ਯਾਸ਼ੰਤਾ -ਬਿੰਦਰ ਪਾਲ ਫਤਿਹ
Posted on:- 15-09-2012
ਨਵੰਬਰ ਦੇ ਨਿੱਘੇ ਦਿਨਾਂ ਦੀ ਸ਼ੁਰੂਆਤ ਹੋ ਰਹੀ ਸੀ ਸ਼ਾਮ ਦੇ ਚਾਰ ਕੁ ਵਜੇ ਮੈਂ ਸ਼ਿਫਟ ਕਰਨ ਵਾਸਤੇ ਮੋਟਰਸਾਈਕਲ ’ਤੇ ਸਵਾਰ ਹੋ ਚੱਲਿਆ ਸੀ |ਅਚਾਨਕ ਫੋਨ ਆਇਆ ਦੇਖਿਆ ਨੰਬਰ ਇਕਬਾਲ ਪਾਠਕ ਹੁਰਾਂ ਦਾ ਸੀ ਬਟਨ ਦੱਬਿਆ ’ਤੇ ਦੁਨੀਆਂ ਭਰ ਦਾ ਚਰਚਿਤ ਲਫਜ਼ ਬੋਲਿਆ “ਹੈਲੋ” ਹਾਂ ਜੀ ! ਅੱਗੋਂ ਪਾਠਕ ਹੁਰਾਂ ਦੀ ਪਤਲੀ ਜਿਹੀ ਆਵਾਜ਼ “ਕਿੱਥੇ ਆਂ” ? ਮੈਂ ਤਾਂ ਸ਼ਿਫਟ ਵਾਸਤੇ ਨਿਕਲਣ ਲੱਗਿਆ ਸੀ ਮਤਲਵ ਨਿਕਲ ਹੀ ਚੁੱਕਿਆ ਸੀ ਰਸਤੇ ‘ਚ ਹੀ ਹਾਂ” ਦੱਸੋ ! “ਗੁਲਸ਼ਨ ਆਈ ਸੀ” ਜਦੋਂ ਇਕਬਾਲ ਜੀ ਨੇ ਇੰਨਾ ਕਿਹਾ ਤਾਂ ਮੈਂ ਹੈਰਾਨ ਹੋ ਗਿਆ ਨਾ ਕੋਈ ਫੋਨ ,ਨਾ ਕੋਈ ਸੁਨੇਹਾ ਅਚਾਨਕ ਕਿਵੇਂ ! “ਠੀਕ ਹੈ ਮੈਂ ਆ ਰਿਹਾਂ” ਮੈਂ ਫੋਨ ’ਤੇ ਏਨਾ ਹੀ ਕਿਹਾ |
ਮੋਟਰਸਾਈਕਲ ਵਾਪਸ ਰਸਤੇ ਵਿੱਚੋਂ ਹੀ ਮੋੜ ਲਿਆ ਫੇਰ ਘਰ ਕੱਪੜੇ ਬਦਲ ਸਿੱਧਾ ਪਾਠਕ ਹੁਰਾਂ ਦੀ ਪ੍ਰੈੱਸ ‘ਤੇ ਅੱਪੜਿਆ |
ਸਾਦ-ਮੁਰਾਦੀ ਜਿਹੀ ਸਫਰ ‘ਚ ਥੱਕੀ ਹੋਈ ਗੁਲਸ਼ਨ ਮੇਰੇ ਸਾਹਮਣੇ ਬੈਠੀ ਸੀ | ਮੈਨੂੰ ਦੇਖਦਿਆਂ ਸਾਰ ਹੀ ਖੁਸ਼ੀ ਨਾਲ ਖਿੜ ਉੱਠੀ ਤੇ ਪਿਆਰ ਨਾਲ “ਹਾਏ” ਬੋਲ ਕੇ ਮੈਨੂੰ ਗਲੇ ਨਾਲ ਲਗਾਇਆ | ਗੁਲਸ਼ਨ ਕੈਲੀਫੋਰਨੀਆਂ ਦੇ ਸ਼ਹਿਰ ਫਰੀਮੌਂਟ ‘ਚ ਕਾਫੀ ਚਿਰਾਂ ਤੋਂ ਰਹਿ ਰਹੀ ਸੀ | ਜਦੋਂ ਤੋਂ ਇੰਟਰਨੈੱਟ ਜ਼ਰੀਏ ਫੇਸਬੁੱਕ ਵਰਤਣੀ ਸ਼ੁਰੂ ਕੀਤੀ ਉਦੋਂ ਤੋਂ ਗੁਲਸ਼ਨ ਨਾਲ ਮੇਰਾ ਕਾਫੀ ਰਾਬਤਾ ਸੀ | ਪਰ ਹੁਣ ਸਾਡੇ ਵਿਚਕਾਰ ਨਾ ਇੰਟਰਨੈੱਟ ਸੀ ਤੇ ਨਾ ਹੀ ਫੇਸਬੁੱਕ ਪਰ ਅਸੀਂ ਬੈਠੇ ਸਾਂ ਆਹਮਣੇ ਸਾਹਮਣੇ |
ਇਕਬਾਲ ਹੁਰਾਂ ਦੇ ਘਰੋਂ ਚਾਹ ਆ ਗਈ ਸਾਰਿਆਂ ਨੇ ਰਲਕੇ ਚਾਹ ਪੀਤੀ ਕਾਫੀ ਗੱਲਾਂ ਬਾਤਾਂ ਹੋਈਆਂ ਪਰ ਗੁਲਸ਼ਨ ਦਾ ਮਨ ਕਰ ਰਿਹਾ ਸੀ ਕਿ ਹੋਰ ਗੱਲਾਂ ਕੀਤੀਆਂ ਜਾਣ ਇਸ ਵਾਸਤੇ ਗੁਲਸ਼ਨ ਨੇ ਮੈਨੂੰ ਅਤੇ ਇਕਬਾਲ ਨੂੰ ਆਪਣੇ ਨਾਲ ਆਪਣੇ ਘਰ ਲੈ ਜਾਣ ਦੀ ਤਜਵੀਜ਼ ਰੱਖੀ ਮੈਂ ਸੋਚਿਆ ਕਿ ਜਦੋਂ ਇੱਕ ਸ਼ਖ਼ਸ ਹਜ਼ਾਰਾਂ ਮੀਲ ਦਾ ਫਾਸਲਾ ਤੈਅ ਕਰਕੇ ਸਾਨੂੰ ਮਿਲਣ ਆ ਸਕਦਾ ਹੈ ਤਾਂ ਸਾਨੂੰ ਕਿ ਹਰਜ਼ ਹੈ। ਸੋ ਮੈਂ ਬਿਨਾ ਕਿਸੇ ਨਾਂਹ ਨੁੱਕਰ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਿਆ | ਡ੍ਰਾਈਵਰ ਗੱਡੀ ਲੈ ਕੇ ਆ ਗਿਆ ਅਸੀਂ ਸ਼ਾਮ ਦੇ ਸਾਢੇ ਕੁ ਪੰਜ ਵਜੇ ਗੁਲਸ਼ਨ ਦੇ ਜਗਰਾਉਂ ਸਥਿਤ ਘਰ ਵੱਲ ਚਾਲੇ ਪਾ ਦਿੱਤੇ | ਅਖੀਰ ਅਸੀਂ ਗੱਡੀ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਜਗਰਾਉਂ ਪੁੱਜ ਗਏ| ਓਵਰ ਬ੍ਰਿਜ ਨਾਲ ਹੇਠਾਂ ਵਾਲੀ ਸੜਕ ਉੱਪਰ ਇੱਕ ਘਰ ਅੱਗੇ ਡ੍ਰਾਈਵਰ ਨੇ ਗੱਡੀ ਰੋਕੀ ਘਰ ਕਾਫੀ ਪੁਰਾਣਾ ਸੀ ਸ਼ਾਇਦ ਕਿਸੇ ਨੇ ਰੀਝ ਨਾਲ ਬਣਵਾਇਆ ਸੀ |ਘਰ ਦੇ ਸਾਹਮਣੇ ਨੇਮ ਪਲੇਟ ਲੱਗੀ ਹੋਈ ਸੀ ਜਿਸਦੇ ਉੱਪਰ ਗੁਲਸ਼ਨ ਦੇ ਪਿਤਾ ਜੀ ਦਾ ਨਾਮ ਪੰਜਾਬੀ ਵਿੱਚ ਪੂਰਾ ਲਿਖਿਆ ਹੋਇਆ ਸੀ “ ਕਿਹਰ ਸਿੰਘ ,ਰਿਟਾਇਰਡ ਡਿਪਟੀ ਸੁਪਰਡੈਂਟ ਆਫ਼ ਪੁਲੀਸ ” ਡ੍ਰਾਈਵਰ ਦੂਜੇ ਦਿਨ ਆਉਣ ਦਾ ਟਾਈਮ ਪੁੱਛ ਕੇ ਸਾਨੂੰ ਘਰ ਉਤਾਰ ਕੇ ਚਲਾ ਗਿਆ|
ਸ਼ਾਮ ਪੂਰੀ ਹੋ ਚੁੱਕੀ ਸੀ ਬਲਕਿ ਹਨੇਰਾ ਹੀ ਹੋ ਚੁੱਕਾ ਸੀ ਘਰ ਵਿੱਚ ਚੁੱਪ ਪਸਰੀ ਹੋਈ ਸੀ | ਗੁਲਸ਼ਨ ਨੇ ਸਾਨੂੰ ਦੱਸਿਆ ਕਿ ਇਸ ਘਰ ਵਿੱਚ ਕਾਫੀ ਸਾਲਾਂ ਤੋਂ ਕਿਰਾਏਦਾਰ ਹੀ ਰਹਿੰਦੇ ਹਨ ਪਿਤਾ ਜੀ ਦੀ ਮੌਤ ਪਿੱਛੋਂ ਸਾਰਾ ਪਰਿਵਾਰ ਇੱਕ ਇੱਕ ਕਰਕੇ ਪ੍ਰਵਾਸ ਕਰ ਚੁੱਕਿਆ ਸੀ |ਅਸੀਂ ਅੱਗੇ ਜਦੋਂ ਘਰ ਅੰਦਰ ਦਾਖਿਲ ਹੋਏ ਤਾਂ ਇੱਕ ਹੋਰ ਔਰਤ ਸਾਹਮਣੇ ਦੋਵੇਂ ਹੱਥ ਜੋੜੀਂ ਖੜ੍ਹੀ ਸੀ ਠੰਡ ਹੋਣ ਕਰਕੇ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਕਿਆ ਹੋਇਆ ਤੇ ਪੈਰੀਂ ਕੱਪੜੇ ਦੇ ਬੂਟ ਪਾਏ ਹੋਏ ਸੀ |
“ਸਾਸਰੀਕਾਲ ਜੀ” ਸਾਨੂੰ ਦੇਖਦੇ ਸਾਰ ਹੀ ਉਸਨੇ ਦੋਵੇਂ ਹੱਥ ਜੋੜ ਵਾਰੀ ਵਾਰੀ ਆਖਿਆ | ਅਸੀਂ ਵੀ ਜੁਆਬ ਦੇਕੇ ਅੱਗੇ ਕਮਰੇ ‘ਚ ਚਲੇ ਗਏ |
“ਇਹ ਮੇਰੀ ਸਹੇਲੀ ,ਮੇਰੀ ਕੇਅਰ ਟੇਕਰ “ਯਾਸ਼ੰਤਾ” ਹੈ। ਗੁਲਸ਼ਨ ਨੇ ਉਸ ਔਰਤ ਦਾ ਸਾਡੇ ਨਾਲ ਤੁਆਰਫ਼ ਕਰਵਾਉਂਦੇ ਹੋਏ ਦੱਸਿਆ | “ਯਾਸ਼ੰਤਾ !ਇਹ ਮੇਰੇ ਦੋਸਤ ਨੇ ਇਹ ਇਕਬਾਲ,ਤੇ ਇਹ ਬਿੰਦਰ” ਗੁਲਸ਼ਨ ਨੇ ਮੇਰਾ ਅਤੇ ਪਾਠਕ ਹੁਰਾਂ ਦਾ ਵੀ ਤੁਆਰਫ਼ ਕਰਵਾਇਆ |ਯਾਸ਼ੰਤਾ ਨੇ ਫੇਰ ਦੁਬਾਰਾ ਸਿਰ ਹਿਲਾਕੇ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਅਸੀਂ ਫੇਰ ਸਿਰ ਹਿਲਾਕੇ ਜੁਆਬ ਦਿੱਤਾ |
ਬੱਤੀਆਂ ਜਲ ਚੁੱਕੀਆਂ ਸੀ ਹਨੇਰੇ ਨੇ ਸਾਰੇ ਘਰ ਨੂੰ ਕਲਾਵੇ ‘ਚ ਲੈ ਲਿਆ ਸੀ | ਯਾਸ਼ੰਤਾ ਸਾਨੂੰ ਠੰਡ ਹੋਣ ਦੇ ਬਾਵਜੂਦ ਵੀ ਰੀਤ ਮੁਤਾਬਕ ਪਾਣੀ ਦੇਕੇ ਚਲੀ ਗਈ ਤੇ ਮੈਂ ਦੋ ਘੁੱਟਾਂ ਭਰਕੇ ਫੇਰ ਦੁਬਾਰਾ ਗਲਾਸ ਕੋਲ ਪਏ ਮੇਜ਼ ਉੱਪਰ ਰੱਖ ਦਿੱਤਾ |
ਗੁਲਸ਼ਨ ਬਾਹਰ ਚਲੀ ਗਈ ਇਕਬਾਲ ਤੇ ਮੈਂ ਅੰਦਰ ਕਮਰੇ ‘ਚ ਬੈਠ ਗਏ ਮੇਰੀ ਨਜਰ ਮੇਜ ਉੱਪਰ ਪਏ ਪਾਉਲੋ ਕੋਲਹੇ ਦੇ ਨਾਵਲ “ਦਾ ਅਲਕੈਮਿਸਟ” ਉੱਪਰ ਪੈ ਗਈ ਦੋ ਮਿੰਟ ਮੱਥਾ ਮਾਰਿਆ ਅੰਗ੍ਰੇਜੀ ‘ਚ ਹੱਥ ਤੰਗ ਹੋਣ ਕਰਕੇ ਸਿਰ ਪੀੜ ਹੁੰਦੀ ਜਾਪੀ ਮੈਂ ਨਾਵਲ ਬੰਦ ਕਰਕੇ ਉਹ ਵੀ ਮੇਜ ‘ਤੇ ਦੁਬਾਰਾ ਰੱਖ ਦਿੱਤਾ |
ਇੰਨੇ ‘ਚ ਗੁਲਸ਼ਨ ਆ ਗਈ ਨਾਲ ਯਾਸ਼ੰਤਾ ਵੀ ਸੀ |
ਯਾਸ਼ੰਤਾ ਤੇ ਗੁਲਸ਼ਨ ਰੋਟੀ ਬਾਰੇ ਗੱਲਾਂ ਕਰ ਰਹੀਆਂ ਸਨ ਮੈਂ ਸੁਣਿਆ ਤਾਂ ਮੈਨੂੰ ਲੱਗਾ ਕਿ ਐਵੇਂ ਵਿਚਾਰੀ ਯਾਸ਼ੰਤਾ ਖਿਦਮਤ ਕਰਦੀ ਫਿਰੇਗੀ ਕਾਹਤੋਂ ਦੁੱਖ ਦੇਣਾ !ਫਿਰ ਮੈਨੂੰ ਆਪਣਾ ਜਨਮ ਦਿਨ ਯਾਦ ਆ ਗਿਆ |
“ਗੁਲਸ਼ਨ ਜੀ ਅੱਜ ਮੇਰਾ ਜਨਮ ਦਿਨ ਹੈ ! ਮੈਂ ਪਾਰਟੀ ਦੇਣਾ ਚਾਹੁੰਦਾ ਹਾਂ” ਮੈਂ ਦਿਲ ਦੀ ਗੱਲ ਦੱਸੀ |
“ਓ ਹੋ ਬਿੰਦਰ ਹੈਪੀ ਬਰਥਡੇ ਟੂ ਯੂ’’ ਗੁਲਸ਼ਨ ਖੁਸ਼ੀ ਨਾਲ ਬੋਲੀ| ਮੈਂ ਜੁਆਬ ਵਿੱਚ “ਥੈਂਕਸ” ਹੀ ਕਿਹਾ |
ਯਾਸ਼ੰਤਾ ਚੁੱਪ ਖੜ੍ਹੀ ਰਹੀ ਪਰ ਨਾਲ ਹੀ ਸਾਡੀ ਖੁਸ਼ੀ ‘ਤੇ ਖੁਸ਼ ਵੀ ਹੋ ਰਹੀ ਸੀ |ਇੰਨੇ ‘ਚ ਗੁਲਸ਼ਨ ਨੂੰ ਕੋਈ ਫੋਨ ਆ ਗਿਆ | ਫੋਨ ਤੇ ਦੋ ਮਿੰਟ ਗੱਲ ਹੋਈ ਸਲਾਹ ਬਣੀ ਕਿ ਮੇਰਾ ਜਨਮ ਦਿਨ ਕਿਤੇ ਬਾਹਰ ਮਨਾਇਆ ਜਾਏ | ਦੀਦੀ ! ਆਵਾਜ਼ ਸੁਣ ਕੇ ਗੁਲਸ਼ਨ ਬਾਹਰ ਵੱਲ ਵਧੀ ,ਬਾਹਰੋਂ ਕੋਈ ਹੋਰ ਆਇਆ ਸੀ ਉਹ ਜਦ ਅੰਦਰ ਆਇਆ ਤਾਂ ਗੁਲਸ਼ਨ ਨੇ ਉਸ ਨੂੰ ਸਾਡੇ ਨਾਲ ਮਿਲਾਉਂਦਿਆਂ ਦੱਸਿਆ ਕਿ ਉਹ ਕੁਲਵੰਤ ਸੀ ਤੇ ਉਹ ਗੁਲਸ਼ਨ ਦਾ ਕੋਈ ਪੁਰਾਣਾ ਵਿਦਿਆਰਥੀ ਰਿਹਾ ਸੀ ਗੁਲਸ਼ਨ ਦੇ ਦੱਸਣ ਮੁਤਾਬਕ ਉਸਦੀ ਹਰ ਇੰਡੀਆ ਫੇਰੀ ਦੌਰਾਨ ਉਹ ਮਿਲਣ ਆਉਂਦਾ ਹੈ ਤੇ ਜਿੰਨੇ ਦਿਨ ਵੀ ਗੁਲਸ਼ਨ ਇੰਡੀਆ ਰਹੇ ਉਹ ਹਰ ਰੋਜ਼ ਹਾਲ ਛਾਲ ਪੁੱਛਣ ਆਉਂਦਾ ਹੈ, ਜਦੋਂ ਉਸਦੇ ਸਾਹਮਣੇ ਬਾਹਰ ਖਾਣਾ ਖਾਣ ਦੀ ਗੱਲ ਕੀਤੀ ਤਾਂ ਉਸ ਨੇ ਜਗਰਾਉਂ ਦੇ ਸ਼ਾਮ ਦੇ ਮਹੌਲ ਬਾਰੇ ਦੱਸਿਆ ਕਿ ਕੋਈ ਪਰਿਵਾਰਿਕ ਜਗ੍ਹਾ ਨਹੀ ਹੈ ਇਸ ਲੈ ਘਰ ਹੀ ਖਾਣਾ ਮੰਗਵਾ ਲਵੋ |
ਖਾਣਾ ਪੈਕ ਕਰਵਾਉਣ ਅਸੀਂ ਬਾਹਰ ਤੁਰ ਗਏ | ਜਦੋਂ ਆਏ ਤਾਂ ਗੁਲਸ਼ਨ ਰਜਾਈ ‘ਚ ਬੈਠੀ ਹੋਈ ਸੀ |
ਖਾਣਾ ਖਾ ਕੇ ਅਸੀਂ ਦੇਰ ਰਾਤ ਤੱਕ ਬੈਠੇ ਰਹੇ ਗੱਲਾਂ ਖਤਮ ਹੀ ਨਹੀਂ ਸੀ ਹੋ ਰਹੀਆਂ ਸਾਹਿਤ, ਰਾਜਨੀਤੀ ਅਤੇ ਲੇਖਕਾਂ ਦੀ ਨਿੱਜੀ ਜ਼ਿੰਦਗੀ ਵਿਸ਼ੇ ਉੱਪਰ ਵੀ ਕਾਫੀ ਗੱਲਾਂ ਬਾਤਾਂ ਹੋਈਆਂ | ਯਾਸ਼ੰਤਾ ਬਾਰੇ ਗੱਲ ਤੁਰੀ ਗੁਲਸ਼ਨ ਨੇ ਦੱਸਿਆ ਕਿ ਉਸਦੇ ਪਿਤਾ ਜੀ ਉੜੀਸਾ ਵਿੱਚ ਡਿਪਟੀ ਸੁਪਰਡੈਂਟ ਆਫ਼ ਪੁਲੀਸ ਦੀ ਪੋਸਟ ‘ਤੇ ਸਨ ਉੱਥੇ ਉਹਨਾਂ ਦੀ ਕਾਫੀ ਇੱਜ਼ਤ ਸੀ ਗੁਲਸ਼ਨ ਸਮੇਤ ਸਾਰਾ ਪਰਿਵਾਰ ਉੜੀਸਾ ਹੀ ਰਹਿੰਦਾ ਸੀ ਯਾਸ਼ੰਤਾ ਉੱਥੇ ਦੀ ਹੀ ਰਹਿਣ ਵਾਲੀ ਸੀ ਗੁਲਸ਼ਨ ਉਦੋਂ ਉਸਨੂੰ ਨਹੀਂ ਜਾਂਦੀ ਸੀ, ਪਰ ਜਦੋਂ ਪਿਤਾ ਜੀ ਪੰਜਾਬ ਆ ਵਸੇ ਬਾਕੀ ਸਾਰਾ ਪਰਿਵਾਰ ਹੀ ਉਹਨਾਂ ਨਾਲ ਆ ਗਿਆ | ਯਾਸ਼ੰਤਾ ਨੂੰ ਬਾਅਦ ਵਿੱਚ ਪਿਤਾ ਜੀ ਦੇ ਦੋਸਤ ਦਾ ਲੜਕਾ ਉੜੀਸਾ ਤੋਂ ਲੈ ਆਇਆ ਉਦੋਂ ਯਾਸ਼ੰਤਾ ਦਾ ਨਾਮ ਜਿਹੜਾ ਉਸਦਾ ਅਸਲੀ ਨਾਲ ਸੀ ਜੋ ਉਸ ਦੀ ਪਹਿਚਾਨ ਸੀ ਜੋ ਨਾਮ ਉਹ ਲੈ ਕੇ ਪੈਦਾ ਹੋਈ ਸੀ ਉਹ ਸੀ “ਚਮੀਨ” ਪਰ ਸ਼ਾਇਦ ਪੰਜਾਬ ਵਿੱਚ ਲੋਕ ਇਸ ਨਾਮ ਦਾ ਮਜ਼ਾਕ ਉਡਾਇਆ ਜਾਵੇਗਾ, ਇਹ ਸੋਚ ਯਾਸ਼ੰਤਾ ਨੂੰ ਲਿਆਉਣ ਵਾਲੇ ਨੇ ਉਸ ਦਾ ਨਾਮ “ਯਾਸ਼ੰਤਾ” ਰੱਖ ਦਿੱਤਾ |
ਚਮੀਨ ਤੋਂ ਯਾਸ਼ੰਤਾ ਬਣੀ ਉਹ ਫੇਰ ਪੰਜਾਬ ਦੇ ਰੰਗਾਂ ‘ਚ ਢਲਣ ਲੱਗੀ ਸੀ ਆਪਣੀ ਧਰਤੀ ਛੁੱਟੀ ,ਆਪਣੀ ਬੋਲੀ ਵੀ ਛੁੱਟੀ ਪਹਿਲਾਂ ਪੰਜਾਬੀ ਸਿੱਖੀ, ਪੰਜਾਬੀ ਪਹਿਰਾਵਾ ਧਾਰਨ ਕੀਤਾ ਇਉਂ ਯਾਸ਼ੰਤਾ ਗੁਲਸ਼ਨ ਦੇ ਪਰਿਵਾਰ ਵਿੱਚ ਰਚ ਮਿਚ ਗਈ | ਫੇਰ ਇੱਕ ਵਕਤ ਯਾਸ਼ੰਤਾ ਲਈ ਫੇਰ ਔਖਾ ਆਇਆ ਗੁਲਸ਼ਨ ਦਾ ਸਾਰਾ ਪਰਿਵਾਰ ਪਿਤਾ ਜੀ ਦੀ ਮੌਤ ਮਗਰੋਂ ਵਿਦੇਸ਼ ਚਲਾ ਗਿਆ ਸੀ | ਯਾਸ਼ੰਤਾ ਨੇ ਸੋਚਿਆ ਕਿ ਉਹ ਹੁਣ ਇਕੱਲੀ ਰਹਿ ਜਾਵੇਗੀ ਇਹ ਸੋਚ ਕੇ ਉਹ ਆਪਣੇ ਘਰ ਉੜੀਸਾ ਚਲੀ ਗਈ ਪਰ ਉੱਥੇ ਉਸਦੀ ਕੋਈ ਕੋਈ ਫਿਕਰ ਨਾਂ ਕੀਤੀ ਗਈ | ਯਾਸ਼ੰਤਾ ਵਾਪਿਸ ਪੰਜਾਬ ਆ ਗਈ | ਹੁਣ ਯਾਸ਼ੰਤਾ ਦੇ ਬਾਰੇ ਫਿਕਰ ਕੀਤੀ ਜਾਣ ਲੱਗੀ ਸੀ ਫੇਰ ਯਾਸ਼ੰਤਾ ਦਾ ਵਿਆਹ ਯਾਸ਼ੰਤਾ ਦੇ ਕਹਿਣ ‘ਤੇ ਹੀ ਕਿਸੇ ਲੋੜਵੰਦ ਨਾਲ ਕਰ ਦਿੱਤਾ ਗਿਆ ਕਿਉਂ ਕਿ ਯਾਸ਼ੰਤਾ ਨੂੰ ਜਿੰਦਗੀ ਜਿਉਂ ਵਾਸਤੇ ਕਿਸੇ ਸਹਾਰੇ ਦੀ ਲੋੜ ਸੀ |ਯਾਸ਼ੰਤਾ ਇਸਾਈ ਪਰਿਵਾਰ ‘ਚ ਜੰਮੀ ਸੀ ਪਰ ਹੁਣ ਸਿੱਖ ਬਣ ਚੁੱਕੀ ਸੀ ਰੋਜਾਨਾ ਗੁਰੂਦੁਆਰੇ ਜਾਂਦੀ ਪਰ ਉਹ ਯਾਸ਼ੰਤਾ , ਹੁਣ ਯਾਸ਼ੰਤਾ ਨਹੀ ਸੀ ਰਹੀ| ਯਾਸ਼ੰਤਾ ਤੋਂ ਜਸਬੀਰ ਕੌਰ ਬਣ ਚੁੱਕੀ ਸੀ | ਯਾਸ਼ੰਤਾ ਨੇਂ ਸਾਨੂੰ ਸਾਡਾ ਪਿੰਡ, ਟਿਕਾਣਾ ਵੀ ਪੁੱਛਿਆ ਤੇ ਅਸੀਂ ਦੱਸਿਆ ਗੱਲਾਂ ਗੱਲਾਂ ‘ਚ ਸਾਨੂੰ ਪਤਾ ਲੱਗਾ ਕਿ ਯਾਸ਼ੰਤਾ ਦੀ ਛੋਟੀ ਦਰਾਣੀ ਯਾਸ਼ੰਤਾ ਨੂੰ ਮਿਹਣੇ ਮਾਰਦੀ ਰਹਿੰਦੀ ਹੈ ਕਿ ਉਹ ਲੋਕਾਂ ਦੇ ਭਾਂਡੇ ਮਾਂਜਦੀ ਰਹਿੰਦੀ ਹੈ ਪਰ ਯਾਸ਼ੰਤਾ ਕਿਸੇ ਦਾ ਬੁਰਾ ਨਹੀ ਮਨਾਉਂਦੀ ਆਪਣੇ ਸੱਸ-ਸਹੁਰੇ ਨੂੰ ਵੀ ਸੰਭਾਲਦੀ ਹੈ ਅਤੇ ਗੁਲਸ਼ਨ ਦੇ ਚਾਚਾ ਜੀ ਦੇ ਘਰ ਕੰਮ ਵੀ ਕਰਨ ਆਉਂਦੀ ਹੈ | ਰਾਤ ਕਾਫੀ ਹੋ ਚੁੱਕੀ ਸੀ | ਯਾਸ਼ੰਤਾ ਨੇ ਮੇਰਾ ਅਤੇ ਇਕਬਾਲ ਦਾ ਬਿਸਤਰਾ ਨਾਲ ਦੇ ਕਮਰੇ ‘ਚ ਲਗਾ ਦਿੱਤਾ ਸੀ ਅਸੀਂ ਉੱਥੇ ਪੈ ਗਏ| ਗੁਲਸ਼ਨ ਤੇ ਯਾਸ਼ੰਤਾ ਇੱਕੋ ਬੈੱਡ ‘ਤੇ ਸੌਂ ਗਈਆਂ|
ਸਵੇਰ ਹੋ ਗਈ ਸੀ ਅਸੀਂ ਮੁੰਹ ਹੱਥ ਧੋ ਕੇ ਗੁਲਸ਼ਨ ਦੇ ਕਮਰੇ ‘ਚ ਆ ਗਏ ਗੁਲਸ਼ਨ ਅਜੇ ਵੀ ਰਜਾਈ ਲੈ ਕੇ ਬੈਠੀ ਹੋਈ ਸੀ | ਯਾਸ਼ੰਤਾ ਸਾਡੇ ਵਾਸਤੇ ਚਾਹ ਲੈ ਆਈ | ਗੱਲਾਂ ਬਾਤਾਂ ਫੇਰ ਦੋਬਾਰਾ ਸ਼ੁਰੂ ਹੋ ਗਈਆਂ | ਸਵੇਰੇ ਨੌਂ ਕੁ ਵਜੇ ਦੇ ਕਰੀਬ ਇੱਕ ਹੋਰ ਸਖਸ਼ ਆਇਆ ਇਹ ਜਗਰਾਉਂ ਦਾ ਮਸਹੂਰ ਲੇਖਕ ਅਜੀਤ ਪਿਆਸਾ ਸੀ | ਬੜੀਆਂ ਗੱਲਾਂ ਹੋਈਆਂ ਅਜੀਤ ਸਾਡੇ ਨਾਲ ਪਹਿਲੀ ਮੁਲਾਕਾਤ ਵਿੱਚ ਰਚ ਗਿਆ ਹੋਇਆ ਸੀ | ਯਾਸ਼ੰਤਾ ਨੇ ਦੋਬਾਰਾ ਮੇਜ ਲਗਾ ਦਿੱਤਾ ਫੇਰ ਤਾਜਾ ਦੇਸੀ ਘਿਉ ਨਾਲ ,ਮੱਕੀ ਦੇ ਆਟੇ ‘ਚ ਮੇਥੇ ਪਾ ਕੇ ਬਣਾਏ ਹੋਏ ਪਰਾਠੇ ਲਿਆ ਕੇ ਡੱਬਾ ਮੇਜ ‘ਤੇ ਰੱਖ ਦਿੱਤਾ ਦਹੀਂ ਅਤੇ ਲੱਸੀ ਦੇ ਨਾਲ ਅਸੀਂ ਸਾਰਿਆਂ ਨੇ ਪਰਾਂਠੇ ਖਾ ਲਏ |
ਹੁਣ ਦਿਨ ਦੇ ਗਿਆਰਾਂ ਵੱਜ ਚੁੱਕੇ ਸੀ ਅਸੀਂ ਗੁਲਸ਼ਨ ਤੋਂ ਵਿਦਾ ਲਈ ਯਾਸ਼ੰਤਾ ਅਜੀਤ ਪਿਆਸਾ ਤੇ ਗੁਲਸ਼ਨ ਨੇ ਸਾਨੂੰ ਖੁਸ਼ੀ ਨਾਲ ਵਿਦਾ ਕੀਤਾ |
ਗੁਲਸ਼ਨ ਆਖਦੀ ਸੀ ਕਿ ਯਾਸ਼ੰਤਾ ਦੇ ਪੇਕੇ ਹੁਣ ਜਿੰਨਾ ਚਿਰ ਮੈਂ ਇੰਡੀਆ ਰਹਾਂਗੀ ਮੇਰੇ ਘਰ ਹੀ ਨੇ ਸਮਝ ਲੌ ਯਾਸ਼ੰਤਾ ਆਪਣੇ ਪੇਕੇ ਘਰ ਆਈ ਹੋਈ ਹੈ ਇਹ ਸੁਣ ਕੇ ਯਾਸ਼ੰਤਾ ਮੁਸਕਰਾ ਰਹੀ ਸੀ |
ਮੈਂ ਸੋਚਾਂ ‘ਚ ਉਲਝਿਆ ਜਿਹਾ ਸੀ, ਪਰ ਜਗਰਾਉਂ ਦੇ ਬੱਸ ਅੱਡੇ ‘ਚੋਂ ਫੇਰ ਵੀ ਬਰਨਾਲੇ ਵਾਲੀ ਬੱਸ ਫੜ ਲਈ ਪਰ! ਇੱਕ ਨਾਮ ਮੇਰੇ ਜ਼ਿਹਨ ਵਿੱਚ ਅਟਕਿਆ ਹੋਇਆ ਸੀ “ਯਾਸ਼ੰਤਾ”!
Gulshan
Kinna kujh yaad karva ditta.....