ਜੇ ਅਧਿਆਪਕਾਂ ਨੇ ਹੱਲਾਸ਼ੇਰੀ ਨਾ ਦਿੱਤੀ ਹੁੰਦੀ… -ਅਵਤਾਰ ਸਿੰਘ ਬਿਲਿੰਗ
Posted on:- 31-05-2015
ਪੰਜਵੀਂ ਦੇ ਪੇਪਰ ਦੇਣ ਮਗਰੋਂ ਵੀ ਅਸੀਂ ਪਿੰਡ ਵਿਚਲੇ ਸਕੂਲ ਜਾਂਦੇ ਸੀ। ਸਾਡੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਨੇ ਇਨ੍ਹਾਂ ਦਿਨਾਂ ਦਾ ਲਾਹਾ ਲੈਂਦਿਆਂ ਸਾਨੂੰ ਵੱਡੀ ਏ ਬੀ ਸੀ ਪੜ੍ਹਨੀ-ਲਿਖਣੀ ਸਿਖਾ ਦਿੱਤੀ ਸੀ। ਇਕੱਤੀ ਮਾਰਚ ਨੂੰ ਨਤੀਜਾ ਨਿਕਲਿਆ। ਆਪ ਤੋਂ ਵੱਡੇ ਮੁੰਡਿਆਂ ਦੀ ਦੇਖਾ-ਦੇਖੀ ਛੇਵੀਂ ਵਿੱਚ ਪਿੰਡ ਤੋਂ ਪੰਜ ਮੀਲ ਦੂਰ, ਖੰਨੇ ਦੇ ਖ਼ਾਲਸਾ ਸਕੂਲ ਵਿੱਚ ਦਾਖ਼ਲ ਹੋ ਗਏ। ਸਾਈਕਲ ਸਿੱਖਣ ਦੀ ਲੋੜ ਸੀ ਜਿਹੜਾ ਮੈਨੂੰ ਲਗਦਾ ਸੀ ਕਿ ਮੈਂ ਕਦੇ ਨਹੀਂ ਸਿੱਖ ਸਕਾਂਗਾ। ਮੈਨੂੰ ਛੋਟੀ ਏ ਬੀ ਸੀ ਲਿਖਣੀ ਬਹੁਤ ਔਖੀ ਲਗਦੀ ਸੀ। ਸਕੂਲ ਦੇ ਅੰਗਰੇਜ਼ੀ ਦੇ ਮਾਸਟਰ ਜੀ ਦੇ ਅੜਿੱਕੇ ਜੋ ਵੀ ਚੜ੍ਹ ਜਾਂਦਾ ਤਾਂ ਉਹ ਉਸ ਨੂੰ ਬਹੁਤ ਕੁੱਟਦੇ। ਕੁੱਟਣ ਨਾਲੋਂ ਵੀ ਜ਼ਿਆਦਾ ਡਰਾਉਂਦੇ-ਦਬਕਾਉਂਦੇ। ਮੈਨੂੰ ਲਗਦਾ ਕਿ ਮੈਂ ਸੱਤ ਸਮੁੰਦਰ ਪਾਰ ਦੀ ਇਹ ਪੁੱਠੀ ਭਾਸ਼ਾ ਕਦੇ ਨਹੀਂ ਸਿੱਖ ਸਕਾਂਗਾ। ਪਰ ਚੰਗੇ ਭਾਗਾਂ ਨੂੰ ਸਿਆਲ ਦੇ ਸ਼ੁਰੂ ਵਿੱਚ ਹੀ ਉਹ ਮਾਸਟਰ ਜੀ ਫ਼ੌਜ ਵਿੱਚ ਲੈਫ਼ਟੀਨੈਂਟ ਭਰਤੀ ਹੋ ਗਏ।
ਉਨ੍ਹਾਂ ਦੇ ਜਾਣ ਤੋਂ ਬਾਅਦ ਮਜਾਰੇ ਵਾਲੇ ਮਾਸਟਰ ਜੀ ਸਾਨੂੰ ਅੰਗਰੇਜ਼ੀ ਪੜ੍ਹਾਉਣ ਲੱਗੇ। ਉਹ ਘੱਟ ਬੋਲਦੇ ਸਨ ਪਰ ਕਦੇ ਕਦੇ ਥੱਪੜ-ਪਰੇਡ ਸਹਿੰਦੀ-ਸਹਿੰਦੀ ਕਰਦੇ ਸਨ। ਉਨ੍ਹਾਂ ਸਾਨੂੰ ਏ ਬੀ ਸੀ ਹੀ ਨਹੀਂ ਸਿਖਾਈ, ਸਗੋਂ ਲਿਖਾਈ ਸੁਧਾਰਨ ਵੱਲ ਵੀ ਉਚੇਚਾ ਧਿਆਨ ਦਿੱਤਾ। ਉਨ੍ਹਾਂ ਸਤਵੰਜਾ ਨੰਬਰ ਜੀ ਦੇ ਨਿੱਬ ਨਾਲ ਅੰਗਰੇਜ਼ੀ ਲਿਖਣੀ ਲਾਜ਼ਮੀ ਕਰ ਦਿੱਤੀ। ਇਹ ਇੰਗਲੈਂਡ ਦੀ ਕਿਸੇ ਕੰਪਨੀ ਵੱਲੋਂ ਬਣਾਇਆ ਮਹਿੰਗਾ, ਲਚਕਦਾਰ ਨਿੱਬ ਸੀ। ਚੰਗਾ ਲਿਖਣ ਵਾਲੇ ਨੂੰ ਉਹ ‘ਗੁੱਡ’ ‘ਵੈਰੀ ਗੁੱਡ’ ਜਾਂ ‘ਐਕਸੇਲੈਂਟ’ ਵੀ ਦਿੰਦੇ। ਉਨ੍ਹਾਂ ਦੀ ਹੱਲਾਸ਼ੇਰੀ ਸਦਕਾ ਮੈਨੂੰ ਅੰਗਰੇਜ਼ੀ ਚੰਗੀ ਲੱਗਣ ਲੱਗ ਪਈ ਸੀ। ਦਸੰਬਰ ਟੈਸਟ ਵਿੱਚੋਂ ਮੇਰੇ ਸੌ ਵਿੱਚੋਂ ਅਠਾਨਵੇਂ ਨੰਬਰ ਆਏ। ਮੈਂ ਬੀ ਸੈਕਸ਼ਨ ਵਿੱਚੋਂ ਫਸਟ ਰਿਹਾ। ਪਰ ਛੇਤੀ ਹੀ ਸਾਡੇ ਅੰਗਰੇਜ਼ੀ ਵਾਲੇ ਇਹ ਮਿਹਨਤੀ ਅਧਿਆਪਕ ਇੰਗਲੈਂਡ ਚਲੇ ਗਏ।
ਅੱਠਵੀਂ ਵਿੱਚ ਅੰਗਰੇਜ਼ੀ ਦੇ ਮਾਸਟਰ ਜੀ ਦੀ ਕੁੱਟ ਤੋਂ ਤ੍ਰਭਕਦਾ, ਮੈਂ ਆਪਣੇ ਪਿੰਡ ਨੇੜਲੇ ਨੈਸ਼ਨਲ ਹਾਈ ਸਕੂਲ ਮਾਨੂੰਪੁਰ ਵਿੱਚ ਦਾਖ਼ਲ ਹੋ ਗਿਆ ਜਿੱਥੇ ਸਰਵਰਪੁਰ ਵਾਲੇ ਮਾਸਟਰ ਅੰਗਰੇਜ਼ੀ ਪੜ੍ਹਾਉਂਦੇ ਸਨ ਅਤੇ ਰੱਜ ਕੇ ਕੁੱਟਦੇ ਸਨ। ਸਕੂਲ ਟਾਈਮ ਤੋਂ ਪਹਿਲਾਂ ਉਹ ਮੁਫ਼ਤ ਓਵਰ ਟਾਈਮ ਲਾਉਂਦੇ। ਕੋਈ ਵੀ ਵਿਹਲਾ ਪੀਰੀਅਡ ਮਿਲਦਾ, ਅਸੀਂ ਉਨ੍ਹਾਂ ਤੋਂ ਡਰਦੇ, ਦੂਰ ਗਰਾਊਂਡ ਵਿੱਚ ਛਟੀਆਂ ਦੇ ਓਹਲੇ ਲੁਕ ਕੇ ਬਹਿ ਜਾਂਦੇ ਪਰ ਉਹ ਪਤਾ ਨਹੀਂ ਕਿਧਰੋਂ ਸਾਡੀ ਜਮਾਤ ਵਿੱਚ ਆ ਵੜਦੇ। ਉਹ ਹਰੇਕ ਵਿਦਿਆਰਥੀ ਨੂੰ ਪੂਰਾ ਨਾਮ ਲੈ ਕੇ,’ਤੁਸੀਂ’ ਨਾਲ ਸੰਬੋਧਿਤ ਹੁੰਦੇ। ‘ਅਵਤਾਰ ਸਿੰਘ, ਅਸੀਂ ਥੋਨੂੰ ਹੁਸ਼ਿਆਰ ਸਮਝਦੇ ਸੀ’ ਇਹ ਕਹਿੰਦਿਆਂ, ਇੱਕ-ਦੋ ਵਾਰ, ਮੇਰੀ ਵੀ ਉਨ੍ਹਾਂ ਚੰਗੀ ਥਪੜਾਈ ਕੀਤੀ ਪਰ ਉਸ ਸਖ਼ਤੀ ਨੇ ਮੈਨੂੰ ‘ਟੈਨਸ’ ਜ਼ਬਾਨੀ ਯਾਦ ਕਰਵਾ ਦਿੱਤੇ ਅਤੇ ਅੰਗਰੇਜ਼ੀ ਨੂੰ ਮੇਰਾ ਮੂੰਹ ਪੈ ਗਿਆ। ਦਸਵੀਂ ਵਿੱਚ ਹੈੱਡ ਮਾਸਟਰ ਸਾਹਿਬ ਰਈਏ ਵਾਲੇ ਆਧਿਆਪਕ ਨੇ ਬੜੇ ਸਰਲ ਅਤੇ ਸੌਖੇ ਢੰਗ ਨਾਲ ਬਗੈਰ ਕੁੱਟ-ਮਾਰ ਕੀਤਿਆਂ ਇਹ ਔਖਾ ਵਿਸ਼ਾ ਕਾਲਜ ਦੇ ਪ੍ਰੋਫੈਸਰਾਂ ਵਾਂਗ ਦਿਲਚਸਪੀ ਨਾਲ ਪੜ੍ਹਾਇਆ। ਗਿਆਰਵੀਂ ਜਾਂ ਪ੍ਰੈਪ ਵਿੱਚ ਏ.ਐਸ. ਕਾਲਜ ਖੰਨਾ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਸਤੰਬਰ ਦੀਆਂ ਛੁੱਟੀਆਂ ਦੌਰਾਨ ਵੀ ਸਾਡੀ ਜਮਾਤ ਨੂੰ ਬੁਲਾਉਂਦੇ। ਇੱਕ ਦਿਨ ਫਰੀ ਓਵਰ-ਟਾਈਮ ਲਾਉਣ ਮਗਰੋਂ ਜਮਾਤ ਤੋਂ ਬਾਹਰ ਜਾਂਦਿਆਂ ਉਨ੍ਹਾਂ ਮੈਨੂੰ ਕੋਲ ਬੁਲਾ ਕੇ ਆਖਿਆ,’ਆਪ ਨੇ ਜਮਾਤ ਮੇ ਫਸਟ ਆਨਾ ਹੈ। ਪਰ ਯੇ ਫਾਂਟੇਂ ਵਾਲਾ ਪਜਾਮਾ ਪਾ ਕਰ ਨਾ ਆਇਆ ਕਰੇਂ। ਸਫ਼ੈਦ ਰੰਗ ਕਾ ਪਹਿਨ ਸਕਤੇ ਹੋ।’ ਤੇ ਸਾਲਾਨਾ ਇਮਤਿਹਾਨ ਵਿੱਚੋਂ ਮੈਂ ਕਾਲਜ ਵਿੱਚੋਂ ਫਸਟ ਸਾਂ। ਪਰ ਇਹ ਖ਼ਬਰ ਮੈਨੂੰ ਅਗਲੇ ਸਾਲ ਸਤੰਬਰ ਵਿੱਚ ਕਾਲਜ ਦੀ ਨਿਊਜ਼-ਬੁਲਿਟਨ ਵਿੱਚ ਛਪੀ ਮੇਰੀ ਫੋਟੋ ਦੇਖ ਕੇ ਹੀ ਪਤਾ ਲੱਗੀ ਸੀ। ਕੁਝ ਸਮਾਂ ਬਾਅਦ ਜਦੋਂ ਇਨਾਮ ਵੰਡ ਸਮਾਗਮ ਹੋਇਆ ਤਾਂ ਉਦੋਂ ਦੇ ਪੰਜਾਬ ਦੇ ਗਵਰਨਰ ਜੀ.ਸੀ. ਪਾਵਟੇ ਪਾਸੋਂ ਮੈਨੂੰ ਅਤਿ-ਰੌਚਕ ਪੁਸਤਕਾਂ ਦਾ ਇੱਕ ਸੈੱਟ ਵੀ ਇਨਾਮ ਵਜੋਂ ਪ੍ਰਾਪਤ ਹੋਇਆ ਸੀ। ਉਦੋਂ ਇਨਾਮਾਂ ਵਿੱਚ ਛਪੇ ਹੋਏ ਸਰਟੀਫਿਕੇਟ ਅਤੇ ਕਿਤਾਬਾਂ ਹੀ ਦਿੰਦੇ ਸਨ। ਅੱਜ ਵਾਂਗ ਮੰਡੀ ਦਾ ਮਾਲ ਜਿਵੇਂ ਫਜ਼ੂਲ ਦੇ ਲੱਕੜ ਵਾਲੇ ਮੋਮੈਂਟੋ ਦੇਣ ਦਾ ਰਿਵਾਜ ਉਦੋਂ ਨਹੀਂ ਸੀ ਪਿਆ।
ਇਸ ਉਪਰੰਤ ਬੀ.ਏ. ਤਕ ਕਈ ਸੁਯੋਗ ਅਧਿਆਪਕਾਂ ਕੋਲੋਂ ਪੜ੍ਹਨ ਕਰਕੇ ਅੰਗਰੇਜ਼ੀ ਨਾਲ ਪ੍ਰੇਮ ਪੈ ਗਿਆ। ਬੀ.ਏ. ਤਕ ਪਹੁੰਚਦਿਆਂ ਮੈਂ ਮੁਲਕ ਰਾਜ ਆਨੰਦ ਅਤੇ ਥਾਮਸ ਹਾਰਡੀ ਦੇ ਪ੍ਰਸਿੱਧ ਨਾਵਲ ਅਤੇ ਸ਼ੈਕਸਪੀਅਰ ਦੇ ਮਸ਼ਹੂਰ ਸੁਖਾਂਤ ਤੇ ਦੁਖਾਂਤ ਡਰਾਮੇ ਪੜ੍ਹ ਗਿਆ ਸੀ। ਇਨ੍ਹਾਂ ਅਧਿਆਪਕਾਂ ਦੀ ਅਗਵਾਈ ਅਤੇ ਪ੍ਰੇਰਨਾ ਸਦਕਾ ਹੀ ਮੈਂ ਐਮ.ਏ. ਅੰਗਰੇਜ਼ੀ ਕਰ ਸਕਿਆ। ਉਤਸ਼ਾਹ ਅਤੇ ਅਗਵਾਈ ਬਿਨਾਂ ਮੇਰੇ ਵਰਗੇ ਪੇਂਡੂ ਨੂੰ ਸਰਕਾਰੀ ਕਾਲਜ ਲੁਧਿਆਣਾ ਦਾ ਕਿੱਥੋਂ ਪਤਾ ਲਗਣਾ ਸੀ। ਉਸ ਸ਼ਹਿਰ ਵਿੱਚ ਮੈਂ ਇਸ ਦਾਖ਼ਲੇ ਦੇ ਪੱਜ ਹੀ ਪਹਿਲੀ ਵਾਰ ਪ੍ਰਵੇਸ਼ ਕੀਤਾ ਸੀ।