ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਇੱਕ ਇਨਸਾਨ ਇੰਨਾ ਲਾਲਚੀ ਤੇ ਖੁਦਗਰਜ ਹੋ ਜਾਂਦਾ ਹੈ ਕਿ ਉਹ ਸਭ ਧਰਮਾਂ-ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਹੈਵਾਨ ਹੋ ਜਾਂਦਾ ਹੈ । ਮਨੁੱਖ ਦੁਆਰਾ ਹੋ ਰਹੀ ਮਨੁੱਖ ਦੀ ਲੁੱਟ ਕਰਕੇ ਜੋ ਅਵਸਥਾ ਸਾਹਮਣੇ ਆਉਂਦੀ ਹੈ ਲੋਕ-ਕਵੀ ਉਦਾਸੀ ਉਸ ਨੂੰ ਇਸ ਤਰ੍ਹਾਂ ਬਿਆਨਦਾ ਹੈ ," ਅਜੇ ਕਿਰਤ ਦੀ ਚੁੰਝ ਹੈ ਖਾਲੀ, ਵਿਹਲਡ਼ ਰੱਜ ਕੇ ਖਾਂਦੇ ਨੇ ।
ਮੁੱਲਾ, ਪੰਡਤ, ਭਾਈ ਧਰਮ ਦੇ ਠੇਕੇਦਾਰ ਕਹਾਂਦੇ ਨੇ ।
ਅਜੇ ਮਨੁੱਖ ਦੀ ਕਾਇਆ ਉੱਤੇ ਸਾਇਆ ਹੈ ਜਗੀਰਾਂ ਦਾ ।
ਅਜੇ ਮਨੁੱਖ ਨਾ ਮਾਲਕ ਬਣਿਆ ਆਪਣੀਆਂ ਤਕਦੀਰਾਂ ਦਾ ।"
ਉਦਾਸੀ ਜਿੱਥੇ ਲੋਕਾਂ ਦੇ ਦੁੱਖੜਿਆਂ ਨੂੰ ਬਿਆਨਦਾ ਹੈ ਉੱਥੇ ਇਹਨਾਂ ਦਾ ਕਾਰਨ ਤੇ ਹੱਲ ਵੀ ਦਰਸਾਉਂਦਾ ਹੈ । ਉਹ ਬਿਆਨਦਾ ਹੈ ਕਿ ਵੱਡੇ ਸਰਮਾਏਦਾਰ, ਪੂੰਜੀਪਤੀ, ਮੌਜੂਦਾ ਸਰਕਾਰਾਂ ਦਾ ਆਪਸੀ ਗੂੜਾ ਸਬੰਧ ਹੈ । ਇਸੇ ਸਬੰਧ ਕਰਕੇ ਉਹ ਮਜ਼ਦੂਰਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ । ਜਦ ਵੀ ਕੋਈ ਮਜ਼ਦੂਰ ਇਹਨਾਂ ਦੇ ਜੁਲਮ ਵਿਰੁੱਧ ਅਵਾਜ਼ ਬੁਲੰਦ ਕਰਦਾ ਹੈ ਤਾਂ ਇਹ ਸਾਰੇ ਰਲ ਕੇ ਉਸਨੂੰ ਮਾਰਨ ਤੱਕ ਜਾਂਦੇ ਹਨ । ਪੂੰਜੀ ਤੇ ਹਕੂਮਤ ਦੇ ਨਸ਼ੇ ਵਿੱਚ ਜਾਲਮ ਬਸ ਆਪਣਾ ਫਾਇਦਾ ਹੀ ਵੇਖਦੇ ਹਨ । ਉਹ ਘੱਟ ਲਾਗਤ ਤੇ ਵੱਧ ਤੋਂ ਵੱਧ ਉਤਪਾਦਨ ਕਰਨ ਲਈ ਕੁਦਰਤੀ ਸਾਧਨਾਂ, ਮਨੁੱਖੀ ਸਾਧਨਾਂ ਅਤੇ ਕਿਰਤ ਦੀ ਅੰਨੇਵਾਹ ਲੁੱਟ ਕਰਦੇ ਹਨ ਅਤੇ ਇਸ ਲੁੱਟ ਦਾ ਪਰਦਾਫਾਸ਼ ਕਰਨ ਵਾਲੇ ਅਤੇ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਲੁੱਟ ਵਿਰੁੱਧ ਡੱਟਣ ਵਾਲਿਆਂ ਨੂੰ ਖਤਮ ਤੱਕ ਕਰ ਦਿੰਦੇ ਹਨ । ਲੋਕ-ਵਿਰੋਧੀ ਸਰਕਾਰਾਂ ਕਿਵੇਂ ਹਿੰਸਾ ਕਰਕੇ ਲੋਕ-ਘੋਲਾਂ ਨੂੰ ਦਬਾਉਂਦੀਆਂ ਹਨ ਉਦਾਸੀ ਇਵੇਂ ਬਿਆਨ ਕਰਦਾ ਹੈ," ਪੂੰਜੀਪਤੀ ਤੇ ਕੋਈ ਜੇ ਹੱਥ ਚੁੱਕੇ
ਗੂਠਾ ਆਪਣੀ ਘੰਡੀ ਤੇ ਸਮਝਦੀ ਇਹ
ਫੌਜ, ਪੁਲਿਸ, ਕਾਨੂੰਨ ਤੇ ਧਰਮ ਤਾਈਂ
ਮੁੱਲ ਲਿਆ ਜੁ ਮੰਡੀ ਤੇ ਸਮਝਦੀ ਇਹ ।"
ਬਹੁਤਿਆਂ ਦਾ ਮੰਨਣਾ ਹੈ ਕਿ ਬਾਬੇ ਨਾਨਕ ਤੋਂ ਬਾਦ ਸੰਤ ਰਾਮ ਉਦਾਸੀ ਹੀ ਹੈ ਜਿਸਨੇ " ਰਾਜੇ ਸ਼ੀਂਹ ਮੁਕੱਦਮ ਕੁੱਤੇ " ਕਹਿਣ ਦਾ ਹੌਂਸਲਾ ਕੀਤਾ ਹੈ । ਉਸਨੇ ਨਿਡਰਤਾ ਤੇ ਦਲੇਰੀ ਦੇ ਨਾਲ ਰਾਜਿਆਂ, ਉਹਨਾਂ ਦੇ ਮੁਕੱਦਮਾਂ ਤੇ ਪੂੰਜੀਪਤੀਆਂ ਦੇ ਆਪਸੀ ਸਬੰਧਾਂ ਦੀ ਜੋਰਦਾਰ ਨਿਖੇਧੀ ਕੀਤੀ ਹੈ । ਉਸ ਨੇ ਮਜ਼ਦੂਰ ਵਰਗ ਨੂੰ ਇਸ ਜਮਾਤੀ ਲੁੱਟ ਵਿਰੁੱਧ ਭਲੀਭਾਂਤ ਚੇਤੰਨ ਕੀਤਾ ਹੈ । ਉਹ ਦੱਸਦਾ ਹੈ ਕਿ ਤਕੜੇ ਪੂੰਜੀਪਤੀ ਤੇ ਹਾਕਮ ਰਲ ਕੇ ਲੋਹਾ, ਇੱਟਾਂ, ਖੰਡ, ਸੀਮੈਂਟ ਆਦਿ ਸਭ ਕੁੱਝ ਖਾ ਜਾਂਦੇ ਹਨ ਅਤੇ ਪੁਲਿਸ ਬਸ ਉਹਨਾਂ ਦੀ ਪਹਿਰੇਦਾਰ ਹੀ ਬਣੀ ਰਹਿੰਦੀ ਹੈ ਅਤੇ ਇਸ ਕਾਣੀ ਵੰਡ ਦੇ ਖਿਲਾਫ਼ ਉੱਠਣ ਵਾਲੀ ਅਵਾਜ਼ ਨੂੰ ਬਲੀ ਤੱਕ ਚੜਾਉਣੋਂ ਵੀ ਗੁਰੇਜ ਨਹੀਂ ਕਰਦੇ ਅਤੇ ਸਮਾਜਵਾਦ ਨੂੰ ਗਹਿਰੀ ਠੇਸ ਪਹੁੰਚਾਉਂਦੇ ਹਨ । ਉਦਾਸੀ ਬੇਝਿਜਕ ਲਿਖਦਾ ਹੈ," ਇੱਕ ਤੂੰ ਕਸਾਈ ਮੇਰੇ ਪਿੰਡ ਦਿਆ ਰਾਜਿਆ ਉਏ
ਦੂਜਾ ਤੇਰਾ ਸ਼ਾਹਾਂ ਨਾਲ ਜੋਡ਼ ।
ਤੇਰੀ ਨੀਂਦ ਉੱਤੇ ਪਹਿਰਾ ਤੇਰਿਆਂ ਮੁਕੱਦਮਾਂ ਦਾ
ਕੁੱਤੇ ਰੱਖਣ ਦੀ ਨਹੀਂਉ ਲੋਡ਼ ।
ਤੇਰੇ ਬੂਹੇ 'ਤੇ ਸਮਾਜਵਾਦ ਦਿਆ ਚੂਰਨਾ ਦੇ
ਲੱਗੇ ਹੋਏ ਸੁਣੀਂਦੇ ਅੰਬਾਰ ।
ਜੀਹਦਾ ਗਾਹਕ ਲੋਹੇ, ਇੱਟਾਂ, ਖੰਡ ਤੇ ਸੀਮੈਂਟ ਤਾਈਂ
ਹੱਕਾਂ ਵਾਂਗੂੰ ਜਾਂਦੇ ਨੇ ਡਕਾਰ ।
ਜਿੰਦਗੀ ਦੀ ਬਲੀ ਬਾਝੋਂ ਤੇਰਿਆਂ ਪੈਗੰਬਰਾਂ ਦਾ
ਸਕੇ ਨਾ ਉਧਾਰ ਕੋਈ ਮੋਡ਼ ।
ਇੱਕ ਤੂੰ ............................. । "
ਉਦਾਸੀ ਕਾਲਜਾਂ, ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਨੌਜਵਾਨਾਂ, ਵਿਦਿਆਰਥੀਆਂ ਅਤੇ ਕਿਰਤੀਆਂ ਨੂੰ ਇਸ ਲੋਟੂ ਨਿਜਾਮ ਵਿਰੁੱਧ ਲਾਮਬੰਦ ਕਰਦਾ ਹੋਇਆ ਇੱਕ ਹੋਣ ਲਈ ਪ੍ਰੇਰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਇੱਕੋ-ਇੱਕ ਹੱਲ ਏਕਾ ਕਰਕੇ ਸੰਘਰਸ਼ ਹੀ ਹੈ । ਲੋਕਾਂ ਦਾ ਏਕਾ ਹੀ ਹੈ ਜੋ ਤਖਤ ਨੂੰ ਪਲਟ ਕੇ ਤਖਤਾ ਕਰ ਦਿੰਦਾ ਹੈ । ਇਸੇ ਲਈ ਉਹ ਕਹਿੰਦਾ ਹੈ ਕਿ," ਹਾੜੀਆਂ ਦੇ ਹਾਣੀਓਂ ਵੇ ਸੌਣੀਆਂ ਤੇ ਰਾਖਿਓ ਵੇ,
ਕਰ ਲਵੋ ਦਾਤੀਆਂ ਤਿਆਰ ।
ਚੁੱਕੋ ਵੇ ਹਥੌੜਿਆਂ ਨੂੰ, ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਾਰ ।"
ਇਸ ਜਮਾਤੀ ਸੰਘਰਸ਼ ਨੂੰ ਲੜਦਿਆਂ ਜਦੋਂ ਵੀ ਉਦਾਸੀ ਦਿਆਂ ਸਾਥੀਆਂ ਜਾਨਾਂ ਵਾਰੀਆਂ ਉਸਨੇ ਉਦੋਂ ਵੀ ਨਿਰਾਸ਼ਾ 'ਚ ਆਉਣ ਦੀ ਥਾਂ ਜਾਲਮਾਂ ਦੇ ਜੁਲਮ ਦਾ ਸ਼ਿਕਾਰ ਹੋਈਆਂ ਉਹਨਾਂ ਵਿਛੜੀਆਂ ਅਮਰ ਰੂਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੀ ਉਦਾਸੀ ਲੋਕਾਂ ਦੀਆਂ ਕਲਿਆਣਕਾਰੀ ਭਾਵਨਾਵਾਂ ਨੂੰ ਅਕਾਸ਼ ਤੇ ਪਹੁੰਚਾ ਦਿੰਦਾ ਹੈ ਜਦ ਉਹ ਕਹਿੰਦਾ ਹੈ ਕਿ" ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹਡ਼ੇ ।
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ । "
ਉਦਾਸੀ ਆਪ ਵੀ ਸੰਘਰਸ਼ਾਂ ਦੀ ਹਰ ਸਿਧਾਂਤਕ ਕਸਵੱਟੀ ਤੇ ਖਰਾ ਉਤਰਨ ਵਾਲਾ ਵਿਅਕਤੀਤਵ ਹੈ । ਉਹ ਕਈ ਵਾਰ ਜੇਲ੍ਹ ਗਿਆ, ਪੁਲਿਸ ਤਸ਼ੱਦਦ ਸਿਹਾ, ਨੌਕਰੀਓਂ ਵੀ ਕੱਢਿਆ ਗਿਆ, ਉਸਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਪਰ ਆਖਰੀ ਸਾਹਾਂ ਤੱਕ ਉਦਾਸੀ ਆਪਣੇ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋਇਆ । ਕੁੱਝ ਸਰਕਾਰਾਂ ਤੇ ਪੂੰਜੀਪਤੀਆਂ ਦੇ ਹਮਾਇਤੀਆਂ ਨੇ ਉਦਾਸੀ ਨੂੰ ਵੱਖ-ਵੱਖ ਤਰ੍ਹਾਂ ਭੰਡਣਾ ਵੀ ਸ਼ੁਰੂ ਕੀਤਾ ਪਰ ਸੰਤ ਰਾਮ ਉਦਾਸੀ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ । ਫਿਰ ਵੀ ਉਹ ਸਮੇਂ ਦੇ ਹਾਕਮਾਂ ਨੂੰ ਲਲਕਾਰਦਾ ਰਿਹਾ," ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ
ਬੜੇ ਹੀ ਅਸੀਂ ਦੁੱਖੜੇ ਜਰੇ ।
ਆਖਣਾ ਸਮੇਂ ਦੀ ਸਰਕਾਰ ਨੂੰ
ਉਹ ਗਹਿਣੇ ਸਾਡਾ ਦੇਸ਼ ਨਾ ਧਰੇ । "
ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਸੰਤ ਰਾਮ ਉਦਾਸੀ ਅੱਤ ਦੇ ਗਰੀਬ ਮਜ਼ਦੂਰ ਲੋਕਾਂ ਦਾ ਕਵੀ ਤੇ ਗਾਇਕ ਸੀ । ਉਸਨੇ ਪੂੰਜੀਪਤੀਆਂ, ਹਾਕਮਾਂ ਤੇ ਹਾਕਮਾਂ ਦੇ ਮੁਕੱਦਮਾਂ ਦੀ ਸਾਂਝ ਕਰਕੇ ਹੁੰਦੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਆਮ ਲੋਕਾਂ ਵਿੱਚ ਨੰਗਾ ਕਰਕੇ ਇਸ ਜਮਾਤੀ ਲੁੱਟ ਵਿਰੁੱਧ ਚੇਤੰਨ ਕਰਕੇ ਆਪਣੀ ਤਕਦੀਰ ਆਪ ਘੜਨ ਲਈ ਸੰਘਰਸ਼ਾਂ ਲਈ ਲਾਮਬੰਦ ਕਰਦੇ ਹੋਏ ਲੋਕ-ਦਿਲਾਂ ਦੀ ਪ੍ਰਤੀਨਿਧਤਾ ਕਰਦੀਆਂ ਰਚਨਾਵਾਂ ਰਚੀਆਂ ਹਨ । ਉਸਦੇ ਅਮਰ ਬੋਲ ਸਦਾ ਜਾਲਮਾਂ ਨੂੰ ਲਲਕਾਰਦੇ ਰਹਿਣਗੇ ।" ਕਾਲਖ ਦੇ ਵਣਜਾਰਿਉ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ । "
ਸੰਪਰਕ: +91 98552 07071