ਆਸ ਦੀ ਕਿਰਨ - ਬਿੱਟੂ ਜਖੇਪਲ
Posted on:- 29-04-2015
ਕਿਰਨ ਕੌਰ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਅਧਖੜ ਉਮਰ ਦੀ ਔਰਤ ਸੀ। ਉਹ ਨਿੱਕੇ ਜਿਹੇ ਕੱਚੇ ਘਰ ਵਿਚ ਆਪਣੇ ਪਤੀ ਤਲੋਕ ਸਿੰਘ ਨਾਲ ਰਹਿੰਦੀ , ਜੋ ਨਸ਼ੇ ਦਾ ਆਦੀ ਤੇ ਬੇਹੱਦ ਲਾਪ੍ਰਵਾਹ ਆਦਮੀ ਸੀ। ਉਹਨੂੰ ਘਰ ਦਾ ਕੋਈ ਫਿਕਰ ਨਹੀਂ ਸੀ। ਕਿਰਨ ਕੌਰ ਜ਼ਮੀਂਦਾਰਾਂ ਦੇ ਘਰਾਂ ਤੇ ਖੇਤਾਂ ’ਚ ਕੰਮ ਕਰਦੀ ਤੇ ਉੁੱਥੋਂ ਜੋ ਵੀ ਮਿਲਦਾ ਉਸ ਨਾਲ ਘਰ ਦੇ ਸਾਰੇ ਖਰਚੇ ਚਲਾਉਂਦੀ। ਉਨ੍ਹਾਂ ਦੇ ਵਿਆਹ ਨੂੰ ਲਗਭਗ 15 ਕੁ ਸਾਲ ਹੋ ਗਏ ਸਨ। ਉਸਨੇ ਕਦੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਦੁਖੀ ਹੈ, ਪਰ ਇੱਕ ਦੁੱਖ ਉਸਨੂੰ ਅੰਦਰੋਂ-ਅੰਦਰੀ ਖਾ ਰਿਹਾ ਸੀ ਕਿ ਉਸ ਕੋਲ ਕੋਈ ਔਲਾਦ ਨਹੀਂ ਸੀ, ਫਿਰ ਵੀ ਉਹ ਰੱਬ ਦਾ ਭਾਣਾ ਮੰਨਦੀ ਤੇ ਹਮੇਸ਼ਾ ਆਖਦੀ ਕਿ ਜੋ ਪਰਮਾਤਮਾ ਕਰਦਾ ਹੈ, ਸਹੀ ਕਰਦਾ ਹੈ। ਰੋਜ਼ਾਨਾ ਵਾਂਗ ਅੱਜ ਵੀ ਉਹ ਖੇਤਾਂ ’ਚ ਕੰਮ ਲਈ ਜਾ ਰਹੀ ਸੀ, ਰਸਤੇ ਵਿਚ ਸੁੰਨਸਾਨ ਜਗ੍ਹਾ ਸੀ ਉਹ ਤੁਰੀ ਜਾ ਰਹੀ ਸੀ ਤਾਂ ਕੀ ਦੇਖਦੀ ਹੈ ਕਿ ਰਸਤੇ ’ਚ ਇੱਕ ਕੱਪੜਿਆਂ ਦਾ ਭਲੱਥਾ ਜਿਹਾ ਪਿਆ ਸੀ। ਪਹਿਲਾਂ ਤਾਂ ਉਸਨੂੰ ਉਹ ਬੜੇ ਹੀ ਗਹੁ ਨਾਲ ਦੇਖਦੀ ਹੈ, ਫਿਰ ਉਹ ਉਸ ਦੇ ਨੇੜੇ ਗਈ ਤਾਂ ਉਸਨੂੰ ਹਲੂਣ ਕੇ ਦੇਖਦੀ ਹੈ, ਤਾਂ ਉਸ ’ਚੋਂ ਬੱਚੇ ਦੀ ਪਿਆਰੀ ਜਿਹੀ ਕਿਲਕਾਰੀ ਵੱਜਦੀ ਹੈ ਸ਼ਾਇਦ ਉਸ ਲਈ ਇਹ ਕਿਸੇ ਪਹਿਲੇ ਹੀ ਬੱਚੇ ਦੀ ਕਿਲਕਾਰੀ ਸੀ। ਉਸਨੂੰ ਸਮਝਣ ’ਚ ਦੇਰ ਨਾ ਲੱਗੀ ਕਿ ਇਸ ਬੱਚੀ ਨੂੰ ਇੱਥੇ ਸੁੰਨਸਾਨ ਜਗ੍ਹਾ ਕੋਈ ਛੱਡ ਕੇ ਨਹੀਂ, ਸੁੱਟ ਕੇ ਗਿਐ ਉਹ ਆਲੇ -ਦੁਆਲੇ ਦੇਖਦੀ ਹੈ ਪਰ ਕੋਈ ਨਜ਼ਰ ਨਹੀਂ ਆਉਂਦਾ ਉਹ ਸੋਚੀਂ ਪੈ ਗਈ ਕਿ ਕੀ ਕਰੇ?
ਫਿਰ ਉਸਨੇ ਹਿੰਮਤ ਕਰਕੇ ਉਸ ਬੱਚੀ ਨੂੰ ਚੁੱਕਿਆ ਤੇ ਪੁੱਠੇ ਪੈਂਰੀ ਵਾਪਸ ਆ ਗਈ ਆਉਂਦੀ-ਆਉਂਦੀ ਉਹ ਸੋਚ ਰਹੀ ਸੀ ਕਿ ਇਹ ਘਿਨੌਣੀ ਹਰਕਤ ਕਿਸ ਦੀ ਹੋ ਸਕਦੀ ਹੈ, ਜੋ ਆਪਣੀ ਬਾਲੜੀ ਨੂੰ ਸੁੰਨਸਾਨ ਜੰਗਲਾਤ ’ਚ ਸੁੱਟ ਗਿਆ, ਉਹਨੂੰ ਨੂੰ ਕਦੇ ਪਰਮਾਤਮਾ ਮਾਫ਼ ਨਹੀਂ ਕਰੇਗਾ ਦੂਜੇ ਪਲ ਉਸਨੂੰ ਖਿਆਲ ਆਇਆ ਕਿ ਕੀ ਪਤਾ ਪਰਮਾਤਮਾ ਨੇ ਇਹ ਬੱਚੀ ਮੇਰੀ ਝੋਲੀ ਪਾਉਣ ਲਈ ਦਾਤ ਭੇਜੀ ਹੋਵੇ। ਉਹ ਉਸ ਨੰਨ੍ਹੀ ਬੱਚੀ ਨੂੰ ਆਪਣੇ ਨਾਲ ਘਰ ਲਿਆਈ ਇੱਕ-ਦੋ ਦਿਨ ਇੱਧਰ-ਉੱਧਰ ਪੁੱਛਗਿੱਛ ਕੀਤੀ ਬੱਚੀ ਦੇ ਵਾਰਸਾਂ ਬਾਰੇ ਪਰ ਕੋਈ ਪਤਾ ਨਾ ਲੱਗਾ ਫਿਰ ਉਹ ਪੰਚਾਇਤ ਕੋਲ ਰਾਇ ਲੈਣ ਗਈ ਕਿ ਇਸ ਬੱਚੀ ਦਾ ਉਹ ਕੀ ਕਰੇ? ਕੁਝ ਲੋਕ ਕਹਿ ਰਹੇ ਸਨ ਕਿ ਭਾਈ ਇਹ ਬੱਚੀ ਤੈਨੂੰ ਪਰਮਾਤਮਾ ਨੇ ਦਿੱਤੀ ਹੈ ਤਾਂ ਇਹ ਤੇਰੀ ਹੀ ਹੋਈ ਇਹ ਗੱਲ ਸੁਣ ਕੇ ਕਿਰਨ ਕੌਰ ਖੁਸ਼ੀ ਤਾਂ ਬਹੁਤ ਮਨਾਉਂਦੀ, ਪਰ ਉਹ ਪੰਚਾਇਤ ਦੇ ਫੈਸਲੇ ਦੇ ਇੰਤਜ਼ਾਰ ’ਚ ਸੀ ਕਿਤੇ ਉਹ ਇਸ ਬੱਚੀ ਨੂੰ ਅਪਣਾ ਤਾਂ ਲਵੇ ਫਿਰ ਕੋਈ ਇਹਦਾ ਵਾਰਸ ਨਾ ਆ ਜਾਵੇ ਪੰਚਾਇਤ ਦਾ ਹੁਕਮ ਸੀ ਕਿ ਭਾਈ ਪੰਜ-ਸੱਤ ਦਿਨ ਹੋਰ ਦੇਖ ਲੈਨੇ ਆ ਕਿ ਕੋਈ ਇਸ ਬੱਚੀ ਦਾ ਵਾਰਸ ਆ ਜਾਵੇ ਤੇ ਇਸ ਬੱਚੀ ਨੂੰ ਲੈ ਜਾਵੇ, ਪਰ ਇਸ ਨਾਲ ਕਿਰਨ ਕੌਰ ਨੂੰ ਚੋਭ ਜਿਹੀ ਲੱਗਦੀ ਕਿ ਕਿਤੇ ਕੋਈ ਆ ਹੀ ਨਾ ਜਾਵੇ, ਕਿਉਂਕਿ ਉਹਦਾ ਬੱਚੀ ਨਾਲ ਗੁੜ੍ਹਾ ਪਿਆਰ ਪੈ ਚੁੱਕਾ ਸੀ। ਹੁਣ ਉਹ ਬੱਚੀ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦੇਣਾ ਚਾਹੁੰਦੀ ਸੀ। ਕਈ ਦਿਨ ਹੋਰ ਗੁਜਰੇ ਹੁਣ ਕਿਰਨ ਕੌਰ ਪੰਚਾਇਤ ਦੀ ਦੁਬਾਰਾ ਰਾਇ ਲੈਣ ਗਈ ਇਸ ’ਤੇ ਪੰਚਾਇਤ ਨੇ ਮੋਹਤਬਰਾਂ ਦੀ ਸਲਾਹ ਲੈ ਕੇ ਉਸ ਬੱਚੀ ਨੂੰ ਕਿਰਨ ਕੌਰ ਦੀ ਝੋਲੀ ’ਚ ਪਾਉਂਦਿਆਂ ਉਸਦਾ ਨਾਮਕਰਨ ਵੀ ਕਰ ਦਿੱਤਾ। ਉਸ ਦਾ ਨਾਂਅ ਅੰਮਿ੍ਰਤ ਰੱਖਿਆ ਗਿਆ ਕਿਰਨ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ। ਕਿਰਨ ਕੌਰ ਹੁਣ ਪਹਿਲਾਂ ਨਾਲੋਂ ਬਹੁਤ ਖੁਸ਼ ਰਹਿਣ ਲੱਗ ਗਈ ਸੀ, ਕਿਉਂਕਿ ਹੁਣ ਉਸਨੂੰ ਜਿਉਣ ਦਾ ਸਹਾਰਾ ਮਿਲ ਗਿਆ ਸੀ। ਸਮੇਂ ਦੇ ਨਾਲ-ਨਾਲ ਅੰਮਿ੍ਰਤ ਵਧਣੇ ਪੈ ਗਈ ਕਿਰਨ ਕੌਰ ਦਾ ਉਸੇ ਤਰ੍ਹਾਂ ਕੰਮਕਾਰ ਕਰਦੇ ਰਹਿਣਾ ਲਗਾਤਾਰ ਜਾਰੀ ਸੀ। ਅੰਮਿ੍ਰਤ ਹੁਣ 5 ਸਾਲ ਦੀ ਹੋ ਗਈ ਸੀ, ਉਸਨੂੰ ਇਲਾਕੇ ਦੇ ਚੰਗੇ ਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ’ਚ ਪੜ੍ਹਨੇ ਪਾਇਆ ਗਿਆ ਅੰਮਿ੍ਰਤ ਪੜ੍ਹਕੇ ਜਦ ਘਰ ਆਉਂਦੀ, ਮਾਂ-ਮਾਂ ਕਹਿ ਕੇ ਚੀਕ-ਚਿਹਾੜਾ ਪਾਉਂਦੀ ਤਾਂ ਕਿਰਨ ਆਪਣੇ ਘਰ ਨੂੰ ਸਵਰਗ ਜਿਹਾ ਮਹਿਸੂਸ ਕਰਦੀ ਕਿਰਨ ਤੇ ਅੰਮਿ੍ਰਤ ਦਾ ਪਿਆਰ ਦੂਣ ਸਵਾਇਆ ਹੁੰਦਾ ਗਿਆ। ਕਿਰਨ ਨੇ ਉਸਨੂੰ ਦੁਨਿਆਵੀ ਪੜ੍ਹਾਈ ਵੀ ਨਾਲ-ਨਾਲ ਦੇਣੀ ਸ਼ੁਰੂ ਕਰ ਦਿੱਤੀ। ਹੁਣ ਅੰਮਿ੍ਰਤ ਸਮਝਦਾਰ ਹੋ ਗਈ ਸੀ, ਉਸ ਦੀ ਉਮਰ ਲਗਭਗ 15 ਕੁ ਸਾਲ ਹੋ ਗਈ ਸੀ, ਉਹ ਹੁਣ ਸਭ ਕੁਝ ਸਮਝਣ ਲੱਗ ਪਈ ਸੀ। ਉਹ ਸਮਝਦੀ ਸੀ ਕਿ ਉਸਦੀ ਮਾਂ ਉਸ ਲਈ ਕਿੰਨੀ ਮਿਹਨਤ ਕਰਦੀ ਹੈ, ਦਿਨ-ਰਾਤ ਉਹ ਉਸਦੀ ਪੜ੍ਹਾਈ ਲਈ ਪੈਸੇ ਇਕੱਠੇ ਕਰਦੀ ਹੈ। ਅੰਮਿ੍ਰਤ ਹੁਣ ਵੱਡੀਆਂ ਕਲਾਸਾਂ ਵੱਲ ਰੁਖ਼ ਕਰ ਰਹੀ ਸੀ। ਕਈ ਵਾਰ ਉਹ ਭਾਵੁਕ ਹੋ ਜਾਂਦੀ ਕਿ ਘਰ ਵਿਚ ਇੰਨੀ ਗਰੀਬੀ ਤੇ ਬਾਪ ਦੇ ਨਸ਼ੇੜੀ ਹੋਣ ਦੇ ਬਾਵਜੂਦ ਉਸਦੀ ਮਾਂ ਉਸਨੂੰ ਪੜ੍ਹਾ ਰਹੀ ਹੈ, ਉਹ ਸੋਚਦੀ ਕਿ ਮੈਂ ਪੜ੍ਹਾਈ ਪੂਰੀ ਕਰਕੇ ਆਪਣੀ ਮਾਂ ਦਾ ਕਰਜ਼ ਜ਼ਰੂਰ ਉਤਾਰਨ ਦੀ ਕੋਸ਼ਿਸ਼ ਕਰਾਂਗੀ। ਉਸਦਾ ਸੁਪਨਾ ਸੀ, ਮੈਡੀਕਲ ਦੀ ਪੜ੍ਹਾਈ ਕਰਨਾ। ਉਹ ਸੋਚਦੀ ਕਿ ਮੈਡੀਕਲ ਦੀ ਪੜ੍ਹਾਈ ਕਰਕੇ ਉਹ ਆਪਣੀ ਮਾਂ ਵਰਗੀਆਂ ਮਜ਼ਬੂਰ ਔਰਤਾਂ ਤੇ ਨਸ਼ੇੜੀਆਂ ਲਈ ਮੁਫ਼ਤ ਸਹੂਲਤਾਂ ਪ੍ਰਦਾਨ ਕਰੇਗੀ, ਕਿਉਕਿ ਅਜਿਹੇ ਹਾਲਾਤਾਂ ਨੂੰ ਉਸਨੇ ਆਪਣੇ ਪਿੰਡੇ ’ਤੇ ਹੰਡਾਇਆ ਸੀ। ਉੱਧਰ ਕਿਰਨ ਕੌਰ ਅੰਮਿ੍ਰਤ ਦੀ ਪੜ੍ਹਾਈ ਕਰਵਾਉਣ ਲਈ ਤਨਦੇਹੀ ਨਾਲ ਲੱਗੀ ਹੋਈ ਸੀ। ਉਸਨੂੰ ਆਪਣੇ ’ਤੇ ਵਿਸ਼ਵਾਸ ਸੀ ਕਿ ਉਹ ਜੋ ਵੀ ਕਰ ਰਹੀ ਹੈ, ਪਰਮਾਤਮਾ ਵੱਲੋਂ ਬਖ਼ਸ਼ੀ ਹੋਈ ਦਾਤ ਲਈ ਕਰ ਰਹੀ ਹੈ। ਅੰਮਿ੍ਰਤ ਦੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਹੋਣ ਹੀ ਵਾਲੀ ਸੀ, ਪੇਪਰਾਂ ’ਚ ਮਹੀਨਾ ਕੁ ਬਚਿਆ ਸੀ ਇੱਕ ਦਿਨ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਅਗਲੀ ਪੜ੍ਹਾਈ ਹੁਣ ਮੈਡੀਕਲ ਦੀ ਕਰਨਾ ਚਾਹੁੰਦੀ ਹਾਂ, ਤੁਹਾਡਾ ਅਸ਼ੀਰਵਾਦ ਚਾਹੀਦੈ ਪਹਿਲਾਂ ਇਹ ਸੁਣ ਕੇ ਕਿਰਨ ਕੌਰ ਸੋਚੀਂ ਪੈ ਗਈ ਕਿ ਇਹ ਪੜ੍ਹਾਈ ਤਾਂ ਮਹਿੰਗੀ ਹੋਵੇਗੀ, ਪਰ ਉਹ ਘਬਰਾਈ ਨਹੀਂ, ਉਸ ਨੇ ਕਿਹਾ, ਬੇਟਾ ਤੂੰ ਆਪਣੀ ਪੜ੍ਹਾਈ ਲਈ ਦਾਖਲਾ ਲੈ ਸਕਦੀ ਏਂ, ਮੇਰੇ ਵੱਲੋਂ ਹਾਂ ਹੈ ਦੂਸਰੇ ਦਿਨ ਕਿਰਨ ਕੌਰ ਸਵੇਰੇ ਹੀ ਜ਼ਮੀਂਦਾਰਾਂ ਦੇ ਕੰਮ ਲਈ ਨਿਕਲ ਗਈ ਤੇ ਉੱਥੇ ਜਾ ਕੇ ਉਹ ਉਨ੍ਹਾਂ ਤੋਂ ਅੰਮਿ੍ਰਤ ਦੀ ਪੜ੍ਹਾਈ ਲਈ ਪੈਸਿਆਂ ਦੀ ਮੰਗ ਕਰਦੀ ਹੈ। ਜ਼ਮੀਂਦਾਰ ਬਹੁਤ ਨੇਕ ਇਨਸਾਨ ਸਨ ਕਿਰਨ ਕੌਰ ਦੀ ਇਮਾਨਦਾਰੀ ਤੇ ਬੱਚੀ ਦੀ ਪੜ੍ਹਾਈ ਪ੍ਰਤੀ ਲਗਨ ਦੇਖ ਕੇ ਜ਼ਮੀਂਦਾਰਾਂ ਨੇ ਉਸ ਨੂੰ ਦੋ-ਚਾਰ ਦਿਨਾਂ ਬਾਅਦ ਪੈਸੇ ਦੇਣ ਲਈ ਹਾਂ ਕਰ ਦਿੱਤੀ ਫ਼ਿਰ ਕੁਝ ਦਿਨਾਂ ਬਾਅਦ ਹੀ ਅੰਮਿ੍ਰਤ ਦੇ ਦਾਖਲੇ ਦੀ ਤਾਰੀਕ ਸੀ ਕਹੇ ਅਨੁਸਾਰ ਜ਼ਮੀਂਦਾਰਾਂ ਨੇ ਉਸਨੂੰ ਪੈਸੇ ਵੀ ਦੇ ਦਿੱਤੇ। ਕਿਰਨ ਕੌਰ ਨੇ ਆ ਕੇ ਉਹ ਪੈਸੇ ਤੇ ਜੋ ਉਸ ਨੇ ਇੱਧਰੋਂ-ਉੱਧਰੋਂ ’ਕੱਠੇ ਕੀਤੇ ਸਨ, ਸਾਂਭ ਕੇ ਰੱਖ ਦਿੱਤੇ ਅੱਜ ਉਹ ਬਹੁਤ ਖੁਸ਼ ਸੀ ਕਿ ਆਪਣੀ ਧੀ ਦੇ ਚਾਅ ਪੁਰੇ ਕਰਨ ਜਾ ਰਹੀ ਹੈ। ਅੰਮਿ੍ਰਤ ਦੇ ਦਾਖਲੇ ’ਚ ਅਜੇ ਇੱਕ ਦਿਨ ਬਾਕੀ ਸੀ। ਅੱਜ ਕਿਰਨ ਕੌਰ ਕੰਮ ’ਤੇ ਵੀ ਨਾ ਗਈ ਕਹਿੰਦੇ ਨੇ ਗਰੀਬ ਬੰਦੇ ਨੂੰ ਮੁਸੀਬਤਾਂ ਵੀ ਜ਼ਿਆਦਾ ਘੇਰਦੀਆਂ ਨੇ ਹੋਇਆ ਇੰਜ ਕਿ ਤਲੋਕ ਸਿੰਘ, ਜਿਹੜਾ ਕਿ ਕਈ ਦਿਨਾਂ ਦਾ ਘਰ ਨਹੀਂ ਸੀ ਆਇਆ, ਅੱਜ ਚਾਣਚੱਕ ਘਰ ਆ ਗਿਆ। ਕਿਰਨ ਕੌਰ ਘਰ ਦੇ ਛੋਟੇ-ਮੋਟੇ ਕੰਮ ਕਰ ਰਹੀ ਸੀ। ਤਲੋਕ ਨਸ਼ੇ ਦਾ ਆਦੀ ਤਾਂ ਸੀ, ਲੱਗਦਾ ਅੱਜ ਉਸਦਾ ਨਸ਼ਾ ਮੁੱਕ ਗਿਆ ਸੀ। ਉਹ ਇੱਧਰ-ਉੱਧਰ ਹੱਥ-ਪੱਲੇ ਜੇ ਮਾਰ ਰਿਹਾ ਸੀ, ਜਿਵੇਂ ਘਰ ’ਚ ਕੋਈ ਅਜ਼ਨਬੀ ਆ ਵੜਿਆ ਹੋਵੇ ਕਿਰਨ ਕੌਰ ਨੂੰ ਇਹ ਉੱਕਾ ਹੀ ਖਿਆਲ ਨਹੀਂ ਸੀ ਕਿ ਉਸਦਾ ਪਤੀ ਇੰਝ ਵੀ ਕਰ ਦੇਵੇਗਾ। ਉਹ ਆਪਣੇ ਕੰਮ ’ਚ ਮਸਤ ਸੀ। ਤਲੋਕ ਆਖਰ ਕਿਰਨ ਦੇ ਅਰਮਾਨਾਂ ਕੋਲ ਪਹੁੰਚ ਗਿਆ, ਜਿਹੜੇ ਉਸ ਨੇ ਆਪਣੀ ਧੀ ਲਈ ਸੰਜੋਏ ਸੀ ਦਾਖਲੇ ਵਾਲੇ ਪੈਸੇ ਉਸਦੇ ਹੱਥ ਲੱਗ ਗਏ ਉਸਨੇ ਪੈਸੇ ਆਪਣੇ ਪਾਟੇ ਜਿਹੇ ਖੀਸੇ ’ਚ ਪਾ ਲਏ ਤੇ ਪੁੱਠੇ ਪੈਰੀਂ ਬਾਹਰ ਨਿੱਕਲ ਗਿਆ। ਇਸ ਦਾ ਕਿਰਨ ਨੂੰ ਉੱਕਾ ਹੀ ਖਿਆਲ ਨਹੀਂ ਸੀ। ਉਹ ਸੋਚ ਰਹੀ ਸੀ ਕਿ ਅੰਮਿ੍ਰਤ ਨੂੰ ਅੱਜ ਆਉਂਦੇ ਹੀ ਕਹਿ ਦੇਵਾਂਗੀ ਕਿ ਉਸਦੇ ਦਾਖਲੇ ਲਈ ਮੈਂ ਪੈਸੇ ’ਕੱਠੇ ਕਰ ਲਏ ਹਨ। ਕੁਝ ਹੀ ਦੇਰ ਬਾਅਦ ਅੰਮਿ੍ਰਤ ਵੀ ਆ ਗਈ ਦੋਵੇਂ ਮਾਵਾਂ-ਧੀਆਂ ਹੱਸਦੀਆਂ-ਖੇਡਦੀਆਂ ਰੋਟੀ ਖਾ ਰਹੀਆਂ ਹਨ। ਅੰਮਿ੍ਰਤ ਵੀ ਅੱਜ ਖੁਸ਼ ਸੀ ਕਿ ਕੱਲ੍ਹ ਉਹ ਦਾਖਲਾ ਭਰ ਆਵੇਗੀ ਤੇ ਆਪਣੀ ਮਾਂ ਦੇ ਸੁਪਨੇ ਪੂਰੇ ਕਰੇਗੀ। ਰਾਤ ਪੈ ਗਈ ਤੇ ਦੋਵੇਂ ਸੌਂ ਗਈਆਂ ਅੱਜ ਕਿਰਨ ਕੌਰ ਸੁਬ੍ਹਾ ਜਲਦੀ ਹੀ ਉੱਠ ਗਈ। ਅੰਮਿ੍ਰਤ ਦੇ ਸੁੱਤਿਆਂ ਹੀ ਉਹ ਨਹਾ-ਧੋ ਕੇ ਅੰਮਿ੍ਰਤ ਦੇ ਦਾਖਲੇ ਲਈ ਤਿਆਰ ਹੋ ਗਈ। ਫਿਰ ਉਹ ਉਸ ਅਲਮਾਰੀ ਕੋਲ ਗਈ, ਜਿੱਥੇ ਅੰਮਿ੍ਰਤ ਦੇ ਦਾਖਲੇ ਲਈ ਪੈਸੇ ਰੱਖੇ ਹੋਏ ਸਨ ਉਹ ਇੱਧਰ-ਉੱਧਰ ਦੇਖਦੀ ਹੈ, ਉਸ ਨੂੰ ਪੈਸੇ ਨਹੀਂ ਮਿਲਦੇ ਇੱਕ ਵਾਰ ਤਾਂ ਉਹ ਭਮੱਤਰ ਜਾਂਦੀ ਹੈ ਕਿ ਉਸਨੇ ਤਾਂ ਪੈਸੇ ਇੱਥੇ ਹੀ ਰੱਖੇ ਸਨ ਜਾਂ ਕਿਤੇ ਹੋਰ... ਪਰ ਉਸਨੂੰ ਚੰਗੀ ਤਰ੍ਹਾਂ ਚੇਤੇ ਸੀ ਫਿਰ ਉਹ ਸੋਚਦੀ ਹੈ ਕਿ ਕਿਤੇ ਉਸਦਾ ਪਤੀ ਤਾਂ ਨੀ... ਮੁੜ ਕੇ ਉਹ ਵਾਪਸ ਨਹੀਂ ਆਇਆ ਤੇ ਮੇਰੇ ਨਾਲ ਕੱਲ੍ਹ ਕੋਈ ਗੱਲਬਾਤ ਵੀ ਨਹੀਂ ਕਰਕੇ ਗਿਆ। ਉਹ ਸੋਚ ਰਹੀ ਸੀ ਤੇ ਰੋ ਵੀ ਰਹੀ ਸੀ ਕਿ ਅੰਮਿ੍ਰਤ ਨੂੰ ਉਹ ਕੀ ਜਵਾਬ ਦੇਵੇਗੀ ਕਿ ਕੀ ਭਾਣਾ ਵਰਤ ਗਿਆ। ਉਸ ਨੇ ਸਮਝ ਤੋਂ ਕੰਮ ਲਿਆ ਤੇ ਅੰਮਿ੍ਰ੍ਰਤ ਨੂੰ ਬਿਨਾ ਉਠਾਏ ਕੱਪੜੇ ਬਦਲੇ ਤੇ ਉੱਪਰ ਕੱਪੜਾ ਲੈ ਕੇ ਪੈ ਗਈ ਅੰਮਿ੍ਰਤ ਉੱਠਦਿਆਂ ਪਹਿਲਾਂ ਤਾਂ ਘਬਰਾ ਗਈ ਫਿਰ ਉਸਨੇ ਚਾਹ-ਪਾਣੀ ਪੀਤਾ ਤੇ ਕਹਿਣ ਲੱਗੀ, ਮਾਂ ਅੱਜ ਮੇਰੇ ਦਾਖਲੇ ਦਾ ਦਿਨ ਹੈ, ਤੂੰ ਤਿਆਰ ਨੀ ਹੋਈ? ਇਹ ਸੁਣ ਕੇ ਉਸਨੇ ਕਿਹਾ ਕਿ ਪੁੱਤ ਅੱਜ ਮੇਰੀ ਸਿਹਤ ਠੀਕ ਨਹੀਂ, ਆਪਾਂ ਕੱਲ੍ਹ ਚੱਲ ਪਵਾਂਗੇ ਇਹ ਸੁਣ ਕੇ ਅੰਮਿ੍ਰਤ, ਚੰਗਾ ਮਾਂ, ਕਹਿ ਕੇ ਤਿਆਰ ਹੋ ਕੇ ਪੜ੍ਹਨ ਚਲੀ ਗਈ ਅੱਜ ਤਲੋਕ ਫਿਰ ਦੁਪਹਿਰ ਵੇਲੇ ਘਰ ਆ ਗਿਆ ਆ ਕੇ ਕਹਿੰਦਾ, ਮੈਨੂੰ ਰੋਟੀ ਬਣਾ ਕੇ ਦੇ ਕਿਰਨ ਕੌਰ ਕਹਿਣ ਲੱਗੀ ਕਿ ਤੂੰ ਅੰਦਰ ਜਾ ਕੇ ਬੈਠ ਮੈਂ ਰੋਟੀ ਲੈ ਕੇ ਆ ਰਹੀ ਹਾਂ। ਤਲੋਕ ਸਿੰਘ ਦੇ ਅੰਦਰ ਬੈਠਦਿਆਂ ਹੀ ਕਿਰਨ ਕੌਰ ਉਸਨੂੰ ਆ ਕੇ ਪੈਸਿਆਂ ਬਾਰੇ ਪੁੱਛਣ ਲੱਗੀ ਤਲੋਕ ਕਹਿੰਦਾ, ਕਿਹੜੇ ਪੈਸੇ.. ਮੈਂ ਨੀ ਦੇਖਿਆ ਕੁਝ... ਤੂੰ ਰੋਟੀ ਦੇਣੀ ਏ ਤਾਂ ਦੇ ਨਹੀਂ ਤਾਂ ਮੈਂ ਬਾਹਰ ਜਾ ਰਿਹਾਂ... ਤੇ ਆਪਣੀ ਚੋਰੀ ਲੁਕਾਉਣ ਲਈ ਕਿਰਨ ਕੌਰ ਦੇ ਗਲ ਪੈਣ ਲੱਗਾ ਕਿਰਨ ਪਹਿਲਾਂ ਹੀ ਗੁੱਸੇ ਵਿਚ ਸੀ ਉਸਨੇ ਤਿਲੋਕ ਨੂੰ ਧੱਕਾ ਮਾਰਿਆ ਤੇ ਉਹ ਕੋਲ ਹੀ ਪਈ ਕਹੀ ’ਤੇ ਜਾ ਡਿੱਗਾ ਤੇ ਲਹੂ-ਲੁਹਾਣ ਹੋ ਗਿਆ ਰੌਲਾ ਪੈ ਗਿਆ ਆਂਢ-ਗੁਆਂਢ ’ਕੱਠਾ ਹੋ ਗਿਆ ਤਲੋਕ ਜ਼ਿਆਦਾ ਸੱਟ ਵੱਜਣ ਕਾਰਨ ਥਾਈਂ ਮਰ ਗਿਆ ਕਿਸੇ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਪੁਲਿਸ ਆ ਗਈ।ਪੁਲਿਸ ਆਪਣੀ ਕਰਵਾਈ ਕਰ ਰਹੀ ਸੀ ਇੰਨੇ ਨੂੰ ਅੰਮਿ੍ਰਤ ਵੀ ਆ ਗਈ ਉਹ ਇਸ ਸਭ ਦੇਖ ਕੇ ਘਬਰਾ ਜਿਹੀ ਗਈ ਤੇ ਆਪਣੀ ਮਾਂ ਦੇ ਗਲ ਲੱਗ ਰੋਣ ਲੱਗ ਪਈ ਇੰਨੇ ਨੂੰ ਕਿਸੇ ਦੀ ਅੰਮਿ੍ਰਤ ਨੂੰ ਸੰਬੋਧਨ ਕਰਦੀ ਅਵਾਜ ਆਈ ਕਿ ਇਹ ਲਾਵਾਰਿਸ ਲੜਕੀ ਦੀ ਵਜ੍ਹਾ ਨਾਲ ਹੀ ਕਿਰਨ ਕੌਰ ਨੇ ਐਡੀ ਵੱਡੀ ਘਟਨਾ ਨੂੰ ਅੰਜ਼ਾਮ ਦਿੱਤਾ, ਜੇ ਕਿਰਨ ਨੂੰ ਇਹ ਨਾ ਮਿਲਦੀ ਤਾਂ ਉਹ ਪੈਸੇ ’ਕੱਠੇ ਨਾ ਕਰਦੀ ਤੇ ਇਹ ਘਟਨਾ ਨਾ ਵਾਪਰਦੀ ਇਹ ਸੁਣ ਕੇ ਪਹਿਲਾਂ ਤਾਂ ਅੰਮਿ੍ਰਤ ਸੁੰਨ ਜਿਹੀ ਹੋ ਗਈ ਕਿ ਇਹ ਲੋਕ ਕੀ ਬੋਲ ਰਹੇ ਹਨ ਅੰਮਿ੍ਰਤ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਲਾਵਾਰਿਸ ਸੀ ਪੁਲਿਸ ਅੰਮਿ੍ਰਤ ਤੇ ਕੁਝ ਪੰਚਾਇਤ ਦੇ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਪਹੰੁਚ ਜਾਂਦੀ ਹੈ ਮਾਮਲਾ ਅਦਾਲਤ ’ਚ ਚਲਾ ਜਾਂਦਾ ਹੈ ਪੰਚਾਇਤ ਦੇ ਮੈਂਬਰ ਕਿਰਨ ਨੂੰ ਬਚਾਉਣ ਦੇ ਹੱਕ ਵਿਚ ਸਨ ਕਿਉਕਿ ਉਨ੍ਹਾਂ ਨੂੰ ਪਤਾ ਸੀ ਕਿ ਇਸ ਨਿਮਾਣੀ ਦਾ ਤਾਂ ਕੋਈ ਕਸੂਰ ਹੈ ਹੀ ਨਹੀਂ ਤਰੀਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਰਨ ਕੌਰ ਨੂੰ 20 ਸਾਲ ਦੀ ਸਜ਼ਾ ਹੋ ਜਾਂਦੀ ਹੈ ਅੰਮਿ੍ਰਤ ਇਹ ਸਭ ਦੇਖ ਕੇ ਬਹੁਤ ਦੁਖੀ ਤੇ ਪ੍ਰੇਸ਼ਾਨ ਹੈ ਪਰ ਉਸਦੀ ਕੋਈ ਪੇਸ਼ ਨਹੀਂ ਜਾਂਦੀ ਉਹ ਹੁਬਕੀਂ ਰੋਂਦੀ ਰਹਿੰਦੀ ਸੀ ਕਿ ਉਸ ਨਾਲ ਇਹ ਕੀ ਭਾਣਾ ਵਰਤ ਗਿਆ ਹੌਲੀ-ਹੌਲੀ ਉਸਨੇ ਖੁਦ ਨੂੰ ਸੰਭਾਲਿਆ ਦੋ ਮਹੀਨੇ ਗੁਜ਼ਰ ਗਏ ਅੰਮਿ੍ਰਤ ਪੰਚਾਇਤ ਨੂੰ ਆਪਣੇ ਹਾਲਾਤਾਂ ਬਾਰੇ ਜਾਣੂੰ ਕਰਵਾਉਦੀ ਹੈ, ਕਿਉਂਕਿ ਸਭ ਨੂੰ ਪਤਾ ਸੀ ਕਿ ਅੰਮਿ੍ਰਤ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ, ਇਸ ਲਈ ਪੰਚਾਇਤ ਫੈਸਲਾ ਕਰਦੀ ਹੈ ਕਿ ਉਹ ਕਿਰਨ ਕੌਰ ਨੂੰ ਬਰੀ ਕਰਾਏਗੀ ਤੇ ਨਾਲ ਹੀ ਅੰਮਿ੍ਰਤ ਦੀ ਪੜ੍ਹਾਈ ਦਾ ਵੀ ਖਰਚਾ ਕਰੇਗੀ। ਹੁਣ ਅੰਮਿ੍ਰਤ ਪੜ੍ਹਾਈ ਦੇ ਨਾਲ ਪਾਰਟ ਟਾਈਮ ਨੌਕਰੀ ਵੀ ਕਰਦੀ ਹੈ ਉਸਨੂੰ ਆਸ ਹੈ ਕਿ ਉਸਦੀ ਮਾਂ ਇੱਕ ਦਿਨ ਵਾਪਸ ਜ਼ਰੂਰੀ ਆਵੇਗੀ। ਫਿਰ ਕਈ ਸਾਲ ਗੁਜ਼ਰ ਜਾਂਦੇ ਹਨ। ਅੰਮਿ੍ਰਤ ਦੀ ਪੜ੍ਹਾਈ ਵੀ ਪੂਰੀ ਹੋ ਜਾਂਦੀ ਹੈ। ਹੁਣ ਉਸਨੇ ਆਪਣੇ ਘਰ ਦੀ ਨੁਹਾਰ ਵੀ ਬਦਲ ਦਿੱਤੀ ਸੀ। ਘਰ ਹੁਣ ਕੱਚਾ ਕੋਠੜਾ ਨਹੀਂ ਰਹਿ ਗਿਆ ਸੀ, ਕੋਠੀਨੁਮਾ ਬਣ ਗਿਆ ਸੀ ਲੋਕ ਅੰਮਿ੍ਰਤ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹਦੇ ਸਨ ਅੰਮਿ੍ਰਤ ਨੇ ਡਾਕਟਰੀ ਦੇ ਨਾਲ ਇੱਕ ਸੰਸਥਾ ਵੀ ਬਣਾਈ, ਜਿਸ ਦਾ ਨਾਂਅ ‘ਆਸ ਦੀ ਕਿਰਨ’ ਰੱਖਿਆ ਸੀ ਇਹ ਸੰਸਥਾ ਲੋੜਵੰਦ ਲੜਕੀਆਂ ਜਾਂ ਆਰਥਿਕ ਤੌਰ ’ਤੇ ਕਮਜ਼ੋਰਾਂ ਨੂੰ ਅੱਗੇ ਲਿਆਉਣ ’ਚ ਹਰ ਸੰਭਵ ਮੱਦਦ ਕਰਦੀ ਸੀ ਅੰਮਿ੍ਰਤ ਦੇ ਇਨ੍ਹਾਂ ਕਾਰਜਾਂ ਦੇ ਚਰਚੇ ਹਰ ਕਿਤੇ ਹੁੰਦੇ। ਅੰਮਿ੍ਰਤ ਦੀ ਭੱਜ-ਨੱਸ ਅਤੇ ਕਿਰਨ ਕੌਰ ਦੇ ਵਿਵਹਾਰ ਨੂੰ ਦੇਖਦਿਆਂ ਅਦਾਲਤ ਉਸਦੇ ਕੇਸ ’ਤੇ ਫਿਰ ਤੋਂ ਸੁਣਵਾਈ ਲਈ ਰਾਜ਼ੀ ਹੋ ਗਈ ਅੱਜ ਸੁਣਵਾਈ ਸੀ ਅੰਮਿ੍ਰਤ ਨੂੰ ਪੁਰੀ ਉਮੀਦ ਸੀ ਕਿ ਅੱਜ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਆਵੇਗੀ। ਤਮਾਮ ਬੁੱਧੀਜੀਵੀਆਂ ਤੇ ਪੰਚਾਇਤ ਦੇ ਮੋਹਤਬਰਾਂ ਨਾਲ ਅੰਮਿ੍ਰਤ, ਕਿਰਨ ਦਾ ਸਭ ਤੋਂ ਵੱਡਾ ਸਬੂਤ, ਅੱਜ ਅਦਾਲਤ ਸਾਹਮਣੇ ਪੇਸ਼ ਹੋਣ ਜਾ ਰਿਹਾ ਸੀ ਸੁਬ੍ਹਾ ਦੇ 10 ਕੁ ਵਜੇ ਉਹ ਅਦਾਲਤ ’ਚ ਪਹੁੰਚ ਜਾਂਦੇ ਹਨ। ਅਦਾਲਤ ਆਪਣੀ ਕਰਵਾਈ ਸ਼ੁਰੂ ਕਰਦਿਆਂ ਕਿਰਨ ਕੌਰ ਨੂੰ ਆਪਣੀ ਸਫ਼ਾਈ ਪੇਸ਼ ਕਰਨ ਲਈ ਆਖਦੀ ਹੈ। ਇਸ ’ਤੇ ਛਨਾਟਾ ਛਾ ਜਾਂਦਾ ਹੈ ਪਰ ਕਿਰਨ ਕੌਰ ਕੁਝ ਬੋਲਣ ਤੋਂ ਅਸਮਰੱਥ ਹੈ। ਅੰਮਿ੍ਰਤ ਆਪਣੀ ਮਾਂ ਨੂੰ ਦੇਖ ਕੇ ਅੰਦਰੋਂ ਤਾਂ ਖੁਸ਼ ਸੀ, ਪਰ ਉਸਦੀ ਹਾਲਤ ਦੇਖ ਕੇ ਰੋ ਰਹੀ ਸੀ। ਅਦਾਲਤ ਵੱਲੋਂ ਦੂਸਰੇ ਸਵਾਲ ਦੀ ਅਵਾਜ਼ ਆ ਜਾਂਦੀ ਹੈ ਕਿ ਕੋਈ ਸਬੂਤ ਹੈ, ਜੋ ਕਿਰਨ ਦੇ ਮਾਮਲੇ ਦੀ ਸਫ਼ਾਈ ਦੇ ਸਕੇ ਇਸ ’ਤੇ ਅੰਮਿ੍ਰਤ ਖੁਦ ਖੜ੍ਹੀ ਹੋ ਗਈ ਤੇ ਕਹਿਣ ਲੱਗੀ, ਜੱਜ ਸਾਹਿਬ ਮੈਂ ਹਾਂ ਆਪਣੀ ਮਾਂ ਦਾ ਸਭ ਤੋਂ ਵੱਡਾ ਸਬੂਤ ਤੇ ਗਵਾਹ ਤੇ ਉਹ ਕਟਹਿਰੇ ’ਚ ਆ ਗਈ ਅੱਖਾਂ ਨਮ ਹਨ ਤੇ ਦਿਲ ’ਚ ਉਮੰਗਾਂ ਦੇ ਨਾਲ ਅੰਮਿ੍ਰਤ ਬੋਲਣ ਲੱਗਦੀ ਹੈ, ਕਿ ਜੱਜ ਸਾਹਿਬ! ਮੇਰੀ ਮਾਂ ਦਾ ਕੋਈ ਕਸੂਰ ਨਹੀਂ, ਨਾ ਹੀ ਮੇਰਾ ਇਹ ਕਸੂਰ ਹੈ ਤਾਂ ਮੇਰੇ ਜਨਮਦਾਤਾ ਦਾ, ਜੋ ਮੈਨੂੰ ਛੋਟੀ ਜਿਹੀ ਨੂੰ ਕਿਤੇ ਬਾਹਰ ਸੁੱਟ ਗਏ। ਕਿਰਨ ਕੌਰ ਦੇ ਰੂਪ ਵਿਚ ਮੈਨੂੰ ਮਾਂ ਮਿਲੀ, ਉਸਦੀ ਰੱਬ ਨੇ ਇਹ ਸਜ਼ਾ ਦਿੱਤੀ ਇਹ ਸਜ਼ਾ ਮੇਰੇ ਜਨਮਦਾਤਾ ਨੂੰ ਮਿਲਣੀ ਚਾਹੀਦੀ ਸੀ। ਹੁਣ ਮੈਂ ਆਪਣੇ ਗਵਾਹ ਪੇਸ਼ ਕਰ ਰਹੀ ਹਾਂ, ਇਹ ਪੰਚਾਇਤ, ਇਹ ਬੁੱਧਜੀਵੀ ਮੇਰੀ ਮਾਂ ਦੇ ਗਵਾਹ ਨੇ ਇੰਨਾ ਬੋਲਦਿਆਂ ਹੀ ਅੰਮਿ੍ਰਤ ਉੱਚੀ-ਉੱਚੀ ਰੋਣ ਲੱਗ ਪਈ। ਅਦਾਲਤ ਵਿਚ ਹਾਜ਼ਰ ਪੰਚਾਇਤ ਤੇ ਬੁੱਧੀਜੀਵੀ ਗਵਾਹਾਂ ਦੇ ਤੌਰ ਭੁਗਤਦੇ ਹਨ ਤੇ ਅਦਾਲਤ ਨੂੰ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ। ਅਦਾਲਤ ਕਿਰਨ ਕੌਰ ਦੇ ਵਿਵਹਾਰ ਅਤੇ ਰਹਿਮ ਦੇ ਆਧਾਰ ’ਤੇ ਉਸਨੂੰ ਬਾਇੱਜ਼ਤ ਬਰੀ ਕਰ ਦਿੰਦੀ ਹੈ, ਪੰਚਾਇਤ ਦੇ ਮੋਹਤਬਰ ਜੱਜ ਸਾਹਿਬ ਨੂੰ ਅੰਮਿ੍ਰਤ ਕੌਰ ਦੀ ਸੰਸਥਾ ਬਾਰੇ ਵੀ ਜਾਣੂੰ ਕਰਵਾਉਦੇ ਹਨ ਤੇ ਦੱਸਦੇ ਹਨ ਕਿ ਇਹ ਉਹੀ ਅੰਮਿ੍ਰਤ ਹੈ। ਜਿਸਨੇ ਹਜ਼ਾਰਾਂ ਗਰੀਬਾਂ ਦੀ ਜ਼ਿੰਦਗੀ ਬਦਲੀ ਹੈ, ਜਿਸਨੇ ਹਜ਼ਾਰਾਂ ਗਰੀਬ ਲੜਕੀਆਂ ਦੇ ਵਿਆਹ ਵੀ ਕਰਵਾਏ ਹਨ ਤੇ ਲਗਾਤਾਰ ਜਾਰੀ ਹਨ, ਇਹ ਸੰਸਥਾ ਹੈ, ‘ਆਸ ਦੀ ਕਿਰਨ’ ਇਹ ਸੁਣ ਕੇ ਜੱਜ ਸਾਹਿਬ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਮੈਂ ਉਸ ਸੰਸਥਾ ਦਾ ਉਦਘਾਟਨ ਕੀਤਾ ਸੀੲ। ਜੱਜ ਸਾਹਿਬ ਆਖਦੇ ਹਨ ਕਿ ਅਜਿਹੀਆਂ ਮਾਵਾਂ ਤੇ ਅਜਿਹੀਆਂ ਬੇਟੀਆਂ ਦੀ ਅੱਜ ਦੇ ਸਮਾਜ ਨੂੰ ਜ਼ਰੂਰਤ ਹੈ। ਉਨ੍ਹਾਂ ਮਾਪਿਆਂ ਨੂੰ ਅਦਾਲਤ ਲਾਹਨਤਾਂ ਪਾਉਂਦੀ ਹੈ ਜੋ ਧੀਆਂ ਤੋਂ ਨਫ਼ਰਤ ਕਰਦੇ ਹਨ। ਇੱਥੇ ਕਰਵਾਈ ਸਮਾਪਤ ਹੁੰਦੀ ਹੈ। ਫਿਰ ਕਿਰਨ ਕੌਰ ਤੇ ਅੰਮਿ੍ਰਤ ਨੂੰ ਵਧਾਈਆਂ ਮਿਲਦੀਆਂ ਹਨ ਅਤੇ ਉਹ ਚਾਈਂ-ਚਾਈਂ ਆਪਣੇ ਘਰਾਂ ਨੂੰ ਆ ਜਾਂਦੇ ਹਨ। ਸੰਪਰਕ: +91 85699 11132