ਸਰਵਰਕ ਲਈ ਫ਼ੋਟੋ ਦੀ ਤਲਾਸ਼ - ਪਰਮਬੀਰ ਕੌਰ
Posted on:- 01-06-2015
ਜਦੋਂ ਮੇਰੀ ਵਾਰਤਕ ਦੀ ਦੂਜੀ ਪੁਸਤਕ, ‘ਰੰਗਲੀ ਵਾਟ ਤੇ ਤੁਰਦਿਆਂ’ ਪ੍ਰਕਾਸ਼ਿਤ ਹੋਣ ਦਾ ਵੇਲਾ ਆਇਆ ਤਾਂ ਮਨ ਵਿੱਚ ਖ਼ਿਆਲ ਆਇਆ ਕਿ ਇਸ ਦੇ ਸਰਵਰਕ ’ਤੇ ਵੀ, ਸਿਰਲੇਖ ਨਾਲ ਮੇਲ ਖਾਂਦੀ, ਆਪਣੇ ਦੁਆਰਾ ਲਈ ਗਈ ਢੁਕਵੀਂ ਤਸਵੀਰ ਛਪਵਾਈ ਜਾਵੇ। ਕਿਸੇ ਰਾਹ ਜਾਂ ਪਗਡੰਡੀ ਦੇ ਕਿਨਾਰੇ ਖੜ੍ਹੇ ਫੁੱਲਾਂ ਵਾਲੇ ਰੁੱਖ ਜਾਂ ਝਾੜੀ ਦਾ ਚਿੱਤਰ ਮਨ ਨੂੰ ਜਚ ਰਿਹਾ ਸੀ। ਅਤੇ ਇਸ ਤਰ੍ਹਾਂ ਮੁੱਢ ਬਝਿਆ ਕਿਸੇ ਉਚਿੱਤ ਅਤੇ ਫੱਬਵੇਂ ਦ੍ਰਿਸ਼ ਦੀ ਤਲਾਸ਼ ਦਾ! ਮੇਰੇ ਪਤੀ ਤੇ ਮੈਂ ਸ਼ਾਮ ਸਮੇਂ ਸੈਰ ਕਰਨ ਤਾਂ ਉਂਜ ਵੀ ਕਦੇ-ਕਦਾਈਂ ਚਲੇ ਜਾਈਦਾ ਹੈ, ਪਰ ਇਸ ਮਕਸਦ ਪਿੱਛੇ ਅਸੀਂ ਕੁਝ ਹੋਰ ਨੇਮ ਨਾਲ ਜਾਣ ਬਾਰੇ ਸੋਚ ਲਿਆ।ਨਾਲ ਕੈਮਰਾ ਵੀ ਸਾਡੀ ਟੀਮ ਵਿੱਚ ਸ਼ਾਮਲ ਹੋ ਗਿਆ।
ਪਹਿਲੇ ਦਿਨ ਇਸ ਮੁਹਿੰਮ ’ਤੇ ਜਾਣ ਲਈ ਅਸੀਂ ਇਕ ਵੱਡਾ ਜਿਹਾ ਪਾਰਕ ਚੁਣਿਆ।ਅਜੇ ਪਾਰਕ ਦੇ ਅੰਦਰ ਤਾਂ ਅਪੜੇ ਵੀ ਨਹੀਂ ਸੀ, ਉਸਦੇ ਬਾਹਰ ਹੀ ਗੇਟ ਕੋਲ ਜਿਵੇਂ ਸੰਤਰੀ ਬਣਕੇ ਇਕ ਗੁਲਮੋਹਰ ਦਾ ਰੁੱਖ ਖੜ੍ਹਾ ਸੀ।ਕੋਈ ਤਿੰਨ ਕੁ ਦਹਾਕੇ ਤੋਂ ਵਾਕਫ਼ੀਅਤ ਹੈ, ਇਸ ਰੁੱਖ ਨਾਲ; ਬੜੀ ਅਪਣੱਤ ਨਾਲ ਉਸ ਪੁਛਿਆ, “ਕਿੱਧਰ ਜਾ ਰਹੇ ਹੋ ਅੱਜ ਕੈਮਰਾ ਹੱਥ ਵਿੱਚ ਲੈ ਕੇ? ਕੋਈ ਤਸਵੀਰਾਂ ਖਿੱਚਣ ਦੀ ਯੋਜਨਾ ਬਣਾ ਕੇ ਆਏ ਓ!” ਜਦੋਂ ਮੈਂ ਹਾਂ ਵਿੱਚ ਉੱਤਰ ਦਿੱਤਾ ਤਾਂ ਉਸ ਨੇ ਜਾਣਨਾ ਚਾਹਿਆ, “ਕਿਵੇਂ ਦੀ ਫ਼ੋਟੋ ਲੈਣੀ ਜੇ?”
ਮੈਂ ਗੁਲਮੋਹਰ ਨੂੰ ਆਪਣੀ ਪੁਸਤਕ ਬਾਰੇ ਪੂਰੀ ਗੱਲ ਸੁਣਾ ਦਿੱਤੀ। ਉਹ ਅੱਗੋਂ ਖਿੜ ਕੇ ਆਖਦਾ, “ਐਹ ਲਉ,ਮੈਂ ਤੁਹਾਡੇ ਸਾਹਮਣੇ ਐਨ ਤਿਆਰ ਖੜ੍ਹਾਂ; ਲਉ ਮੇਰੀ ਫ਼ੋਟੋ! ਮੈਂ ਇਕਦਮ ਅਹਿੱਲ ਹੋ ਕੇ ਖੜ੍ਹਾ ਹੋ ਜਾਨਾਂ…।” ਗੁਲਮੋਹਰ,ਚਿਹਰੇ ਤੇ ਮੁਸਕਾਨ ਲਈ, ਇਕ ਖ਼ਾਸ ਅੰਦਾਜ਼ ਵਿੱਚ ਖੜ੍ਹਾ ਹੋ ਗਿਆ। ਉਸ ਦੀ ਉਤਸੁਕਤਾ ਵੇਖਿਆਂ ਹੀ ਬਣਦੀ ਸੀ।ਫਿਰ ਉਸ ਨੇ ਦੋ-ਤਿੰਨ ਤਸਵੀਰਾਂ ਵੱਖੋ-ਵੱਖਰੇ ਪਾਸਿਆਂ ਤੋਂ ਕਰਵਾਈਆਂ। ਗੁਲਮੋਹਰ ਦੇ ਸਹਾਇਕ ਰਵੱਈਏ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ। ਇਸ ਬਿਰਖ ਦਾ ਧੰਨਵਾਦ ਕਰਕੇ ਅਸੀਂ ਅੱਗੇ ਤੁਰ ਪਏ।
ਜਿਵੇਂ ਹੀ ਪਾਰਕ ਵਿੱਚ ਦਾਖ਼ਲ ਹੋਏ, ਅੰਦਰਲੀ ਸੜਕ ਦੇ ਨਾਲ-ਨਾਲ ਚਾਂਦਨੀ ਦੀਆਂ ਝਾੜੀਆਂ ਦੀ, ਦੂਰ ਤੱਕ ਜਾਂਦੀ ਇਕ ਲੰਮੀ ਕਤਾਰ ਹਾਜ਼ਰ ਸੀ।ਤਾਰਿਆਂ ਵਰਗੇ ਅਣਗਿਣਤ ਫੁੱਲਾਂ ਨਾਲ ਲਦੀਆਂ ਝਾੜੀਆਂ ਦੀ ਸੁੰਦਰਤਾ ਅਤੇ ਇਹਨਾਂ ਵਿੱਚੋਂ ਆ ਰਹੀ ਨਿੰਮ੍ਹੀ ਖ਼ੁਸ਼ਬੋ ਨੂੰ ਪੂਰੀ ਤਰ੍ਹਾਂ ਬਿਆਨ ਕਰਨ ਲਈ ਤਾਂ ਕਿਸੇ ਅਰਸ਼ੀ ਭਾਸ਼ਾ ਦੀ ਲੋੜ ਮਹਿਸੂਸ ਹੋ ਰਹੀ ਹੈ! ਫਿਰ ਹਰ ਝਾੜੀ ਦੇ ਹੇਠਾਂ ਇਸ ਤੋਂ ਝੜ ਕੇ ਡਿਗੇ ਹੋਏ ਫੁੱਲਾਂ ਦਾ ਮਨਮੋਹਕ ਦ੍ਰਿਸ਼ ਆਪਣੀ ਇਕ ਵੱਖਰੀ ਹੀ ਬਾਤ ਪਾ ਰਿਹਾ ਸੀ। ਪ੍ਰਤੀਤ ਤਾਂ ਇਸ ਤਰ੍ਹਾਂ ਹੋਇਆ ਜਿਵੇਂ ਇਹਨਾਂ ਸਾਰੀਆਂ ਝਾੜੀਆਂ ਵਿੱਚ ਸੁੰਦਰਤਾ ਮੁਕਾਬਲਾ ਹੋਣ ਜਾ ਰਿਹਾ ਹੋਵੇ! ਜੇ ਕਿਤੇ ਸੱਚ ਹੀ ਅਜਿਹਾ ਵਾਪਰ ਰਿਹਾ ਹੁੰਦਾ ਤਾਂ ਕਾਫ਼ੀ ਮੁਸ਼ਕਿਲ ਪੇਸ਼ ਆ ਸਕਦੀ ਸੀ, ਇਹਨਾਂ ਵਿੱਚੋਂ ਕੋਈ ਤਿੰਨ ਜਾਂ ਚਾਰ ਜੇਤੂ ਚੁਣਨ ਵਿੱਚ!
ਚਾਂਦਨੀ ਨਾਲ ਵੀ ਪੁਰਾਣੀ ਦੋਸਤੀ ਹੋਣ ਕਾਰਨ, ਇਕ ਝਾੜੀ ਨੇ ਖ਼ਬਰੇ ਕਿਵੇਂ ਪੁੱਛ ਲਿਆ, “ਕੈਮਰਾ ਲਈ ਫਿਰਦੇ ਓ, ਕੀ ਪੁਸਤਕ ਦੇ ਸਰਵਰਕ ਲਈ ਕੋਈ ਤਸਵੀਰ ਚਾਹੀਦੀ ਏ?” ਮੇਰੀ ਹੈਰਾਨੀ ਦੀ ਹਦ ਨਾ ਰਹੀ ਇਹ ਪ੍ਰਸ਼ਨ ਸੁਣ ਕੇ; ਕਿੰਨੀ ਚੰਗੀ ਤਰ੍ਹਾਂ ਜਾਣਦੀ ਸੀ ਇਹ ਝਾੜੀ ਮੇਰੀਆਂ ਪਸੰਦਾਂ ਨੂੰ!
“ਇਹ ਤੁਸੀਂ ਕਿਵੇਂ ਜਾਣ ਲਿਆ?”
“ਤੁਹਾਡੇ ਲਿਖਣ ਦੇ ਸ਼ੌਕ ਤੋਂ ਤਾਂ ਮੈਂ ਬਾਖ਼ੂਬੀ ਵਾਕਫ਼ ਹਾਂ…। ਮੇਰੇ ਬਾਰੇ ਵੀ ਤਾਂ ਤੁਸੀਂ ਇਕ ਰਚਨਾ ਲਿਖੀ ਸੀ ਪਿੱਛੇ ਜਿਹੇ! ਤਦੇ ਮੈਨੂੰ ਇਹ ਖ਼ਿਆਲ ਆਇਆ ਕਿ ਸ਼ਾਇਦ ਹੁਣ ਪੁਸਤਕ ਛਪਣ ਦਾ ਵੇਲਾ ਆ ਗਿਆ ਹੋਵੇ ਤੇ ਤੁਸੀਂ ਕਿਸੇ ਢੁਕਵੇਂ ਸਰਵਰਕ ਦੀ ਭਾਲ ਵਿੱਚ ਹੋਵੋ।ਤੇ ਮੈਨੂੰ ਆਪਣੇ ਤੇ ਹੋਰ ਬਿਰਖ-ਬੂਟਿਆਂ ਨਾਲ ਤੁਹਾਡੀ ਪੀਡੀ ਸਾਂਝ ਦਾ ਵੀ ਬੜਾ ਪੁਰਾਣਾ ਪਤਾ ਐ,” ਉਸ ਚਾਂਦਨੀ ਦੀ ਝਾੜੀ ਨੇ ਇਹ ਟਿੱਪਣੀ ਕਰਕੇ ਅਪਣੱਤ ਜਤਾਈ। ਫਿਰ ਕੁਝ ਸੋਚ ਕੇ ਅੱਗੇ ਬੋਲੀ, “ਜੇ ਤੁਹਾਨੂੰ ਠੀਕ ਜਾਪੇ ਤਾਂ ਮੇਰੀ ਤਸਵੀਰ ਲੈ ਸਕਦੇ ਹੋ…ਮੇਰੇ ਬਾਰੇ ਤੁਹਾਡੀ ਲਿਖਤ ਵੀ ਤਾਂ ਕਈ ਪਾਠਕਾਂ ਨੇ ਬਹੁਤ ਪਸੰਦ ਕੀਤੀ ਏ ਨਾ…ਬਾਕੀ ਜਿਵੇਂ ਤੁਹਾਡੀ ਮਰਜ਼ੀ।”
ਇਸ ਤਰ੍ਹਾਂ ਚਾਂਦਨੀ ਨੇ ਭਿੰਨ-ਭਿੰਨ ਅੰਦਾਜ਼ਾਂ ਵਿੱਚ ਕਈ ਤਸਵੀਰਾਂ ਖਿਚਵਾਈਆਂ।ਫਿਰ ਜਿਸ ਸਮੇਂ ਚਾਂਦਨੀ ਤੋਂ ਰੁਖ਼ਸਤ ਲੈਣ ਲੱਗੇ ਤਾਂ ਉਸਨੇ ਆਖਿਆ, “ਤੁਸੀਂ ਕਿਤੇ ਮੇਰੀ ਗੱਲ ਦਾ ਭਾਵ ਇਹ ਨਾ ਸਮਝ ਲਿਆ ਜੇ ਕਿ ਮੈਂ ਕਿ ਤੁਹਾਨੂੰ ਕਿਸੇ ਤਰ੍ਹਾਂ ਮਜਬੂਰ ਕਰ ਰਹੀ ਆਂ ਆਪਣੀ ਤਸਵੀਰ ਸਰਵਰਕ ਤੇ ਛਪਵਾਉਣ ਲਈ। ਤੁਸੀਂ ਜਿਸ ਦੀ ਤਸਵੀਰ ਵੀ ਚੁਣੋਗੇ, ਮੈਨੂੰ ਹਰ ਹਾਲ ਵਿੱਚ ਖ਼ੁਸ਼ੀ ਹੀ ਹੋਵੇਗੀ!” ਚਾਂਦਨੀ ਦੀ ਝਾੜੀ ਦੇ ਇਹ ਵਿਚਾਰ ਉਸਦੇ ਖੁਲ੍ਹਦਿਲੇ ਹੋਣ ਦੀ ਗਵਾਹੀ ਭਰ ਰਹੇ ਸਨ। ਮੈਂ ਉਸਦਾ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਗੱਲ ਪ੍ਰਤੀ ਮੈਂ ਪਹਿਲਾਂ ਹੀ ਸੁਚੇਤ ਸਾਂ ਕਿ ਸਰਵਰਕ ਲਈ ਫ਼ੋਟੋ ਦੀ ਚੋਣ ਕਰਨ ਵਿੱਚ ਦੁਬਿਧਾ ਦੇ ਦਰਪੇਸ਼ ਹੋਣਾ ਪੈ ਸਕਦਾ ਹੈ, ਕਿਉਂਕਿ ਇਹ ਸਾਰੇ ਰੁੱਖ ਤੇ ਝਾੜੀਆਂ ਮੈਨੂੰ ਇਕ ਦੂਜੇ ਤੋਂ ਵੱਧ ਨੇੜੇ ਦੇ ਮਹਿਸੂਸ ਹੁੰਦੇ ਨੇ।ਉਂਜ ਆਪਣੇ ਮਨ ਨੂੰ ਇਹ ਬੜਾ ਸੁਭਾਗਾ ਸਮਾਂ ਜਾਪ ਰਿਹਾ ਸੀ, ਜਦੋਂ ਤਸਵੀਰ ਦੇ ਬਹਾਨੇ ਵੰਨ-ਸੁਵੰਨੇ ਤੇ ਆਪਣੇ ਹਿਤੈਸ਼ੀ ਰੁੱਖਾਂ-ਝਾੜੀਆਂ ਨਾਲ ਗੁਫ਼ਤਗੂ ਕਰਨ ਦਾ ਸਬੱਬ ਬਣਿਆ। ਪ੍ਰਤੀਤ ਹੋ ਰਿਹਾ ਸੀ, ਜਿਵੇਂ ਇਹਨਾਂ ਹਰੇ-ਭਰੇ ਅਤੇ ਵਿਭਿੰਨ ਰੰਗਾਂ ਵਾਲੇ ਮਿੱਤਰਾਂ ਨਾਲ ਮੁਲਾਕਾਤ ਦਾ ਸਮਾਰੋਹ ਚਲ ਰਿਹਾ ਹੋਵੇ। ਅਤੇ ਇਸ ਬਹਾਨੇਅਚੇਤ ਹੀ ਰੌਣਕ-ਮੇਲੇ ਵਾਲਾ ਮਾਹੌਲ ਸਿਰਜਿਆ ਗਿਆ!ਇਹਨਾਂ ਦੀ ਸੰਗਤ ਦਾ ਮਨੁੱਖੀ ਦਿਲ-ਦਿਮਾਗ ਤੇ ਕਿੰਨਾ ਉਸਾਰੂ ਪਰਭਾਵ ਪੈਂਦਾ ਹੈ, ਇਹ ਸਿਰਫ਼ ਅਜ਼ਮਾ ਕੇ ਵੇਖਣ ਵਾਲੀ ਬਾਤ ਹੈ!
ਹੋਰ ਫੇਰੀਆਂ ਦੌਰਾਨ ਜਾਮਨੀ ਫੁੱਲਾਂ ਨਾਲ ਸਜੇ ਕਚਨਾਰ ਦੇ ਰੁੱਖ, ਬੇਹਦ ਖ਼ੂਬਸੂਰਤ ਪੀਲੇ ਫੁੱਲਾਂ ਦੇ ਗੁਛਿਆਂ ਨਾਲ ਟਹਿਕਦੇ ਅਮਲਤਾਸ, ਗੁਲਾਬੀ ਰੰਗ ਵਿੱਚ ਲਿਸ਼ਕਾਂ ਮਾਰਦੀ ਬੋਗਨਵਿਲੀਆ ਦੀ ਝਾੜੀ ਅਤੇ ਹੋਰ ਵੀ ਕਈਆਂ ਨਾਲ ਬਾਤਚੀਤ ਹੋਈ; ਉਹਨਾਂ ਦੀਆਂ ਤਸਵੀਰਾਂ ਵੀ ਲਈਆਂ।ਇਸੇ ਤਰ੍ਹਾਂ ਤੁਰੇ ਜਾਂਦਿਆਂ ਰਾਹ ਦੇ ਇਕ ਮੋੜ ਤੇ, ਸੋਨ-ਸੁਨਹਿਰੀ ਧੁੱਪ ਵਿੱਚ ਲਿਸ਼ਕਦੀ, ਇਕ ਜਾਮਨੀ-ਲਾਲ ਫੁੱਲਾਂ ਨਾਲ ਭਰੀ ਪਗੋਟਾ ਦੀ ਝਾੜੀ (ਪਲੁਮੇਰੀਆ ਅਲਬਾ) ਖੜ੍ਹੀ ਸੀ।ਇਹ ਝਾੜੀ ਵੀ ਕੋਈ ਅਜਨਬੀ ਨਹੀਂ ਸੀ; ਆਮ ਹੀ ਇਸ ਰਸਤੇ ਤੋਂ ਲੰਘਦਿਆਂ ਅਸੀਂ ਇਕ ਦੂਜੇ ਨੂੰ ਬੜੀ ਵਾਰ ਵੇਖਿਆ ਹੋਇਆ ਸੀ। ਮੈਨੂੰ ਸਦਾ ਹੀ ਇਸ ਦੀ ਸਜੀ-ਸੰਵਰੀ, ਆਕਰਸ਼ਕ ਦਿਖ ਅਤੇ ਗੰਭੀਰ ਮੁਦਰਾ ਨੇ ਪਰਭਾਵਤ ਕੀਤਾ ਹੈ। ਜਾਪਦਾ ਹੁੰਦਾ ਏ ਜਿਵੇਂ ਇਹ ਉੱਥੇ ਇਕਲਾਪੀ ਖੜ੍ਹੀ ਕਿਸੇ ਸੰਜੀਦਾ ਮਸਲੇ ਤੇ ਚਿੰਤਨ ਕਰ ਰਹੀ ਹੋਵੇ; ਕੌਣ ਥਾਹ ਪਾ ਸਕਦਾ ਹੈ ਇਹਨਾਂ ਮੌਨ ਖੜ੍ਹੀਆਂ ਝਾੜੀਆਂ ਦੇ ਅੰਤਰੀਵ ਭਾਵਾਂ ਦੀ!
ਅੰਦਰੋਂ ਤਾਂ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਪਗੋਟਾ ਦੀ ਝਾੜੀ ਨੂੰ ਬੁਲਾ ਕੇ ਉਸਦੇ ਅੰਦਰ ਚਲ ਰਹੇ ਸੰਵਾਦ ਵਿੱਚ ਵਿਘਨ ਪੈ ਜਾਵੇ, ਪਰ ਬਸ ਫਿਰ ਵੀ ਉਸਦੇ ਨੇੜੇ ਜਾ ਕੇ ਗੱਲ ਕਰ ਹੀ ਲਈ। ਇਹ ਉਸਨੂੰ ਵੀ ਓਪਰਾ ਨਹੀਂ ਲਗਿਆ, ਕਿਉਂਕਿ ਪਗੋਟਾ ਨੂੰ ਸਾਡੀ ਖ਼ੂਬ ਪਛਾਣ ਸੀ।ਝਾੜੀ ਮੁਸਕਰਾਈ ਤੇ ਉਸਨੇ ਮੇਰੇ ਹੱਥ ਵਿੱਚ ਫੜੇ ਕੈਮਰੇ ਵਲ ਸਵਾਲੀਆ ਨਜ਼ਰਾਂ ਨਾਲ ਵੇਖਿਆ। ਜਦੋਂ ਮੈਂ ਸਾਰੀ ਗੱਲ ਉਸਨੂੰ ਦੱਸੀ ਤਾਂ ਝਾੜੀ ਨੇ ਪੁਛਿਆ, “ਤੁਸੀਂ ਮੇਰੇ ਬਾਰੇ ਅੱਜ ਤਕ ਕੋਈ ਰਚਨਾ ਤਾਂ ਨਹੀਂ ਲਿਖੀ ਨਾ?”
ਮੇਰੇ ਨਾਂਹ ਵਿੱਚ ਸਿਰ ਹਿਲਾਉਣ ਤੇ ਝਾੜੀ ਫਿਰ ਬੋਲੀ,“ਬਸ, ਫਿਰ ਸੋਚਣ ਦੀ ਕੀ ਗੱਲ ਏ! ਤੁਸੀਂ ਇੰਜ ਕਰੋ ਨਾ ਕਿ ਕਿਸੇ ਦੇ ਬਾਰੇ ਰਚਨਾ ਲਿਖ ਦਿਉ, ਕਿਸੇ ਦੀ ਤਸਵੀਰ ਪੁਸਤਕ ਦੇ ਸਰਵਰਕ ਤੇ ਛਪਵਾ ਲਉ। ਜਿੰਨਾ ਤੁਹਾਡਾ ਸਾਡੇ ਸਾਰਿਆਂ ਨਾਲ ਲਗਾਓ ਹੈ, ਮੇਰੇ ਖ਼ਿਆਲ ਨਾਲ ਤਾਂ ਵਧੀਆ ਰਹੇਗਾ ਅਜਿਹਾ ਕਰਨਾ!” ਇਹ ਸ਼ਬਦ ਬੋਲ ਕੇ ਪਗੋਟਾ ਦੀ ਝਾੜੀ ਨੇ ਗਹੁ ਨਾਲ ਮੇਰੇ ਵੱਲ ਤਕਿਆ। ਪਗੋਟਾ ਦੀ ਇਸ ਸਾਦ-ਮੁਰਾਦੀ ਪਰ ਸੰਜੀਦਗੀ ਨਾਲ ਕੀਤੀ ਟਿੱਪਣੀ ’ਤੇ ਇਕਦਮ ਤਾਂ ਮੈਨੂੰ ਹਾਸਾ ਆ ਗਿਆ। ਪਰ ਜਿੰਨਾ ਚਾਅ ਅਤੇ ਆਸ ਉਸਦੇ ਹਾਵ-ਭਾਵ ਉਸ ਸਮੇਂ ਪਰਗਟ ਕਰ ਰਹੇ ਸਨ, ਅਸੀਂ ਉਸ ਦੀਆਂ ਦੋ-ਤਿੰਨ ਤਸਵੀਰਾਂ ਲਈਆਂ, ਅਲੱਗ-ਅਲੱਗ ਅੰਦਾਜ਼ਾਂ ਵਿੱਚ।ਪਗੋਟਾ ਨੂੰ ਤਾਂ ਫੋਟੋ ਕਰਵਾਉਣ ਦੀ ਖ਼ੁਸ਼ੀ ਇੰਨੀ ਸੀ ਕਿ ਇਸ ਗੱਲ ਨੇ ਉਸ ਦਾ ਚਿਹਰਾ ਲਿਸ਼ਕਣ ਲਾ ਦਿੱਤਾ! ਉਦੋਂ ਲਈਆਂ ਸਾਰੀਆਂ ਤਸਵੀਰਾਂਇਕ-ਦੂਜੀ ਤੋਂ ਵੱਧ ਦਿਲ-ਖਿਚਵੀਆਂ ਜਾਪ ਰਹੀਆਂ ਸਨ।
ਵਾਪਸੀ ਸਮੇਂ ਅਸੀਂ ਮੁੜ ਉਹਨਾਂ ਚਾਂਦਨੀ ਦੀਆਂ ਝਾੜੀਆਂ ਕੋਲ ਚਲੇ ਗਏ ਜਿਹਨਾਂ ਦੀਆਂ ਫੋਟੋਆਂ ਇਕ ਦਿਨ ਪਹਿਲਾਂ ਲਈਆਂ ਸਨ।ਮੈਂ ਚਾਂਦਨੀ ਦੀ ਇਕ ਝਾੜੀ ਨੂੰ ਪਗੋਟਾ ਨਾਲ ਹੋਈ ਸਾਰੀ ਵਾਰਤਾਲਾਪ ਦਾ ਇੰਨ ਬਿੰਨ ਵੇਰਵਾ ਦੇ ਦਿੱਤਾ। ਚਾਂਦਨੀ ਨੇ ਕੁਝ ਪਲ ਸੋਚ ਕੇ ਆਖਿਆ, “ਵੈਸੇ ਗੱਲ ਪਗੋਟਾ ਦੀ ਬਿਲਕੁਲ ਠੀਕ ਏ; ਤੁਸੀਂ ਉਸੇ ਦੀ ਤਸਵੀਰ ਨੂੰ ਆਪਣੀ ਪੁਸਤਕ ਦੇ ਸਰਵਰਕ ਦੀ ਸੋਭਾ ਵਧਾਉਣ ਦਾ ਮੌਕਾ ਦਿਉ! ਮੈਨੂੰ ਤਾਂ ਆਪ ਇਸੇ ਗੱਲ ਵਿੱਚ ਖ਼ੁਸ਼ੀ ਹੋਵੇਗੀ।”ਮੈਨੂੰ ਇਸ ਸਮੇਂ ਚਾਂਦਨੀ ਸਖਾਵਤ ਦੀ ਜਿਉਂਦੀ-ਜਾਗਦੀ ਮੂਰਤ ਭਾਸ ਰਹੀ ਸੀ। ਉਸਦੇ ਇਸ ਇਜ਼ਹਾਰ ਨੇ ਮੇਰੇ ਮਨ ਦਾ ਬੋਝ ਵੀ ਕੁਝ ਕੁ ਹਲਕਾ ਕਰ ਦਿੱਤਾ।
ਅਗਲੇ ਦਿਨ ਉਚੇਚੇ ਤੌਰ ’ਤੇ ਗੁਲਮੋਹਰ, ਅਮਲਤਾਸ,ਕਚਨਾਰ, ਬੋਗਨਵਿਲੀਆ ਆਦਿ ਸਭਨਾਂ ਕੋਲ ਜਾ ਕੇ, ਉਹਨਾਂ ਨਾਲ ਮੈਂ ਪਗੋਟਾ ਦੀ ਝਾੜੀ ਵਾਲੀ ਗੱਲ ਸਾਂਝੀ ਕੀਤੀ। ਮੈਂ ਉਹਨਾਂ ਦੇ ਵਿਚਾਰ ਜਾਣਨ ਲਈ ਉਤਾਵਲੀ ਸਾਂ। ਮੇਰੇ ਅਚੰਭੇ ਦੀ ਕੋਈ ਸੀਮਾ ਨਹੀਂ ਸੀ, ਜਦੋਂ ਇਹਨਾਂ ਸਾਰਿਆਂ ਨੇ ਵੀ ਚਾਂਦਨੀ ਵਾਲੇ ਜਜ਼ਬਾਤ ਪ੍ਰਗਟਾਏ ਅਤੇ ਪਗੋਟਾ ਦੀ ਦਲੀਲ ਦੀ ਪ੍ਰੋੜ੍ਹਤਾ ਕੀਤੀ।ਇਹਨਾਂ ਸਾਰਿਆਂ ਪ੍ਰਤੀ ਆਭਾਰ ਪਰਗਟ ਕਰਨ ਲਈ, ਮੇਰੇ ਕੋਲ ਢੁਕਵੇਂ ਲਫ਼ਜ਼ ਨਹੀਂ ਸਨ! ਇਹ ਤਾਂ ਆਸ ਨਾਲੋਂ ਕਿਤੇ ਸੌਖਾ ਕੰਮ ਹੋ ਗਿਆ; ਇਹਨਾਂ ਸਾਰੇ ਰੁੱਖਾਂ-ਝਾੜੀਆਂ ਦਾ ਇਕ ਦੂਜੇ ਦੇ ਪ੍ਰਤੀ ਸਤਿਕਾਰ ਅਤੇ ਉਦਾਰਤਾ ਵਾਲਾ ਵਿਹਾਰ ਰਸ਼ਕ ਕਰਨ ਯੋਗ ਹੋ ਨਿਬੜਿਆ। ਅਤੇ ਪਗੋਟਾ ਦੀ ਚੋਣ ਹੋ ਜਾਣ ਨਾਲ ਮੇਰੀ ਪੁਸਤਕ ਦੇ ਸਰਵਰਕ ਲਈ ਫ਼ੋਟੋ ਦੀ ਤਲਾਸ਼ ਵੀ ਮੁਕੰਮਲ ਹੋ ਗਈ!