, ਸਾਰਾ ਕੁਝ ਵੇਖਕੇ ਤੇ ਅੰਦਰੋ ਖੁਸ਼ ਵੀ ਸੀ । ਪਰ ਤੂੰ ਹੋਰ ਸ਼਼ੇਰ ਬਣ ਗਿਆ। ਕਹਾਣੀ ਤਾਂ ਮੈਂ ਉਸ ਦਿਨ ਨਹੀਂ ਲਿਖੀ, ਜਿਸ ਦਿਨ ਤੁਸੀ ਆਪਣੇ ਘਰ ਦੀ ਜੰਮੀ ਨੂੰ ਖੋਟਾ ਸਿੱਕਾ ਕਿਹਾ ਸੀ। ਪਰ ਮੈਂ ਚੁੱਪ ਰਿਹਾ। ਚਲੋ ਉਹ ਜਾਣੇ।ਪੈਸੇ ਤੇ ਅਹੁਦੇ ਦਾ ਹੰਕਾਰ ਹੈ। ਅਜੇ ਇਸ ਨੂੰ ਇਲਮ ਨਹੀਂ ਕਿ ਧੀਆਂ ਦਾ ਸਤਕਾਰ ਕਰੋ ਦਾ ਕੀ ਮਤਲਬ ਹੁੰਦਾ ਹੈ। ਕਾਕਾ ਕਹਾਣੀ ਤਾਂ ਮੈਂ ਉਸ ਦਿਨ ਵੀ ਨਹੀਂ ਲਿਖੀ, ਜਿਸ ਦਿਨ ਤੂੰ ਆਪਣੇ ਕਰੀਬੀ ਨੂੰ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਉਕਸਾਇਆ ਸੀ।ਉਸ ਨੇ ਮੈਨੂੰ ਧਮਕੀ ਵੀ ਦਿੱਤੀ ਸੀ। ਤੇ ਤੇਰੀ ਹੱਲਾ ਸ਼ੇਰੀ ਕਰਕੇ ਹੀ ਉਹ ਸਾਰਿਆਂ ਦੇ ਸਾਹਮਣੇ ਮੇਰੇ ਬਾਰੇ ਅਵਾ ਤਵਾ ਬੋਲ ਕੇ ਗਿਆ ਸੀ ਤੁਹਾਡੇ ਹੀ ਘਰੇ। ਪਰ ਮੈਂ ਫਿਰ ਵੀ ਕੋਈ ਕਹਾਣੀ ਨਹੀਂ ਲਿਖੀ।

ਜੇ ਮੈਂ ਤੁਹਾਡੇ ’ਤੇ ਕਹਾਣੀ ਲਿਖਣ ਵਾਲਾ ਹੁੰਦਾ ਤਾਂ ਮੈਂ ਉਸ ਦਿਨ ਜ਼ਰੂਰ ਲਿਖਦਾ ਜਦੋਂ ਤੂੰ ਮੈਨੂੰ ਮੁਸੀਬਤ ਵਿੱਚ ਘਿਰੇ ਨੂੰ ਵਿਚਾਲੇ ਛੱਡ ਕੇ ਘਰ ਵਾਪਿਸ ਆ ਗਿਆ ਸੀ।ਤੇ ਉਸ ਨੂੰ ਛੱਡ ਆਇਆ ਸੀ ਹਸਪਤਾਲ ਵਿੱਚ ਜੋ ਤੁਹਾਡੀਆਂ ਨਜ਼ਰਾਂ ਵਿੱਚ ਸੱਤ ਬਿਗਾਨਾ ਸੀ। ਮੇਰੇ ਘਰ ਮੋਤ ਦਾ ਤਾਂਡਵ ਵੇਖ ਕੇ ਵੀ ਤੁਸੀ ਮੇਰੀ ਸਹਾਇਤਾ ਲਈ ਤਾਂ ਕੀ ਆਉਣਾ ਸੀ, ਸਗੋਂ ਆਪਣੀਆਂ ਡਿਊਟੀਆਂ ਵੱਲ ਚੱਲ ਪਏ ਸੀ। ਮੈਂ ਦੁੱਖੀ ਸੀ ਤੇ ਰੱਬ ਦਾ ਭਾਣਾ ਮੰਨਣ ਤੋਂ ਇਲਾਵਾ ਕੁਝ ਵੀ ਨਹੀਂ ਸੀ ਕਰ ਸਕਦਾ।ਇਕੱਲੇ ਦੁੱਖ ਤੇ ਹੀ ਨਹੀਂ ਤੁਸੀ ਮੇਰਾ ਸਾਥ ਛੱਡਿਆ ਸਗੋਂ ਤੁਸੀ ਮੇਰੀ ਖੁਸ਼ੀ ਵਿੱਚ ਵੀ ਸ਼ਰੀਕ ਹੋਣਾ ਮੁਨਾਸਿਫ ਨਹੀਂ ਸਮਝਿਆ । ਮੇਰੇ ਘਰ ਪਹਿਲਾ ਖੁਸ਼ੀ ਦਾ ਫੰਕਸ਼ਨ ਸੀ ਤੇ ਤੁਸੀ ਸਾਰੇ ਹੀ ਦੜ੍ਹ ਵੱਟ ਗਏ। ਆਪ ਤਾਂ ਆਉਣਾ ਕੀ ਸੀ ਤੁਸੀ ਦੂਜਿਆਂ ਨੂੰ ਵੀ ਰੋਕ ਦਿੱਤਾ। ਤੇ ਜੰਮਣ ਵਾਲੀ ਮਾਂ ਦਾ ਮੂੰਹ ਵੀ ਬੰਦ ਕਰ ਦਿੱਤਾ। ਕਿਉਂ ?  ਪਰ ਮੈਂ ਤਾਂ ਫਿਰ ਵੀ ਕੋਈ ਕਹਾਣੀ ਨਹੀਂ ਲਿਖੀ।

ਫਿਰ ਗੱਲ ਉਥੇ ਹੀ ਆ ਜਾਂਦੀ ਹੈ। ਨਹੀਂ ਤਾਂ ਸਾਨੂੰ ਲਿਖਣੋ ਹਟਾਉਣਾ ਆਉਂਦਾ ਹੈ। ਅਸੀ ਸਾਰੇ ਕਾਨੂੰਨੀ ਨੁਕਤਿਆਂ ’ਤੇ ਵਿਚਾਰ ਕਰ ਲਿਆ ਹੈ। ਅਸੀ ਕੋਰਟ ਵਿੱਚ ਕੇਸ ਕਰਾਂਗੇ ਆਦਿ। ਦੂਜਾ ਇਹ ਵੀ ਹੋ ਸਕਦਾ ਹੈ ਤੁਸੀ ਚਾਰ ਗੁੰਡੇ ਲਿਆਕੇ ਮੇਰੀਆਂ ਲੱਤਾਂ ਬਾਹਵਾਂ ਤੁੜਵਾ ਦਿਉ। ਕੋਈ ਹਮਲਾ ਕਰਵਾ ਦਿਉ।ਫਿਰ ਕੀ ਇਹ ਗੱਲਾਂ ਰੁਕ ਜਾਣਗੀਆਂ। ਤੁਸੀ ਕਹਿੰਦੇ ਹੋ ਅਸੀ ਫਲਾਣੇ ਫੁਫੱੜ ਵਾਲੀ ਕਰਾਂਗੇ।ਹਾਹੋ ਭਾਈ ਅੱਜ ਕੱਲ ਫੁੱਫੜਾਂ ਨਾਲ ਲੋਕ ਇਹੀ ਕਰਦੇ ਹਨ। ਹੋਰ ਫੁੱਫੜਾਂ ਨੂੰ ਕੌਣ ਕੋਈ ਖੰਡ ਘਿਉ ਖਵਾਉਂਦਾ ਹੈ। ਤੁਸੀ ਮੇਰੇ ਖਿਲਾਫ ਮੇਰੇ ਪਰਿਵਾਰ, ਰਿਸ਼ਤੇਦਾਰਾਂ ਤੇ ਸ਼ਰੀਕੇ ਵਿੱਚ ਡੌਡੀ ਪਿੱਟ ਆਏ।ਮੇਰੀ ਬਦਨਾਮੀ ਨਹੀਂ ਹੋਈ ਸਗੋਂ ਤੁਸੀ ਆਪਣੀ ਆਪੇ ਹੀ ਝੰਡ ਲੁਹਾਈ ਹੈ।ਸਾਡੇ ਬਾਰੇ ਆਹ ਲਿਖਿਆ ਅੋਹ ਲਿਖਿਆ। ਬੱਲੇ ਓਏ ਅਕਲ ਦੇ ਅੰਨਿਓ।

ਹਾਂ ਤੁਸੀ ਮੇਰੇ ਘਰ ਪਾੜ ਪਾਉਣ ’ਚ ਵੀ ਕੋਈ ਕਸਰ ਨਹੀਂ ਛੱਡੀ।ਦੋਹਾਂ ਨੂੰ ਪਾਟਣ ਲਈ ਤੁਸੀ ਸਾਰੇ ਹੱਥਕੰਡੇ ਵਰਤੇ। ਵੈਸੇ ਇਹ ਹੈ ਤਾਂ ਜੱਗੋਂ ਤੇਰਵੀ ਗੱਲ ਭੈਣ ਦੇ ਖਿਲਾਫ ਭਰਾਵਾਂ ਨੇ ਏਕਾ ਕੀਤਾ ਹੋਵੇ । ਭੈਣ ਦਾ ਘਰ ਦੀ ਸੁੱਖ ਸ਼ਾਂਤੀ ਮੰਗਣ ਦੀ ਬਜਾਏ ਉਸ ਦੇ ਖਿਲਾਫ ਮੋਰਚਾ ਖੋਲਿਆ ਹੋਵੇ ।ਯਾਰ ਕੀ ਤੁਹਾਡੇ ਬਾਪ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ, ਜਦੋਂ ਤੂੰ ਆਪਣੀ ਭੈਣ ਨੂੰ ਆਪਣੇ ਘਰੇ ਵੜਣ ਤੋ ਰੋਕਿਅ ਸੀ ਤੇ ਤੇਰੀਆਂ ਉਂਗਲਾਂ ’ਤੇ ਚੜ੍ਹੇ ਵਿਚਾਲੜੇ ਨੇ ਉਸ ਨੂੰ ਫੋਨ ਨਾ ਕਰਨ ਬਾਰੇ ਕਿਹਾ ਸੀ । ਬਾਕੀ ਮਾਂ ਪਿਉ ਨੂੰ ਦਿੱਤੀ ਰੋਟੀ ਦੇ ਪੈਸੇ ਲੈਣਾ। ਉਹਨਾਂ ਦੇ ਬੋਲਣ ਤੇ ਪਾਬੰਧੀ ਲਾਉਣੀ । ਬੁਢਾਪੇ ਵਿੱਚ ਇੱਕਲਿਆਂ ਛੱਡਣਾ। ਹਰ ਗੱਲ ਦੀ ਮਾਂ ਪਿਉ ਤੋ ਚੋਰੀ ਰੱਖਣੀ। ਉਪਰੋ ਜੀ ਜੀ ਕਰਨਾ , ਪੈਰੀ ਪੈਣਾ ਕਰਨਾ ਤੇ ਅੰਦਰਲੇ ਖੋਟ ਦੀ ਆਪਾਂ ਗੱਲ ਨਹੀਂ ਛੇੜਦੇ। ਨਾ ਕੋਈ ਕਹਾਣੀ ਲਿਖੀਏ।

ਛੋਟੇ ਹੁੰਦਿਆਂ ਨੇ ਇੱਕ ਕਹਾਣੀ ਪੜ੍ਹੀ ਸੀ ਭੂਆ। ਭੂਆ ਘਰੇ ਆਏ ਭਤੀਜੇ ਦੀ ਬਹੁਤ ਸੇਵਾ ਕਰਦੀ ਹੈ।ਨੂੰਹਾਂ ਨਾਲ ਵੀ ਲੜ ਪੈਂਦੀ ਹੈ ਭਤੀਜੇ ਦੀ ਸੇਵਾ ਖਾਤਿਰ । ਭੂਆ ਦਾ ਪਿਆਰ ਵੇਖ ਕੇ ਮੇਰੇ ਵਰਗੇ ਉਸ ਭਤੀਜੇ ਨੇ ਕਹਾਣੀ ਲਿਖ ਮਾਰੀ। ਉਹ ਵੀ ਭੂਆ ਸੀ। ਪਰ ਜੇ ਕਿਸੇ ਭੂਆ ਨੇ ਭਤੀਜਿਆਂ ਨੂੰ ਭੋਰਾ ਮੱਤ ਦੇ ਦਿੱਤੀ ਕੋਈ ਸਮਝਾ ਦਿੱਤਾ ਕਿ ਬੇਟਾ ਇੰਝ ਨਾ ਕਰੋ ਸਿਆਣੇ ਬਣੋ। ਤਾਂ ਕੀ ਆਫਤ ਆ ਗਈ। ਭੂਆ ਦਾ ਵੀ ਪੇਕਿਆਂ ਤੇ ਪੂਰਾ ਜ਼ੋਰ ਹੁੰਦਾ ਹੈ। ਹੁਣ ਭਤੀਜੇ ਭੂਆ ਦੇ ਬੋਲਣ ’ਤੇ ਕਿਉਂ ਤਿੜਕਦੇ ਹਨ। ਅਖੇ ਭੂਆ ਸਾਡੇ ਘਰ ਦੀਆਂ ਗੱਲਾਂ ’ਚ ਕਿਉਂ ਦਖਲਅੰਦਾਜੀ ਕਿਉਂ ਕਰਦੀ ਹੈ।ਭੂਆ ਕਿਉਂ ਬੋਲਦੀ ਹੈ। ਭਾਈ ਭੂਆ ਨੇ ਤਾਂ ਬੋਲਣਾ ਹੀ ਹੋਇਆ। ਹੁਣ ਤਾਂ ਕੰਧਾਂ ਵੀ ਬੋਲਦੀਆਂ ਹਨ। ਸੁਨਣ ਦਾ ਜਿਗਰਾ ਰੱਖੋ। ਇਹ ਤੁਹਾਡੀ ਮਾਂ ਨਹੀਂ ਜਿਸ ਦੀ ਤੁਸੀ ਸੰਘੀ ਘੁੱਟ ਲਵੋਗੇ। ਤੇ ਉਸ ਨੂੰ ਚੁੱਪ ਕਰਵਾ ਦਿਉਗੇ। ਇਹਨਾਂ ਕੁਝ ਵੇਖ ਕੇ ਵੀ ਮੈਂ ਕੋਈ ਕਹਾਣੀ ਨਹੀਂ ਲਿਖੀ। ਹੁਣ ਤੁਸੀ ਦੱਸੋ ਮੈਂ ਕੋਈ ਕਹਾਣੀ ਲਿਖੀ ?

ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ