ਪੁਰਾਤਨ ਉਲੰਪਿਕ ਖੇਡਾਂ ਦੀ ਰੌਚਿਕ ਗਾਥਾ - ਹਰਜਿੰਦਰ ਸਿੰਘ ਗੁਲਪੁਰ
Posted on:- 03-06-2015
ਯੂਨਾਨ (ਗਰੀਕ) ਨੂੰ ਉਲੰਪਿਕ ਖੇਡਾਂ ਦਾ ਜਨਮ ਦਾਤਾ ਹੋਣ ਦਾ ਮਾਣ ਹਾਸਲ ਹੈ।ਇਤਿਹਾਸਕਾਰਾਂ ਵੱਲੋਂ ਓਲੰਪਿਕ ਖੇਡਾਂ ਦੇ ਇਤਿਹਾਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਇਤਿਹਾਸ ਦੇ ਇੱਕ ਹਿੱਸੇ ਵਿੱਚ ਪੁਰਾਤਨ ਓਲੰਪਿਕ ਖੇਡਾਂ ਦਾ ਵਰਣਨ ਹੈ ਅਤੇ ਦੂਸਰੇ ਹਿੱਸੇ ਵਿੱਚ ਆਧੁਨਿਕ ਖੇਡਾਂ ਦਾ।ਆਧੁਨਿਕ ਖੇਡਾਂ ਦੀ ਸ਼ੁਰੂਆਤ ਸੰਨ 1896 ਵਿੱਚ ਪੁਰਾਣੀਆਂ ਖੇਡਾਂ ਦੇ ਬੇ-ਹੱਦ ਰੌਚਿਕ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ ਹੈ,ਜਿਸ ਕਰਕੇ ਪੂਰੇ ਵਿਸ਼ਵ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਵਿੱਚ ਪੁਰਾਤਨ ਓਲੰਪਿਕ ਖੇਡਾਂ ਦਾ ਖਾਸ ਮਹੱਤਵ ਹੈ।ਇਹ ਤਾਂ ਅਸੀਂ ਜਾਣਦੇ ਹੀ ਹਾਂ ਕਿ ਹਜ਼ਾਰਾਂ ਸਾਲ ਪਹਿਲਾਂ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਹੋਣ ਕਰਕੇ ਹਰ ਖੇਤਰ ਵਿੱਚ ਯੂਨਾਨ ਦੀ ਤੂਤੀ ਬੋਲਦੀ ਸੀ।ਵਿੱਦਿਅਕ ਕੋਰਸਾਂ ਦੀਆਂ ਕਿਤਾਬਾਂ ਵਿੱਚ ਅਸੀਂ ਅਕਸਰ ਪੜਦੇ ਆਏ ਹਾਂ ਕਿ ਫਲਾਣਾ ਸ਼ਬਦ ਫਲਾਣੇ ਯੂਨਾਨੀ ਸ਼ਬਦ ਤੋਂ ਲਿਆ ਗਿਆ ਹੈ।ਇਹ ਨੁਕਤਾ ਅਮੀਰ ਯੂਨਾਨੀ ਵਿਰਾਸਤ ਦੀ ਨਿਸ਼ਾਨ ਦੇਹੀ ਕਰਦਾ ਹੈ।ਇਤਿਹਾਸਕਾਰਾਂ ਅਨੁਸਾਰ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀਸੀ ਦੌਰਾਨ ਏਥਨ ਵਿਖੇ ਕਲੋਡੀਅਸ ਦਰਿਆ ਦੇ ਕਿਨਾਰੇ ਉਲੰਪੀਆਡ ਦੇ ਸਥਾਨ ’ਤੇ ਹੋਈ ਮੰਨੀ ਜਾਂਦੀ ਹੈ।
ਇਹਨਾਂ ਖੇਡਾਂ ਦੇ ਆਰੰਭ ਕਾਲ ਦਾ ਸਭ ਤੋਂ ਪੁਖਤਾ ਸਬੂਤ ਬਣੀ ਪੁਰਾਤਤਵ
ਵਿਗਿਆਨੀਆਂ ਨੂੰ ਉਲੰਪੀਆਡ ਦੇ ਖੰਡਰਾਤ ਦੀ ਖੁਦਾਈ ਦੌਰਾਨ ਕਰੋਈਬੋਸ ਨਾਮ ਦੇ ਇੱਕ ਐਥਲੀਟ
ਦੀ ਤਾਂਬੇ ਤੋਂ ਬਣੀ ਮੂਰਤੀ।ਏਲਿਸ ਸ਼ਹਿਰ ਨਾਲ ਸਬੰਧਿਤ ਇਸ ਐਥਲੀਟ ਦੀ ਮੂਰਤੀ ਉੱਤੇ ਉਸ
ਦੇ ਬਾਇਓ ਡਾਟਾ ਸਮੇਤ ਉਲੰਪਿਕ ਚੈਂਪੀਅਨ 776 ਬੀਸੀ ਉਕਰਿਆ ਹੋਇਆ ਹੈ।
ਪਹਿਲੀ ਵਾਰ ਇਹ ਐਥਲੀਟ ਸਿਰਫ 192 ਮੀਟਰ (600 ਫੁੱਟ) ਲੰਬੀ ਫਰਾਟਾ ਦੌੜ ਜਿੱਤ ਕੇ ਚੈਂਪੀਅਨ ਬਣਿਆ ਸੀ, ਜਿਸ ਨੂੰ ਸਟੇਡ ਕਿਹਾ ਜਾਂਦਾ ਸੀ । ਸਟੇਡੀਅਮ ਸ਼ਬਦ ਦੀ ਉਤਪਤੀ ਇਸੇ ਸਟੇਡ ਸ਼ਬਦ ਤੋਂ ਹੋਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਹੋ ਸਕਦਾ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਆਰੰਭ ਹੋਈਆਂ ਹੋਣ।776 ਬੀ ਸੀ ਤੋਂ ਇਹਨਾਂ ਖੇਡਾਂ ਦਾ ਲਿਖਤੀ ਇਤਿਹਾਸ ਮਿਲਣ ਦੇ ਵੀ ਪ੍ਰਮਾਣ ਮਿਲਦੇ ਹਨ।ਇਹਨਾਂ ਖੇਡਾਂ ਦਾ ਦੌਰ ਲੱਗ ਭੱਗ 12 ਸਦੀਆਂ ਤੱਕ ਚਲਦਾ ਰਿਹਾ।ਚਾਰ ਸਾਲ ਬਾਅਦ ਹੋਣ ਵਾਲੀਆਂ ਇਹਨਾਂ ਖੇਡਾਂ ਦੀ ਹਰਮਨ ਪਿਆਰਤਾ ਦਾ ਪਤਾ ਇੱਥੋਂ ਲਗਦਾ ਹੈ ਕਿ ਇਹਨਾਂ ਵਿੱਚ ਭਾਗ ਲੈਣ ਲਈ ਯੂਨਾਨ ਦੇ ਕੋਨੇ ਕੋਨੇ ਤੋਂ ਇਲਾਵਾ ਰੋਮ ਅਤੇ ਤੁਰਕੀ ਆਦਿ ਤੋਂ ਖਿਡਾਰੀ ਆਉਂਦੇ ਸਨ।ਖੇਡਾਂ ਸ਼ੁਰੂ ਹੋਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਤਰ੍ਹਾਂ ਨਾਲ ਜੰਗ ਬੰਦੀ ਦੀ ਰਵਾਇਤ ਸੀ, ਜਿਸ ਨੂੰ ਗਰੀਕੀ ਵਿੱਚ olympia Truce ਕਿਹਾ ਜਾਂਦਾ ਸੀ ।ਤਕਰੀਬਨ ਤਿੰਨ ਮਹੀਨੇ ਪਹਿਲਾਂ ਇੱਕ ਦੂਜੀ ਰਿਆਸਤ ਖਿਲਾਫ਼ ਚਲਦੀਆਂ ਫੌਜੀ ਕਾਰਵਾਈਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ ਸੀ ।ਇਥੋਂ ਤੱਕ ਕਿ ਖੇਡਾਂ ਦੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਮੌਤ ਦੀਆਂ ਸਜ਼ਾਵਾਂ ਤੱਕ ਨੂੰ ਮੁਆਫ ਕਰ ਦਿੱਤਾ ਜਾਂਦਾ ਸੀ।ਇਸ ਰਵਾਇਤ ਦਾ ਉਦੇਸ਼ ਦੂਰ ਦੁਰਾਡੇ ਤੋਂ ਆਉਣ ਵਾਲੇ ਖਿਡਾਰੀਆਂ ਦੀ ਸੁਰੱਖਿਅਤ ਪਹੁੰਚ ਅਤੇ ਵਾਪਸੀ ਨੂੰ ਯਕੀਨੀ ਬਣਾਉਣਾ ਸੀ।394 ਏਡੀ ਵਿੱਚ ਜਦੋਂ ਏਥਨ ਤੇ ਰੋਮਨ ਰਾਜਿਆਂ ਦਾ ਕਬਜ਼ਾ ਹੋਇਆ ਤਾਂ ਈਸਾਈ (ਕੈਥੋਲਿਕ) ਧਰਮ ਨਾਲ ਸਬੰਧਿਤ ਰਾਜਾ ਕਲੋਡਿਅਸ ਪਹਿਲੇ ਨੇ ਇਹਨਾਂ ਖੇਡਾਂ ਨੂੰ ਆਪਣੇ ਧਰਮ ਦੇ ਅਨੁਸਾਰੀ ਨਾ ਹੋਣ ਦਾ ਫਤਵਾ ਜਾਰੀ ਕਰਦਿਆਂ ਬੰਦ ਕਰਵਾ ਦਿੱਤਾ।ਇਥੇ ਹੀ ਬਸ ਨਹੀਂ ਉਸ ਨੇ ਇਸ ਮਹਾਨ ਉਲੰਪਿਕ ਲਹਿਰ ਨਾਲ ਸਬੰਧਿਤ ਹਰ ਨਿਸ਼ਾਨੀ ਨੂੰ ਤਹਿਸ ਨਹਿਸ ਕਰ ਦਿੱਤਾ।ਰਹਿੰਦੀ ਕਸਰ ਕਲੋਡੀਅਸ ਦਰਿਆ ਵਿੱਚ ਆਉਂਦੇ ਹੜਾਂ ਨੇ ਪੂਰੀ ਕਰ ਦਿੱਤੀ।ਭਾਈਚਾਰਕ ਸਾਂਝ ਨੂੰ ਮਜ਼ਬੂਤੀ ਬਖਸ਼ਣ ਵਾਲੀ ਇਹ ਖੇਡ ਲਹਿਰ ਕਈ ਸਦੀਆਂ ਤੱਕ ਆਪਣੀ ਹਾਜ਼ਰੀ ਲਵਾ ਕੇ ਵਕਤ ਦੀ ਗਰਦਿਸ਼ ਹੇਠ ਦਬ ਕੇ ਦਮ ਤੋੜ ਗਈ।ਸੰਨ 1896 ਵਿੱਚ ਉਲੰਪਿਕ ਖੇਡਾਂ ਦੀ ਮੁੜ ਕੇ ਜੋਤ ਜਗਾਉਣ ਲਈ ਖੇਡ ਪ੍ਰੇਮੀ ਅਤੇ ਵਿਦਵਾਨ ਪੇਰੀਅਰ ਡੀ ਕੁਬਰਟਿਨ ਸ਼ਲਾਘਾ ਦੇ ਪਾਤਰ ਹਨ।ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ ਵਾਰੇ ਇਤਿਹਾਸਕਾਰ ਇੱਕ ਮੱਤ ਨਹੀਂ ਹਨ ।ਕੁਝ ਦਾ ਖਿਆਲ ਹੈ ਕਿ ਉਪਰੋਕਤ ਦਰਿਆ ਦੇ ਨੇੜੇ ਮੌਜੂਦ ਪਹਾੜੀ ਉੱਤੇ ਯੂਨਾਨੀਆਂ ਦੇ ਸਭ ਤੋਂ ਵੱਡੇ ਮੰਨੇ ਜਾਂਦੇ ਜੀਅਸ ਦੇਵਤਾ ਦਾ ਮੰਦਰ ਸੀ/ਹੈ ਵਿਖੇ ਦੇਵਤਾ ਦੇ ਸਤਿਕਾਰ ਵਿੱਚ ਤਿਉਹਾਰ ਮਨਾਇਆ ਜਾਂਦਾ ਸੀ।ਇਸ ਪਵਿਤਰ ਮੰਨੇ ਜਾਂਦੇ ਅਵਸਰ ਤੇ ਸ਼ਰਧਾਲੂਆਂ ਦੇ ਮਨੋਰੰਜਨ ਵਾਸਤੇ ਕੁਝ ਖੇਡ ਕਰਤਵ ਦਿਖਾਏ ਜਾਂਦੇ ਸਨ, ਜਿਹਨਾਂ ਨੇ ਹੌਲੀ ਹੌਲੀ ਵਿਆਪਕ ਖੇਡ ਮੇਲੇ ਦਾ ਰੂਪ ਧਾਰਨ ਕਰ ਲਿਆ।ਉਸ ਸਮੇਂ ਯੂਨਾਨ ਦੇਸ਼ ਕਰੀਬ ਵੀਹ ਰਿਆਸਤਾਂ (provicial states)ਵਿੱਚ ਵੰਡਿਆ ਹੋਇਆ ਸੀ।ਇਹਨਾਂ ਵਿੱਚ ਏਥਨ ਅਤੇ ਸਪਾਰਟਾ ਦੀਆਂ ਰਿਆਸਤਾਂ ਸ਼ਕਤੀਸ਼ਾਲੀ ਸਨ।ਜਿਥੇ ਏਥਨ ਵਿੱਚ ਸਮਕਾਲੀ ਲੋਕਤੰਤਰਿਕ ਰਾਜ ਪ੍ਰਣਾਲੀ ਸੀ ਉਥੇ ਸਪਾਰਟਾ ਵਿੱਚ ਇੱਕ ਪੁਰਖਾ ਰਾਜ ਪ੍ਰਬੰਧ ਸੀ।ਏਥਨ ਦਾ ਰਾਜ ਪ੍ਰਬੰਧ ਜਿੱਥੇ ਅਪਣੇ ਨਾਗਰਿਕਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਲ ਧਿਆਨ ਦਿੰਦਾ ਸੀ, ਉਥੇ ਸਪਾਰਟਾ ਦਾ ਰਾਜਾ ਆਪਣੇ ਨਾਗਰਿਕਾਂ ਦੇ ਮਹਿਜ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਹੋਣ ’ਤੇ ਜ਼ੋਰ ਦਿੰਦਾ ਸੀ। ਇਹਨਾਂ ਵੱਖ ਵੱਖ ਰਾਜ ਪ੍ਰਣਾਲੀਆਂ ਦੇ ਫਲਸਰੂਪ ਏਥਨ ਵਿੱਚ ਯੋਧੇ ਅਤੇ ਵਿਦਵਾਨ ਦੋਵੇਂ ਪੈਦਾ ਹੋਏ, ਜਿਵੇਂ ਸੁਕਰਾਤ ਅਰਸਤੂ ਅਤੇ ਸਿਕੰਦਰ ਮਹਾਨ ਆਦਿ।ਜਦੋਂ ਕਿ ਸਪਾਰਟਾ ਰਿਆਸਤ ਵਿੱਚ ਕੇਵਲ ਬਲਸ਼ਾਲੀ ਯੋਧੇ ਪੈਦਾ ਹੋਏ।ਸਪਾਰਟਾ ਦੀ ਫੌਜੀ ਹਕੂਮਤ ਵੱਲੋਂ ਸਰੀਰਕ ਤੌਰ ’ਤੇ ਅਪਾਹਜ ਜਾ ਕੰਮਜ਼ੋਰ ਬੱਚਿਆਂ ਨੂੰ ਟਿਬਰੀ ਨਾਮ ਦੀ ਪਹਾੜੀ ਤੋਂ ਸੁੱਟ ਕੇ ਮਾਰ ਦਿੱਤਾ ਜਾਂਦਾ ਸੀ।ਬਚਿਆਂ ਦੀ ਸ਼ਨਾਖਤੀ ਪਰੇਡ ਕਰਵਾਈ ਜਾਂਦੀ ਸੀ ।ਬਚਪਨ ਦੌਰਾਨ ਹੀ ਉਹਨਾਂ ਨੂੰ ਕੁਝ ਸਮੇਂ ਵਾਸਤੇ ਫੌਜੀ ਬੈਰਕਾਂ ਵਿੱਚ ਰੱਖਿਆ ਜਾਂਦਾ ਸੀ।ਸਪਾਰਟਾ ਦੇ ਰਾਜੇ ਦਾ ਫੁਰਮਾਨ ਸੀ, ਕਿ ਉਸ ਨੂੰ ਕੇਵਲ ਤੇ ਕੇਵਲ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਨਾਗਰਿਕਾਂ ਦੀ ਲੋੜ ਹੈ। ਫੌਜੀ ਸਿਖਲਾਈ ਹਰ ਇੱਕ ਨਾਗਰਿਕ ਵਾਸਤੇ ਲਾਜ਼ਮੀ ਸੀ।ਉਹਨਾ ਸਮਿਆਂ ਦੌਰਾਨ ਹੀ ਏਥਨ ਵਾਸੀਆਂ ਵੱਲੋਂ ਇਸ ਕਹਾਵਤ ਨੂੰ ਜਨਮ ਦਿੱਤਾ ਗਿਆ ਪਰਤੀਤ ਹੁੰਦਾ ਹੈ ਕਿ 'ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ' ।ਇਹਨਾਂ ਖੇਡਾਂ ਦੀ ਸ਼ੁਰੂਆਤ ਦੇ ਧਾਰਮਿਕ ਕਾਰਨ ਤੋਂ ਇਲਾਵਾ ਇੱਕ ਹੋਰ ਦੰਦ ਕਥਾ ਇਹਨਾਂ ਦੀ ਸ਼ੁਰੂਆਤ ਨਾਲ ਜੁੜੀ ਹੋਈ ਹੈ ।ਕਿਹਾ ਜਾਂਦਾ ਹੈ ਕਿ ਯੂਨਾਨ ਦੀ ਇੱਕ ਰਿਆਸਤ ਦੇ ਤਾਕਤਵਰ ਰਾਜੇ ਨੇ ਆਪਣੀ ਧੀ ਦੇ ਵਿਆਹ ਵਾਸਤੇ ਇਹ ਸ਼ਰਤ ਰਖੀ ਕਿ ਜਿਹੜਾ ਰਾਜਕੁਮਾਰ ਉਸ ਦੀ ਧੀ ਨੂੰ ਆਪਣੇ ਰੱਥ ’ਤੇ ਬਿਠਾ ਕੇ ਸਹੀ ਸਲਾਮਤ ਉਸ ਤੋਂ ਜਾ ਉਸ ਵੱਲੋਂ ਨਿਯਤ ਕੀਤੇ ਯੋਧਿਆਂ ਤੋਂ ਬਚ ਕੇ ਮਿਥੀ ਹੱਦ ਨੂੰ ਪਾਰ ਕਰ ਜਾਵੇਗਾ, ਉਹ ਆਪਣੀ ਧੀ ਦਾ ਵਿਆਹ ਉਸੇ ਰਾਜਕੁਮਾਰ ਨਾਲ ਕਰੇਗਾ।ਇਸ ਸ਼ਰਤ ਨੂੰ ਪੂਰਾ ਕਰਦਿਆਂ ਕਈ ਰਾਜਕੁਮਾਰ ਰਾਜੇ ਹੱਥੋਂ ਕਤਲ ਹੋ ਗਏ ।ਆਖਰ ਏਥਨ ਦਾ ਰਾਜਕੁਮਾਰ ਇਹ ਸ਼ਰਤ ਪੂਰੀ ਕਰਨ ਵਿੱਚ ਸਫਲ ਹੋ ਗਿਆ।ਉਸ ਨੇ ਸ਼ਰਤ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਸ ਸਾਰਥੀ ਨਾਲ ਗੰਢ ਤੁੱਪ ਕਰ ਲਈ ਸੀ, ਜਿਸ ਨੇ ਉਸ ਦਾ ਪਿੱਛਾ ਕਰਨ ਵਾਲੇ ਰਥ ਦੀ ਰਥਵਾਨੀ ਕਰਨੀ ਸੀ ।ਉਸ ਰਥਵਾਨ ਨੇ ਮਿਲੀ ਭੁਗਤ ਨਾਲ ਸਬੰਧਿਤ ਰੱਥ ਦਾ ਪਹੀਆ ਕੰਮਜ਼ੋਰ ਪਾ ਲਿਆ, ਜੋ ਕੁਝ ਦੂਰੀ ਉੱਤੇ ਜਾ ਕੇ ਤਹਿ ਸ਼ੁਦਾ ਸਕੀਮ ਅਨੁਸਾਰ ਟੁੱਟ ਗਿਆ ਅਤੇ ਰਾਜ ਕੁਮਾਰ ਮਿਥੀ ਹੱਦ ਟੱਪਣ ਵਿੱਚ ਸਫਲ ਹੋ ਗਿਆ।ਇਸ ਵਿਆਹ ਦੀ ਖੁਸ਼ੀ ਵਿੱਚ ਉਸ ਨੇ ਜੀਅਸ ਦੇਵਤਾ ਦੇ ਮੰਦਰ ਵਿਖੇ ਇੱਕ ਬਹੁਤ ਵੱਡਾ ਸਮਾਗਮ ਕਰਵਾਇਆ, ਜਿਸ ਦੌਰਾਨ ਤਰ੍ਹਾਂ ਤਰ੍ਹਾਂ ਦੇ ਕਰਤਵ ਮੁਕਾਬਲੇ ਕਰਵਾਏ ਗਏ, ਜੋ ਅੱਗੇ ਜਾ ਕੇ ਪੁਰਾਤਨ ਉਲੰਪਿਕ ਖੇਡਾਂ ਦੀ ਬੁਨਿਆਦ ਬਣੇ।ਔਰਤਾਂ ਨੂੰ ਪੁਰਾਤਨ ਉਲੰਪਿਕ ਖੇਡਾਂ ਵਿੱਚ ਭਾਗ ਲੈਣ ਅਤੇ ਖੇਡਾਂ ਨੂੰ ਦੇਖਣ ਦੀ ਸਖਤ ਮਨਾਹੀ ਸੀ। ਇਸ ਨਿਯਮ ਦੀ ਉਲੰਘਣਾ ਕਰਨ ਵਾਲੀ ਔਰਤ ਵਾਸਤੇ ਮੌਤ ਦੀ ਸਜ਼ਾ ਦਾ ਕਨੂੰਨ ਸੀ।ਇੱਕ ਵਾਰ 'ਕਾਲਿਪੇਤੀਆਰਾ'ਨਾਮ ਦੀ ਔਰਤ ਮਰਦਾਵਾਂ ਭੇਸ ਬਦਲ ਕੇ ਇਸ ਲਈ ਇਹਨਾਂ ਖੇਡਾਂ ਨੂੰ ਦੇਖਣ ਚਲੇ ਗਈ ਤਾਂ ਕਿ ਉਹ ਆਪਣੇ ਪੁਤਰ ਨੂੰ ਖੇਡਾਂ ਚ ਭਾਗ ਲੈਂਦਿਆਂ ਦੇਖ ਸਕੇ।ਜਦੋਂ ਉਹਦਾ ਪੁੱਤਰ ਮੁਕਾਬਲਾ ਜਿੱਤ ਕੇ ਉਲੰਪਿਕ ਚੈਂਪੀਅਨ ਬਣਿਆ ਤਾਂ ਉਹ ਖੁਸ਼ੀ ਵਿੱਚ ਉਛਲਣ ਲੱਗ ਪਈ।ਇਸ ਦੌਰਾਨ ਉਸ ਦੇ ਔਰਤ ਹੋਣ ਵਾਰੇ ਭੇਦ ਖੁੱਲ ਗਿਆ। ਉਸ ਔਰਤ ਦੇ ਪੁੱਤਰ ਤੋਂ ਇਲਾਵਾ ਉਸ ਦਾ ਪਿਤਾ ਅਤੇ ਭਰਾ ਵੀ ਆਪਣੇ ਸਮੇਂ ਦੇ ਚੈਂਪੀਅਨ ਸਨ, ਜਿਹਨਾਂ ਦਾ ਸਤਿਕਾਰ ਕਰਕੇ ਔਰਤ ਨੂੰ ਮੁਆਫ ਕਰ ਦਿੱਤਾ ਗਿਆ।ਇਸ ਉਪਰੰਤ ਉਲੰਪੀਆਡ ਸਟੇਡੀਅਮ ਵਿੱਚ ਦਾਖਲ ਹੋਣ ਵਾਲਿਆਂ ਦੀ ਬਕਾਇਦਾ ਜਾਂਚ ਕਰਨੀ ਆਰੰਭ ਕਰ ਦਿੱਤੀ ਗਈ।ਖੁਦਾਈ ਦੌਰਾਨ ਮਿਲੀਆਂ ਮੂਰਤੀਆਂ ਅਤੇ ਧਾਤੂ ਵਸਤਾਂ ਉੱਤੇ ਉਕਰੀਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਖਿਡਾਰੀ ਅਲਫ ਨੰਗੇ ਹੋ ਕੇ ਇਹਨਾਂ ਖੇਡਾਂ ਵਿੱਚ ਸ਼ਿਰਕਤ ਕਰਦੇ ਸਨ।ਅਜਿਹਾ ਵਧ ਤੋਂ ਵਧ ਕਾਰਗੁਜ਼ਾਰੀ ਦਿਖਾਉਣ ਦੀ ਗਰਜ ਨਾਲ ਕੀਤਾ ਜਾਂਦਾ ਸੀ ਕਿਉਂਕਿ ਉਸ ਜ਼ਮਾਨੇ ਦੇ ਕੱਪੜੇ ਖਿਡਾਰੀਆਂ ਦੀ ਕਾਰਗੁਜ਼ਾਰੀ ਵਿੱਚ ਰੁਕਾਵਟ ਪੈਦਾ ਕਰਦੇ ਸਨ ।ਪੁਰਾਤਨ ਉਲੰਪਿਕ ਖੇਡਾਂ ਚਾਰ ਸਾਲ ਬਾਅਦ 6 ਅਗਸਤ ਤੋਂ 18 ਸਤੰਬਰ ਦੇ ਵਿੱਚਕਾਰ ਕਰਵਾਈਆਂ ਜਾਂਦੀਆਂ ਸਨ। ਇਹਨਾਂ ਦੀ ਅਟਲਤਾ ਕਾਰਨ ਸਮਕਾਲੀ ਇਤਿਹਾਸਕਾਰ ਘਟਨਾਵਾਂ ਦਾ ਹਵਾਲਾ ਦੇਣ ਸਮੇਂ ਉਲੰਪਿਕ ਖੇਡਾਂ ਦੀ ਪੈਰਵੀ ਕਰਦੇ ਸਨ ।ਪੁਰਾਣੀਆਂ ਉਲੰਪਿਕ ਖੇਡਾਂ ਵਿੱਚ ਸਮੇਂ ਦੇ ਨਾਲ ਈਵੈਂਟਸ ਦੀ ਗਿਣਤੀ ਵਧਦੀ ਗਈ।ਇਹਨਾਂ ਵਿੱਚ ਮੁੱਖ ਤੌਰ ’ਤੇ ਰੱਥ ਦੌੜਾਂ ,ਘੋੜ ਦੌੜਾਂ , ਮੱਲ ਯੁਧ (ਕੁਸ਼ਤੀ ਅਤੇ ਮੁੱਕੇ ਬਾਜੀ ਦਾ ਸੁਮੇਲ),ਵਖ ਵਖ ਦੂਰੀ ਦੀਆਂ ਦੌੜਾਂ,ਲੰਬੀ ਛਾਲ,ਉਚੀ ਛਾਲ ,ਡਿਸਕਸ ਥਰੋਅ ,ਜੈਵਲੀਅਨ ਥਰੋਅ,ਤਲਵਾਰਬਾਜੀ ,ਤੀਰ ਅੰਦਾਜ਼ੀ ਅਤੇ ਪਟੈਥਲਿਨ (ਪੰਜ ਟਰੈਕ ਅਤੇ ਫ਼ੀਲਡ ਇਵੈਂਟਸ)ਆਦਿ ਪ੍ਰਮੁਖ ਖੇਡ ਪ੍ਰਤੀਯੋਗਤਾਵਾਂ ਸ਼ਾਮਿਲ ਸਨ। ਰੱਥ ਦੌੜਾਂ ਦੀ ਈਵੈਂਟ ਨੂੰ ਸਭ ਤੋਂ ਖਤਰਨਾਕ ਅਤੇ ਜ਼ੋਖਮ ਵਾਲੀ ਮੰਨਿਆ ਜਾਂਦਾ ਸੀ ।ਰਥ ਅੱਗੇ ਦੋ ਅਤੇ ਚਾਰ ਘੋੜ ਜੋੜੇ ਜਾਂਦੇ ਸਨ।ਰਥ ਦੌੜ ਦਾ ਫਾਸਲਾ 2।5 ਮੀਲ ਤੋਂ 8 ਮੀਲ ਦਾ ਰੱਖਿਆ ਹੁੰਦਾ ਸੀ।ਲੰਬੀ ਦੂਰੀ ਦੀ ਮੈਰਾਥਨ ਦੌੜ ਭਾਵੇਂ ਪੁਰਾਤਨ ਉਲੰਪਿਕ ਖੇਡਾਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਸੀ, ਪਰ ਯੂਨਾਨੀ ਇਤਿਹਾਸ ਨਾਲ ਸਬੰਧਿਤ ਇੱਕ ਦਿਲਚਸਪ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਨ 1908 ਦੀਆਂ ਉਲੰਪਿਕ ਖੇਡਾਂ ਵਿੱਚ ਇਸ ਮਹੱਤਵਪੂਰਣ ਅਤੇ ਜਾਨ ਹੂਲਵੀਂ ਈਵੈਂਟ ਨੂੰ ਆਧੁਨਿਕ ਉਲੰਪਿਕ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ।ਇਸ ਘਟਨਾ ਅਨੁਸਾਰ ਏਥਨ ਰਾਜ ਦੀਆਂ ਫੌਜਾਂ ਦਾ ਦੁਸ਼ਮਨ ਰਿਆਸਤ ਦੀਆਂ ਫੌਜਾਂ ਨਾਲ ਯੁੱਧ ਏਥਨ ਤੋਂ ਛੱਬੀ ਮੀਲ ਦੀ ਦੂਰੀ ਤੇ ਸਥਿਤ ਮੈਰਾਥਨ ਮੈਦਾਨ ਵਿੱਚ ਹੋਇਆ ਸੀ।ਫਿਡਪੀਡਸ ਨਾਮ ਦੇ ਜਿਸ ਸੈਨਿਕ ਨੇ ਫੌਜੀ ਹੁਕਮ ਦੀ ਪਾਲਣਾ ਕਰਦਿਆਂ ਸੂਰਜ ਦੇ ਅਸਤ ਹੋਣ ਤੋਂ ਪਹਿਲਾਂ ਏਥਨ ਵਾਸੀਆਂ ਨੂੰ ਜਿੱਤ ਦੀ ਖਬਰ ਦਿੱਤੀ ਸੀ, ਉਹ ਤੇਜ਼ੀ ਨਾਲ ਖਤਮ ਕੀਤੇ ਪੰਧ ਕਾਰਨ ਲੱਗੇ ਹੱਦੋਂ ਵਧ ਜ਼ੋਰ ਸਦਕਾ ਖਬਰ ਦਿੰਦੇ ਸਾਰ ਦਮ ਤੋੜ ਗਿਆ ਸੀ। ਉਸ ਜਾਂਬਾਜ਼ ਸੈਨਿਕ ਦੀ ਯਾਦ ਨੂੰ ਤਰੋਤਾਜ਼ਾ ਰੱਖਣ ਲਈ ਇਹ ਦੌੜ ਸ਼ੁਰੂ ਕੀਤੀ ਗਈ, ਜਿਸ ਦੀ ਲੰਬਾਈ 26 ਮੀਲ 385 ਗਜ਼ ਰਖੀ ਗਈ ਹੈ।ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੁਰਾਤਨ ਉਲੰਪਿਕ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਉਲੰਪੀਆਡ ਸਥਿਤ ਜੀਅਸ ਦੇਵਤਾ ਦੇ ਮੰਦਰ ਵਿਖੇ ਲੱਗੇ ਪਵਿਤਰ ਮੰਨੇ ਜਾਂਦੇ ਜੈਤੂਨ ਦੇ ਰੁਖਾਂ ਦੀ ਛਿੱਲ,ਟਾਹਣੀਆਂ ਅਤੇ ਪੱਤਿਆਂ ਤੋਂ ਬਣੇ ਤਾਜ ਪਹਿਨਾਏ ਜਾਂਦੇ ਸਨ।ਉਸ ਵਕਤ ਇਸ ਨੂੰ ਸਭ ਤੋਂ ਕੀਮਤੀ ਇਨਾਮ ਮੰਨਿਆ ਜਾਂਦਾ ਸੀ।ਇਸ ਤੋਂ ਇਲਾਵਾ ਜੀਤੂਨ ਦਾ ਤੇਲ ਵੀ ਜੇਤੂਆਂ ਨੂੰ ਦਿੱਤਾ ਜਾਂਦਾ ਸੀ।ਯੂਨਾਨੀ ਲੋਕ ਜੈਤੂਨ ਨੂੰ ਤਾਕਤ ਅਤੇ ਬੁੱਧੀ ਦੀ ਦੇਵੀ ਦੇ ਪ੍ਰਤੀਕ ਵਜੋਂ ਮਾਨਤਾ ਦਿੰਦੇ ਆਏ ਹਨ।ਸੰਪਰਕ: 0061 469 976214